ਭਾਕਿਯੂ ਕ੍ਰਾਂਤੀਕਾਰੀ ਵੱਲੋਂ ਬਠਿੰਡਾ ਬੱਸ ਸਟੈਂਡ ਤਬਦੀਲੀ ਵਿਰੁੱਧ ਰੱਖੇ ਇਕੱਠ ਦੀ ਹਮਾਇਤ ਦਾ ਐਲਾਨ

ਭਾਕਿਯੂ ਕ੍ਰਾਂਤੀਕਾਰੀ ਵੱਲੋਂ ਬਠਿੰਡਾ ਬੱਸ ਸਟੈਂਡ ਤਬਦੀਲੀ ਵਿਰੁੱਧ ਰੱਖੇ ਇਕੱਠ ਦੀ ਹਮਾਇਤ ਦਾ ਐਲਾਨ

ਇਸਦੇ ਨੇ ਨਾਲ ਆਮ ਲੋਕਾਂ ਦੀ ਖੱਜਲ ਖੁਆਰੀ ਸਮੇਤ ਭੂ-ਮਾਫ਼ੀਆ ਲੋਕਾਂ ਦੀ ਕਰੇਗਾ ਅੰਨ੍ਹੀ ਲੁੱਟ : ਪੁਰਸ਼ੋਤਮ ਮਹਿਰਾਜ

(ਬਠਿੰਡਾ)15 ਅਪ੍ਰੈਲ :

ਪਿਛਲੇ ਕਾਫੀ ਲੰਮੇ ਸਮੇਂ ਤੋਂ ਬਠਿੰਡਾ ਬੱਸ ਸਟੈਂਡ ਨੂੰ ਸ਼ਹਿਰੋਂ ਬਾਹਰ ਕਰਨ ਦੀਆਂ ਚਰਚਾਵਾਂ ਨੂੰ ਹੁਣ ਲਾਗੂ ਕਰਨ ਦੀ ਤਿਆਰੀ ਹੈ। ਓਥੇ ਹੀ ਸ਼ਹਿਰ ਦੇ ਬੱਸ ਸਟੈਂਡ ਨੂੰ ਸ਼ਹਿਰੋਂ ਬਾਹਰ ਲਿਜਾਣ ਵਿਰੁੱਧ ਸਥਾਨਕ ਸ਼ਹਿਰ ਵਾਸੀਆਂ ਵੱਲੋਂ ਹੋਰ ਭਰਾਤਰੀ ਜਥੇਬੰਦੀਆਂ ਦੇ ਨਾਲ ਮਿਲਕੇ ਸੰਘਰਸ਼ ਕਰਨ ਦਾ ਬਿਗੁਲ ਵਜਾ ਦਿੱਤਾ ਗਿਆ ਹੈ ਜਿਸਨੂੰ ਲੈਕੇ ਬੀਤੇ ਦਿਨੀਂ ਬਠਿੰਡਾ ਦੇ ਟੀਚਰਜ਼ ਹੋਮ ‘ਚ ਵੱਡਾ ਇਕੱਠ ਕਰਕੇ ਅਗਲੀ ਰਣਨੀਤੀ ਨੂੰ ਲੈਕੇ ਵਿਚਾਰ ਸਾਂਝੇ ਕੀਤੇ ਗਏ ਤੇ 35 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜੋ ਪ੍ਰਸ਼ਾਸ਼ਨਿਕ ਅਧਿਕਾਰੀਆਂ ਸਮੇਤ ਸੱਤਾਧਾਰੀ ਨੁਮਾਇੰਦਿਆਂ ਨੂੰ ਮੰਗ ਪੱਤਰ ਸੌੰਪੇਗੀ। ਇਸਨੂੰ ਲੈਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵੱਲੋਂ ਵੀ ਉਕਤ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ ਦੀਆਂ ਮੰਗਾਂ ਨੂੰ ਵਾਜਬ ਕ਼ਰਾਰ ਦਿੰਦੇ ਹੋਏ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ। ਅੱਜ ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਿਰਾਜ ਨੇ ਦੱਸਿਆ ਕਿ ਬੱਸ ਸਟੈਂਡ ਨੂੰ ਸ਼ਹਿਰੋਂ ਬਾਹਰ ਲਿਜਾਣ ਨਾਲ ਜਿਥੇ ਦੂਰੋਂ ਪਿੰਡਾਂ ਤੋਂ ਆਉਣ ਵਾਲੇ ਲੋਕਾਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਵੇਗਾ ਓਥੇ ਹੀ ਭੂ-ਮਾਫ਼ੀਆ ਵੀ ਸਸਤੇ ਭਾਅ ਉੱਪਰ ਖਰੀਦੀਆਂ ਜਮੀਨਾਂ ਨੂੰ ਮਹਿੰਗੇ ਭਾਅ ਤੇ ਵੇਚਕੇ ਅੰਨ੍ਹੀ ਲੁੱਟ ਮਚਾਏਗਾ। ਓਹਨਾਂ ਆਖਿਆ ਕਿ ਭੂ-ਮਾਫ਼ੀਆ ਵੀ ਓਹਨਾਂ ਕਾਰਪੋਰੇਟ ਘਰਾਣਿਆਂ ਦੀ ਹੀ ਉਪਜ ਹੈ ਜੋ ਪਿਛਲੇ ਕਈ ਸਾਲਾਂ ਤੋਂ ਕਿਸਾਨਾਂ ਦੀਆਂ ਜਮੀਨਾਂ ਹੜੱਪਣ ਲਈ ਬੈਠਾ ਹੈ ਤੇ ਇਸੇ ਪ੍ਰਕਾਰ ਸੱਤਾਧਾਰੀ ਧਿਰ ਆਪ ਪਾਰਟੀ ਵੀ ਭੂ-ਮਾਫੀਏ ਨਾਲ ਰਲਕੇ ਆਮ ਜਨਤਾ ਨੂੰ ਲੁੱਟਣਾ ਚਾਹੁੰਦੀ ਹੈ ਜੋ ਕਿਸੇ ਵੀ ਕੀਮਤ ਉੱਪਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਓਹਨਾਂ ਆਖਿਆ ਕਿ ਬੀਤੇ ਦਿਨੀਂ ਟੀਚਰਜ਼ ਹੋਮ ਵਿਖੇ ਰੱਖੇ ਗਏ ਜਨਤਕ ਇਕੱਠ ਦੌਰਾਨ ਜੋ 35 ਮੈਂਬਰੀ ਕਮੇਟੀ ਦਾ ਗਠਨ ਹੋਇਆ ਹੈ ਉਸਨੂੰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਪੂਰਨ ਸਮਰਥਨ ਦਿਵੇਗੀ ਤੇ ਓਹਨਾਂ ਸੰਬੰਧਿਤ ਪ੍ਰਸ਼ਾਸਨ ਨੂੰ ਵੀ ਮੰਗ ਕੀਤੀ ਹੈ ਕਿ ਉਕਤ ਜਨਤਕ ਜਥੇਬੰਦੀਆਂ ਦੀਆਂ ਇਹ ਮੰਗਾਂ ਵਾਜਬ ਹਨ ਜਿਹਨਾਂ ਵੱਲ ਪ੍ਰਸ਼ਾਸਨ ਨੂੰ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ।

 

ਸਾਂਝਾ ਕਰੋ

ਪੜ੍ਹੋ