
ਕਦੇ ਵਕਤ ਸੀ ਜਦੋ ਮਾਪੇ ਧੀ ਜੰਮਣ ਤੋ ਡਰਦੇ ਸਨ।ਧੀ ਜੰਮਣ ਤੇ ਸੋਗ ਮਨਾਇਆ ਜਾਂਦਾ ਸੀ ।ਫੇਰ ਉਹ ਸਮਾ ਆਇਆ ਜਦੋਂ ਧੀ ਨੂੰ ਪੈਦਾ ਹੋਣ ਤੋ ਪਹਿਲਾਂ ਹੀ ਕੁੱਖ ਚ ਮਾਰ ਦਿੱਤਾ ਜਾਂਦਾ ਸੀ।ਮਾਪਿਆਂ ਦੀ ਸੋਚ ਸੀ ਕੇ ਪੁੱਤ ਉਨ੍ਹਾਂ ਦੀ ਕੁਲ ਨੂੰ ਅੱਗੇ ਤੋਰਦਾ ਹੈ।ਉਹ ਉਹਨਾਂ ਦੇ ਖਾਨਦਾਨ ਦਾ ਵਾਰਸ ਬਣਦਾ ਹੈ।ਜਦ ਕੇ ਧੀ ਨੇ ਵਿਹਾਅ ਕੇ ਸਹੁਰੀ ਘਰ ਚਲੇ ਜਾਣਾ ਹੁੰਦਾ ਹੈ।ਅੱਜ ਤੋ ਕੁੱਝ ਦਹਾਕੇ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਕੁੜੀ ਮਾਰ ਆਖਿਆ ਜਾਂਦਾ ਰਿਹਾ ਹੈ।ਪਰ ਇਸ ਕਲੰਕ ਨੂੰ ਹੁਣ ਪੰਜਾਬੀਆਂ ਨੇ ਧੋ ਸੁੱਟਿਆ ਹੈ। ਅੱਜ ਪੰਜਾਬ ਚ ਪਹਿਲੋਂ ਦੇ ਮੁਕਾਬਲੇ ਧੀਆਂ ਦੀ ਜਨਮ ਦਰ ਵਧੀ ਹੈ।ਅੱਜ ਧੀਆਂ ਦੀ ਉਡਾਣ ਨੇ ਮਾਪਿਆਂ ਦੀ ਸੋਚ ਚ ਵੱਡਾ ਬਦਲਾਅ ਲਿਆਂਦਾ ਹੈ।ਅੱਜ ਜਿਆਦਾਤਰ ਮਾਂ ਪਿਓ ਦੀ ਦਿਲੀ ਤਮੰਨਾ ਹੁੰਦੀ ਹੈ ਕੇ ਉਹਨਾਂ ਧੀ ਜਰੂਰ ਹੋਵੇ। ਇਹੀ ਵਜ੍ਹਾ ਹੈ ਕੇ ਅੱਜ ਮਾਪੇ ਉਚੇਰੀ ਸਿਖਿਆ ਲਈ ਆਪਣੀਆਂ ਧੀਆਂ ਨੂੰ ਪੜ੍ਹਨ ਵਾਸਤੇ ਵਿਦੇਸ਼ ਭੇਜ ਰਹੇ ਹਨ।ਅੱਜ ਪੰਜਾਬ ਸ਼ਾਇਦ ਇੱਕ ਅਜਿਹਾ ਸੂਬਾ ਹੈ।ਜਿੱਥੋਂ ਸਭ ਤੋ ਵਧ ਧੀਆਂ ਉਚੇਰੀ ਵਿਦਿਆ ਵਾਸਤੇ ਵਿਦੇਸ਼ ਗਈਆਂ ਹਨ ਤੇ ਹੁਣ ਵੀ ਜਾ ਰਹੀਆਂ ਹਨ ।ਅੱਜ ਮਾਪੇ ਪੁੱਤ ਨਾਲੋਂ ਆਪਣੀ ਧੀ ਉੱਤੇ ਵਧੇਰੇ ਵਿਸ਼ਵਾਸ਼ ਕਰਦੇ ਹਨ।
ਜੋ ਮਾਪੇ ਕਦੇ ਧੀ ਨੂੰ ਵਿਆਹਨ ਵਾਸਤੇ ਮੁੰਡੇ ਵਾਲਿਆਂ ਦੀਆਂ ਮਿੰਨਤਾ ਕਰਿਆ ਕਰਦੇ ਸਨ।ਅੱਜ ਪੁੱਤਾਂ (ਮੁੰਡੇ )ਵਾਲੇ ਧੀਆਂ ਵਾਲਿਆਂ ਦੀਆਂ ਮਿੰਨਤਾ ਕਰਦੇ ਵੇਖੇ ਜਾ ਰਹੇ ਹਨ। ਅੱਜ ਧੀਆਂ ਪੜ੍ਹ ਲਿਖ ਕੇ ਨੌਕਰੀਆਂ ਕਰ ਰਹੀਆਂ ਹਨ ।ਵਿਦੇਸ਼ਾਂ ਚ ਉੱਚੀਆਂ ਉਡਾਣਾ ਭਰ ਰਹੀਆਂ ਹਨ। ਅੱਜ ਧੀਆਂ ਘਰ ਦੀ ਸੁਆਣੀ ਬਣ ਕੇ ਘਰ ਦੇ ਕੰਮਾ ਤੱਕ ਹੀ ਸੀਮਤ ਹਨ।ਬਲਕੇ ਉਹ ਆਰਥਕ ਪੱਖੋਂ ਆਪਣਾ ਪਰਿਵਾਰ ਪਾਲਣ ਲਈ ਵੀ ਪੂਰੀ ਤਰਾਂ ਸਮਰੱਥ ਹਨ। ਜਿਸ ਨੂੰ ਇੱਕ ਚੰਗਾ ਰੁਝਾਨ ਤੇ ਨਰੋਏ ਸਮਾਜ ਦੀ ਨਿਸ਼ਾਨੀ ਕਿਹਾ ਜਾ ਸਕਦਾ ਹੈ ।ਜਦ ਕੇ ਉਹ ਸਮਾ ਵੀ ਸੀ ਜਦੋ ਧੀਆਂ ਨੂੰ ਘਰੋ ਬਾਹਰ ਨਿਕਲਣ ਤੋ ਵਰਜਿਆ ਜਾਂਦਾ ਸੀ।ਅਗਰ ਕੋਈ ਧੀ ਘਰੋਂ ਬਾਹਰ ਜਾਂਦੀ ਸੀ ਤਾਂ ਆਂਢ ਗੁਆਂਢ ਵਾਲੇ ਨੁਕਤਾਚੀਨੀ ਕਰਦੇ।ਜਿਸ ਦੇ ਡਰੋਂ ਕੋਈ ਵੀ ਮਾ ਪਿਓ ਆਪਣੀ ਧੀ ਨੂੰ ਘਰੋ ਬਾਹਰ ਭੇਜਣ ਤੋ ਡਰਦਾ ਸੀ।
ਪਰ ਅੱਜ ਧੀਆਂ ਨੂੰ ਲੈ ਕੇ ਲੋਕਾਂ ਦੀ ਸੋਚ ਬਦਲ ਚੁੱਕੀ ਹੈ।ਅੱਜ ਧੀਆਂ ਹਰ ਖੇਤਰ ਚ ਮੋਹਰੀ ਹਨ। ਬਹੁਤ ਸਾਰੇ ਖੇਤਰਾਂ ਚ ਤਾਂ ਧੀਆਂ ਨੇ ਪੁੱਤਾਂ ਨੂੰ ਪਿਛਾੜ ਦਿੱਤਾ ਹੈ।ਅੱਜ ਪੁੱਤਾਂ ਵਾਂਗ ਧੀਆਂ ਦੀ ਵੀ ਲੋਹੜੀ ਮਨਾਈ ਜਾਣ ਲੱਗੀ ਹੈ।ਜੋ ਇਕ ਚੰਗੀ ਸੋਚ ਹੀ ਨਹੀਂ ਬਲਕੇ ਧੀਆਂ ਨੂੰ ਉਹਨਾਂ ਦਾ ਬਣਦਾ ਹੱਕ ਤੇ ਮਾਣ ਸਨਮਾਨ ਦਿੱਤੇ ਜਾਣ ਦਾ ਵੱਡਾ ਉਪਰਾਲਾ ਵੀ ਹੈ।ਕਿਉਂਕਿ ਧੀਆਂ ਨੂੰ ਵੀ ਆਪਣੀ ਜਿੰਦਗੀ ਅਜਾਦੀ ਨਾਲ ਜਿਓਣ ਤੇ ਮਾਣਨ ਦਾ ਉਨਾਂ ਹੀ ਹੱਕ ਹਾਸਲ ਹੈ ਜਿੰਨਾ ਪੁੱਤਾਂ ਨੂੰ।ਇਸ ਕਰਕੇ ਅੱਜ ਬਹੁਤੇ ਮਾਪਿਆਂ ਦੀ ਇੱਛਾ ਹੈ ਕੇ ਉਨ੍ਹਾਂ ਦੀ ਧੀ ਪੜ੍ਹ ਲਿਖ ਕੇ ਤਰੱਕੀ ਕਰੇ।ਉਹ ਸਮਾਜ ਚ ਉੱਚੀਆਂ ਬੁਲੰਦੀਆਂ ਨੂੰ ਛੂਹੇ। ਅੱਜ ਹਰ ਮਾਂ ਪਿਓ ਆਪਣੀ ਧੀ ਦੀਆਂ ਪ੍ਰਾਪਤੀਆਂ ਨੂੰ ਦੱਸਣ ਚ ਮਾਣ ਤੇ ਫ਼ਖਰ ਮਹਿਸੂਸ ਕਰਦਾ ਹੈ।ਅੱਜ ਪੁੱਤ ਨਹੀਂ ਸਗੋ ਧੀਆਂ ਹੀ ਮਾਪਿਆਂ ਦੀ ਡੰਗੋਰੀ ਬਣ ਉਨ੍ਹਾਂ ਨੂੰ ਬੁਢਾਪੇ ਚ ਸਾਂਭਦੀਆਂ ਹਨ। ਅੱਜ ਧੀਆਂ ਨਾ ਕੇਵਲ ਨੌਕਰੀਆਂ ਕਰ ਰਹੀਆਂ ਹਨ।