ਪਾਕਿਸਤਾਨ ਨੇ ਵਲੇਟੀ ਚੁੱਪ ਦੀ ਚਾਦਰ/ਜਯੋਤੀ ਮਲਹੋਤਰਾ

“ਪਾਕਿਸਤਾਨ ਨੂੰ ਮੁੰਬਈ ਵਿੱਚ ਮੱਚੇ ਘਮਸਾਣ ਨਾਲ ਸਿੱਝਣਾ ਪਵੇਗਾ ਜਿਸ ਦੀ ਯੋਜਨਾ ਅਤੇ ਸ਼ੁਰੂਆਤ ਉਸ ਦੀ ਧਰਤੀ ਤੋਂ ਹੋਈ ਸੀ। ਇਸ ਲਈ ਸਚਾਈ ਨੂੰ ਪ੍ਰਵਾਨ ਕਰਨਾ ਪਵੇਗਾ ਅਤੇ ਗ਼ਲਤੀਆਂ ਵੀ ਸਵੀਕਾਰ ਕਰਨੀਆਂ ਪੈਣਗੀਆਂ। ਸਮੁੱਚੇ ਰਾਜਕੀ ਤਾਣੇ-ਬਾਣੇ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਇਨ੍ਹਾਂ ਘਿਨਾਉਣੇ ਦਹਿਸ਼ਤੀ ਹਮਲਿਆਂ ਦੇ ਕਾਰਿੰਦਿਆਂ ਅਤੇ ਸੂਤਰਧਾਰਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇ। ਇਹ ਕੇਸ ਲੰਮੇ ਅਰਸੇ ਤੋਂ ਲਟਕਦਾ ਆ ਰਿਹਾ ਹੈ…।

ਪਿਆਰੇ ਪਾਠਕੋ, ਜੇ ਇਹ ਪੈਰਾ ਪੜ੍ਹ ਕੇ ਤੁਹਾਨੂੰ ਹੈਰਤ ਹੋ ਰਹੀ ਹੈ ਕਿ ਕੀ ਪਾਕਿਸਤਾਨ ਨੇ 2008 ਦੇ ਮੁੰਬਈ ਦਹਿਸ਼ਤਗਰਦ ਹਮਲਿਆਂ ਦੇ ਦੋਸ਼ੀਆਂ ਖ਼ਾਸਕਰ ਅਮਰੀਕਾ ਤੋਂ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਮੁਤੱਲਕ ਆਪਣਾ ਕਿਰਦਾਰ ਪਾਕ-ਸਾਫ਼ ਕਰਨ ਦਾ ਮਨ ਬਣਾ ਲਿਆ ਹੈ ਤਾਂ ਫਿਰ ਤੁਹਾਨੂੰ ਇੱਕ ਵਾਰ ਫਿਰ ਸੋਚਣਾ ਚਾਹੀਦਾ ਹੈ। ਇਹ ਪੈਰਾ 3 ਅਗਸਤ 2015 ਨੂੰ ਪਾਕਿਸਤਾਨ ਦੇ ‘ਡਾਨ’ ਅਖ਼ਬਾਰ ਵਿੱਚ ਛਪੇ ਤਾਰਿਕ ਖੋਸਾ ਦੇ ਲੇਖ ’ਚੋਂ ਲਿਆ ਗਿਆ ਹੈ। ਖੋਸਾ ਫੈਡਰਲ ਜਾਂਚ ਏਜੰਸੀ (ਐੱਫਆਈਏ) ਦੇ ਸਾਬਕਾ ਮੁਖੀ ਹਨ ਜਿਨ੍ਹਾਂ ਨੇ 2009 ਵਿੱਚ ਮੁੰਬਈ ਹਮਲਿਆਂ ਦੀ ਜਾਂਚ ਕੀਤੀ ਸੀ। ਜਨਾਬ ਖੋਸਾ ਨੇ ਜਦੋਂ ਇਹ ਲੇਖ ਲਿਖਿਆ ਸੀ ਤਾਂ ਸ਼ਾਇਦ ਉਨ੍ਹਾਂ ’ਤੇ ਸੱਚ ਬੋਲਣ ਦਾ ਜਨੂੰਨ ਸਵਾਰ ਹੋ ਗਿਆ ਸੀ। ਠੀਕ ਇਵੇਂ ਹੀ ਸਾਬਕਾ ਪ੍ਰਧਾਨ ਮੰਤਰੀ ਮੀਆਂ ਨਵਾਜ਼ ਸ਼ਰੀਫ਼ ਨੇ ਜਿਨ੍ਹਾਂ 2018 ਵਿੱਚ ‘ਡਾਨ’ ਨਾਲ ਹੀ ਇੰਟਰਵਿਊ ਵਿੱਚ ਮੰਨਿਆ ਸੀ ਕਿ ਮਿਲੀਟੈਂਟ ਜਥੇਬੰਦੀਆਂ (ਤਦ ਵੀ) ਸਰਗਰਮ ਹਨ ਅਤੇ ਉਨ੍ਹਾਂ ਪੁੱਛਿਆ ਸੀ ਕਿ ਕੀ ਪਾਕਿਸਤਾਨ ਨੂੰ ਉਨ੍ਹਾਂ ਨੂੰ ਸਰਹੱਦ ਪਾਰ ਕਰ ਕੇ ਮੁੰਬਈ ਵਿੱਚ 150 ਲੋਕਾਂ ਨੂੰ ਮਾਰਨ ਦੀ ਆਗਿਆ ਦੇਣੀ ਚਾਹੀਦੀ ਸੀ।” ਜਨਾਬ ਸ਼ਰੀਫ਼ ਉੱਪਰ ਝਟਪਟ ਦੇਸ਼ਧ੍ਰੋਹ ਦਾ ਕੇਸ ਮੜ੍ਹ ਦਿੱਤਾ ਗਿਆ ਸੀ।

ਵੱਡੀ ਗੱਲ ਇਹ ਹੈ ਕਿ ਇਹ ਦੋਵੇਂ ਲੇਖ ਹਾਲੇ ਵੀ ‘ਡਾਨ’ ਦੀ ਵੈੱਬਸਾਈਟ ’ਤੇ ਪੜ੍ਹੇ ਜਾ ਸਕਦੇ ਹਨ ਵੱਡੀ ਗੱਲ ਇਸ ਕਰ ਕੇ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਜੇ ਤੁਸੀਂ ਪਾਕਿਸਤਾਨੀ ਪ੍ਰੈੱਸ ਨੂੰ ਪੜ੍ਹੋਗੇ ਤਾਂ ਤੁਹਾਨੂੰ ਭੁਲੇਖਾ ਪਵੇਗਾ ਕਿ ਕਿਤੇ ਤੁਸੀਂ ਆਈਸਲੈਂਡ ਦੇ ਅਖ਼ਬਾਰਾਂ ਨੂੰ ਤਾਂ ਨਹੀਂ ਪੜ੍ਹ ਰਹੇ। ਰਾਣਾ ਬਾਰੇ ਇੱਕ ਸ਼ਬਦ ਨਹੀਂ ਹੈ ਜੋ ਪਾਕਿਸਤਾਨੀ ਮੂਲ ਦਾ ਕੈਨੇਡੀਅਨ ਨਾਗਰਿਕ ਹੈ ਅਤੇ ਮੁੰਬਈ ਹਮਲਿਆਂ ਦੇ ਕੇਸ ਵਿੱਚ ਪ੍ਰਮੁੱਖ ਸਾਜਿ਼ਸ਼ਘਾਡਿ਼ਆਂ ਵਿੱਚ ਸ਼ਾਮਿਲ ਗਿਣਿਆ ਜਾਂਦਾ ਹੈ ਜਿਸ ਨੂੰ ਕੁਝ ਦਿਨ ਪਹਿਲਾਂ ਅਮਰੀਕਾ ਤੋਂ ਭਾਰਤ ਲਿਆਂਦਾ ਗਿਆ ਹੈ; ਵਾਕਈ ਇੱਕ ਸ਼ਬਦ ਵੀ ਨਹੀਂ ਹੈ। ਇਹ ਠੀਕ ਹੈ ਕਿ ਬਲੋਚਿਸਤਾਨ ਨੂੰ ਲੈ ਕੇ ਸ਼ਾਹਬਾਜ਼ ਸ਼ਰੀਫ਼ ਸਰਕਾਰ ਦੇ ਤੌਰ ਤਰੀਕਿਆਂ ਬਾਰੇ ਤਨਕੀਦੀ ਲੇਖ ਛਪਦੇ ਹਨ। ਪਾਕਿਸਤਾਨ ਸੁਪਰ ਲੀਗ ਬਾਰੇ ਸੰਪਾਦਕੀ ਵੀ ਛਪੇ ਹਨ। ਪਾਕਿਸਤਾਨ ਦੇ ਅਰਥਚਾਰੇ ਦੀ ਮਾੜੀ ਹਾਲਤ ਬਾਰੇ ਵੀ ਚੁੱਭਵੀਆਂ ਟੀਕਾ ਟਿੱਪਣੀਆਂ ਹੋ ਰਹੀਆਂ ਹਨ। ਪਰ ਰਾਣਾ ਦੀ ਵਾਪਸੀ ਅਤੇ ਇਸ ਦੇ ਬਹਾਨੇ ਮੁੰਬਈ ਹਮਲਿਆਂ ਬਾਰੇ ਚੰਦ ਸ਼ਬਦ ਵੀ ਨਹੀਂ ਮਿਲਦੇ। ਨਵੰਬਰ 2008 ਵਿੱਚ ਪਾਕਿਸਤਾਨੀ ਫ਼ੌਜ ਵੱਲੋਂ ਸਿਖਲਾਈਯਾਫ਼ਤਾ ਦਸ ਪਾਕਿਸਤਾਨੀ ਬੰਦਿਆਂ ਨੇ ਕਰਾਚੀ ਤਟ ਤੋਂ ਮੁੰਬਈ ਪਹੁੰਚ ਕੇ ਅਗਲੇ ਤਿੰਨ ਦਿਨਾਂ ਤੱਕ ਭਾਰਤ ਦੇ ਵਿੱਤੀ ਕੇਂਦਰ ਨੂੰ ਯਰਗਮਾਲ ਬਣਾ ਲਿਆ ਸੀ।

ਤੁਹਾਨੂੰ ਹੈਰਤ ਨਹੀਂ ਹੋਵੇਗੀ ਕਿ ਇਹ ਕਿਉਂ ਹੈ ਕਿਉਂਕਿ ਤੁਸੀਂ ਜਾਣਦੇ ਹੋ ਕਿ ਇਹ ਕਿਉਂ ਹੈ। ਇੱਕ ਪਾਸੇ ਪਾਕਿਸਤਾਨ ਸਰਕਾਰ ਨੇ ਦਿਲ ਖੋਲ੍ਹ ਕੇ ਸਿੱਖ ਸ਼ਰਧਾਲੂਆਂ ਨੂੰ 6500 ਵੀਜ਼ੇ ਦਿੱਤੇ ਹਨ ਤਾਂ ਕਿ ਉਹ ਨਨਕਾਣਾ ਸਾਹਿਬ, ਪੰਜਾ ਸਾਹਿਬ, ਕਰਤਾਰਪੁਰ ਸਾਹਿਬ ਅਤੇ ਹੋਰਨਾਂ ਧਾਮਾਂ ’ਤੇ ਜਾ ਕੇ ਵਿਸਾਖੀ ਪੁਰਬ ਮਨਾ ਸਕਣ। ਟ੍ਰਿਬਿਊਨ ਅਤੇ ਹੋਰਨਾਂ ਅਖ਼ਬਾਰਾਂ ਨੇ ਖੁਸ਼ੀ-ਖੁਸ਼ੀ ਯਾਤਰਾ ’ਤੇ ਜਾ ਰਹੇ ਬਜ਼ੁਰਗਾਂ ਦੀਆਂ ਤਸਵੀਰਾਂ ਛਾਪੀਆਂ ਹਨ। ਦੂਜੇ ਪਾਸੇ, ਪਾਕਿਸਤਾਨੀ ਫ਼ੌਜੀ ਨਿਜ਼ਾਮ, ਜਿਸ ਨੇ ਆਮ ਤੌਰ ’ਤੇ ਚੁਣੀਆਂ ਹੋਈਆਂ ਸਰਕਾਰਾਂ ਤੇ ਆਪਣੇ ਲੋਕਾਂ ਨੂੰ ਬੰਧਕ ਬਣਾ ਰੱਖਿਆ ਹੈ, ਨੇ ਨਾ ਕੇਵਲ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਸਰਕਾਰ ਦੁਆਲੇ ਸਗੋਂ ਸਮੁੱਚੇ ਮੀਡੀਆ ਦੁਆਲੇ ਵੀ ਸ਼ਿਕੰਜਾ ਕੱਸ ਕੇ ਰੱਖਣ ਦਾ ਫ਼ੈਸਲਾ ਕੀਤਾ ਹੋਇਆ ਹੈ। ਇਸ ਨੇ 17 ਸਾਲਾਂ ਤੋਂ ਇਹ ਯਕੀਨੀ ਬਣਾਇਆ ਹੋਇਆ ਹੈ ਕਿ ਮੁੰਬਈ ਸਾਕੇ ਬਾਰੇ ਇੱਕ ਸ਼ਬਦ ਵੀ ਪ੍ਰਕਾਸ਼ਕ ਦੀ ਸਿਆਹੀ ਨਾਲ ਨਾ ਛੂਹ ਸਕੇ।

ਤੇ ਇਵੇਂ ਹੀ ਹਾਫ਼ਿਜ਼ ਸਈਦ ਤੋਂ ਲੈ ਕੇ ਜ਼ਕੀਉਰ ਰਹਿਮਾਨ ਲਖਵੀ ਤੱਕ ਅਪਰਾਧੀਆਂ ਬਾਰੇ ਵੱਜ ਰਹੇ ਡਗੇ ਨੂੰ ਵੀ ਸ਼ਾਂਤ ਕਰ ਦਿੱਤਾ ਗਿਆ ਹੈ। ਇੱਕ ਹੋਰ ਸਾਜਿ਼ਸ਼ਘਾੜੇ ਡੇਵਿਡ ਕੋਲਮੈਨ ਹੈਡਲੀ, ਜੋ ਸ਼ਿਕਾਗੋ ਦੀ ਜੇਲ੍ਹ ਵਿੱਚ ਬੰਦ ਹੈ, ਦਾ ਵੀ ਕੋਈ ਜ਼ਿਕਰ ਨਹੀਂ ਹੋ ਰਿਹਾ। ਮੇਜਰ ਇਕਬਾਲ ਜਾਂ ਸਾਜਿਦ ਮੀਰ ਜਾਂ ਅਬਦੁਲ ਰਹਿਮਾਨ ਹਾਸ਼ਿਮ ਸਈਦ ਜਾਂ ਇਲਿਆਸ ਕਸ਼ਮੀਰੀ ਬਾਰੇ ਕੋਈ ਰਿਪੋਰਟ ਨਹੀਂ ਆ ਰਹੀ ਜਿਨ੍ਹਾਂ ਨੂੰ ਭਾਰਤ ਦੀ ਐੱਨਆਈਏ ਵੱਲੋਂ ਚਾਰਜਸ਼ੀਟ ਕੀਤਾ ਜਾ ਚੁੱਕਿਆ ਹੈ ਤੇ ਉਹ ਅੱਜ ਪਾਕਿਸਤਾਨ ਵਿੱਚ ਸ਼ਰੇਆਮ ਘੁੰਮ ਰਹੇ ਹਨ। ਮੁੰਬਈ ਵਿੱਚ ਉਨ੍ਹਾਂ ਦਿਨਾਂ ਅਤੇ ਰਾਤਾਂ ਦੀਆਂ ਯਾਦਾਂ ਪਾਕਿਸਤਾਨ ’ਤੇ ਕੱਫਣ ਵਾਂਗ ਲਟਕ ਰਹੀਆਂ ਹਨ। ਬੀਤੇ ਸਮਿਆਂ ਵਿੱਚ ਅਯੂਬ ਖ਼ਾਨ ਤੋਂ ਲੈ ਕੇ ਟਿੱਕਾ ਖ਼ਾਨ ਜਿਹੇ ਤਾਨਾਸ਼ਾਹਾਂ ਤੇ ਨਿਰੰਕੁਸ਼ ਸ਼ਾਸਕਾਂ ਨੂੰ ਚੁਣੌਤੀ ਦਿੰਦੇ ਰਹੇ ਡਾਢੇ ਪਾਕਿਸਤਾਨੀ ਮੀਡੀਆ ਨੂੰ ਕੁੱਟ ਕੇ, ਜੇਲ੍ਹ ਵਿੱਚ ਤੁੰਨ੍ਹ ਕੇ, ਤਸ਼ੱਦਦ ਦਾ ਸ਼ਿਕਾਰ ਬਣਾ ਕੇ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਧਮਕਾ ਕੇ- ਜਾਪਦਾ ਹੈ ਕਿ ਉਸ ਦੀ ਜ਼ੁਬਾਨ ਬੰਦ ਕਰਵਾ ਦਿੱਤੀ ਗਈ ਹੈ ਤੇ ਉਹ ਜ਼ਰਜ਼ਰ ਤੇ ਬੁੱਢਾ ਹੋ ਗਿਆ ਹੈ। ਸ਼ਾਇਦ ਉਸ ਦੇ ਲਬ ਸਿਉਂ ਦਿੱਤੇ ਗਏ ਹਨ ਕਿਉਂਕਿ ਉਹ ਵਧੇਰੇ ਖੁੱਲ੍ਹ ਕੇ ਗੱਲ ਕਰਨ ਲਈ ਕਿਸੇ ਨਵੇਂ ਸਰਘੀ ਵੇਲ਼ੇ ਦੀ ਉਡੀਕ ਕਰ ਰਿਹਾ ਹੈ।

ਸ਼ਾਇਦ ਮੁੰਬਈ ਬਾਰੇ ਕੁਝ ਅਜਿਹਾ ਹੈ ਜੋ ਇਹ ਯਕੀਨੀ ਬਣਾਉਂਦਾ ਹੈ ਕਿ ਚੁੱਪ ਦੀ ਚਾਦਰ ਲਪੇਟ ਲਈ ਜਾਵੇ। ਨਵਾਜ਼ ਸ਼ਰੀਫ਼ ਖ਼ਿਲਾਫ਼ ਦੇਸ਼ਧ੍ਰੋਹ ਦੇ ਮੁਕੱਦਮੇ ਤੋਂ ਇਲਾਵਾ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਜਨਰਲ ਮਹਿਮੂਦ ਦੁਰਾਨੀ ਨੂੰ ਆਪਣੀ ਨੌਕਰੀ ਗੁਆਉਣੀ ਪਈ ਸੀ ਜਦੋਂ ਉਨ੍ਹਾਂ 2009 ਵਿੱਚ ਇਹ ਕਬੂਲ ਕਰ ਲਿਆ ਸੀ ਕਿ ਅਜਮਲ ਕਸਾਬ ਪਾਕਿਸਤਾਨੀ ਨਾਗਰਿਕ ਹੈ। ਸਿਰਫ਼ ਖੋਸਾ ਹੀ ਬਚ ਕੇ ਨਿਕਲ ਸਕਿਆ। ਇਸ ਦੌਰਾਨ ਪਾਕਿਸਤਾਨੀ ਫ਼ੌਜ ਦਾ ਮਿਹਰ ਭਰਿਆ ਹੱਥ ਹੁਣ ਇਮਰਾਨ ਖ਼ਾਨ ਦੀ ਬਜਾਏ ਨਵਾਜ਼ ਸ਼ਰੀਫ ਦੇ ਛੋਟੇ ਭਰਾ ਸ਼ਾਹਬਾਜ਼ ਸ਼ਰੀਫ ਅਤੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ’ਤੇ ਹੈ। ਪਾਕਿਸਤਾਨ ਦੇ ਅੱਧੇ ਕੁਲੀਨਾਂ ਕੋਲ ਦੋਹਰੇ ਪਾਸਪੋਰਟ ਹਨ ਜਿਸ ਕਰ ਕੇ ਉਨ੍ਹਾਂ ਦੀ ਇੱਕ ਲੱਤ ਪੱਛਮ ਵਿੱਚ ਹੀ ਰਹਿੰਦੀ ਤੇ ਜਦੋਂ ਉਨ੍ਹਾਂ ਤੋਂ ਕੋਈ ਖ਼ਤਾ ਹੋ ਜਾਂਦੀ ਹੈ ਤਾਂ ਉਹ ਉੱਥੇ ਜਾ ਕੇ ਲੰਮੀਆਂ ਤਾਣ ਕੇ ਸੌਂ ਜਾਂਦੇ ਨੇ। ਅਰਥਚਾਰਾ ਡਾਵਾਂਡੋਲ ਹੈ। ਚੀਨ ਦਾ ਪਰਛਾਵਾਂ ਹੋਰ ਲੰਮਾ ਤੇ ਵਡੇਰਾ ਹੋ ਰਿਹਾ ਹੈ।

ਖੋਸਾ ਨੇ ਮੁੰਬਈ ਦੇ ਦੋਸ਼ੀਆ ਬਾਰੇ ਆਪਣੀ ਏਜੰਸੀ ਐੱਫਆਈਆਈ ਦੀ ਜਾਂਚ ਮੁਤੱਲਕ ਇਹ ਲਿਖਿਆ ਸੀ: “ਪਹਿਲਾ, ਅਜਮਲ ਕਸਾਬ ਪਾਕਿਸਤਾਨੀ ਨਾਗਰਿਕ ਸੀ ਜਿਸ ਦੇ ਵਸੇਬੇ ਤੇ ਮੁੱਢਲੀ ਪੜ੍ਹਾਈ ਅਤੇ ਪਾਬੰਦੀਸ਼ੁਦਾ ਮਿਲੀਟੈਂਟ ਜਥੇਬੰਦੀ ਨਾਲ ਰਲ਼ਣ ਦੀ ਤਫਤੀਸ਼ਕਾਰਾਂ ਵੱਲੋਂ ਪੁਸ਼ਟੀ ਕੀਤੀ ਗਈ ਹੈ। ਦੂਜਾ, ਲਸ਼ਕਰ-ਏ-ਤੋਇਬਾ ਦੇ ਦਹਿਸ਼ਤਗਰਦਾਂ ਨੂੰ ਸਿੰਧ ਵਿੱਚ ਠੱਟਾ ਨੇੜੇ ਸਿਖਲਾਈ ਦਿੱਤੀ ਗਈ ਸੀ ਅਤੇ ਉਥੋਂ ਹੀ ਉਨ੍ਹਾਂ ਨੂੰ ਸਮੁੰਦਰ ਰਸਤੇ ਭੇਜਿਆ ਗਿਆ ਸੀ। ਸਿਖਲਾਈ ਕੈਂਪ ਦੀ ਪਛਾਣ ਕਰ ਲਈ ਗਈ ਅਤੇ ਜਾਂਚਕਾਰਾਂ ਵੱਲੋਂ ਉਸ ਦੀ ਪੁਣ-ਛਾਣ ਕੀਤੀ ਗਈ। ਮੁੰਬਈ ਵਿੱਚ ਵਰਤੇ ਗਏ ਵਿਸਫੋਟਕ ਯੰਤਰਾਂ ਦੇ ਡੱਬੇ ਸਿਖਲਾਈ ਕੈਂਪ ਤੋਂ ਬਰਾਮਦ ਕੀਤੇ ਗਏ ਸਨ ਅਤੇ ਉਨ੍ਹਾਂ ਦਾ ਮਿਲਾਣ ਕੀਤਾ ਗਿਆ ਸੀ।

ਤੀਜਾ, ਦਹਿਸ਼ਤਗਰਦਾਂ ਵੱਲੋਂ ਮੁੰਬਈ ਪਹੁੰਚਣ ਲਈ ਭਾਰਤੀ ਟ੍ਰਾਲਰ ਨੂੰ ਅਗਵਾ ਕਰਨ ਲਈ ਮੱਛੀਆਂ ਫੜਨ ਵਾਲੇ ਜਿਸ ਟ੍ਰਾਲਰ ਦੀ ਵਰਤੋਂ ਕੀਤੀ ਗਈ ਸੀ, ਉਸ ਨੂੰ ਵਾਪਸ ਹਾਰਬਰ ’ਤੇ ਲਿਆਂਦਾ ਗਿਆ ਸੀ ਅਤੇ ਫਿਰ ਰੰਗ ਰੋਗਨ ਕਰ ਕੇ ਛੁਪਾ ਦਿੱਤਾ ਗਿਆ ਸੀ। ਜਾਂਚਕਾਰਾਂ ਵੱਲੋਂ ਇਸ ਨੂੰ ਬਰਾਮਦ ਕਰ ਲਿਆ ਗਿਆ ਸੀ ਅਤੇ ਇਹ ਮੁਲਜ਼ਮਾਂ ਨਾਲ ਜੁਡਿ਼ਆ ਪਾਇਆ ਗਿਆ ਸੀ। ਚੌਥਾ, ਦਹਿਸ਼ਤਗਰਦਾਂ ਵੱਲੋਂ ਮੁੰਬਈ ਹਾਰਬਰ ਨੇੜੇ ਛੱਡੀ ਗਈ ਡਿੰਘੀ ਦੇ ਇੰਜਣ ’ਤੇ ਪੇਟੈਂਟ ਨੰਬਰ ਲੱਗਿਆ ਹੋਇਆ ਸੀ ਜਿਸ ਤੋਂ ਜਾਂਚਕਾਰਾਂ ਨੂੰ ਪਤਾ ਚੱਲਿਆ ਸੀ ਕਿ ਪਹਿਲਾਂ ਇਹ ਜਪਾਨ ਤੋਂ ਦਰਾਮਦ ਕਰ ਕੇ ਲਾਹੌਰ ਲਿਆਂਦਾ ਗਿਆ ਅਤੇ ਫਿਰ ਕਰਾਚੀ ਦੀ ਇੱਕ ਸਪੋਰਟਸ ਸ਼ਾਪ ਲਿਜਾਇਆ ਗਿਆ ਜਿੱਥੇ ਲਸ਼ਕਰ ਨਾਲ ਜੁੜੇ ਅਤਿਵਾਦੀਆਂ ਨੇ ਇਹ ਡਿੰਘੀ ਸਣੇ ਖਰੀਦ ਲਿਆ ਸੀ। ਇਸ ਲਈ ਵਰਤੇ ਗਏ ਪੈਸੇ ਦੀ ਪੈੜ ਨੱਪੀ ਗਈ ਤਾਂ ਇਹ ਮੁਲਜ਼ਮ ਤੱਕ ਪਹੁੰਚੀ ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਪੰਜਵਾਂ, ਕਰਾਚੀ ਵਿੱਚ ਅਪਰੇਸ਼ਨ ਰੂਮ ਜਿੱਥੋਂ ਅਪਰੇਸ਼ਨ ਦਾ ਨਿਰਦੇਸ਼ਨ ਕੀਤਾ ਗਿਆ ਸੀ, ਦੀ ਵੀ ਪਛਾਣ ਕਰ ਲਈ ਗਈ ਅਤੇ ਜਾਂਚਕਾਰਾਂ ਵੱਲੋਂ ਇਸ ਨੂੰ ਸੁਰੱਖਿਅਤ ਕਰ ਲਿਆ ਗਿਆ। ਵੁਆਇਸ ਓਵਰ ਇੰਟਰਨੈੱਟ ਪ੍ਰੋਟੋਕਾਲ ਰਾਹੀਂ ਕੀਤੇ ਗਏ ਸੰਚਾਰ ਨੂੰ ਬੇਨਕਾਬ ਕੀਤਾ ਗਿਆ। ਛੇਵਾਂ, ਤਥਾਕਥਿਤ ਕਮਾਂਡਰ ਅਤੇ ਉਸ ਦੇ ਲਫਟੈਣਾਂ ਦੀ ਪਛਾਣ ਕਰ ਲਈ ਗਈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸੱਤਵਾਂ, ਵਿਦੇਸ਼ ਰਹਿੰਦੇ ਕੁਝ ਕੁ ਫਾਇਨਾਂਸਰਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਤਾਂ ਕਿ ਉਨ੍ਹਾਂ ਖ਼ਿਲਾਫ਼ ਮੁਕੱਦਮਾ ਚਲਾਇਆ ਜਾ ਸਕੇ। ਖੋਸਾ ਨੇ ਆਪਣੇ ਲੇਖ ਦੇ ਅੰਤ ਵਿੱਚ ਜ਼ਿਕਰ ਕੀਤਾ ਹੈ ਕਿ 2009 ਵਿੱਚ ਭਾਰਤੀ ਅਧਿਕਾਰੀਆਂ ਨੇ ਮੰਨਿਆ ਸੀ ਕਿ ਪਾਕਿਸਤਾਨੀਆਂ ਨੇ ਸੱਤ ਦੋਸ਼ੀਆਂ ਖ਼ਿਲਾਫ਼ ਦੋਸ਼ ਆਇਦ ਕਰ ਕੇ ਪੇਸ਼ੇਵਰ ਕੰਮ ਦਾ ਮੁਜ਼ਾਹਰਾ ਕੀਤਾ ਹੈ ਪਰ ਉਨ੍ਹਾਂ ਇਹ ਚਿਤਾਵਨੀ ਵੀ ਦਿੱਤੀ ਸੀ ਕਿ ਅਜੇ ਵੀ ਕੁਝ ਹੋਰ ਸੂਤਰਾਂ ਨੂੰ ਬੇਨਕਾਬ ਕਰਨ ਦੀ ਲੋੜ ਹੈ।

ਸਾਂਝਾ ਕਰੋ

ਪੜ੍ਹੋ

ਭਾਕਿਯੂ ਕ੍ਰਾਂਤੀਕਾਰੀ ਵੱਲੋਂ ਬਠਿੰਡਾ ਬੱਸ ਸਟੈਂਡ ਤਬਦੀਲੀ

ਭਾਕਿਯੂ ਕ੍ਰਾਂਤੀਕਾਰੀ ਵੱਲੋਂ ਬਠਿੰਡਾ ਬੱਸ ਸਟੈਂਡ ਤਬਦੀਲੀ ਵਿਰੁੱਧ ਰੱਖੇ ਇਕੱਠ...