ਕਵਿਤਾ/ ਚਿੜੀ ਵਿਚਾਰੀ ਕੀ ਕਰੇ?/ ਗੁਰਮੀਤ ਸਿੰਘ ਪਲਾਹੀ

ਚਿੜੀ ਵਿਚਾਰੀ ਕੀ ਕਰੇ,

ਕਿਹੜੇ ਖੂਹ ‘ਚ ਡੁੱਬ ਮਰੇ?

ਹਨੇਰੀਆਂ ਨੁੱਕਰਾਂ ‘ਚ ਬਹਿ,

ਅੱਖੀਆਂ ਤੋਂ ਮੱਖੀਆਂ, ਝੱਲਦੀ,

ਬੁੱਢ ਵਰੇਸੇ, ਬੋਲਣ ਦੀ ਥਾਂ ਚੁੱਪ ਧਾਰੀ,

ਪੀਣ ਦੀ ਥਾਂ ਪਿਆਸੀ ਮਰਦੀ ਚਿੜੀ,

ਆਖ਼ਰ ਕੀ ਕਰੇ,

ਕਿਹੜੇ ਖੂਹ ‘ਚ ਡੁੱਬ ਮਰੇ?

********************

ਗਧੇ ਦੀ ਜੂਨ ਭੋਗਦੀ,

ਸ਼ਕਤੀ ਆਪਣੇ ਸਰੀਰ ਦੀ,

ਕੰਮ ਦੇ ਸੰਦਾਂ ‘ਚ ਬਦਲ,

ਦੂਜਿਆਂ ਲਈ ਮਰਦੀ ਰਹੀ

ਕਦੇ ਧੀ, ਕਦੇ ਭੈਣ, ਕਦੇ ਮਾਂ, ਫਿਰ ਦਾਦੀ,

ਪਤਾ ਨਹੀਂ ਕਿਹੜੇ, ਕਿਹੜੇ ਰਿਸ਼ਤੇ,

ਮਨ ‘ਤੇ, ਪਿੱਠ ‘ਤੇ ਢੋਂਹਦੀ,

ਕਦੇ ਕੁੜੀ ਕਦੇ ਔਰਤ, ਕਦੇ ਬੁੱਢੀ ਬਣ,

ਜ਼ਿੰਦਗੀ ਦਾ ਸਫ਼ਰ ਕੱਟਦੀ,

ਕਦੇ ਰੋਂਦੀ ਕੁਰਲਾਉਂਦੀ,

ਕਦੇ ਹੱਸਦੀ ਰਸਮਾਂ ‘ਚ ਖਿਲਰ,

ਇਧਰ ਉਧਰ ਉਲਰ।

ਉਣਦੀ ਰਹੀ ਸੁਫ਼ਨੇ,

ਉਡਦੀ ਰਹੀ ਅੰਬਰੀ,

ਜ਼ਮੀਨ ‘ਚ ਰਹੀ ਧੱਸਦੀ,

ਹੱਸਦੀ ਰਹੀ ਓਪਰਾ ਹਾਸਾ,

ਚੁੰਨੀ ਮੂੰਹ ‘ਚ ਦੇਹ,

ਅੱਖਾਂ ‘ਚ ਭਰ ਕੇ ਅੱਥਰੂ,

ਚੜ੍ਹਦੇ ਦਿਨ ਵੀ ਰਾਤਾਂ ਹੰਢਾਉਂਦੀ ਰਹੀ।

ਮੈਂ ਚਿੜੀ, ਮੈਂ ਕੁੜੀ, ਮੈਂ ਤੀਵੀਂ,

ਕੀ ਕਰਾਂ? ਕਿਥੇ ਡੁੱਬ ਮਰਾਂ?

ਕਿਹੜਾ ਖੂਹ ਗੰਦਾ ਕਰਾਂ?

ਟੁੱਟੇ ਹੋਏ ਸੁਫ਼ਨਿਆਂ ਨੂੰ,

ਕੀਹਦੇ ਬੂਹੇ ਧਰਾਂ?

******************

ਔਰਤ, ਮਰਦ ਲਈ ਰੌਲਾ ਰੱਪਾ,

ਜਿਵੇਂ ਬੋਟ ਚਿੜੀ ਦਾ

ਬਾਲਾਂ ਦੇ ਹੱਥ ਆ ਜਾਵੇ।

ਖਿੱਦੋ ਵਾਗੂੰ ਕੁੱਟੇ,

ਦਰ ਦੀ ਬਾਂਦੀ ਸਮਝੇ ਮੰਗਤੀ ਸਮਝੇ,

ਮਹਿਲੀਂ ਡੱਕੇ, ਮਨੀਂ ਡੱਕੇ,

ਸ਼ਕਲਾਂ ਉਤੇ ਚਾੜ੍ਹਦੇ ਸ਼ਕਲਾਂ,

ਨਕਸ਼ੇ ਅਤੇ ਲਕੀਰਾਂ ਢਾਵੇ,

ਮਰਦ, ਔਰਤ ਨੂੰ ਸਮਝ ਨਾ ਪਾਵੇ।

ਮਰਨ ਸਮੇਂ ਦੀਆਂ ਰਸਮਾਂ ਵੇਲੇ,

ਮਾਂਗੀ ਸੰਧੂਰ ਲਗਾਵੇ, ਟਿੱਕੇ ਲਾਵੇ,

ਪਰ ਜੀਉਂਦੇ ਜੀਅ,

ਉਹਦੀਆਂ ਆਸਾਂ ਨੂੰ ਲਾਬੂੰ ਲਾਵੇ,

ਕਦੇ ਨਾ ਪਛਤਾਵੇ।

ਕੋਠੇ ਬੈਠੀ ਬਣਕੇ ਵੇਸਵਾ,

ਰੰਡੀ, ਵਿਧਵਾ, ਗਸ਼ਤੀ ਕਹਿਲਾਵੇ,

ਗਊਆਂ ਪੂਜਣ ਵਾਲੇ ਦੇਸ਼ ‘ਚ,

ਔਰਤ “ਦੋ ਨੰਬਰੀ” ਨਾਰੀ ਕਹਿਲਾਵੇ।

ਮਰਦਾਂ ਨੂੰ ਉਹ ਰਾਸ ਨਾ ਆਵੇ।

ਤਦ ਫਿਰ ਚਿੜੀ  ਵਿਚਾਰੀ ਕੀ ਕਰੇ।

ਕਿਹੜੇ ਖੂਹ ‘ਚ ਡੁੱਬ ਮਰੇ?

***********************

ਚਿੜੀਆਂ ਦਾ ਮਰਨਾ, ਗਵਾਰਾ ਦਾ ਹਾਸਾ,

ਜ਼ਹਾਲਤ ਦੀ ਭਾਸ਼ਾ, ਨਹੀਂ, ਸੂਰਜ ਦੀ ਭਾਸ਼ਾ,

ਮਜ਼ਹਬ ਦੀ ਭਾਸ਼ਾ, ਨਹੀਂ ਹਵਾ ਦੀ ਭਾਸ਼ਾ,

ਵਖਰੇਵੇਂ ਦੀ ਭਾਸ਼ਾ, ਨਹੀਂ ਸਾਗਰ ਦੀ ਭਾਸ਼ਾ,

ਨਾ ਬਰਾਬਰੀ ਦੀ ਭਾਸ਼ਾ, ਨਹੀਂ, ਖੁਲ੍ਹੇ ਅਕਾਸ਼ ਦੀ ਭਾਸ਼ਾ

ਹੈ ਬਿਹਰੜੇ ਦੀ ਭਾਸ਼ਾ, ਨਹੀਂ ਲੋਰੀ, ਸੁਹਾਗ ਦੀ ਭਾਸ਼ਾ

ਇਹ ਲੁਕਣ ਮੀਟੀ ਦੀ ਭਾਸ਼ਾ, ਨਹੀਂ ਤਾਰਿਆਂ ਦੀ ਮੰਜੀ ਦੀ ਭਾਸ਼ਾ

ਇਹ ਗੜਕਦੀ ਹੈ ਬਿਜਲੀ, ਨਹੀਂ ਬਦਲਾਂ ਦੀ ਭਾਸ਼ਾ

ਇਹ ਸੱਤਾ ਦੀ ਭਾਸ਼ਾ, ਨਹੀਂ ਲੋਕਾਂ ਦੀ ਭਾਸ਼ਾ

ਇਹ ਉਦਾਸੀ ਦੀ ਭਾਸ਼ਾ, ਨਹੀਂ ਸੂਹੇ, ਅਸਮਾਨੀ,

ਸਾਵੇਂ ਬਸੰਤੀ ਰੰਗਾਂ ਦੀ ਭਾਸ਼ਾ

ਉਦਾਸੀ, ਇਕਲਾਪੇ, ਪੀੜਾ ਕਿਵੇਂ ਹੰਡਾਵੇ?

ਚਿੜੀ ਕਿਧਰ ਜਾਵੇ? ਚਿੜੀ ਕਿਧਰ ਜਾਵੇ?

ਕਿਹੜੇ ਖੂਹ ਡੁੱਬ ਮਰੇ?

ਚਿੜੀ ਵਿਚਾਰੀ ਕੀ ਕਰੇ?

***********************

-ਗੁਰਮੀਤ ਸਿੰਘ ਪਲਾਹੀ

-9815802070

-218, ਗੁਰੂ ਹਰਿਗੋਬਿੰਦ ਨਗਰ, ਫਗਵਾੜਾ।

ਸਾਂਝਾ ਕਰੋ

ਪੜ੍ਹੋ