ਹਿੰਮਤ ਸਿੰਘ ਜੱਲੇਵਾਲ ਦਾ ਜੋ ਬਾਗ਼ ਸੀ ਭਾਈ
ਰੌਲੈੱਟ ਐਕਟ ਖ਼ਿਲਾਫ਼ ਜਨਤਾ ਅੰਮ੍ਰਿਤਸਰ ਆਈ,
ਰੌਲੈੱਟ ਐਕਟ ਨੇ ਕਰਤੇ ਸਭ ਹੱਕਾਂ ਤੋਂ ਵਾਂਝੇ,
ਇਕੱਠੇ ਹੋ ਕੇ ਲੱਗੇ ਕਰਨ ਵਿਚਾਰ ਜੋ ਸਾਂਝੇ।
ਮਾਈ ਭਾਈ ਬੱਚੇ ਬੁੱਢੇ ਸਭ ਬਾਗ਼ ’ਚ ਆਏ,
ਦੇਸ਼ ਪ੍ਰੇਮੀ ਸੂਰਿਆਂ ਸਭ ਦੇ ਜੋਸ਼ ਜਗਾਏ।
ਸਮਾਂ ਐਸਾ ਆ ਗਿਆ ਦੇਸ਼ ਲਈ ਮਰਨਾ ਪੈਣਾ,
ਜੋ ਨਹੀਂ ਕੀਤਾ ਅੱਜ ਤਕ ਉਹ ਵੀ ਕਰਨਾ ਪੈਣਾ।
ਉੱਠੋ ਜਾਗੋ ਦੇਸ਼ ਵਾਸੀਓ ਸਭ ਕਰੋ ਤਿਆਰੀ।
ਲੁੱਟ ਫ਼ਿਰੰਗੀ ਖਾ ਗਿਆ ਸਾਡੀ ਧਰਤ ਪਿਆਰੀ,
ਬਾਰਾਂ ਸਾਲ ਦਾ ਭਗਤ ਸਿੰਘ ਬਾਗ਼ ’ਚ ਆਇਆ,
ਖ਼ੂਨ ਭਿੱਜੀ ਮਿੱਟੀ ਨੂੰ ਚੁੰਮ ਕੇ ਉਸ ਮੱਥੇ ਲਾਇਆ।
ਇੱਕ ਦਿਨ ਆਪਣਾ ਖ਼ੂਨ ਮੈਂ ਇਸਦੇ ਵਿੱਚ ਮਿਲਾਉਣਾ
ਰਾਜ ਫ਼ਿਰੰਗੀ ਦਾ ਦੇਸ਼ ’ਚੋਂ ਅਸੀਂ ਜੜ੍ਹੋਂ ਮੁਕਾਉਣਾ।
ਊਧਮ ਸਿੰਘ ਸੂਰਬੀਰ ਨੇ ਵੀ ਕਸਮਾਂ ਖਾਈਆਂ,
ਲਾੜੀ ਮੌਤ ਵਿਆਹੁਣ ਲਈ ਯਾਰੀਆਂ ਪਾਈਆਂ।
ਇੱਕੀ ਸਾਲਾਂ ਬਾਅਦ ਲੰਡਨ ਵਿੱਚ ਉਸ ਭੜਥੂ ਪਾਇਆ,
ਮਾਈਕਲ ਓ’ਡਵਾਇਰ ਮਾਰ ਕੇ ਉਹਨੇ ਸਬਕ ਸਿਖਾਇਆ।
ਫਿਰ ਭਗਤ ਸਰਾਭੇ ਵਰਗੇ ਜੰਮੇ ਕਈ ਹੋਰ ਜੁਆਨ,
ਦੇਸ਼ ਕੌਮ ਦੀ ਖਾਤਰ ਉਹ ਕਰ ਗਏ ਜਿੰਦ ਕੁਰਬਾਨ।
ਕਈ ਦੇਸ਼ ਪ੍ਰੇਮੀ ਸਨ ਗੋਰਿਆਂ ਦੇ ਸੀਨੇ ਲੜ ਗਏ,
ਉਹ ਵਤਨ ਬਚਾਵਣ ਖ਼ਾਤਰ ਸੂਲੀਆਂ ਚੜ੍ਹ ਗਏ।
13 ਅਪ੍ਰੈਲ 1919 ਤੋਂ ਬਾਅਦ ਨਾ ਗੋਰਾ ਪੈਰੀਂ ਆਇਆ,
ਚੜ੍ਹ ਚੜ੍ਹ ਸੂਲੀ ਯੋਧਿਆਂ ਫ਼ਿਰੰਗੀ ਰਾਜ ਮੁਕਾਇਆ।
ਹੱਸ ਕੇ ਰੱਸੇ ਚੁੰਮ ਗਏ ਸੀ ਅਨੇਕ ਪੰਜਾਬੀ,
ਬਾਬੇ ਨਾਨਕ ਦੇ ਵਾਰਸਾਂ ਦੀ ਟੌਹਰ ਨਵਾਬੀ।
ਫਿਰ ਸੰਨ ਸੰਤਾਲੀ ਆ ਗਿਆ ਉਹ ਭਾਗਾਂ ਭਰਿਆ,
ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਤੋਂ ਗੋਰਾ ਡਰਿਆ।
ਲਹੂ ਨਾਲ ਭਿੱਜੀ ਮਿਲ ਗਈ ਸਾਨੂੰ ਆਜ਼ਾਦੀ,
ਹਿੰਦ ਪਾਕ ਨੂੰ ਵੰਡ ਕੇ ਦੇ ਗਿਆ ਬਰਬਾਦੀ।
ਮਾਰੋ ਝਾਤੀ ਅੱਜ ਵੀ ਦੇਸ਼ ਦੇ ਅੰਦਰ,
ਹਰ ਪਾਸੇ ਵਰਤ ਰਿਹਾ ਸਭ ਉਹੀ ਮੰਜ਼ਰ।
ਦੇਸ਼ਭਗਤਾਂ ਤੇ ਸੂਰਿਆਂ ਦੀ ਸੁਣੋ ਪੁਕਾਰ,
ਦੇਸ਼ ਸੇਵਾ ਦੇ ਨਾਮ ’ਤੇ ਨਾ ਕਰੋ ਨਿਘਾਰ।
ਮਾਨਵਤਾ ਦੇ ਹੱਕ ਮਿਲ ਜਾਵਣ ਹੋਏ ਸੋਚ ਸੁਤੰਤਰ,
ਰਲ਼ ਕੇ ਸਾਰੇ ਇਕਜੁਟ ਹੋ ਕੇ ਬਦਲੀਏ ਇਹੋ ਤੰਤਰ।
ਜਲ੍ਹਿਆਂ ਵਾਲੇ ਬਾਗ਼ ਦੀ ਮਿੱਟੀ ਅੱਜ ਵੀ ਇਹੋ ਪੁਕਾਰੇ,
ਹਿੰਦੂ ਮੁਸਲਿਮ ਸਿੱਖ ਇਸਾਈ ਬਣੋ ਇਨਸਾਨ ਪਿਆਰੇ।