
ਚੰਡੀਗੜ੍ਹ, 2 ਅਪ੍ਰੈਲ – ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁਧ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਦੌਰਾਨ ਪੁਲਿਸ ਪ੍ਰਸ਼ਾਸਨ ਨੇ ਕਈ ਨਸ਼ਾ ਤਸਕਰ ਗ੍ਰਿਫ਼ਤਾਰ ਕਰ ਕੇ ਜੇਲਾਂ ਵਿਚ ਬੰਦ ਕੀਤੇ ਹਨ ਤੇ ਕਈਆਂ ਦੇ ਘਰ ਵੀ ਢਾਹੇ ਹਨ। ਇਹ ਮੁਹਿੰਮ ਹਾਲੇ ਵੀ ਜਾਰੀ ਹੈ। ਤੁਹਾਨੂੰ ਜਾਣਕਾਰੀ ਦੇ ਦਈਏ ਕਿ ਸ਼ਹਿਰ ਵਿਚ ਨਸ਼ਾ ਵੇਚਣ ਵਾਲਿਆਂ ਦੀ ਸ਼ਿਕਾਇਤ ਲਈ 15 ਗੁਪਤ ਜਾਣਕਾਰੀ ਬਕਸੇ ਲਗਾਏ ਜਾਣਗੇ। ਨਸ਼ਿਆਂ ਵਿਰੁਧ ਚਲ ਰਹੀ ਮੁਹਿੰਮ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣ ਲਈ, ਪੁਲਿਸ ਨੇ ਸ਼ਹਿਰ ਦੇ ਮਹੱਤਵਪੂਰਨ ਸਥਾਨਾਂ ’ਤੇ ਜਾਣਕਾਰੀ ਬਕਸੇ ਲਗਾਉਣੇ ਸ਼ੁਰੂ ਕਰ ਦਿਤੇ ਹਨ।
ਇਨ੍ਹਾਂ ਬਕਸਿਆਂ ਦੀ ਖ਼ਾਸੀਅਤ ਇਹ ਹੈ ਕਿ ਲੋਕ ਨਸ਼ਾ ਵੇਚਣ ਵਾਲਿਆਂ ਦੇ ਨਾਮ ਅਤੇ ਪਤੇ ਬਿਨਾਂ ਕਿਸੇ ਡਰ ਦੇ ਇਕ ਪਰਚੀ ’ਤੇ ਲਿਖ ਕੇ ਦੇ ਸਕਣਗੇ। ਦੱਸਣਯੋਗ ਹੈ ਕਿ ਪੰਜਾਬ ’ਚੋਂ ਨਸ਼ੇ ਦੇ ਖ਼ਾਤਮੇ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ, ਜਿੱਥੇ ਪੁਲਿਸ ਲੋਕਾਂ ਵਿਚ ਸੁਧਾਰ ਲਿਆਉਣ ਲਈ ਕਈ ਉਪਾਅ ਅਪਣਾ ਰਹੀ ਹੈ, ਉੱਥੇ ਹੀ ਜਾਂਚ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਹਨ। ਇਹ ਮੁਹਿੰਮ ਹੁਣ ਪਠਾਨਕੋਟ ਵਿਚ ਵੀ ਆਪਣਾ ਪ੍ਰਭਾਵ ਛੱਡ ਰਹੀ ਹੈ। ਅੱਜਕੱਲ੍ਹ, ਨਸ਼ਾ ਛੁਡਾਊ ਕੇਂਦਰਾਂ ਵਿਚ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ ਤੇ ਲੋਕ ਨਸ਼ਾ ਛੱਡਣ ਲਈ ਸਰਕਾਰੀ ਹਸਪਤਾਲਾਂ ਵਿਚ ਮੌਜੂਦ ਵਿਸ਼ੇਸ਼ ਕੇਂਦਰਾਂ ਦਾ ਰੁਖ ਕਰ ਰਹੇ ਹਨ।