ਬੁੱਧ ਬਾਣ/ਸਿੱਖਿਆ ਦੇ ਵਪਾਰੀਆਂ ਦੀ ਲੁੱਟ ਦੀ ਰੁੱਤ/ਬੁੱਧ ਸਿੰਘ ਨੀਲੋਂ

ਪੰਜਾਬ ਦੇ ਵਿੱਚ ਛੇ ਰੁੱਤਾਂ ਹਨ। ਹਰ ਰੁੱਤ ਦਾ ਆਪਣਾ ਹੀ ਰੰਗ ਢੰਗ ਹੈ। ਪਰ ਲੁੱਟ ਕਰਨ ਤੇ ਕਰਵਾਉਣ ਵਾਲਿਆਂ ਦੇ ਲਈ ਹਰ ਪਲ਼ ਤੇ ਥਾਂ ਹੁੰਦੀ ਹੈ। ਸਰਕਾਰੀ ਅਧਿਕਾਰੀ, ਕਰਮਚਾਰੀ ਦਫ਼ਤਰਾਂ ਵਿੱਚ ਬਹਿ ਕੇ ਲੁੱਟ ਦੇ ਹਨ। ਪੁਲਿਸ ਵਾਲੇ ਚੁਰਾਹੇ ਵਿੱਚ ਖੜ੍ਹਾ ਕੇ ਲੁੱਟ ਦੇ ਹੀ ਨਹੀਂ ਕੁੱਟਦੇ ਵੀ ਹਨ। ਇਲਾਹਾਬਾਦ ਹਾਈਕੋਰਟ ਨੇ ਪੁਲਿਸ ਨੂੰ ਵਰਦੀਧਾਰੀ ਗੈਂਗ ਤੇ ਗੁੰਡੇ ਲੁਟੇਰੇ ਆਖਿਆ ਸੀ। ਪਰ ਕਿਸੇ ਦੇ ਕੰਨਾਂ ਉੱਤੇ ਜੂੰ ਨਹੀਂ ਸਰਕੀ। ਉਹਨਾਂ ਨੇ ਕੰਨਾਂ ਵਿੱਚ ਕੌੜਾ ਤੇਲ ਪਾਇਆ ਹੋਇਆ ਹੈ। ਇਸ ਕਰਕੇ ਉਹ ਹਰ ਕਿਸੇ ਨੂੰ ਤੇਲ ਲਗਾ ਕੇ ਲੁੱਟ ਦੇ ਹਨ। ਜਿਹੜਾ ਲੁੱਟ ਕਰਦਾ ਫੜਿਆ ਜਾਵੇ, ਉਹ ਚੋਰ, ਜਿਹੜਾ ਨਾ ਫੜਿਆ ਜਾਵੇ ਉਹ ਮੋਰ। ਪੰਜਾਬ ਦੇ ਵਿੱਚ ਪਹਿਲਾਂ ਮੋਰ ਬਹੁਤ ਸਨ। ਕਿਉਂਕਿ ਉਦੋਂ ਬਾਗ਼ ਹੁੰਦੇ ਸਨ, ਇਸੇ ਕਰਕੇ ਬਾਗਾਂ ਵਾਲਾ ਹੁਣ ਮੋਰਿੰਡਾ ਬਣ ਗਿਆ ਹੈ। ਹੁਣ ਮੋਰਾਂ ਨੇ ਰੂਪ ਬਦਲ ਲਿਆ ਹੈ। ਹੁਣ ਉਹ ਪੈਲਾਂ ਪਾਉਂਦੇ ਮੋਰ, ਮੋਰਨੀਆਂ ਨਾਲ ਕਲੋਲਾਂ ਕਰਦੇ ਹਨ।

ਆਪ ਚੁਗਦੇ ਹਨ ਤੇ ਹੋਰਨਾਂ ਨੂੰ ਹਿੱਸਾ ਦੇਂਦੇ ਹਨ। ਅੱਜਕਲ੍ਹ ਪ੍ਰਾਈਵੇਟ ਸਕੂਲਾਂ ਵਲੋਂ ਲੁੱਟ ਕਰਨ ਦੀ ਰੁੱਤ ਹੈ। ਇਹ ਸਿੱਖਿਆ ਦੇ ਨਾਮ ਉੱਤੇ ਕਿਵੇਂ ਲੋਕਾਂ ਦੀ ਗੀਜੇ ਖ਼ਾਲੀ ਕਰਵਾਉਂਦੇ ਹਨ। ਇਹ ਤਾਂ ਉਹ ਜਾਣਦੇ ਹਨ ਜਿਹਨਾਂ ਦਾ ਇਹਨਾਂ ਦੇ ਨਾਲ ਹੁਣ ਵਾਹ ਪਿਆ ਹੋਇਆ ਹੈ। ਸਿੱਖਿਆ ਦੇ ਨਾਮ ਉੱਤੇ ਇਹਨਾਂ ਨੂੰ ਦੁਕਾਨਾਂ ਕਹਿਣਾ ਕੋਈ ਅਤਿਕਥਨੀ ਨਹੀਂ। ਕੁੱਝ ਤਾਂ ਇਹ ਵੱਡੇ ਵੱਡੇ ਮਾਲ ਬਣ ਗਏ ਹਨ। ਜਿਵੇਂ ਡੀਮਾਰਟ ਰਿਲਾਇੰਸ ਹਨ। ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਚ ਸਿੱਖਿਆ ਦੀ ਕ੍ਰਾਂਤੀ ਲਿਆਉਣ ਦਾ ਝੰਡਾ ਚੁੱਕਿਆ ਹੋਇਆ ਹੈ। ਝੰਡਾ ਸਿੰਘ ਖ਼ੁਦ ਮਾਸਟਰ ਮਹਿੰਦਰ ਦਾ ਕਾਕਾ ਜੀ ਹੈ। ਪਰ ਉਹਦੇ ਉਪਰ ਕਾਠੀ ਦਿੱਲੀ ਵਾਲੇ ਲਾਲਾ ਜੀ ਨੇ ਪਾਈ ਹੋਈ ਹੈ। ਲਾਲਾ ਜੀ ਨੇ ਪਹਿਲਾਂ ਦਿੱਲੀ ਲੁੱਟੀ ਹੁਣ ਪੰਜਾਬ ਨੂੰ ਲੁੱਟਣ ਲੱਗਿਆ ਹੋਇਆ ਹੈ। ਦਿੱਲੀ ਦੇ ਮਾਨਤਾ ਪ੍ਰਾਪਤ ਲੁਟੇਰੇ ਉਹਨਾਂ ਨੇ ਵੱਖ ਵੱਖ ਮਹਿਕਮਿਆਂ ਵਿੱਚ ਸਥਾਪਤ ਕਰ ਦਿੱਤੇ ਹਨ।

ਉਹਨਾਂ ਨੇ ਕੀ ਲੈਣਾ ਹੈ ਕਿ ਪ੍ਰਾਈਵੇਟ ਸਕੂਲਾਂ ਵਾਲਿਆਂ ਕਿਤਾਬਾਂ, ਕਾਪੀਆਂ, ਵਰਦੀਆਂ, ਟਿਊਸ਼ਨ, ਬਿਲਡਿੰਗ ਫੰਡ, ਮਨੋਰੰਜਨ ਫੰਡ, ਵਾਹਨ ਫੰਡ ਤੇ ਹੋਰ ਪਤਾ ਨਹੀਂ ਕੀ ਕੀ ਲੈਂਦੇ ਹਨ। ਸਰਕਾਰ ਚੁੱਪ ਹੈ, ਡੀਸੀ, ਡੀਈਓ, ਸਿੱਖਿਆ ਮੰਤਰੀ ਚੁੱਪ ਹੈ। ਲੋਕ ਚੁੱਪ ਚਾਪ ਘੀਸੀ ਕਰਵਾਉਣ ਲਈ ਜਾ ਰਹੇ ਹਨ। ਆਪਾਂ ਵੀ ਕੀ ਲੈਣਾ ਹੈ। ਜਿਹਨਾਂ ਨੂੰ ਘੀਸੀ ਕਰਵਾਉਣ ਦੀ ਆਦਤ ਪੈ ਗਈ ਹੋਵੇ, ਉਹਨਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਫ਼ਰਕ ਤਾਂ ਉਹਨਾਂ ਨੂੰ ਪੈਦਾ ਹੈ, ਜਿਹੜੇ ਵੱਡਿਆਂ ਨੂੰ ਦੇਖ਼ ਦੇਖ਼ ਕੇ ਫ਼ਾਹਾ ਲੈਂਦੇ ਹਨ। ਪਹਿਲਾਂ ਸ਼ਹਿਰਾਂ ਵਿੱਚ ਗਲੀਆਂ ਵਿੱਚ ਇਹ ਦੁਕਾਨਾਂ ਖੁੱਲ੍ਹੀਆਂ ਸਨ, ਹੁਣ ਪਿੰਡਾਂ ਵਿੱਚ ਵੱਡੇ ਵੱਡੇ ਸਿੱਖਿਆ ਦੇ ਸ਼ੋਅ ਰੂਮ ਖੁੱਲ੍ਹ ਗਏ ਹਨ। ਜਿਹਨਾਂ ਨੇ ਲੁੱਟ ਕਰਨ ਲਈ ਨਵੇਂ ਢੰਗ ਤਰੀਕੇ ਵਰਤ ਨੇ ਸ਼ੁਰੂ ਕੀਤੇ ਹੋਏ ਹਨ। ਸਰਕਾਰੀ ਸਕੂਲ ਵਿੱਚ ਅਧਿਆਪਕ ਨਹੀਂ, ਬੱਚੇ ਨਹੀਂ, ਸਰਕਾਰ ਦੀ ਰੁਚੀ ਨਹੀਂ। ਲੋਕ ਚੁੱਪ ਹਨ। ਹਰ ਕੋਈ ਆਪਣੇ ਢੰਗ ਨਾਲ ਲੁੱਟ ਰਿਹਾ ਹੈ।

ਵਿਦਿਆ ਵੀਚਾਰੀ ਤਾਂ ਪਰਉਪਕਾਰੀ, ਪਰ ਹੁਣ ਵਿਦਿਆ ਵਖ਼ਤ ਦੀ ਮਾਰੀ, ਲੁਟੇਰਿਆਂ ਦੀ ਦੁਕਾਨਦਾਰੀ ਹੈ। ਜਿਸਨੂੰ ਲੋੜ ਹੈ ਉਹ ਦੁਕਾਨ ਤੇ ਜਾਂਦਾ ਹੈ। ਇਸੇ ਕਰਕੇ ਪੰਜਾਬ ਸੂਰਮਿਆਂ ਤੇ ਯੋਧਿਆਂ ਦਾ ਵਤਨ ਹੈ। ਇਹਨਾਂ ਦੀਆਂ ਕੋਈ ਰੀਸਾਂ ਨਹੀਂ ਕਰ ਸਕਦਾ, ਇਹ ਹਰ ਧੰਦੇ ਵਿੱਚ ਰਿਕਾਰਡ ਬਣਾਉਣ ਵਿੱਚ ਮੋਹਰੀ ਹਨ। ਕੀ ਖ਼ਿਆਲ ਹੈ, ਕੋਈ ਗੱਲ ਗ਼ਲਤ ਤਾਂ ਨਹੀਂ, ਤੁਸੀਂ ਕਿੰਨੀ ਕੁ ਲੁੱਟ ਕਾਰਵਾਈ ਹੈ ? ਹੈ ਜੁਰਅਤ ਸੱਚ ਦੱਸਣ ਦੀ ਕਿ ਨਹੀਂ, ਕਿ ਤੁਸੀਂ ਵੀ ਲਾਸ਼ਾਂ ਬਣ ਕੇ ਰਹਿ ਗਏ ਓ ? ਤੁਸੀਂ ਕਦੋਂ ਤੱਕ ਲੁਟੇਰਿਆਂ ਹੱਥੋਂ ਲੁੱਟ ਕਰਵਾਉਂਦੇ ਰਹੋਗੇ। ਹੁਣ ਤਾਂ ਬੋਲੋ, ਘਰਾਂ ਵਿੱਚੋਂ ਨਿਕਲੋ ਤੇ ਲੁਟੇਰੀਆਂ ਜਮਾਤਾਂ ਦੀ ਸੰਘੀ ਨੱਪੋ। ਏਕਤਾ ਵਿੱਚ ਬਲ ਹੁੰਦਾ ਹੈ ਜੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਾਂਗੂੰ ਛਲ ਨਾ ਹੋਵੇ ਤਾਂ ਜਿੱਤ ਲੋਕਾਂ ਦੀ ਹੁੰਦੀ ਹੈ। ਉਹ ਕਿੱਧਰ ਚਲੇ ਗਏ ਹਨ, ਜੋਂ ਸੀਸ ਤਲੀ ਉਤੇ ਧਰ ਕੇ ਤਲਵਾਰ ਹੱਥ ਵਿੱਚ ਫੜ ਤੁਰਦੇ ਸਨ। ਦੇ ਕਿਸੇ ਨੂੰ ਉਨ੍ਹਾਂ ਦਾ ਪਤਾ ਹੋਵੇ ਦੱਸਿਓ।

ਬੁੱਧ ਸਿੰਘ ਨੀਲੋਂ
946437082

ਸਾਂਝਾ ਕਰੋ

ਪੜ੍ਹੋ