
ਬਠਿੰਡਾ, 16 ਅਪ੍ਰੈਲ – ਡੈਮੋਕ੍ਰੈਟਿਕ ਟੀਚਰ ਫਰੰਟ, ਮੈਰੀਟੋਰੀਅਸ ਟੀਚਰ ਯੂਨੀਅਨ, ਕੰਪਿਊਟਰ ਅਧਿਆਪਕ ਯੂਨੀਅਨ ਅਤੇ 8886 ਅਧਿਆਪਕ ਯੂਨੀਅਨ ਦੇ ਕਾਮਿਆਂ ਨੇ ਅੱਜ ਇੱਥੇ ਸੂਬਾ ਸਰਕਾਰ ਦੇ ਦਾਅਵਿਆਂ ਦੀ ਅਰਥੀ ਫੂਕੀ। ਅਧਿਆਪਕ ਆਗੂਆਂ ਰੇਸ਼ਮ ਖੇਮੋਆਣਾ, ਜਸਵਿੰਦਰ ਸਿੰਘ, ਬੂਟਾ ਸਿੰਘ, ਕੇਵਲ ਸਿੰਘ, ਜੋਨੀ ਸਿੰਗਲਾ ਅਤੇ ਹਰਜੀਤ ਜੀਦਾ ਨੇ ਇਸ ਪ੍ਰਦਰਸ਼ਨ ਦੀ ਅਗਵਾਈ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਸਕੂਲਾਂ ’ਚ ਸਿੱਖਿਆ ਕ੍ਰਾਂਤੀ ਦੇ ਨਾਂ ਹੇਠ ਖੋਖਲਾ ਪ੍ਰਚਾਰ ਕਰ ਰਹੀ ਹੈ, ਅਸਲ ਵਿੱਚ ਸੈਂਕੜੇ ਸਕੂਲ ਮੁਖੀਆਂ ਤੋਂ ਵਾਂਝੇ ਹਨ ਅਤੇ ਨਿੱਜੀ ਕੰਪਨੀਆਂ ਰਾਹੀਂ ਸਿੱਖਿਆ ਦਾ ਘਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਪੜ੍ਹਾਈ ਕਰਵਾਉਣ ਦੀ ਥਾਂ ਬੇਲੋੜੇ ਕੰਮਾਂ ਵਿੱਚ ਉਲਝਾਇਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਅਧਿਆਪਕ ਲੰਮੇ ਅਰਸੇ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ, ਬਲਕਿ ਸਕੂਲਾਂ ’ਚ ਰਾਜਸੀ ਦਖ਼ਲ ਵਧਾਉਣ ਦੀਆਂ ਸਕੀਮਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਆਖਿਆ ਕਿ ਸਰਕਾਰ ਸਿੱਖਿਆ ਕ੍ਰਾਂਤੀ ਦਾ ਨਾਅਰਾ ਦੇ ਕੇ ਕਰੋੜਾਂ ਰੁਪਏ ਬਰਬਾਦ ਕਰ ਰਹੀ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਪੱਧਰ ਤਿੰਨ ਸਾਲਾਂ ਵਿੱਚ ਪਹਿਲੀਆਂ ਸਰਕਾਰਾਂ ਤੋਂ ਵੀ ਜ਼ਿਆਦਾ ਪਿਛਾਂਹ ਚਲਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਮਨਸ਼ਾ ਨਵੀਂ ਸਿੱਖਿਆ ਨੀਤੀ 2020 ਤਹਿਤ ਸਕੂਲਾਂ ਦਾ ਭੋਗ ਪਾ ਕੇ ਕਾਰਪੋਰੇਟਾਂ ਅਤੇ ਸਰਮਾਏਦਾਰਾਂ ਦੀ ਮੰਡੀ ਵਿੱਚ ਪਰੋਸਣਾ ਹੈ, ਇਸੇ ਲਈ ਸਕੂਲਾਂ ਵਿੱਚ ਠੇਕੇਦਾਰੀ ਸਿਸਟਮ ਅਤੇ ਪ੍ਰਾਈਵੇਟ ਕੰਪਨੀਆਂ ਨੂੰ ਦਾਖਲ ਕਰਵਾਇਆ ਜਾ ਰਿਹਾ ਹੈ ਅਤੇ ਕੋਈ ਵੀ ਭਰਤੀ ਸਰਕਾਰ ਵੱਲੋਂ ਪੂਰੀ ਨਹੀਂ ਕੀਤੀ ਗਈ ਸਗੋਂ ਅਦਾਲਤਾਂ ਦੇ ਚੱਕਰਾਂ ਵਿੱਚ ਉਲਝਾ ਕੇ ਰੱਖਿਆ ਹੋਇਆ ਹੈ।