ਪੰਜਾਬ ਸਰਕਾਰ ਫੋਕਲ ਪੁਆਇੰਟ ਮੋਗਾ ਦੀ ਕਰੇਗੀ ਕਾਇਆ ਕਲਪ

*ਬੁਨਿਆਦੀ ਢਾਂਚਾ ਯੋਜਨਾਬੰਦੀ ਲਈ ਸੁਝਾਅ ਲੈਣ ਲਈ ਪੰਜਾਬ ਡਿਵੈਲਪਮੈਂਟ ਕਮਿਸ਼ਨ ਦੇ ਮੈਂਬਰ ਵਿਸ਼ੇਸ਼ ਤੌਰ ਤੇ ਪਹੁੰਚੇ ਮੋਗਾ
*ਉਦਯੋਗਪਤੀਆਂ ਦੀਆਂ ਮੁਸ਼ਕਿਲਾਂ ਦਾ ਹੱਲ ਪਹਿਲ ਦੇ ਆਧਾਰ ਉੱਤੇ ਹੋਵੇਗਾ – ਵੈਭਵ ਮਹੇਸ਼ਵਰੀ

*ਜ਼ਿਲ੍ਹਾ ਮੋਗਾ ਵਿਚ ਨਿਵੇਸ਼ ਵਧਾਉਣ ਅਤੇ ਉਦਯੋਗਿਕ ਪਸਾਰ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਪ੍ਰਮੁੱਖ ਤਰਜ਼ੀਹ – ਡਿਪਟੀ ਕਮਿਸ਼ਨਰ ਸਾਗਰ ਸੇਤੀਆ

ਮੋਗਾ, 11 ਅਪ੍ਰੈਲ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਪੰਜਾਬ ਸਰਕਾਰ ਨੇ ਜ਼ਿਲ੍ਹਾ ਮੋਗਾ ਦੇ ਉਦਯੋਗਿਕ ਵਿਕਾਸ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਦੇਣ ਦਾ ਫੈਸਲਾ ਕੀਤਾ ਹੈ। ਇਸ ਮੰਤਵ ਤਹਿਤ ਪੰਜਾਬ ਡਿਵੈਲਪਮੈਂਟ ਕਮਿਸ਼ਨ ਦੇ ਮੈਂਬਰ ਸ਼੍ਰੀ ਵੈਭਵ ਮਹੇਸ਼ਵਰੀ ਵਿਸ਼ੇਸ਼ ਤੌਰ ਤੇ ਮੋਗਾ ਪਹੁੰਚੇ ਅਤੇ ਸਥਾਨਕ ਉਦਯੋਗਪਤੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ, ਨਗਰ ਨਿਗਮ ਕਮਿਸ਼ਨਰ ਸ਼੍ਰੀਮਤੀ ਚਾਰੁਮਿਤਾ, ਸ਼੍ਰੀ ਸਿਮਰਜੋਤ ਸਿੰਘ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ, ਸ਼੍ਰੀ ਅਮਰਪ੍ਰੀਤ ਸਿੰਘ ਕਾਰਜਕਾਰੀ ਇੰਜੀਨੀਅਰ ਪੀ ਐਸ ਆਈ ਈ ਸੀ, ਫੋਕਲ ਪੁਆਇੰਟ ਮੋਗਾ ਦੇ ਪ੍ਰਮੁੱਖ ਉਦਯੋਗਪਤੀ ਸ਼੍ਰੀ ਸੁਭਾਸ਼ ਸਰੋਵਰ, ਸ਼੍ਰੀ ਅਜੀਤਪਾਲ ਸਿੰਘ, ਸ਼੍ਰੀ ਜੇ ਪੀ ਐਸ ਖੰਨਾ ਅਤੇ ਸ਼੍ਰੀ ਬਲਦੇਵ ਸਿੰਘ ਅਤੇ ਹੋਰ ਹਾਜ਼ਰ ਸਨ।

ਉਦਯੋਗਪਤੀਆਂ ਨਾਲ ਮੀਟਿੰਗ ਕਰਦਿਆਂ ਸ਼੍ਰੀ ਵੈਭਵ ਮਹੇਸ਼ਵਰੀ ਨੇ ਕਿਹਾ ਕਿ ਮੋਗਾ ਸ਼ਹਿਰ ਪੰਜਾਬ ਦੇ ਪ੍ਰਮੁੱਖ ਸਨਅਤੀ ਸ਼ਹਿਰਾਂ ਵਿਚੋਂ ਇੱਕ ਹੈ। ਪੰਜਾਬ ਸਰਕਾਰ ਇਸ ਸ਼ਹਿਰ ਦੇ ਉਦਯੋਗਿਕ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ ਪੂਰੀ ਤਰ੍ਹਾਂ ਉਤਸੁਕ ਹੈ। ਇਸ ਸ਼ਹਿਰ ਦੇ ਉਦਯੋਗਿਕ ਵਿਕਾਸ ਨਾਲ ਸੂਬੇ ਦੇ ਅੰਦਰੂਨੀ ਇਲਾਕਿਆਂ ਵਿੱਚ ਰੋਜ਼ਗਾਰ ਦੇ ਮੌਕੇ ਵਧਣ ਦੇ ਨਾਲ ਨਾਲ ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਬਹੁਤ ਹੁਲਾਰਾ ਮਿਲੇਗਾ ਜਿਸ ਨਾਲ ਸੂਬੇ ਅਤੇ ਲੋਕਾਂ ਦੀ ਆਰਥਿਕ ਉੱਨਤੀ ਹੋਵੇਗੀ। ਉਹਨਾਂ ਕਿਹਾ ਕਿ ਫੋਕਲ ਪੁਆਇੰਟ ਮੋਗਾ ਦੀ ਜਲਦ ਹੀ ਕਾਇਆ ਕਲਪ ਕੀਤੀ ਜਾਵੇਗੀ।

ਮੀਟਿੰਗ ਦੌਰਾਨ ਫੋਕਲ ਪੁਆਇੰਟ ਦੇ ਬੁਨਿਆਦੀ ਢਾਂਚੇ ਦੇ ਭਵਿੱਖੀ ਯੋਜਨਾਬੰਦੀ ਸਬੰਧੀ ਸੁਝਾਅ ਲਏ ਗਏ ਅਤੇ ਕਾਰਜਕਾਰੀ ਇੰਜੀਨੀਅਰ ਪੀ ਐਸ ਆਈ ਈ ਸੀ ਦੁਆਰਾ ਪੇਸ਼ ਕੀਤੇ ਗਏ ਐਸਟੀਮੇਟ ਉਤੇ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਕਿ ਢਾਂਚੇ ਦਾ ਕੋਈ ਵੀ ਖੇਤਰ ਜਿਵੇਂ ਕਿ ਸੜਕਾਂ, ਸੀਵਰੇਜ, ਗਰੀਨ ਪਾਰਕ, ਅਣਦੇਖੀਆਂ ਨਾ ਰਹਿ ਜਾਣ। ਇਸ ਤੋਂ ਇਲਾਵਾ ਸ਼੍ਰੀ ਵੈਭਵ ਮਹੇਸ਼ਵਰੀ ਵੱਲੋਂ ਉਦਯੋਗਪਤੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਜਾਣਨ ਅਤੇ ਉਨ੍ਹਾਂ ਦੇ ਹੱਲ ਲਈ ਅੱਗੇ ਆਉਂਦੇ ਨਹੀਂ ਦੇਖਿਆ, ਜਿਵੇਂ ਕਿ ਜ਼ਿਲ੍ਹਾ ਮੋਗਾ ਵਿੱਚ ਕੀਤਾ ਜਾ ਰਿਹਾ ਹੈ।

ਇਸ ਮੌਕੇ ਹਾਜ਼ਰ ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਨੇ ਕਿਹਾ ਕਿ ਜ਼ਿਲ੍ਹਾ ਮੋਗਾ ਵਿਖੇ ਨਿਵੇਸ਼ ਵਧਾਉਣ ਅਤੇ ਉਦਯੋਗਿਕ ਪਸਾਰ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਪ੍ਰਮੁੱਖ ਤਰਜ਼ੀਹ ਹੈ। ਪੰਜਾਬ ਸਰਕਾਰ ਅਤੇ ਪੰਜਾਬ ਡਿਵੈਲਪਮੈਂਟ ਕਮਿਸ਼ਨ ਦੀਆਂ ਅਗਵਾਈ ਲੀਹਾਂ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਸਥਾਨਕ ਉਦਯੋਗਪਤੀਆਂ ਨੂੰ ਹਰ ਸੰਭਵ ਸਹਾਇਤਾ ਮੁਹਈਆ ਕਰਵਾਉਣ ਲਈ ਵਚਨਬੱਧ ਹੈ। ਇਸ ਮੌਕੇ ਹਾਜ਼ਰ ਉਦਯੋਗਪਤੀਆਂ ਦੁਆਰਾ ਸਰਕਾਰ ਦੀ ਇਸ ਪਹਿਲਕਦਮੀ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਗਿਆ ਕਿ ਇਸ ਉਪਰਾਲੇ ਨਾਲ ਜ਼ਿਲ੍ਹਾ ਮੋਗਾ ਵਿਖੇ ਨਿਵੇਸ਼ ਵਧੇਗਾ ਅਤੇ ਉਦਯੋਗ ਦਾ ਹੋਰ ਪਸਾਰ ਹੋਵੇਗਾ।

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...