
ਪੰਜਾਬ ਵਿੱਚ ਹਮਲਿਆਂ, ਫਿਰੌਤੀ ਲਈ ਧਮਕੀਆਂ ਅਤੇ ਲੁੱਟਮਾਰ ਜਿਹੀਆਂ ਅਪਰਾਧਿਕ ਘਟਨਾਵਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਖ਼ੁਦ ਪੰਜਾਬ ਪੁਲੀਸ ਵੱਲੋਂ ਇਸ ਦਾ ਖ਼ੁਲਾਸਾ ਕੀਤਾ ਜਾਂਦਾ ਹੈ। ਐਤਵਾਰ ਰਾਤੀਂ ਮਜੀਠਾ ਨੇੜੇ ਪਿੰਡ ਕਲੇਰ ਮਾਂਗਟ ਦੇ ਇੱਕ ਪੈਟਰੋਲ ਪੰਪ ’ਤੇ ਹੋਏ ਹਮਲੇ ਵਿੱਚ ਇੱਕ ਕਾਰਿੰਦੇ ਦੀ ਮੌਤ ਹੋ ਗਈ ਤੇ ਦੂਜਾ ਜ਼ਖ਼ਮੀ ਹੋ ਗਿਆ। ਇਸ ਤੋਂ ਪਹਿਲਾਂ ਜਲੰਧਰ ਵਿੱਚ ਭਾਜਪਾ ਦੇ ਇੱਕ ਸੀਨੀਅਰ ਆਗੂ ਦੇ ਘਰ ’ਤੇ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ ਸੀ। ਅਜਿਹੇ ਮਾਹੌਲ ਵਿੱਚ ਆਮ ਲੋਕਾਂ ਦੇ ਮਨਾਂ ਵਿੱਚ ਸਹਿਮ ਵਧ ਰਿਹਾ ਹੈ ਅਤੇ ਵਿਰੋਧੀ ਧਿਰ ਦੀਆਂ ਪਾਰਟੀਆਂ ਨੂੰ ਸਰਕਾਰ ਅਤੇ ਪੁਲੀਸ ਦੀ ਕਾਰਗੁਜ਼ਾਰੀ ਤੇ ਸਮੱਰਥਾ ਉੱਪਰ ਸਵਾਲ ਉਠਾਉਣ ਦਾ ਹੱਕ ਹੈ। ਸ੍ਰੀ ਬਾਜਵਾ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰ ਵਜੋਂ ਲੰਮਾ ਸਮਾਂ ਕੰਮ ਕੀਤਾ ਹੈ ਅਤੇ ਪੰਜਾਬ ਵਿੱਚ ਵੀ ਪ੍ਰਮੁੱਖ ਅਹੁਦਿਆਂ ’ਤੇ ਸੇਵਾਵਾਂ ਨਿਭਾਈਆਂ ਹਨ; ਅਤੇ ਉਨ੍ਹਾਂ ਨੂੰ ਆਪਣੇ ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਹੈ।
ਪੰਜਾਬ ਵਿੱਚ ਅਮਨ-ਕਾਨੂੰਨ ਦੀ ਹਾਲਤ ਨੂੰ ਲੈ ਕੇ ਸੱਤਾ ਧਿਰ ਅਤੇ ਵਿਰੋਧੀ ਧਿਰ ਦਰਮਿਆਨ ਅਕਸਰ ਤਿੱਖੀ ਬਿਆਨਬਾਜ਼ੀ ਅਤੇ ਤੋਹਮਤਬਾਜ਼ੀ ਚੱਲਦੀ ਰਹਿੰਦੀ ਹੈ। ਲੰਘੇ ਐਤਵਾਰ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਇੱਕ ਬਿਆਨ ਆਇਆ ਕਿ ਪੰਜਾਬ ਵਿੱਚ 50 ਬੰਬ ਆਏ ਸਨ ਜਿਨ੍ਹਾਂ ’ਚੋਂ 18 ਚੱਲ ਚੁੱਕੇ ਹਨ ਅਤੇ 32 ਅਜੇ ਬਾਕੀ ਹਨ। ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੀਡੀਓ ਜਾਰੀ ਕਰ ਕੇ ਸ੍ਰੀ ਬਾਜਵਾ ਨੂੰ ਪੁੱਛਿਆ ਕਿ ਬੰਬ ਆਉਣ ਦੀ ਜਾਣਕਾਰੀ ਉਨ੍ਹਾਂ ਕੋਲ ਕਿੱਥੋਂ ਆਈ ਹੈ, ਉਸ ਦਾ ਸਰੋਤ ਸਰਕਾਰ ਨਾਲ ਸਾਂਝਾ ਕੀਤਾ ਜਾਵੇ ਤਾਂ ਸੀਨੀਅਰ ਕਾਂਗਰਸੀ ਆਗੂ ਦੇ ਇਸ ਬਿਆਨ ਨੂੰ ਲੈ ਕੇ ਦੋਵੇਂ ਧਿਰਾਂ ਵਿੱਚ ਕਸ਼ਮਕਸ਼ ਤੇਜ਼ ਹੋ ਗਈ।
ਮੁੱਖ ਮੰਤਰੀ ਨੇ ਇਹ ਸਵਾਲ ਵੀ ਉਠਾ ਦਿੱਤਾ ਕਿ ਉਨ੍ਹਾਂ (ਬਾਜਵਾ) ਦੇ ਪਾਕਿਸਤਾਨ ਵਿੱਚ ਕੋਈ ਅਜਿਹੇ ਸੰਪਰਕ ਹਨ ਜਿਨ੍ਹਾਂ ਕੋਲੋਂ ਗ੍ਰੇਨੇਡ ਭੇਜਣ ਦੀ ਜਾਣਕਾਰੀ ਮਿਲਦੀ ਹੈ। ਇਸ ਤੋਂ ਬਾਅਦ ਕਾਊਂਟਰ ਇੰਟੈਲੀਜੈਂਸ ਦੀ ਇੱਕ ਸੀਨੀਅਰ ਅਫ਼ਸਰ ਦੀ ਅਗਵਾਈ ਹੇਠ ਟੀਮ ਨੇ ਸ੍ਰੀ ਬਾਜਵਾ ਦੀ ਰਿਹਾਇਸ਼ ’ਤੇ ਪਹੁੰਚੀ ਅਤੇ ਮੁਹਾਲੀ ਦੇ ਫੇਜ਼ ਸੱਤ ਵਿਚਲੇ ਸਾਈਬਰ ਕ੍ਰਾਈਮ ਪੁਲੀਸ ਸਟੇਸ਼ਨ ਵਿੱਚ ਉਨ੍ਹਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 353 (2) ਅਤੇ 197 (1) ਤਹਿਤ ਕੇਸ ਦਰਜ ਕਰ ਲਿਆ।