
ਲਖਨਊ, 12 ਅਪ੍ਰੈਲ – ਇਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਨੇ ਜੱਜਾਂ ਦੀ ਬੇਇੱਜ਼ਤੀ ਕਰਨ ਦੇ ਦੋਸ਼ ਵਿੱਚ ਵਕੀਲ ਅਸ਼ੋਕ ਪਾਂਡੇ ਨੂੰ ਛੇ ਮਹੀਨੇ ਜੇਲ੍ਹ ਤੇ ਦੋ ਹਜ਼ਾਰ ਰੁਪਏ ਜੁਰਮਾਨਾ ਲਾਇਆ ਹੈ। ਉਸ ਨੂੰ ਆਤਮਸਮਰਪਣ ਲਈ ਚਾਰ ਹਫਤਿਆਂ ਦਾ ਸਮਾਂ ਦਿੱਤਾ ਗਿਆ ਹੈ। ਬੈਂਚ ਨੇ ਵਕੀਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਇਹ ਵੀ ਪੁੱਛਿਆ ਹੈ ਕਿ ਕਿਉ ਨਾ ਉਸ ’ਤੇ ਹਾਈ ਕੋਰਟ ਵਿੱਚ ਤਿੰਨ ਸਾਲ ਪ੍ਰੈਕਟਿਸ ਕਰਨ ’ਤੇ ਰੋਕ ਲਾਈ ਜਾਵੇ? ਮਾਮਲਾ 18 ਅਗਸਤ 2021 ਦਾ ਹੈ। ਜਸਟਿਸ ਵਿਵੇਕ ਚੌਧਰੀ ਤੇ ਜਸਟਿਸ ਬਿ੍ਰਜਰਾਜ ਸਿੰਘ ਦੀ ਡਵੀਜ਼ਨ ਬੈਂਚ ਅੱਗੇ ਇੱਕ ਲੋਕ ਹਿੱਤ ਪਟੀਸ਼ਨ ਦੀ ਸੁਣਵਾਈ ਚੱਲ ਰਹੀ ਸੀ। ਵਕੀਲ ਪਾਂਡੇ ਬਿਨਾਂ ਵਰਦੀ ਦੇ ਆਇਆ। ਜਦ ਜੱਜਾਂ ਨੇ ਉਸ ਨੂੰ ਟੀ-ਸ਼ਰਟ ਦਾ ਬਟਨ ਬੰਦ ਕਰਨ ਨੂੰ ਕਿਹਾ ਤਾਂ ਉਹ ਭੜਕ ਗਿਆ। ਕੋਰਟ ਵਿੱਚੋਂ ਬਾਹਰ ਜਾਣ ਦੀ ਚਿਤਾਵਨੀ ਮਿਲਣ ’ਤੇ ਉਸ ਨੇ ਜੱਜਾਂ ਨੂੰ ਚੈਲੰਜ ਕਰ ਦਿੱਤਾ। ਏਨਾ ਹੀ ਨਹੀਂ, ਜੱਜਾਂ ’ਤੇ ਗੁੰਡਿਆਂ ਵਰਗਾ ਸਲੂਕ ਕਰਨ ਦਾ ਦੋਸ਼ ਵੀ ਲਾ ਦਿੱਤਾ।