ਝਗੜਾ ਸੁਲਝਾਉਣ ਗਏ ਸਬ-ਇੰਸਪੈਕਟਰ ਦਾ ਗੋਲੀ ਮਾਰ ਕੇ ਕੀਤਾ ਕਤਲ

ਤਰਨਤਾਰਨ, 10 ਅਪ੍ਰੈਲ – ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਕੋਟ ਮੁਹੰਮਦ ਖਾਂ ‘ਚ ਝਗੜਾ ਸੁਲਝਾਉਣ ਗਏ ਥਾਣਾ ਗੋਇੰਦਵਾਲ ਸਾਹਿਬ ਦੇ ਸਬ-ਇੰਸਪੈਕਟਰ ਦੀ ਜਿੱਥੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਉੱਥੇ ਹੀ ਏਐੱਸਆਈ ਦੀ ਬਾਂਹ ਵੀ ਟੁੱਟ ਗਈ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਅਤੇ ਹੋਰਨਾਂ ਖਿਲਾਫ਼ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਹਾਲਾਂਕਿ ਇਸ ਮਾਮਲੇ ‘ਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਦੋਸ਼ ਹੈ ਕਿ ਪਿੰਡ ਕੋਟ ਮੁਹੰਮਦ ਖਾਂ ਦੇ ਸਰਪੰਚ ਕੁਲਦੀਪ ਸਿੰਘ ਦੇ ਲੜਕੇ ਦਾ ਇਸੇ ਪਿੰਡ ਦੇ ਅਰਸ਼ਦੀਪ ਸਿੰਘ ਨਾਲ ਕਰੀਬ ਦਸ ਦਿਨਾਂ ਤੋਂ ਝਗੜਾ ਚੱਲ ਰਿਹਾ ਸੀ। ਉਕਤ ਵਿਵਾਦ ਨੂੰ ਲੈ ਕੇ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਹਨ। ਵਿਰੋਧੀ ਧਿਰਾਂ ਨੇ ਆਪ’ ਸਰਪੰਚ ਕੁਲਦੀਪ ਸਿੰਘ ਅਤੇ ਹੋਰਨਾਂ ਖਿਲਾਫ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾਈ, ਪਰ ਕੋਈ ਕਾਰਵਾਈ ਨਹੀਂ ਹੋਈ। ਬੁੱਧਵਾਰ ਸਵੇਰੇ 11 ਵਜੇ ਦੋਵਾਂ ਧਿਰਾਂ ਵਿਚਾਲੇ ਝਗੜਾ ਹੋਇਆ।

ਪੁਲਿਸ ਮੁਤਾਬਿਕ ਦੋਸ਼ ਹੈ ਕਿ ਝਗੜਾ ਸੁਲਝਾਉਣ ਦਾ ਸਮਾਂ ਸ਼ਾਮ ਨੂੰ 4 ਵਜੇ ਤੈਅ ਕੀਤਾ ਗਿਆ ਸੀ ਪਰ ਸਰਪੰਚ ਧੜੇ ਨੇ ਪਿੰਡ ਵਿੱਚ ਹੀ ਹੰਗਾਮਾ ਕੀਤਾ। ਸਰਪੰਚ ਧੜੇ ਦੀ ਕਥਿਤ ਗੁੰਡਾਗਰਦੀ ਖ਼ਿਲਾਫ਼ ਵਿਰੋਧੀ ਧਿਰ ਵੱਲੋਂ ਪੁਲੀਸ ਹੈਲਪ ਲਾਈਨ ਨੰਬਰ ‘ਤੇ ਸ਼ਿਕਾਇਤ ਦਰਜ਼ ਕਰਵਾਈ ਗਈ। ਪੁਲਿਸ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਵਧੀਕ ਇੰਚਾਰਜ ਸਬ-ਇੰਸਪੈਕਟਰ ਚਰਨਜੀਤ ਸਿੰਘ ਦੀ ਅਗਵਾਈ ਹੇਠ ਏ.ਐਸ.ਆਈ ਜਸਬੀਰ ਸਿੰਘ ਅਤੇ ਪੁਲਿਸ ਪਾਰਟੀ ਰਾਤ 8.30 ਵਜੇ ਥਾਣੇ ਤੋਂ ਰਵਾਨਾ ਹੋਈ। ਕਰੀਬ 9.35 ਵਜੇ ਪਿੰਡ ਕੋਟ ਮੁਹੰਮਦ ਖਾਂ ਵਿੱਚ ਦੋਵੇਂ ਧਿਰਾਂ ਫਿਰ ਆਪਸ ਵਿੱਚ ਭਿੜ ਗਈਆਂ। ਜਦੋਂ ਸਬ ਇੰਸਪੈਕਟਰ ਚਰਨਜੀਤ ਸਿੰਘ ਨੇ ਸਰਪੰਚ ਧੜੇ ਨੂੰ ਝਗੜਾ ਸੁਲਝਾਉਣ ਲਈ ਪਿੱਛੇ ਹਟਣ ਲਈ ਕਿਹਾ ਤਾਂ ਮੁਲਜ਼ਮਾਂ ਨੇ ਸਬ ਇੰਸਪੈਕਟਰ ਦਾ ਰਿਵਾਲਵਰ ਖੋਹ ਲਿਆ ਅਤੇ ਉਸ ‘ਤੇ ਤਿੰਨ ਗੋਲੀਆਂ ਚਲਾ ਦਿੱਤੀਆਂ।

ਸਾਂਝਾ ਕਰੋ

ਪੜ੍ਹੋ