ਨਸ਼ਿਆਂ ਖਿ਼ਲਾਫ਼ ਯੁੱਧ ਨਹੀਂ ਅਮਨ ਦੀ ਲੋੜ/ਸਿ਼ਆਮ ਸੁੰਦਰ ਦੀਪਤੀ

ਜਪਾਨ ਦੇ ਦੋ ਸ਼ਹਿਰ ਹੀਰੋਸ਼ੀਮਾ ਅਤੇ ਨਾਗਾਸਾਕੀ 1945 ਵਿਚ ਦੋ ਬੰਬ ਧਮਾਕਿਆਂ ਦੌਰਾਨ ਤਬਾਹ ਹੋ ਗਏ। ਇਹ ਵਿਸ਼ਵ ਯੁੱਧ ਦਾ ਨਤੀਜਾ ਸੀ। ਦੁਨੀਆ ਦੇ ਲੋਕਾਂ ਨੇ ਉਸ ਤੋਂ ਸਬਕ ਲੈਣ ਦੀ ਕੋਸ਼ਿਸ਼ ਕੀਤੀ ਅਤੇ ਦੁਨੀਆ ਤੋਂ ਯੁੱਧ ਖ਼ਤਮ ਕਰਨ ਸਬੰਧੀ ਵਿਉਂਤਬੰਦੀ ਬਾਰੇ ਸੋਚਣ ਲੱਗੇ। ਨਤੀਜੇ ਵਜੋਂ ਯੂਐੱਨਓ ਦਾ ਗਠਨ ਹੋਇਆ। ਇਸ ਨੂੰ ਹੋਂਦ ਵਿਚ ਆਏ ਤਕਰੀਬਨ 80 ਸਾਲ ਹੋ ਗਏ; ਹੁਣ ਇਸ ਦੀ ਆਪਣੀ ਹੋਂਦ ’ਤੇ ਹੀ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ ਜਿਸ ਨੇ ਸਾਰੀ ਦੁਨੀਆ ਨੂੰ ਆਪਸ ਵਿਚ ਮਿਲ ਕੇ ਰਹਿਣ ਦੀ ਸਿੱਖਿਆ ਦੇਣੀ ਸੀ ਤੇ ਦੁਨੀਆ ਭਰ ਵਿਚ ਭਾਈਚਾਰਾ ਬਣਾ ਕੇ ਰੱਖਣ ਦੀ ਤਾਕੀਦ ਕਰਨੀ ਸੀ। ਸਿੱਟੇ ਵਜੋਂ ਹੁਣ ਤੀਜੇ ਵਿਸ਼ਵ ਯੁੱਧ ਦੀਆਂ ਗੱਲਾਂ ਹੋ ਰਹੀਆਂ ਹਨ।

ਨਸ਼ਿਆਂ ਦਾ ਇਤਿਹਾਸ ਹਜ਼ਾਰਾਂ ਸਾਲਾ ਪੁਰਾਣਾ ਹੈ। ਨਸ਼ੇ ਮਨੁੱਖੀ ਚਾਲ-ਚਲਨ ਵਿਚ ਇਤਫ਼ਾਕ ਵਾਂਗ ਸਾਹਮਣੇ ਆਏ ਤੇ ਮਨੁੱਖ ਨੂੰ ਲੱਗਿਆ, ਇਸ ਨਾਲ ਮਨ ਸ਼ਾਂਤ ਹੋ ਜਾਂਦਾ ਹੈ, ਉਹੀ ਮਨੁੱਖ ਜਿਸ ਦੇ ਮਨ ਦੇ ਇੱਕ ਕੋਨੇ ਵਿਚ ਸ਼ਾਂਤੀ ਸੀ ਤੇ ਦੂਜੇ ਵਿਚ ਮਨੁੱਖਤਾ ਦੀ ਤਬਾਹੀ; ਫਿਰ ਸਿਲਸਿਲਾ ਇਸ ਤਰ੍ਹਾਂ ਵਾਪਰਿਆ ਕਿ ਮਨ ਨੂੰ ਸ਼ਾਂਤ ਕਰਨ ਵਾਲੇ ਪਦਾਰਥ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਪਾਉਣ ਲੱਗੇ। ਠੀਕ ਹੈ, ਅਸੀਂ ਹੀਰੋਸ਼ੀਮਾ ਤੇ ਨਾਗਾਸਾਕੀ ਵਾਲਾ ਸਮਾਂ ਨਹੀਂ ਦੇਖਿਆ, ਹਰ ਸਾਲ ਉਸ ਦਿਨ ਉਸ ਤਬਾਹੀ ਨੂੰ ਯਾਦ ਕਰ ਲੈਂਦੇ ਹਾਂ ਪਰ ਨਸ਼ਿਆਂ ਨਾਲ ਤਬਾਹੀ ਹਰ ਰੋਜ਼ ਵਾਪਰ ਰਹੀ ਹੈ ਅਤੇ ਕਿੰਨੇ ਹੀ ਘਰ ਇਸ ਦੀ ਗਵਾਹੀ ਭਰਦੇ ਹਨ।

ਇਹ ਨਹੀਂ ਕਿ ਇਸ ਦਿਸ਼ਾ ਵਿਚ ਕੋਈ ਕਦਮ ਨਹੀਂ ਪੁੱਟੇ ਗਏ, ਇਹ ਭਾਵੇਂ ਤਬਾਹੀ ਦੇ ਬੰਬ ਹੋਣ ਜਾਂ ਨਸ਼ਿਆਂ ਦੀ ਗੱਲ ਹੋਵੇ। ਵਿਗਿਆਨ ਨੇ ਕੋਈ ਵੀ ਖੋਜ ਕੀਤੀ ਤਾਂ ਮੁੱਢਲਾ ਮਕਸਦ ਮਨੁੱਖਤਾ ਦੀ ਭਲਾਈ ਸੀ ਪਰ ਸਰਮਾਏਦਾਰੀ ਦੇ ਹੱਥ ਪੈ ਕੇ ਉਹ ਖੋਜ ਤਬਾਹਕੁਨ ਹੋ ਗਈ। ਆਪਣੇ ਮੁਲਕ, ਖਾਸ ਕਰ ਪੰਜਾਬ ਵਿਚ ਨਸ਼ਿਆਂ ਨਾਲ ਹੋ ਰਹੀ ਤਬਾਹੀ ਨੂੰ ਲੈ ਕੇ ਦੇਸ਼ ਅਤੇ ਸਮਾਜ ਨੇ ਇਸ ਬਾਰੇ ਆਪਣਾ ਫ਼ਿਕਰ ਵਧ-ਚੜ੍ਹ ਕੇ ਜ਼ਾਹਿਰ ਕੀਤਾ। ਇਹ ਕਹਾਣੀ ਵੀ ਕੋਈ ਬਹੁਤ ਪੁਰਾਣੀ ਨਹੀਂ ਹੈ। ਜਿਥੇ ਨਸ਼ਿਆਂ ਦੀ ਆਮਦ ਹਜ਼ਾਰਾਂ ਸਾਲ ਪੁਰਾਣੀ ਹੈ, ਉੱਥੇ ਨਵਾਂ ਵਰਤਾਰਾ ਕਈ ਸਾਲਾਂ ਦਾ ਹੈ, ਜਦੋਂ ਸਮੈਕ ਅਤੇ ਹੈਰੋਇਨ ਨੇ ਆਪਣੀ ਹਾਜ਼ਰੀ ਲਵਾਈ। ਸਮੈਕ ਅਤੇ ਹੈਰੋਇਨ ਕਿਸੇ ਨੇ ਲੱਭੇ? ਸਮਾਜ ਨੇ ਇਨ੍ਹਾਂ ਨੂੰ ਕਿਉਂ ਕਬੂਲਿਆ? ਇਹ ਵਿਗਿਆਨ ਇਨ੍ਹਾਂ ਨੂੰ ਤਿਆਰ ਕਰ ਸਕਦਾ ਹੈ ਤਾਂ ਵਿਗਿਆਨ ਕੋਲ ਇਸ ਦਾ ਤੋੜ ਵੀ ਹੋਵੇਗਾ!

ਅੱਜ ਨਸ਼ਿਆਂ ਦੀ ਸਮੱਸਿਆ ਦਿਓ ਰੂਪ ਵਿਚ ਸਾਡੇ ਸਾਹਮਣੇ ਹੈ, ਇਹ ਵੱਡੀ ਗੁੰਝਲਦਾਰ ਸਮੱਸਿਆ ਬਣ ਗਈ ਹੈ। ਇਹ ਸਮੱਸਿਆ ਸਿਰਫ਼ ਨਸ਼ੇ ਅਤੇ ਨਸ਼ਈ ਤਕ ਸੀਮਤ ਨਹੀਂ, ਇਹ ਪਰਿਵਾਰ, ਸਮਾਜ ਅਤੇ ਦੇਸ਼ ਨੂੰ ਆਪਣੇ ਕਲਾਵੇ ਵਿਚ ਲੈ ਰਹੀ ਹੈ। ਇਸ ਸਮੱਸਿਆ ਦੇ ਤਾਰ ਹੁਣ ਕੌਮਾਂਤਰੀ ਪੱਧਰ ਤੱਕ ਪਹੁੰਚੇ ਹੋਏ ਹਨ। ਇਸ ਤੋਂ ਵੀ ਵੱਧ, ਸਮੈਕ ਅਤੇ ਹੈਰੋਇਨ ਵਰਗੇ ਗੈਰ-ਕਾਨੂੰਨੀ ਨਸ਼ਿਆਂ ਨਾਲ ਬਹੁਤ ਵੱਡੀ ਮਾਤਰਾ ਵਿਚ ਪੈਸੇ ਜੁੜੇ ਹੋਏ ਹਨ; ਨਤੀਜੇ ਵਜੋਂ ਦੇਸ਼ ਦੀ ਰਾਜਨੀਤੀ ਜਿਸ ਨੇ ਲੋਕ ਪੱਖੀ ਭੂਮਿਕਾ ਨਿਭਾਉਣੀ ਹੁੰਦੀ ਹੈ, ਖੁਦ ਇਸ ਧਨ ਦੇ ਚੁੰਗਲ ਵਿਚ ਫਸੀ ਨਜ਼ਰ ਆਉਂਦੀ ਹੈ। ਕਹਿਣ ਦਾ ਮਤਲਬ, ਸਰਕਾਰ ਤੋਂ ਅਸੀਂ ਸਮੱਸਿਆ ਦਾ ਹੱਲ ਚਾਹੁੰਦੇ ਹਾਂ, ਉਹ ਖੁਦ ਹੀ ਇਸ ਵਿਚ ਫਸੀ ਪਈ ਹੈ।

‘ਚਿੱਟੇ ਖਿਲਾਫ ਕਾਲਾ ਦਿਨ’, ‘ਬੱਡੀ ਪ੍ਰੋਗਰਾਮ’, ‘ਉੱਦਮ ਪ੍ਰੋਗਰਾਮ’ ਅਤੇ ਹੋਰ ਅਜਿਹੇ ਕਿੰਨੇ ਹੀ ਪ੍ਰੋਗਰਾਮ ਸਰਕਾਰਾਂ ਨੇ ਸਮੇਂ-ਸਮੇਂ ਸ਼ੁਰੂ ਕੀਤੇ ਪਰ ਇਨ੍ਹਾਂ ਪ੍ਰੋਗਰਾਮਾਂ ਦੇ ਬਾਵਜੂਦ ਸਮੱਸਿਆ ਜਿਉਂ ਦੀ ਤਿਉਂ ਹੈ ਸਗੋਂ ਹਰ ਨਵੇਂ ਪ੍ਰੋਗਰਾਮ ਤੋਂ ਬਾਅਦ ਸਮੱਸਿਆ ਵਿਚ ਵਾਧਾ ਹੀ ਦੇਖਣ ਨੂੰ ਮਿਲਦਾ ਹੈ। ਨਸ਼ਿਆਂ ਖਿ਼ਲਾਫ਼ ਪ੍ਰੋਗਰਾਮ ਤਹਿਤ ਨਸ਼ਿਆਂ ਬਾਰੇ ਸਮਝ ਤੋਂ ਆਪੇ ਅੰਦਾਜ਼ਾ ਲੱਗ ਸਕਦਾ ਹੈ ਕਿ ਸਾਡੀ ਸਮਝ ਕਿੰਨੀ ਪੇਤਲੀ ਹੈ। ਨਸ਼ਿਆਂ ਬਾਰੇ ਸਭ ਤੋਂ ਪ੍ਰਚੱਲਤ ਸਮਝ ਇਹ ਪ੍ਰਚਾਰਦੀ ਹੈ ਕਿ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਇਹਦੇ ਦੋ ਪਹਿਲੂਆਂ- ਮੰਗ ਤੇ ਸਪਲਾਈ ’ਤੇ ਕੰਮ ਕਰਨਾ ਚਾਹੀਦਾ ਹੈ; ਮਤਲਬ, ਨਸ਼ਿਆਂ ਦੀ ਮੰਗ ਘਟਾਉਣੀ ਚਾਹੀਦੀ ਹੈ, ਸਪਲਾਈ ਆਪਣੇ ਆਪ ਬੰਦ ਹੋ ਜਾਵੇਗੀ। ਸੁਣਨ ਨੂੰ ਇਕ ਵਾਰੀ ਗੱਲ ਜਚਦੀ ਹੈ ਪਰ ਇਸ ਵਿਚ ਵੱਡਾ ਨੁਕਸ ਇਹ ਹੈ ਕਿ ਇਕ ਤਾਂ ਇਹ ਨਸ਼ਈ ’ਤੇ ਨਿਸ਼ਾਨਾ ਸੇਧਦੀ ਹੈ, ਦੂਜਾ ਨਸ਼ੇ ਵੇਚਣ ਵਾਲਿਆਂ ’ਤੇ। ਠੀਕ ਹੈ, ਇਹ ਦੋਵੇਂ ਧਿਰਾਂ ਹੀ ਇਸ ਵਿਚ ਕਾਰਜਸ਼ੀਲ ਹਨ ਤੇ ਦੋਹਾਂ ਦਾ ਗੂੜ੍ਹਾ ਸਬੰਧ ਹੈ ਪਰ ਦਿੱਕਤ ਕੀ ਹੈ? ਨਸ਼ੇ ਕਰਨ ਵਾਲੇ ਸ਼ਖ਼ਸ ਅਤੇ ਉਸ ਦੀ ਮਾਨਸਿਕਤਾ ਨੂੰ ਸਮਝੇ ਬਗੈਰ ਨਸ਼ੇ ਦੀ ਮੰਗ ਨੂੰ ਨਹੀਂ ਸਮਝਿਆ ਜਾ ਸਕਦਾ; ਨਾਲੇ ਨਸ਼ਾ ਵੇਚਣ ਵਾਲਾ ਹਰ ਦਮ ਨਸ਼ਾ ਵੇਚਣ ਲਈ ਤਿਆਰ ਰਹਿੰਦਾ ਹੈ, ਉਹ ਨਸ਼ੇ ਵੇਚਣ ਦੇ ਨਵੇਂ ਤੋਂ ਨਵੇਂ ਰਾਹ ਲੱਭਦਾ ਰਹਿੰਦਾ ਹੈ।

ਸਮੱਸਿਆ ਦਾ ਇਕ ਹੋਰ ਪੱਖ ਹੈ ਜੋ ਕਿਸੇ ਡੂੰਘੀ ਸਾਜਿ਼ਸ਼ ਦਾ ਹਿੱਸਾ ਲੱਗਦਾ ਹੈ। ਇਹ ਸਮੱਸਿਆ ਸਮਾਜਿਕ ਹੈ ਅਤੇ ਇਸ ਦੀ ਜੜ੍ਹ ਪਰਿਵਾਰ ਵਿਚੋਂ ਲੱਭੀ ਜਾ ਸਕਦੀ ਹੈ। ਨਸ਼ਾ ਸ਼ੁਰੂ ਕਰਨ ਤੋਂ ਲੈ ਕੇ ਨਸ਼ਾ ਛੱਡਣ ਤੱਕ ਪਰਿਵਾਰ ਦੀ ਬਹੁਤ ਵੱਡੀ ਭੂਮਿਕਾ ਹੈ। ਹੁਣ ਨਸ਼ੇ ਨੂੰ ਆਮ ਸਰੀਰਕ ਬਿਮਾਰੀ ਵਾਂਗ ਲਿਆ ਜਾ ਰਿਹਾ। ਨਸ਼ਿਆਂ ਨੂੰ ਸਮਝਣ ਲਈ ਇਕ ਪੱਖ ਹੈ ਜਿਸ ਬਾਰੇ ਸਾਰੇ ਮਾਹਿਰ ਆਪਣਾ ਪੱਖ ਪੇਸ਼ ਨਹੀਂ ਕਰ ਰਹੇ ਕਿ ਇਹ ਸਮੱਸਿਆ ਤਿੰਨ ਧਿਰੀ ਹੈ। ਨਸ਼ੇ, ਨਸ਼ੇ ਕਰਨ ਦਾ ਮਾਹੌਲ ਅਤੇ ਨਸ਼ੇ ਕਰਨ ਵਾਲਾ ਬੰਦਾ। ਨਸ਼ੇ ਅਤੇ ਮਾਹੌਲ ਤੇ ਉਸ ਮਾਹੌਲ ਨੂੰ ਝੱਲਦਾ ਹੋਇਆ ਨਸ਼ਈ। ਇਨ੍ਹਾਂ ਤਿੰਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅਸੀਂ ਨਸ਼ੇ ਦੀ ਜਦੋਂ ਵੀ ਗੱਲ ਕਰਦੇ ਹਾਂ ਤਾਂ ਸਭ ਦਾ ਨਿਸ਼ਾਨਾ ਨਸ਼ਈ ਹੁੰਦਾ ਹੈ। ਪਰਿਵਾਰ ਵਿਚ ਨਸ਼ਈ ਨੂੰ ਘਰ ਦੀ ਬਰਬਾਦੀ ਦਾ ਜਿ਼ੰਮੇਵਾਰ ਕਿਹਾ ਜਾਂਦਾ ਹੈ। ਦੇਸ਼ ਦੀ ਮੰਦੀ ਹਾਲਤ ਦਾ ਜਿ਼ੰਮੇਵਾਰ ਨਸ਼ਈ ਨੂੰ ਕਿਹਾ ਜਾਂਦਾ ਹੈ। ਨਸ਼ਿਆਂ ਬਾਰੇ ਇਸ ਸਮਝ ਵਿਚ ਜੋ ਸਭ ਤੋਂ ਵੱਡੀ ਭੁੱਲ ਹੋਈ ਜਾਂ ਹੋ ਰਹੀ ਹੈ, ਉਹ ਹੈ ਕਿ ਅਸੀਂ ਨਸ਼ਾ ਕਰਨ ਵਾਲੇ ਦੀ ਮਾਨਸਿਕਤਾ ਨੂੰ ਨਹੀਂ ਸਮਝਿਆ। ਉਹ ਨਸ਼ਾ ਕਰਦੇ ਕਿਉਂ ਹਨ? ਨਸ਼ੇ ਉਸ ਲਈ ਖਿੱਚ ਦਾ ਕੇਂਦਰ ਕਿਉਂ ਹਨ?

ਨਸ਼ਾ ਕਰਨ ਵਾਲੇ ਦੀ ਉਮਰ ਜੋ ਸਭ ਤੋਂ ਵੱਧ ਦੁਨੀਆ ਭਰ ਵਿਚ ਸਾਹਮਣੇ ਆਈ ਹੈ, ਉਹ 19 ਤੋਂ 35 ਸਾਲ ਹੈ। ਇਹ ਉਮਰ ਕਿਸੇ ਵੀ ਦੇਸ਼ ਲਈ ਸਭ ਤੋਂ ਕਮਾਊ ਉਮਰ ਹੈ। ਉਨ੍ਹਾਂ ਅੰਦਰ ਕੰਮ ਕਰਨ ਦੀ ਕਾਬਲੀਅਤ ਵੀ ਹੁੰਦੀ ਹੈ ਅਤੇ ਸਮਰੱਥਾ ਵੀ। ਇਹੀ ਉਮਰ ਹੈ ਜੋ ਕ੍ਰਾਂਤੀਕਾਰੀ ਕੰਮਾਂ ਵਿਚ ਹਿੱਸਾ ਵੀ ਲੈਂਦੀ ਹੈ ਅਤੇ ਹੁੱਲੜਬਾਜ਼ਾਂ ਦੀ ਭੀੜ ਦਾ ਹਿੱਸਾ ਵੀ ਬਣਦੀ ਹੈ। ਇਹੀ ਉਮਰ ਹੈ ਜੋ ਹੋਸ਼ ਤੇ ਜੋਸ਼ ਦੇ ਗੇੜ ਵਿਚ ਪ੍ਰਚਾਰੀ, ਉਭਾਰੀ ਵੀ ਜਾਂਦੀ ਹੈ। ਜਿ਼ਆਦਾਤਰ ਇਸ ਉਮਰ ਨੂੰ ਹੋਸ਼ ਵੀ ਰਹਿੰਦੀ ਹੈ ਕਿਉਂਕਿ ਵਿਗਿਆਨ ਦੇ ਅਜੂਬੇ ਜਾਂ ਹੋਰ ਕਿਸੇ ਖੇਤਰ ਵਿਚ ਅੱਵਲ ਦਰਜੇ ਦੀਆਂ ਪ੍ਰਾਪਤੀਆਂ ਵੀ ਇਸ ਉਮਰ ਨੇ ਹੀ ਕੀਤੀਆਂ ਹਨ। ਇਹ ਤਾਂ ਨੌਜਵਾਨਾਂ ਨੂੰ ਨਜਿੱਠਣ ਅਤੇ ਉਨ੍ਹਾਂ ਨੂੰ ਵਰਤਣ ਵਾਲੇ ਵੱਧ ਦੱਸ ਸਕਦੇ ਹਨ।

ਜਿਥੋਂ ਤਕ ਸਮਾਜ ਵਿਚ ਰਹਿਣ ਦਾ ਸਵਾਲ ਹੈ, ਇਹ ਵੀ ਖੋਜ ਦਾ ਨਤੀਜਾ ਹੈ ਕਿ ਸਾਰੇ ਲੋਕ ਮਿਲ ਕੇ ਇਕ ਦੂਜੇ ਦੀ ਮਦਦ ਕਰ ਕੇ, ਪਿਆਰ ਨਾਲ ਰਹਿਣਾ ਚਾਹੁੰਦੇ ਹਨ। ਮਨੁੱਖੀ ਲੋੜਾਂ ਬਾਰੇ ਵੀ ਯੂਐੱਨਓ ਦੀਆਂ ਕਈ ਕਮੇਟੀਆਂ ਨੇ ਖੋਜ ਕੀਤੀ ਹੈ, ਖਾਸ ਕਰ ਕੇ ਪਰਿਵਾਰਕ ਪਾਲਣ-ਪੋਸ਼ਣ ਬਾਰੇ। ਇਕ ਪਾਸੇ ਮਾਪਿਆਂ ਦਾ ਕਿਰਦਾਰ ਆਪਸ ਵਿਚ ਮਿਲ ਕੇ ਰਹਿਣ ਦਾ ਹੋਵੇ; ਦੂਜੇ ਪਾਸੇ ਨੌਜਵਾਨਾਂ ਦੀ ਮਾਨਸਿਕਤਾ ਵਿਚ ਪਏ ਪਿਆਰ, ਪੁੱਛ, ਪ੍ਰਵਾਨਗੀ ਤੇ ਪਛਾਣ ਨੂੰ ਸਮਝਣ ਵਾਲੇ ਮਾਪੇ ਹੋਣ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਪਰਿਵਾਰ ਦੇ ਪੱਧਰ ’ਤੇ ਹੀ ਹੱਲ ਕੀਤਾ ਜਾ ਸਕਦਾ ਹੈ।

ਨਸ਼ਿਆਂ ਦੇ ਇਸ ਮਾਹੌਲ ਵਿੱਚ, ਜੋ ਦੇਸ਼ ਵਿਚ ਸਿਆਸਤਦਾਨਾਂ ਦੀ ਲੋੜ ਬਣ ਗਿਆ ਹੈ, ਦੁਨੀਆ ਭਰ ਵਿੱਚ ਵੋਟਾਂ ਦੀ ਰਾਜਨੀਤੀ, ਨਸ਼ਿਆਂ ਅਤੇ ਨਸ਼ਿਆਂ ਤੋਂ ਕਮਾਏ ਕਾਲੇ ਧਨ ਦੇ ਹੱਥ ਆ ਗਈ ਹੈ। ਇਉਂ ਅਸੀਂ ਸਮਝ ਸਕਦੇ ਹਾਂ ਕਿ ਦੁਨੀਆ ਦੀ ਰਾਜਨੀਤੀ ਕਿਸ ਦਿਸ਼ਾ ਵੱਲ ਤੁਰ ਪਈ ਹੈ। ਸਰਕਾਰਾਂ ਖੁਦ ਨਸ਼ੇ ਵੰਡ, ਵੇਚ ਰਹੀਆਂ ਹਨ ਅਤੇ ਲੋਕ ਇੰਨੇ ਨਾਸਮਝ ਹਨ ਕਿ ਸਰਕਾਰਾਂ ਕੋਲ ਨਸ਼ਾ ਛੁਡਾਊ ਕੇਂਦਰ ਖੋਲ੍ਹਣ ਦੀ ਮੰਗ ਲੈ ਕੇ ਜਾਂਦੇ ਹਨ। ਸਰਕਾਰਾਂ ਵੀ ਇਸ ਮੰਗ ਨੂੰ ਖੁਸ਼ੀ-ਖੁਸ਼ੀ ਕਬੂਲ ਕਰ ਲਂੈਦੀਆਂ ਹਨ ਤੇ ਇਲਾਕੇ ਵਿਚ ਨਸ਼ਾ ਛੁਡਾਊ ਕੇਂਦਰ ਦਾ ਉਦਘਾਟਨ ਕਰ ਕੇ ਲੋਕਾਂ ਨੂੰ ਤੋਹਫ਼ਾ ਦੇ ਕੇ ਨਵਾਜਦੀਆਂ ਹਨ।

ਗੱਲ ਸ਼ੁਰੂ ਕੀਤੀ ਸੀ ਤਬਾਹੀ ਦੀ, ਉਸ ਬੰਬ ਦੀ ਅਤੇ ਯੂਐੱਨਓ ਦੀ ਸਥਾਪਨਾ ਦੀ ਤੇ ਟੀਚਾ ਸੀ ਦੁਨੀਆ ਮਿਲਜੁਲ ਕੇ ਪਰਿਵਾਰ ਬਣ ਕੇ ਰਹੇ ਪਰ ਅਜਿਹਾ ਹੋਇਆ ਨਹੀਂ ਤੇ ਸਹੀ ਮਾਇਨਿਆਂ ਵਿਚ ਕਹੀਏ, ਅਮਲ ਦੀ ਭਾਲ ਵਿਚ ਸਾਰੀ ਦੁਨੀਆ ਨੂੰ ਹੀ ਜੰਗ ਦੇ ਮੈਦਾਨ ਵਿਚ ਧੱਕਿਆ ਜਾ ਰਿਹਾ ਹੈ। ਜਿਸ ਤਰ੍ਹਾਂ ਦਾ ਮਾਹੌਲ ਅੱਜ ਦੁਨੀਆ ਵਿਚ ਬਣ ਗਿਆ ਹੈ ਜਾਂ ਬਣਾਇਆ ਜਾ ਰਿਹਾ ਹੈ, ਉਹ ਸਰਮਾਏਦਾਰੀ ਕਰ ਕੇ ਹੈ, ਜਿਸ ਦੇ ਹਵਾਲੇ ਦੁਨੀਆ ਨੂੰ ਕੀਤਾ ਹੋਇਆ ਹੈ, ਫਿਰ ਅਸੀਂ ਅਮਨ ਦੀ ਆਸ ਨਹੀਂ ਕਰ ਸਕਦੇ। ਦੁਨੀਆ ਦੇ ਸਭ ਤੋਂ ਵੱਧ ਮੁਨਾਫਾ ਕਮਾਉਣ ਵਾਲਿਆਂ ਦੇ ਦੋ ਹੀ ਧੰਦੇ ਹਨ- ਇਕ ਹਥਿਆਰਾਂ ਦਾ ਅਤੇ ਦੂਜਾ ਦਵਾਈਆਂ ਦਾ, ਤੇ ਨਸ਼ੇ ਵੀ ਹਥਿਆਰ ਵਜੋਂ ਇਸਤੇਮਾਲ ਹੋ ਰਹੇ ਹਨ।

ਸਾਂਝਾ ਕਰੋ

ਪੜ੍ਹੋ