
ਸੁਲਤਾਨਪੁਰ ਲੋਧੀ, 4 ਅਪ੍ਰੈਲ – ਦੁਨੀਆ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੇ ਸਿੱਖਾਂ ਦੇ ਪਹਿਲੇ ਗੁਰੂ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਸਬੰਧਤ ਖਾਸ ਥਾਵਾਂ ਵਿੱਚੋਂ ਇੱਕ ਹੈ ਸੁਲਤਾਨਪੁਰ ਲੋਧੀ। ਸੁਲਤਾਨਪੁਰ ਲੋਧੀ ਨਾਲ ਗੁਰੂ ਨਾਨਕ ਦੇਵ ਜੀ ਦਾ ਬੜਾ ਗੂੜ੍ਹਾ ਰਿਸ਼ਤਾ ਹੈ। ਚੜ੍ਹਦੇ ਪੰਜਾਬ ‘ਚ ਇਹ ਉਹ ਭਾਗਾਂ ਵਾਲੀ ਥਾਂ ਹੈ, ਜਿਥੇ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਦੇ ਆਧਾਰ ਮੂਲਮੰਤਰ ਸਾਹਿਬ ਦਾ ਉਚਾਰਨ ਕੀਤਾ ਤੇ ਕੁੱਲ ਖਲਕਤ ਨੂੰ ਮਾਨਵਤਾ ਦਾ ਸੰਦੇਸ਼ ਦਿੰਦੇ ਹੋਏ ਤੇਰਾ-ਤੇਰਾ ਤੋਲਿਆ।
ਭੈਣ ਬੇਬੇ ਨਾਨਕੀ ਜੀ ਨੇ ਸਭ ਤੋਂ ਪਹਿਲਾਂ ਕੀਤਾ ਸੀ ਗੁਰੂ ਨਾਨਕ ਦੀ ਰੂਹਾਨੀਅਤ ਦਾ ਅਹਿਸਾਸ
ਸਾਖੀਆਂ ਮੁਤਾਬਿਕ ਇੱਥੇ ਗੁਰੂ ਨਾਨਕ ਦੇਵ ਜੀ ਦੇ ਵੱਡੇ ਭੈਣ ਬੀਬੀ ਨਾਨਕੀ ਜੀ ਵਿਆਹੇ ਸਨ। ਉਨ੍ਹਾਂ ਦਾ ਜਨਮ ਆਪਣੇ ਨਾਨਕੇ ਘਰ ਪਿੰਡ ਚਹਿਲਾਂ (ਜ਼ਿਲ੍ਹਾ ਕਸੂਰ) ਵਿੱਚ ਹੋਇਆ ਸੀ। ਬੇਬੇ ਨਾਨਕੀ ਜੀ ਗੁਰੂ ਸਾਹਿਬ ਤੋਂ 5 ਸਾਲ ਵੱਡੇ ਸਨ। 11 ਸਾਲ ਦੀ ਉਮਰ ਵਿੱਚ ਬੇਬੇ ਨਾਨਕੀ ਦਾ ਵਿਆਹ ਸੁਲਤਾਨਪੁਰ ਲੋਧੀ ਵਿਖੇ ਮਾਲ ਮਹਿਕਮੇ ਵਿੱਚ ਕੰਮ ਕਰਦੇ ਜੈਰਾਮ ਜੀ ਨਾਲ ਹੋਇਆ ਸੀ। ਸਿੱਖ ਇਤਿਹਾਸ ਵਿੱਚ ਬੇਬੇ ਨਾਨਕੀ ਜੀ ਨੂੰ ਪਹਿਲੇ ਗੁਰਸਿੱਖ ਮੰਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਆਪਣੇ ਭਰਾ ਦੀ ਰੂਹਾਨੀਅਤ ਦਾ ਅਹਿਸਾਸ ਹੋਇਆ ਸੀ। ਬੇਬੇ ਨਾਨਕੀ ਦਾ ਗੁਰੂ ਨਾਨਕ ਸਾਹਿਬ ਨਾਲ ਅਥਾਹ ਪ੍ਰੇਮ ਸੀ। ਦੁਨਿਆਵੀ ਨਫੇ-ਨੁਕਸਾਨ ਤੋਂ ਬੇਪਰਵਾਹ ਬਾਲ ਨਾਨਕ ਨੂੰ ਪਿਤਾ ਦੇ ਗੁੱਸੇ ਤੋਂ ਬਚਾਉਣ ਲਈ ਬੇਬੇ ਨਾਨਕੀ ਭਰਾ ਨੂੰ ਆਪਣੇ ਨਾਲ ਸੁਲਤਾਨਪੁਰ ਲੈ ਆਏ।
ਬੇਬੇ ਨਾਨਕੀ ਜੀ ਦਾ ਪੁਰਾਤਨ ਘਰ ਅਤੇ ਇਸ ਦਾ ਇਤਿਹਾਸ
ਗੁਰੂ ਨਾਨਕ ਸਾਹਿਬ ਨੇ ਇੱਥੇ ਸੁਲਤਾਨਪੁਰ ਲੋਧੀ ਵਿਖੇ 14 ਸਾਲ, 9 ਮਹੀਨੇ, 13 ਦਿਨ ਬਤੀਤ ਕੀਤੇ। ਜੇਕਰ ਇਥੋਂ ਦੇ ਪ੍ਰਮੁੱਖ ਅਸਥਾਨਾਂ ਦੀ ਗੱਲ ਕਰੀਏ ਤਾਂ ਇੱਥੇ ਕਰੀਬ 6 ਇਤਿਹਾਸਿਕ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ। ਇਸ ਤੋਂ ਇਲਾਵਾ ਬੇਬੇ ਨਾਨਕੀ ਜੀ ਦਾ ਘਰ ਵੀ ਮੌਜੂਦ ਹੈ, ਜਿਥੇ ਵਿਆਹ ਤੋਂ ਪਹਿਲਾਂ ਲੰਮਾ ਸਮਾਂ ਗੁਰੂ ਨਾਨਕ ਦੇਵ ਜੀ ਇੱਥੇ ਠਹਿਰੇ ਸਨ।
ਅੱਜ ਵੀ ਬੇਬੇ ਨਾਨਕੀ ਦੀਆਂ ਯਾਦਾਂ ਇਸ ਘਰ ਵਿੱਚ ਮੌਜੂਦ
ਸੁਲਤਾਨਪੁਰ ਲੋਧੀ ਦੇ ਵਿਚਕਾਰ ਸਥਿਤ ਮੁਹੱਲਾ ਸਿੱਖਾਂ ਵਿਖੇ ਬੇਹੱਦ ਖੂਬਸੂਰਤ ਢੰਗ ਨਾਲ ਬੇਬੇ ਨਾਨਕੀ ਦਾ ਪੁਰਾਤਨ ਘਰ ਬਣਿਆ ਹੋਇਆ ਹੈ। ਇਹ ਇਮਾਰਤ ਹਾਲਾਂਕਿ ਮੁੜ ਉਸਾਰੀ ਗਈ ਹੈ, ਪਰ ਇਸ ਨੂੰ ਦਿੱਖ ਪੁਰਾਤਨ ਦਿੱਤੀ ਗਈ ਹੈ, ਜੋ ਕਿ ਬੇਹਦ ਦਿਲ ਖਿੱਚਵੀ ਅਤੇ ਮਨ ਨੂੰ ਸਕੂਨ ਦਿੰਦੀ ਹੈ। ਇੱਥੇ ਬੇਬੇ ਨਾਨਕੀ ਜੀ ਦੇ ਘਰ ਦੀ ਖੂਹੀ ਹਾਲੇ ਵੀ ਮੌਜੂਦ ਹੈ। ਪਹਿਲੀ ਮੰਜ਼ਿਲ ‘ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ ਅਤੇ ਇੱਕ ਅਜਾਇਬ ਘਰ ਵੀ ਹੈ। ਜਾਣਾਕਰੀ ਮੁਤਾਬਿਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਭੈਣ ਬੇਬੇ ਨਾਨਕੀ ਇੱਥੇ ਆਪਣੇ ਪਤੀ ਜੈ ਰਾਮ ਜੀ ਨਾਲ ਰਹਿੰਦੇ ਸਨ, ਜੋ ਕਿ ਉਸ ਸਮੇਂ ਦੇ ਸੁਲਤਾਨ ਦੌਲਤ ਖਾਂ ਲੋਧੀ ਦੇ ਮਾਲ ਮਹਿਕਮੇ ਵਿੱਚ ਇੱਕ ਅਫ਼ਸਰ ਸਨ। ਦੇਸ਼-ਵਿਦੇਸ਼ਾਂ ਤੋਂ ਸੰਗਤਾਂ ਇਸ ਪਵਿੱਤਰ ਆਸਥਾਨ ਦੇ ਦਰਸ਼ਨਾਂ ਲਈ ਆਉਂਦੀਆਂ ਹਨ। ਬਾਬੇ ਨਾਨਕ ਦੇ ਦਰ ‘ਤੇ ਸਿਜਦਾ ਕਰ ਖੁਦ ਨੂੰ ਖੁਸ਼ਕਿਸਮਤ ਸਮਝਦੀਆਂ ਹਨ।
ਇਸੇ ਅਸਥਾਨ ਉੱਤੇ ਰਹਿ ਚੁੱਕੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ
ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਕਥਾਵਾਚਕ ਭਾਈ ਕਰਨਜੀਤ ਸਿੰਘ ਨੇ ਦੱਸਿਆ ਕਿ, “ਜਦ ਪਿਤਾ ਮਹਿਤਾ ਕਾਲੂ ਰਾਮ ਨੇ ਗੁਰੂ ਨਾਨਕ ਦੇਵ ਜੀ ਨੂੰ ਉਨ੍ਹਾਂ ਦੀ ਭੈਣ ਕੋਲ ਇੱਥੇ ਭੇਜ ਦਿੱਤਾ ਸੀ, ਜਿਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਕਾਫੀ ਸਮਾਂ ਇੱਥੇ ਰਹੇ। ਬੇਬੇ ਨਾਨਕੀ ਜੀ ਦੇ ਪਤੀ ਭਾਈ ਜੈ ਰਾਮ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਲੋਧੀ ਵਿਖੇ ਇੱਕ ਮੋਦੀਖਾਨੇ ਵਿੱਚ ਨੌਕਰੀ ਲਵਾਇਆ ਸੀ। ਉਸੇ ਮੋਦੀਖਾਨੇ ਵਾਲੀ ਥਾਂ ਗੁਰਦੁਆਰਾ ਹੱਟ ਸਾਹਿਬ ਸੁਸ਼ੋਭਿਤ ਹੈ।
ਸੁਲਤਾਨਪੁਰ ਲੋਧੀ ਦਾ ਇਤਿਹਾਸ
ਸੁਲਤਾਨਪੁਰ ਲੋਧੀ ਦਾ ਇਤਿਹਾਸ ਕਰੀਬ 2000 ਸਾਲ ਪੁਰਾਣਾ ਹੈ। ਸੁਲਤਾਨਪੁਰ ਲੋਧੀ ਦਾ ਪੁਰਾਤਨ ਨਾਂ ਤਮਸਾਵਨ ਸੀ, ਜੋ ਕਿਸੇ ਵੇਲੇ ਬੁੱਧ ਧਰਮ ਦਾ ਅਧਿਆਤਮਕ ਕੇਂਦਰ ਰਿਹਾ। 5ਵੀਂ ਤੇ 7ਵੀਂ ਸਦੀ ‘ਚ ਕਾਤਯਾਨ ਨੇ ਬੁੱਧ ਧਰਮ ਦੇ ਗ੍ਰੰਥ ਅਭੀਧਰਮ ਪਸਥਾਰਵ ਦੀ ਰਚਨਾ ਕੀਤੀ। ਮੁਗਲ ਰਾਜ ‘ਚ ਸੁਲਤਾਨਪੁਰ ਲੋਧੀ ਰਾਜਨੀਤੀ ਤੇ ਵਿੱਦਿਆ ਦੇ ਕੇਂਦਰ ਰਿਹਾ। ਬੁੱਧ ਤੇ ਹਿੰਦੂ ਧਰਮ ਦਾ ਅਹਿਮ ਸਥਾਨ ਹੋਣ ਕਰਕੇ ਮਹਿਮੂਦ ਗਜ਼ਨਵੀ ਨੇ ਇਸ ਜਗ੍ਹਾ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ।