
ਨਵੀਂ ਦਿੱਲੀ, 14 ਅਪ੍ਰੈਲ – ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ 2025 ਦੇ ਦੂਜੇ ਪੜਾਅ ਲਈ ਅਰਜ਼ੀ ਪ੍ਰਕਿਰਿਆ ਜਲਦੀ ਹੀ ਖਤਮ ਹੋਣ ਜਾ ਰਹੀ ਹੈ। ਜੇਕਰ ਤੁਸੀਂ ਅਜੇ ਤੱਕ ਅਪਲਾਈ ਨਹੀਂ ਕੀਤਾ ਤਾਂ ਅਧਿਕਾਰਤ ਵੈੱਬਸਾਈਟ pminternship.mca.gov.in ‘ਤੇ ਜਾਓ ਤੇ ਤੁਰੰਤ ਅਪਲਾਈ ਕਰੋ। ਕਿਤੇ ਇਹ ਸੁਨਹਿਰੀ ਮੌਕਾ ਤੁਹਾਡੇ ਹੱਥੋਂ ਨਾ ਨਿਕਲ ਜਾਵੇ। ਇਸ ਪੜਾਅ ਵਿੱਚ ਕੁੱਲ 1 ਲੱਖ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਅਰਜ਼ੀ ਦੇਣ ਦੀ ਆਖਰੀ ਮਿਤੀ 15 ਅਪ੍ਰੈਲ 2025 ਤੈਅ ਕੀਤੀ ਗਈ ਹੈ।
ਪਹਿਲਾਂ, ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ 2025 ਲਈ ਅਰਜ਼ੀ ਦੇਣ ਦੀ ਆਖਰੀ ਮਿਤੀ 31 ਮਾਰਚ ਤੇ 12 ਮਾਰਚ ਸੀ। ਇਸ ਤੋਂ ਇਲਾਵਾ ਸਾਰੇ ਵਿਦਿਆਰਥੀਆਂ ਲਈ ਅਰਜ਼ੀ ਮੁਫ਼ਤ ਹੈ। ਅਧਿਕਾਰਤ ਵੈੱਬਸਾਈਟ ‘ਤੇ ਨੋਟਿਸ ਵਿੱਚ ਲਿਖਿਆ ਹੈ, “ਇੰਟਰਨਸ਼ਿਪ ਲਈ ਅਰਜ਼ੀ ਪ੍ਰਕਿਰਿਆ ਹੁਣ 15 ਅਪ੍ਰੈਲ ਤੱਕ ਜਾਰੀ ਰਹੇਗੀ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਰਜਿਸਟਰ ਕਰ ਸਕਦੇ ਹਨ, ਆਪਣੇ ਪ੍ਰੋਫਾਈਲ ਬਣਾ ਸਕਦੇ ਹਨ ਤੇ ਵੱਖ-ਵੱਖ ਖੇਤਰਾਂ ਵਿੱਚ ਮੌਕਿਆਂ ਲਈ ਅਰਜ਼ੀ ਦੇ ਸਕਦੇ ਹਨ।
ਕੋਈ ਰਜਿਸਟ੍ਰੇਸ਼ਨ ਜਾਂ ਅਰਜ਼ੀ ਫੀਸ ਨਹੀਂ ਲਈ ਜਾਵੇਗੀ। 8,700 ਉਮੀਦਵਾਰਾਂ ਨੇ ਇੰਟਰਨਸ਼ਿਪ ਸ਼ੁਰੂ ਕੀਤੀ ਇਸ ਯੋਜਨਾ ਲਈ ਕੇਂਦਰ ਸਰਕਾਰ ਨੇ ਸਾਲ 2025-26 ਲਈ ਅਲਾਟਮੈਂਟ ਵਧਾ ਦਿੱਤੀ ਹੈ। ਸਰਕਾਰ ਨੇ 380 ਕਰੋੜ ਰੁਪਏ ਦੇ ਸੋਧੇ ਹੋਏ ਅਨੁਮਾਨਾਂ ਤੋਂ ਐਲੋਕੇਸ਼ਨ ਨੂੰ ਵਧਾ ਕੇ 10,831.07 ਕਰੋੜ ਰੁਪਏ ਕਰ ਦਿੱਤਾ ਹੈ। ਸਰਕਾਰ ਨੇ ਇਸ ਯੋਜਨਾ ਦੇ ਪਹਿਲੇ ਪੜਾਅ ਵਿੱਚ 1,27,000 ਤੋਂ ਵੱਧ ਇੰਟਰਨਸ਼ਿਪ ਦੇ ਮੌਕੇ ਪ੍ਰਦਾਨ ਕੀਤੇ ਸਨ। ਜਦੋਂ ਕਿ ਦੂਜੇ ਪੜਾਅ ਵਿੱਚ ਇਹ ਗਿਣਤੀ ਲਗਪਗ 1,15,000 ਸੀ। ਦਸੰਬਰ 2024 ਤੋਂ ਹੁਣ ਤੱਕ ਚੁਣੇ ਗਏ 28,000 ਤੋਂ ਵੱਧ ਉਮੀਦਵਾਰਾਂ ਵਿੱਚੋਂ ਸਿਰਫ਼ 8,700 ਨੇ ਹੀ ਇਸ ਯੋਜਨਾ ਤਹਿਤ ਇੰਟਰਨਸ਼ਿਪ ਸ਼ੁਰੂ ਕੀਤੀ ਹੈ।
ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ 2025 ਯੋਗਤਾ: ਯੋਗਤਾ ਮਾਪਦੰਡ
ਉਮਰ ਸੀਮਾ: 21 ਤੋਂ 24 ਸਾਲ ਦੇ ਨੌਜਵਾਨ ਅਪਲਾਈ ਕਰ ਸਕਦੇ ਹਨ, ਜੋ ਕਿਸੇ ਵੀ ਪੂਰੇ ਸਮੇਂ ਦੀ ਨੌਕਰੀ ਜਾਂ ਸਿੱਖਿਆ ਵਿੱਚ ਨਹੀਂ ਰੁੱਝੇ। ਪਰਿਵਾਰਕ ਆਮਦਨ: ਉਹ ਉਮੀਦਵਾਰ ਜਿਨ੍ਹਾਂ ਦੀ ਪਰਿਵਾਰਕ ਸਾਲਾਨਾ ਆਮਦਨ 8 ਲੱਖ ਰੁਪਏ ਤੋਂ ਵੱਧ ਹੈ, ਅਪਲਾਈ ਨਹੀਂ ਕਰ ਸਕਦੇ। ਸਰਕਾਰੀ ਕਰਮਚਾਰੀ ਦਾ ਪਰਿਵਾਰ: ਜੇਕਰ ਪਰਿਵਾਰ ਦਾ ਕੋਈ ਮੈਂਬਰ ਸਥਾਈ ਸਰਕਾਰੀ ਨੌਕਰੀ ਵਿੱਚ ਹੈ ਤਾਂ ਉਸ ਪਰਿਵਾਰ ਦਾ ਨੌਜਵਾਨ ਇਸ ਯੋਜਨਾ ਲਈ ਯੋਗ ਨਹੀਂ ਹੋਵੇਗਾ। ਸਿੱਖਿਆ ਦਾ ਮਾਧਿਅਮ: ਔਨਲਾਈਨ ਤੇ ਡਿਸਟੈਂਸ ਸਿੱਖਿਆ ਰਾਹੀਂ ਪੜ੍ਹਾਈ ਕਰਨ ਵਾਲੇ ਨੌਜਵਾਨ ਇਸ ਇੰਟਰਨਸ਼ਿਪ ਲਈ ਯੋਗ ਮੰਨੇ ਜਾਣਗੇ। ਹੋਰ ਸਰਕਾਰੀ ਯੋਜਨਾਵਾਂ ਦੇ ਲਾਭਪਾਤਰੀ: ਜੋ ਨੌਜਵਾਨ ਕਿਸੇ ਹੋਰ ਸਰਕਾਰੀ ਯੋਜਨਾ ਅਧੀਨ ਹੁਨਰ ਸਿਖਲਾਈ ਲੈ ਰਹੇ ਹਨ, ਉਹ ਵੀ ਇਸ ਇੰਟਰਨਸ਼ਿਪ ਦਾ ਲਾਭ ਨਹੀਂ ਲੈ ਸਕਦੇ। ਨਾਮਵਰ ਸੰਸਥਾਵਾਂ ਦੇ ਵਿਦਿਆਰਥੀ: ਉਹ ਉਮੀਦਵਾਰ ਜਿਨ੍ਹਾਂ ਨੇ IIT, IIM, IISER, NID, IIIT, NLU ਵਰਗੇ ਨਾਮਵਰ ਸੰਸਥਾਵਾਂ ਤੋਂ ਗ੍ਰੈਜੂਏਸ਼ਨ ਕੀਤੀ ਹੈ, ਉਹ ਅਪਲਾਈ ਨਹੀਂ ਕਰ ਸਕਦੇ। ਉੱਚ ਸਿੱਖਿਆ ਧਾਰਕ: CA, CMA, CS, MBBS, BDS, MBA ਤੇ ਮਾਸਟਰ ਡਿਗਰੀ ਜਾਂ ਉੱਚ ਸਿੱਖਿਆ ਵਾਲੇ ਉਮੀਦਵਾਰ ਇਸ ਇੰਟਰਨਸ਼ਿਪ ਲਈ ਯੋਗ ਨਹੀਂ ਹੋਣਗੇ।