ਪੰਜਾਬ-ਹਰਿਆਣਾ ‘ਚ 5 ਅਪ੍ਰੈਲ ਤੋਂ ਬਾਅਦ ਹੀਟ ਵੇਵ ਅਲਰਟ

ਚੰਡੀਗੜ੍ਹ, 4 ਅਪ੍ਰੈਲ – ਇਸ ਗਰਮੀ ਦੇ ਮੌਸਮ ਵਿੱਚ ਪੰਜਾਬ ਅਤੇ ਹਰਿਆਣਾ ਵਿੱਚ ਰਿਕਾਰਡ ਤੋੜ ਗਰਮੀ ਪੈਣ ਜਾ ਰਹੀ ਹੈ।  5 ਅਪ੍ਰੈਲ ਤੋਂ ਬਾਅਦ ਹਰਿਆਣਾ ਸਮੇਤ ਪੰਜਾਬ ਦੇ ਦੱਖਣੀ ਖੇਤਰ ‘ਚ ਗਰਮੀ ਦਾ ਕਹਿਰ ਦੇਖਣ ਨੂੰ ਮਿਲੇਗਾ।ਮੌਸਮ ਵਿਭਾਗ ਅਨੁਸਾਰ ਅਗਲੇ ਦੋ-ਤਿੰਨ ਦਿਨਾਂ ਵਿੱਚ ਤਾਪਮਾਨ ਹੋਰ ਵਧੇਗਾ ਅਤੇ 40 ਤੋਂ ਉਪਰ ਚਲਾ ਜਾਵੇਗਾ। ਜਾਣਕਾਰੀ ਦਿੰਦਿਆਂ ਸੁਰਿੰਦਰ ਪਾਲ ਨੇ ਦੱਸਿਆ ਕਿ ਇਸ ਸਮੇਂ ਚੰਡੀਗੜ੍ਹ ਸਮੇਤ ਪੰਜਾਬ-ਹਰਿਆਣਾ ‘ਚ ਤਾਪਮਾਨ 30 ਤੋਂ 35 ਡਿਗਰੀ ਹੈ ਪਰ 5 ਅਤੇ 6 ਅਪ੍ਰੈਲ ਤੋਂ ਬਾਅਦ ਇਸ ‘ਚ ਵਾਧਾ ਹੋਵੇਗਾ, ਖਾਸ ਤੌਰ ‘ਤੇ ਪੰਜਾਬ ਦੇ ਫ਼ਿਰੋਜ਼ਪੁਰ, ਗੁਰਦਾਸਪੁਰ ਅਤੇ ਇਸ ਦੇ ਆਸ-ਪਾਸ ਦੇ ਸਾਰੇ ਇਲਾਕਿਆਂ ਵਿੱਚ ਹੀਟ ਵੇਵ ਦਾ ਕਹਿਰ ਦੇਖਣ ਨੂੰ ਮਿਲੇਗਾ।

ਇਸ ਦੇ ਨਾਲ ਹੀ ਜੇਕਰ ਹਰਿਆਣਾ ਦੀ ਦੀ ਗੱਲ ਕਰੀਏ ਤਾਂ ਸਿਰਸਾ, ਫਤਿਹਾਬਾਦ, ਮਹਿੰਦਰਗੜ੍ਹ ਦੇ ਆਸੇ-ਪਾਸੇ ਦੇ ਇਲਾਕਿਆਂ ‘ਚ ਗਰਮੀ ਦੀ ਲਹਿਰ ਬਣੇਗੀ।ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਹੀਟਵੇਵ ਦਾ ਮੁੱਖ ਕਾਰਨ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਪੂਰਾ ਵਾਤਾਵਰਣ ਬੱਦਲ ਰਹਿਤ ਹੈ। ਇੱਥੇ ਕਿਸੇ ਵੀ ਤਰ੍ਹਾਂ ਨਾਲ ਪੱਛਮੀ ਗੜਬੜੀ ਨਹੀਂ ਹੈ ਅਤੇ ਨਾ ਹੀ ਪਿਛਲੇ ਕੁਝ ਦਿਨਾਂ ਤੋਂ ਜ਼ਿਆਦਾ ਮੀਂਹ ਪਿਆ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪਿਛਲੀ ਵਾਰ ਵੀ 2024 ਵਿੱਚ ਬਹੁਤ ਗਰਮੀ ਦੇਖਣ ਨੂੰ ਮਿਲੀ ਸੀ। ਅਜਿਹੇ ‘ਚ ਇਸ ਸਾਲ ਵੀ ਗਰਮੀ ਆਪਣਾ ਰਿਕਾਰਡ ਤੋੜ ਸਕਦੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਹਰਿਆਣਾ ਵਿੱਚ ਰਿਕਾਰਡ ਤੋੜ ਗਰਮੀ ਪਈ ਸੀ ਅਤੇ ਪਾਰਾ 48 ਡਿਗਰੀ ਤੱਕ ਪਹੁੰਚ ਗਿਆ ਸੀ।

ਹਰਿਆਣਾ ਵਿੱਚ 37 ਡਿਗਰੀ ਪਾਰਾ

ਬੁੱਧਵਾਰ ਨੂੰ ਹਰਿਆਣਾ ਦੇ ਕਈ ਇਲਾਕਿਆਂ ‘ਚ ਪਾਰਾ 35 ਡਿਗਰੀ ਦੇ ਕਰੀਬ ਦਰਜ ਕੀਤਾ ਗਿਆ। ਭਿਵਾਨੀ ਵਿੱਚ ਸਭ ਤੋਂ ਵੱਧ 37.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ।ਇਸੇ ਤਰ੍ਹਾਂ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 34.5, ਸਿਰਸਾ ਅਤੇ ਫਰੀਦਾਬਾਦ ਵਿੱਚ 36 ਡਿਗਰੀ, ਗੁਰੂਗ੍ਰਾਮ ਵਿੱਚ 34.8, ਨੌਰਨੌਲ ਵਿੱਚ 36 ਅਤੇ ਰੋਹਤਕ ਵਿੱਚ 37 ਡਿਗਰੀ ਦਰਜ ਕੀਤਾ ਗਿਆ ਹੈ। ਹੁਣ ਸੂਬੇ ਭਰ ਵਿੱਚ AC , ਕੂਲਰ ਅਤੇ ਪੱਖੇ ਚੱਲਣ ਲੱਗ ਪਏ ਹਨ।

ਸਾਂਝਾ ਕਰੋ

ਪੜ੍ਹੋ