ਜਥੇਦਾਰਾਂ ਦੀ ਨਿਯੁਕਤੀ ਬਾਰੇ ਖਰੜਾ ਸ਼੍ਰੋਮਣੀ ਕਮੇਟੀ ਨੂੰ ਸੌਂਪਿਆ

ਅੰਮ੍ਰਿਤਸਰ, 18 ਅਪ੍ਰੈਲ – ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਬਾਰੇ ਪੰਥ ਪ੍ਰਮਾਣਿਤ ਨਿਯਮ ਘੜੇ ਜਾਣ ਲਈ ਦਲ ਖ਼ਾਲਸਾ ਨੇ ਖਰੜੇ ਦੀ ਕਾਪੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸੌਂਪੀ ਹੈ। ਦਲ ਖ਼ਾਲਸਾ ਨੇ ਆਸ ਪ੍ਰਗਟਾਈ ਹੈ ਕਿ ਉਹ ਇਸ ਦੀ ਘੋਖ ਕਰਕੇ, ਸਿੱਖ ਇਤਿਹਾਸਕਾਰਾਂ ਅਤੇ ਵਿਸ਼ੇ ਦੇ ਮਾਹਿਰਾਂ ਨਾਲ ਰਾਏ-ਮਸ਼ਵਰਾ ਕਰਕੇ ਇਸ ਕਾਰਜ ਨੂੰ ਨੇਪਰੇ ਚੜ੍ਹਾਉਣ ਲਈ ਫੌਰੀ ਯਤਨ ਸ਼ੁਰੂ ਕਰਨਗੇ। ਪਾਰਟੀ ਲੀਡਰ ਕੰਵਰਪਾਲ ਸਿੰਘ, ਪਰਮਜੀਤ ਸਿੰਘ ਮੰਡ, ਗੁਰਨਾਮ ਸਿੰਘ, ਗੁਰਵਿੰਦਰ ਸਿੰਘ ਬਾਜਵਾ ਅਤੇ ਮਾਨ ਸਿੰਘ ਨੇ ਦੱਸਿਆ ਇਹ ਖਰੜਾ ਪਾਰਟੀ ਦੇ ਤਿੰਨ ਮੈਂਬਰੀ ਵਫਦ ਵੱਲੋਂ ਪਿਛਲੇ ਦਿਨੀਂ ਸੌਂਪ ਦਿੱਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਜਿਸ ਤਰੀਕੇ ਅਕਾਲ ਤਖ਼ਤ ਸਾਹਿਬ, ਤਖ਼ਤ ਦਮਦਮਾ ਸਾਹਿਬ, ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰਾਂ ਨੂੰ ਜਬਰੀ ਸੇਵਾ-ਮੁਕਤ ਕੀਤਾ ਗਿਆ ਹੈ, ਉਸ ਨਾਲ ਹਰ ਸਿੱਖ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ। ਉਨ੍ਹਾਂ ਸੁਖਬੀਰ ਸਿੰਘ ਬਾਦਲ ਦੇ ਮੁੜ ਪ੍ਰਧਾਨ ਚੁਣੇ ਜਾਣ ’ਤੇ ਟਿੱਪਣੀ ਕਰਦਿਆਂ ਦੋਸ਼ ਲਾਇਆ ਕਿ ਉਸ ਨੇ ਆਪਣੀ ਪ੍ਰਧਾਨਗੀ ਹਥਿਆਉਣ ਲਈ ਤਿੰਨ ਜਥੇਦਾਰਾਂ ਦੀ ਬਲੀ ਲਈ, ਤਖ਼ਤਾਂ ਦੀ ਸਰਵਉੱਚਤਾ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਖ਼ਾਲਿਸਤਾਨ ਐਲਾਨ-ਨਾਮੇ ਦੀ ਵਰ੍ਹੇਗੰਢ ਮੌਕੇ ਦਲ ਖ਼ਾਲਸਾ ਵੱਲੋਂ 29 ਅਪਰੈਲ ਨੂੰ ਭਾਈ ਗੁਰਦਾਸ ਹਾਲ, ਅੰਮ੍ਰਿਤਸਰ ਵਿੱਚ ਸੈਮੀਨਾਰ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

ਸਾਂਝਾ ਕਰੋ

ਪੜ੍ਹੋ