
ਨਵੀਂ ਦਿੱਲੀ, 15 ਅਪ੍ਰੈਲ – ਵਣਜ ਮੰਤਰਾਲੇ ਦੇ ਵਧੀਕ ਸਕੱਤਰ ਰਾਜੇਸ਼ ਅਗਰਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਅਤੇ ਅਮਰੀਕਾ ਮਈ ਮਹੀਨੇ ਵਿੱਚ ਵਪਾਰਕ ਗੱਲਬਾਤ ਦੇ ਇੱਕ ਹੋਰ ਗੇੜ ਤਹਿਤ ਸੰਵਾਦ ਕਰਨਗੇ ਜਦੋਂ ਕਿ ਵਾਰਤਾਕਾਰਾਂ ਦਰਮਿਆਨ ਵਰਚੁਅਲ ਮੀਟਿੰਗਾਂ ਇਸ ਹਫ਼ਤੇ ਸ਼ੁਰੂ ਹੋਣਗੀਆਂ। ਅਗਰਵਾਲ ਭਾਰਤੀ ਵਾਰਤਾਕਾਰਾਂ ਦੀ ਟੀਮ ਦੀ ਅਗਵਾਈ ਕਰ ਰਹੇ ਹਨ ਜਿਸ ਨੇ 26 ਤੋਂ 29 ਮਾਰਚ ਨੂੰ ਅਮਰੀਕੀ ਹਮਰੁਤਬਾ ਨਾਲ ਚਾਰ ਰੋਜ਼ਾ ਗੱਲਬਾਤ ਕੀਤੀ ਸੀ।
ਇਹ ਬੈਠਕ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤੀ ਬਰਾਮਦਾਂ ’ਤੇ ਜਵਾਬੀ ਟੈਕਸ ਲਗਾਉਣ ਦੀ ਧਮਕੀ ਦੇ ਪਿਛੋਕੜ ਵਿੱਚ ਹੋਈ ਸੀ। ਟਰੰਪ ਨੇ ਭਾਰਤ ਸਮੇਤ ਕੁਝ ਹੋਰਨਾਂ ਮੁਲਕਾਂ ’ਤੇ ਲਗਾਏ ਜਾਣ ਵਾਲੇ ਜਵਾਬੀ ਟੈਕਸ ਦ ਅਮਲ ’ਤੇ 3 ਅਪਰੈਲ ਨੂੰ ਅਗਲੇ 90 ਦਿਨਾਂ ਲਈ ਰੋਕ ਲਗਾ ਦਿੱਤੀ ਸੀ। ਅਗਰਵਾਲ, ਜੋ ਨਵੀਂ ਦਿੱਲੀ ਵਿੱਚ ਵਪਾਰ ਅੰਕੜਿਆਂ ਬਾਰੇ ਵਣਜ ਮੰਤਰਾਲੇ ਦੀ ਬ੍ਰੀਫਿੰਗ ਦਾ ਹਿੱਸਾ ਸਨ, ਨੇ ਕਿਹਾ ਕਿ ਦੁਵੱਲੇ ਵਪਾਰ ਸਮਝੌਤੇ (ਬੀਟੀਏ) ਨੂੰ ਲੈ ਕੇ ਗੱਲਬਾਤ ਦੀਆਂ ਸ਼ਰਤਾਂ ’ਤੇ ਸਹਿਮਤੀ ਬਣ ਗਈ ਹੈ।