
ਚੰਡੀਗੜ੍ਹ, 17 ਅਪ੍ਰੈਲ – ਪੰਜਾਬ ਪੁਲੀਸ ਨੇ ਪਿਛਲੇ ਮਹੀਨੇ ਜਲੰਧਰ ਵਿਚ ਯੂਟਿਊਬਰ ਦੇ ਘਰ ’ਤੇ ਗ੍ਰਨੇਡ ਸੁੱਟਣ ਦੇ ਮਾਮਲੇ ਵਿਚ ਫੌਜੀ ਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਜੰਮੂ-ਕਸ਼ਮੀਰ ਵਿੱਚ ਤਾਇਨਾਤ ਫੌਜੀ ਜਵਾਨ ਸੁਖਚਰਨ ਸਿੰਘ ਨੂੰ ਇੱਕ ਮੁਲਜ਼ਮ ਨੂੰ ਹੱਥਗੋਲਾ ਸੁੱਟਣ ਦੀ ਔਨਲਾਈਨ ਸਿਖਲਾਈ ਦੇਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਕਾਬਿਲੇਗੌਰ ਹੈ ਕਿ 15 ਅਤੇ 16 ਮਾਰਚ ਦੀ ਦਰਮਿਆਨੀ ਰਾਤ ਨੂੰ ਯੂਟਿਊਬਰ ਰੋਜ਼ਰ ਸੰਧੂ ਦੇ ਘਰ ’ਤੇ ਗ੍ਰਨੇਡ ਸੁੱਟਿਆ ਗਿਆ ਸੀ, ਹਾਲਾਂਕਿ ਇਹ ਫਟਿਆ ਨਹੀਂ।
ਪੁਲੀਸ ਨੇ ਕਿਹਾ ਕਿ ਉਨ੍ਹਾਂ ਫੌਜੀ ਅਧਿਕਾਰੀਆਂ ਨੂੰ ਇਸ ਮਾਮਲੇ ਵਿੱਚ ਜਵਾਨ ਦੀ ਭੂਮਿਕਾ ਬਾਰੇ ਜਾਣੂ ਕਰਵਾਇਆ ਹੈ। ਜਲੰਧਰ ਦੀ ਕੋਰਟ ਨੇ ਫੌਜੀ ਜਵਾਨ ਨੂੰ ਪੰਜ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਹੋਰ ਜਾਂਚ ਜਾਰੀ ਹੈ। ਇਸ ਘਟਨਾ ਉਪਰੰਤ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਨੇ ਮੁਸਲਿਮ ਭਾਈਚਾਰੇ ਵਿਰੁੱਧ ਕਥਿਤ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਵਾਲੇ ਯੂਟਿਊਬਰ ਦੇ ਘਰ ’ਤੇ ਹੋਏ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਇਸ ਗ੍ਰਨੇਡ ਹਮਲੇ ਦੇ ਸਬੰਧ ਵਿੱਚ ਹੁਣ ਤੱਕ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।