
ਚੰਡੀਗੜ੍ਹ, 16 ਅਪ੍ਰੈਲ – ਅੱਜ ਦੇ ਦੌਰ ਵਿਚ ਜ਼ਿਆਦਾਤਰ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੀ ਬਜਾਏ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਾਉਣਾ ਪਸੰਦ ਕਰਦੇ ਹਨ। ਜੇ ਕੋਈ ਬਹੁਤ ਜ਼ਿਆਦਾ ਗ਼ਰੀਬ ਪਰਿਵਾਰ ਹੈ ਤਾਂ ਹੀ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਪੜ੍ਹਨ ਭੇਜਦਾ ਹੈ ਜਾਂ ਫਿਰ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪਰਵਾਸੀਆਂ ਦੇ ਬੱਚੇ ਹੀ ਪੜ੍ਹਨ ਜਾਂਦੇ ਹਨ। ਪਰ ਜੇ ਅਸੀਂ ਧਿਆਨ ਦਈਏ ਤਾਂ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਮੁਫ਼ਤ ਪੜ੍ਹਾਇਆ ਜਾਂਦਾ ਹੈ, ਕਾਪੀਆਂ, ਵਰਦੀ ਆਦਿ ਮੁਫ਼ਤ ਦਿਤੀਆਂ ਜਾਂਦੀਆਂ ਹਨ ਤੇ ਪਿਛੜੀ ਸ਼੍ਰੇਣੀ ਦੇ ਬੱਚਿਆਂ ਨੂੰ ਤਾਂ ਵਜੀਫ਼ਾ ਵੀ ਦਿਤਾ ਜਾਂਦਾ ਹੈ। ਇਸ ਦੇ ਉਲਟ ਜੇ ਅਸੀਂ ਪ੍ਰਾਈਵੇਟ ਸਕੂਲਾਂ ਨੂੰ ਦੇਖੀਏ ਤਾਂ ਉਥੇ ਸਾਡੀ ਲੁੱਟ ਕੀਤੀ ਜਾਂਦੀ ਹੈ।
ਹਜ਼ਾਰਾਂ ਰੁਪਏ ਦੀਆਂ ਕਾਪੀਆਂ ਕਿਤਾਬਾਂ, ਵਰਦੀ ਆਦਿ ਦਿਤੀ ਜਾਂਦੀ ਹੈ ਤੇ ਕਈ ਹਜ਼ਾਰ ਰੁਪਏ ਫ਼ੀਸਾਂ ਲਈਆਂ ਜਾਂਦੀਆਂ ਹਨ, ਪਰ ਫ਼ਿਰ ਵੀ ਅਸੀਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਨੂੰ ਛੱਡ ਕੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਨ ਲਈ ਭੇਜਦੇ ਹਾਂ। ਪਰ ਜੇ ਤੁਸੀਂ ਆਪਣੇ ਬੱਚੇ ਨੂੰ ਆਰਥਕ ਤੰਗੀ ਹੋਣ ਕਰ ਕੇ ਵੀ ਪ੍ਰਾਈਵੇਟ ਸਕੂਲ ਵਿਚ ਪੜ੍ਹਾਉਣਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਲਾਹੇਵੰਦ ਹੈ, ਕਿਉਂ ਕਿ ਆਰ.ਟੀ. ਐਕਟ (ਰੀਈਟ ਟੂ ਐਜੂਕੇਸ਼ਨ ਐਕਟ) ਤਹਿਤ ਤੁਸੀਂ ਮੁਫ਼ਤ ਵਿਦਿਆ ਹਾਸਲ ਕਰ ਸਕਦੇ ਹੋ ਇਸ ਦੀ ਵੀ ਇਕ ਸਮਾਂ-ਸੀਮਾ ਹੈ। ਇਸੇ ਮੁੱਦੇ ਨੂੰ ਲੈ ਕੇ ਅਦਾਲਤ ਨੇ ਇਕ ਫ਼ੈਸਲਾ ਸੁਣਾਇਆ ਸੀ ਕਿ ਨਿਜੀ ਸਕੂਲਾਂ ਨੂੰ ਵੀ ਕੁੱਝ ਫ਼ੀਸਦੀ ਵਿਦਿਆ ਮੁਫ਼ਤ ਦੇਣੀ ਹੋਵੇਗੀ ਤੇ ਪੰਜਾਬ ਸਰਕਾਰ ਨੇ ਵੀ ਇਸ ਫ਼ੈਸਲੇ ਨੂੰ ਲਾਗੂ ਕੀਤਾ ਸੀ। ਰੋਜ਼ਾਨਾ ਸਪੋਕਸਮੈਨ ਨੇ ਇਸ ਮੁੱਦੇ ਬਾਰੇ ਜਾਣਨ ਲਈ ਕਿ ਨਿਜੀ ਸਕੂਲਾਂ ਵਿਚ ਕੌਣ ਲੁੱਟ ਕਰ ਰਿਹੈ, ਕਿਥੇ ਲੁੱਟ ਹੋ ਰਹੀ ਹੈ ਤੇ ਇਸ ਲੁੱਟ ਵਿਚ ਪਰਦਾ ਕਿੱਥੇ ਹੈ, ਸਤਨਾਮ ਸਿੰਘ ਗਿੱਲ ਨਾਲ ਇੰਟਰਵਿਊ ਕੀਤੀ।