
ਜੀਵਨ ਵਿੱਚ ਇਨਸਾਨ ਨੂੰ ਹਰ ਰੋਜ਼ ਕੋਈ ਨਾ ਕੋਈ ਉਸਤਾਦ ਮਿਲਦਾ ਹੈ। ਉਹ ਛੋਟਾ ਬੱਚਾ ਵੀ ਹੋ ਸਕਦਾ ਹੈ। ਉਹ ਵੱਡਾ ਬੱਚਾ ਵੀ ਹੋ ਸਕਦਾ ਹੈ । ਉਹ ਬੰਦਾ ਵੀ ਹੋ ਸਕਦਾ ਹੈ ਤੇ ਉਹ ਕੋਈ ਜਾਨਵਰ ਵੀ ਹੋ ਸਕਦਾ ਹੈ। ਇਸ ਗੱਲ ਤੋਂ ਨਹੀਂ ਮੁਕਰਿਆ ਜਾ ਸਕਦਾ ਕਿ ਮਨੁੱਖ ਨੇ ਆਪਣੇ ਆਲੇ ਦੁਆਲੇ ਤੋਂ ਹੀ ਸਿੱਖਣਾ ਹੁੰਦਾ ਹੈ। ਮੈਂ ਵੀ ਕੁਝ ਨਾ ਕੁਝ ਆਪਣੇ ਆਲੇ ਦੁਆਲੇ ਤੋਂ ਸਿੱਖਣ ਦੀ ਕੋਸ਼ਿਸ਼ ਕੀਤੀ ਹੈ ਜਾਂ ਮੈਨੂੰ ਸਿਖਾ ਦਿੱਤਾ ਗਿਆ। ਅੱਜ ਮੈਂ ਇੱਕ ਇਹੋ ਜਿਹੇ ਇਨਸਾਨ ਦੀ ਗੱਲ ਕਰਨ ਲੱਗਾ ਹਾਂ, ਜਿਸਨੇ ਮੇਰੀ ਤਕਨੀਕੀ ਮੁਹਾਰਤ ਦੇ ਵਿੱਚ ਮੁੱਢਲੀ ਮਦਦ ਕੀਤੀ। ਗੱਲ ਕਰਦੇ ਹਾਂ,
ਨਰਿੰਦਰ ਉਸਤਾਦ ਦੀ । ਸਕੂਲ ਵਿੱਚ ਪੜ੍ਹਦੇ ਹੋਏ ਮੈਨੂੰ ਸ਼ੌਕ ਸੀ ਕਿ ਇੰਜਣਾਂ ਬਾਰੇ ਜਾਣਕਾਰੀ ਲਈ ਜਾਵੇ, ਇੰਜਣ ਕਿਵੇਂ ਕੰਮ ਕਰਦੇ ਹਨ ਤੇ ਕਿਵੇਂ ਉਹਨਾਂ ਦੇ ਵਿੱਚ ਤਾਕਤ ਪੈਦਾ ਹੁੰਦੀ ਹੈ । ਇਸ ਕੰਮ ਲਈ ਮੈਂ ਛੁੱਟੀ ਵਾਲੇ ਦਿਨ ਜਾਂ ਸਕੂਲ ਤੋਂ ਬਾਅਦ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਫਾਰਮ ਸੁਪਰਡੈਂਟ ਦੀ ਵਰਕਸ਼ਾਪ ਵਿੱਚ ਜਾਣਾ ਸ਼ੁਰੂ ਕਰ ਦਿੱਤਾ । ਉੱਥੇ ਟਰੈਕਟਰਾਂ ਦੀ ਰਿਪੇਅਰ ਦਾ ਕੰਮ ਹੁੰਦਾ ਸੀ ਜਾਂ ਹੋਰ ਛੋਟੇ ਮੋਟੇ ਇੰਜਣਾਂ ਦਾ ਕੰਮ ਹੁੰਦਾ ਸੀ । ਉਥੇ ਕਈ ਜਣੇ ਕੰਮ ਕਰਦੇ ਸਨ, ਉਹਨਾਂ ਦੇ ਵਿੱਚ ਇੱਕ ਜਿਹੜਾ ਮੁਖੀ ਸੀ, ਉਹ ਨਰਿੰਦਰ ਨਾਮ ਦਾ ਬੰਦਾ ਸੀ ਉਸ ਨੂੰ ਸਾਰੇ ਉਸਤਾਦ ਜੀ ਕਹਿੰਦੇ ਸਨ। ਮੈਂ ਛੋਟਾ ਸੀ, ਇਸ ਲਈ ਉਹ ਮੇਰਾ ਖਿਆਲ ਰੱਖਣ ਲੱਗ ਪਿਆ।
ਮੈਂ ਉਹਦੇ ਨਾਲ ਗੱਲਾਂ ਕਰਨੀਆਂ, ਕੰਮ ਕਰਾਉਣਾ ਅਤੇ ਹਾਸਾ ਠੱਠਾ ਵੀ ਕਰ ਲੈਣਾ , ਜੋ ਮੇਰੀ ਬਚਪਨ ਤੋਂ ਹੀ ਆਦਤ ਰਹੀ ਹੈ । ਉਹ ਮੈਨੂੰ ਬਹੁਤ ਪਿਆਰ ਕਰਦਾ ਸੀ। ਉਸਨੇ ਇੰਜਣਾਂ ਬਾਰੇ ਮੈਨੂੰ ਬਹੁਤ ਕੁਝ ਸਿਖਾਇਆ, ਜਿਹਦੇ ਵਿੱਚੋਂ ਅੱਜ ਜਿਹੜੀ ਮੈਂ ਇੱਕ ਗੱਲ ਕਰਨ ਲੱਗਾ ਹਾਂ, ਉਹ ਹੈ ਕਿ ਕਿਸੇ ਨਟ ਨੂੰ ਖੋਲਣ ਜਾਂ ਕਸਣ ਦਾ ਗੁਰ। ਨਟ ਤੇ ਬੋਲਟ ਤੁਹਾਨੂੰ ਪਤਾ ਹੈ ਦੋ ਚੀਜ਼ਾਂ ਹੁੰਦੀਆਂ ਹਨ, ਜਿਹੜੀ ਚੀਜ਼ ਦੇ ਉੱਤੇ ਕਸਿਆ ਜਾਂਦਾ ਹੈ ਉਸ ਨੂੰ ਬੋਲਟ ਕਹਿੰਦੇ ਹਨ ਅਤੇ ਜਿਹੜੀ ਚੀਜ਼ ਕੱਸੀ ਜਾਂਦੀ ਹੈ ਉਸ ਨੂੰ ਨਟ ਕਹਿੰਦੇ ਹਨ । ਜਦੋਂ ਉਹਨਾਂ ਨੂੰ ਅਸੀਂ ਆਪਸ ਵਿੱਚ ਕਸਦੇ ਹਾਂ ਤਾਂ ਉਸ ਨੂੰ ਕਲੋਕ ਵਾਈਜ ਕਸਿਆ ਜਾਂਦਾ ਹੈ ਅਤੇ ਜਦੋਂ ਖੋਲਣਾ ਹੁੰਦਾ ਹੈ ਤਾਂ ਐਂਟੀ ਕਲੋਕਵਾਈਜ ਖੋਲਿਆ ਜਾਂਦਾ। ਹਾਲਾਂਕਿ ਇਹ ਬੜੀ ਇੰਟਰਸਟਿੰਗ ਗੱਲ ਹੈ ਕਿ ਕਈ ਨਟ ਬੋਲਟ ਪੁੱਠੇ ਵੀ ਖੁੱਲਦੇ ਜਾਂ ਬੰਦ ਹੁੰਦੇ ਹਨ, ਪਰ ਉਹ ਬਹੁਤ ਖਾਸ ਹਾਲਾਤ ਦੇ ਵਿੱਚ, ਜਿੱਥੇ ਕਿ ਇੰਜਣ ਦੀ ਜਿਹੜੀ ਚਾਲ ਹੈ, ਉਹ ਇਸ ਤਰੀਕੇ ਦੀ ਹੁੰਦੀ ਹੈ ਕਿ ਉੱਥੇ ਅਗਰ ਇਸ ਤਰਾਂ ਨੱਟ ਕੱਸੇ ਹੋਣ ਤਾਂ ਉਹ ਖੁੱਲ ਸਕਦੇ ਹਨ, ਇਸ ਲਈ ਉਥੇ ਪੁੱਠੀ ਚੂੜੀ ਦੇ ਨੱਟ ਬਣਾਏ ਜਾਂਦੇ ਹਨ ।
ਇੱਕ ਜਿਹੜੀ ਇਹਦੇ ਵਿੱਚ ਖਾਸ ਗੱਲ ਹੈ ਕਿ ਇਹਨੂੰ ਜ਼ੋਰ ਕਿਵੇਂ ਲਾਉਣਾ ? ਕਸਣਾ ਕਿਵੇਂ ? ਬਹੁਤ ਹੀ ਕੰਮ ਦੀ ਗੱਲ ਦੱਸੀ ਹੈ। ਅਸੀਂ ਅਕਸਰ ਦੇਖਦੇ ਹਂ ਕਿ ਨਟ ਬੋਲਟ ਕਸਣ ਵੇਲੇ ਅਸੀਂ ਜ਼ੋਰ ਲਾਉਂਦੇ ਹਾਂ ਤੇ ਉਹ ਟੁੱਟ ਜਾਂਦਾ ਹੈ ਜਾਂ ਜਿਹੜਾ ਨਟ ਹੈ ਉਹ ਫਰੀ ਹੋ ਜਾਂਦਾ ਹੈ। ਇਹ ਸਮੱਸਿਆ ਆਮ ਮਕੈਨਿਕਾਂ ਨੂੰ ਆਉਂਦੀ ਹੈ ਤੇ ਘਰਾਂ ਦੇ ਵਿੱਚ ਵੀ ਨਟ ਕਸਣ ਲੱਗੇ ਆਮ ਹੋ ਜਾਂਦੀ ਹੈ। ਇਸ ਦਾ ਹੱਲ ਉਹਨੇ ਬਹੁਤ ਸਾਦਾ ਜਿਹਾ ਦੱਸਿਆ ਕਿ , ਜਦੋਂ ਅਸੀਂ ਬੋਲਟ ਕੱਸਣ ਲੱਗਦੇ ਹਾਂ ਜਾਂ ਨਟ ਕਸਣ ਲੱਗਦੇ ਹਾਂ ਤਾਂ ਕਈ ਵਾਰੀ ਅਸੀਂ ਉਹਨੂੰ ਜ਼ੋਰ ਲਾ ਦਿੰਦੇ ਹਾਂ , ਜਿਵੇਂ ਅਸੀਂ ਚਾਬੀ ਉੱਤੇ ਪੈਰ ਮਾਰ ਕੇ ਉਹਨੂੰ ਜੋਰ ਦੀ ਧੱਕਾ ਦੇ ਦਿੰਦੇ ਹਾਂ ਜਾਂ ਉਹਦੇ ਉੱਤੇ ਜ਼ੋਰ ਦੀ ਪੈਰ ਮਾਰ ਦਿੰਨੇ ਹਾਂ , ਤਾਂ ਕਿ ਉਹ ਪੂਰੀ ਤਰ੍ਹਾਂ ਕਸ ਹੋ ਜਾਵੇ। ਇਹ ਸਭ ਤੋਂ ਵੱਡੀ ਗਲਤੀ ਹੈ, ਕਿਉਂਕਿ ਅਗਰ ਤੁਸੀਂ ਜੋਰ ਦੀ ਉਹਨੂੰ ਹੁਜਕਾ ਮਾਰੋਗੇ ਤਾਂ ਉਹ ਨਟ ਜਾਂ ਬੋਲਟ ਟੁੱਟਣ ਦੇ ਪੂਰੇ ਚਾਂਸ ਬਣ ਜਾਂਦੇ ਹਨ। ਪਰ ਜਦੋਂ ਖੋਲਣਾ ਹੈ ਉਦੋਂ ਉਹਦੇ ਟੁੱਟਣ ਦੇ ਚਾਂਸ ਬਹੁਤ ਘੱਟ ਹੁੰਦੇ ਹਨ। ਜੇਕਰ ਜਾਮ ਹੋਣ ਤਾਂ ਉਹਦੇ ਵਿੱਚ ਮਿੱਟੀ ਦਾ ਤੇਲ ਜਾਂ ਥੋੜਾ ਡੀਜਲ ਪਾ ਦਿਓ। ਥੋੜੀ ਦੇਰ ਉਹਨੂੰ ਪਿਆ ਰਹਿਣ ਦਿਓ।
ਉਹਦਾ ਜੰਗਾਲ ਉਤਰ ਜਾਏਗਾ। ਫਿਰ ਤੁਸੀਂ ਝਟਕਾ ਮਾਰ ਕੇ ਉਹਨੂੰ ਖੋਲ ਸਕਦੇ ਹੋ । ਪਰ ਕੱਸਣ ਵੇਲੇ ਝਟਕਾ ਮਾਰ ਕੇ ਕਸੋਗੇ, ਤੁਹਾਡਾ ਨਟ ਬੋਲ ਟੁੱਟਣ ਦੇ 90% ਚਾਂਸ ਹੁੰਦੇ ਹਨ। ਇਹ ਗੁਰ ਮੇਰੇ ਸਾਰੀ ਜ਼ਿੰਦਗੀ ਬੜਾ ਕੰਮ ਆਇਆ। ਨਟ ਤਾਂ ਇੱਕ ਪਾਸੇ, ਮੈਂ ਤਾਂ ਜਦ ਬੰਦੇ ਨੂੰ ਕਸਦਾ ਹਾਂ ਤਾਂ ਉਦੋਂ ਝਟਕਾ ਨਹੀਂ ਮਾਰਦਾ, ਪਰ ਜਦੋਂ ਬੰਦੇ ਨੂੰ ਮੈਂ ਖੋਲਣਾ ਹੁੰਦਾ , ਤਾਂ ਮੈਂ ਇੱਕੋ ਝਟਕੇ ਨਾਲ ਖੋਲ ਦਿੰਨਾ। ਇਹ ਅਸੂਲ, ਇਹ ਨੁਕਤਾ, ਇਹ ਗੱਲ, ਹਰ ਥਾਂ ਲਾਗੂ ਹੁੰਦੀ ਹੈ। ਚਾਹੇ ਉਹ ਨਟ ਹੋਣ, ਚਾਹੇ ਉਹ ਬੰਦੇ ਹੋਣ, ਚਾਹੇ ਉਹ ਜਾਨਵਰ ਹੋਣ, ਚਾਹੇ ਰੁੱਖ ਹੋਣ। ਰੁੱਖ ਨੂੰ ਝਟਕੇ ਨਾਲ ਪੱਟ ਸਕਦੇ ਹੋ, ਰੁੱਖ ਗੱਡਣਾ ਹੋਵੇ ਉਹਨੂੰ ਝਟਕੇ ਨਾਲ ਨਹੀਂ ਗੱਡ ਸਕਦੇ। ਮੈਂ ਅੱਜ ਆਪਣੇ ਉਸਤਾਦ ਨਰਿੰਦਰ ਨੂੰ ਯਾਦ ਕਰਦਾ ਹੋਇਆ (ਉਹ ਪਤਾ ਨਹੀਂ ਹੁਣ ਕਿੱਥੇ ਆ) ਉਸਨੂੰ ਨਮਨ ਹਾਂ ਤੇ ਉਸ ਨੂੰ ਧੰਨਵਾਦ ਕਰਦਾ ਹਾਂ, ਕਿ ਸਾਰੀ ਜਿੰਦਗੀ ਉਸਦਾ ਇਹ ਨੁਕਤਾ ਮੇਰੇ ਬਹੁਤ ਕੰਮ ਆਇਆ। ਬਹੁਤ ਬਹੁਤ ਧੰਨਵਾਦ ਨਰਿੰਦਰ ਉਸਤਾਦ ਬਹੁਤ ਬਹੁਤ ਧੰਨਵਾਦ ਨਰਿੰਦਰ ਉਸਤਾਦ।
ਜਨਮੇਜਾ ਸਿੰਘ ਜੌਹਲ