
ਮੁਹਾਲੀ, 2 ਅਪ੍ਰੈਲ – ਇੱਥੋਂ ਦੀ ਅਦਾਲਤ ਨੇ 2018 ਦੇ ਜਬਰ-ਜ਼ਨਾਹ ਮਾਮਲੇ ਵਿੱਚ ਪਾਦਰੀ ਬਜਿੰਦਰ ਸਿੰਘ ਨੂੰ ਮੰਗਲਵਾਰ ਉਮਰ ਕੈਦ ਦੀ ਸਜ਼ਾ ਸੁਣਾਈ। ਪਾਦਰੀ ਅਦਾਲਤ ’ਚ ਗਿੜਗਿੜਾਇਆ ਅਤੇ ਕਿਹਾ ਕਿ ਉਸ ਦੇ ਬੱਚੇ ਛੋਟੇ ਹਨ, ਪਤਨੀ ਬਿਮਾਰ ਹੈ, ਉਹ ਸੋਸ਼ਲ ਬੰਦਾ ਹੈ ਤੇ ਉਸ ਦੀ ਲੱਤ ’ਚ ਰਾਡ ਪਈ ਹੋਈ ਹੈ, ਪਰ ਅਦਾਲਤ ਨੇ ਬਖਸ਼ਿਆ ਨਹੀਂ। ਐਡੀਸ਼ਨਲ ਜ਼ਿਲ੍ਹਾ ਸੈਸ਼ਨ ਜੱਜ ਨੇ ਬਾਕੀ ਮੁਲਜ਼ਮਾਂ ਅਕਬਰ ਭੱਟੀ, ਰਾਜੇਸ਼ ਚੌਧਰੀ, ਜਤਿੰਦਰ ਕੁਮਾਰ, ਸਿਤਾਰ ਅਲੀ ਅਤੇ ਸੰਦੀਪ ਉਰਫ ਪਹਿਲਵਾਨ ਨੂੰ ਸਬੂਤਾਂ ਦੀ ਘਾਟ ਕਾਰਨ ਪਹਿਲਾਂ ਹੀ ਬਰੀ ਕਰ ਦਿੱਤਾ ਸੀ, ਜਦੋਂ ਕਿ ਇਕ ਮੁਲਜ਼ਮ ਸੁੱਚਾ ਸਿੰਘ ਦੀ ਅਦਾਲਤੀ ਸੁਣਵਾਈ ਦੌਰਾਨ ਮੌਤ ਹੋ ਚੁੱਕੀ ਹੈ। ਫੈਸਲੇ ’ਤੇ ਪ੍ਰਤੀਕਿਰਿਆ ਦਿੰਦਿਆਂ ਪੀੜਤਾ ਨੇ ਕਿਹਾ, ‘‘ਉਹ (ਬਜਿੰਦਰ) ਮਨੋਰੋਗੀ ਹੈ ਅਤੇ ਜੇਲ੍ਹ ਵਿੱਚੋਂ ਬਾਹਰ ਆ ਕੇ ਫਿਰ ਅਜਿਹੀ ਹਰਕਤ ਕਰੇਗਾ, ਇਸ ਕਰਕੇ ਮੈਂ ਚਾਹੁੰਦੀ ਹਾਂ ਕਿ ਉਸ ਨੂੰ ਜੇਲ੍ਹ ਵਿੱਚ ਹੀ ਰੱਖਿਆ ਜਾਵੇ। ਅੱਜ ਕਈ ਪੀੜਤਾਂ ਦੀ ਜਿੱਤ ਹੋਈ ਹੈ।
ਮੈਂ ਡੀ ਜੀ ਪੀ ਨੂੰ ਬੇਨਤੀ ਕਰਦੀ ਹਾਂ ਕਿ ਸਾਡੀ ਸੁਰੱਖਿਆ ਯਕੀਨੀ ਬਣਾਉਣ, ਕਿਉਕਿ ਸਾਡੇ ’ਤੇ ਹਮਲਿਆਂ ਦਾ ਅੰਦੇਸ਼ਾ ਹੈ।’’ ਪੀੜਤਾਂ ਨੇ ਇਸ ਤੋਂ ਪਹਿਲਾਂ ਉਸ ਨੂੰ 20 ਸਾਲ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ। ਪੀੜਤਾ ਦੇ ਵਕੀਲ ਅਨਿਲ ਸਾਗਰ ਨੇ ਫਾਜ਼ਲ ਜੱਜ ਤੋਂ ਪਾਦਰੀ ਨੂੰ ਇਬਰਤਨਾਕ ਸਜ਼ਾ ਦੇਣ ਦੀ ਮੰਗ ਕੀਤੀ ਸੀ। ਉਸ ਨੇ ਕਿਹਾ ਸੀਕੇਸ ਦੇ ਹਾਲਾਤ ਮੁਤਾਬਕ ਬਲਾਤਕਾਰ ਲਈ 10 ਤੋਂ 20 ਸਾਲ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਇਸ ਕੇਸ ਵਿੱਚ ਮੈਂ ਵੱਧ ਤੋਂ ਵੱਧ ਸਜ਼ਾ ਦੇਣ ਦੀ ਮੰਗ ਕਰਦਾ ਹਾਂ ਕਿਉਕਿ ਇਹ ਬੰਦਾ ਲੋਕਾਂ ਨੂੰ ਧਰਮ ਦੇ ਨਾਂਅ ’ਤੇ ਭਰਮਾਉਦਾ ਸੀ।
ਇਸ ਲਈ ਇਬਰਤਨਾਕ ਸਜ਼ਾ ਦਾ ਭਾਗੀ ਹੈ। ਮੈਂ ਆਸ ਕਰਦਾ ਹਾਂ ਕਿ ਇਸ ਤੋਂ ਬਾਅਦ ਅਜਿਹੇ ਜੁਰਮਾਂ ਦਾ ਸਾਹਮਣਾ ਕਰਨ ਵਾਲੀਆਂ ਹੋਰ ਕੁੜੀਆਂ ਸਾਹਮਣੇ ਆਉਣਗੀਆਂ ਤੇ ਆਪਣੇ ਨਾਲ ਹੋਏ ਜ਼ੁਲਮਾਂ ਬਾਰੇ ਦੱਸਣਗੀਆਂ। ਇਸ ਸੰਬੰਧੀ 20 ਅਪਰੈਲ 2018 ਨੂੰ ਜ਼ੀਰਕਪੁਰ ਪੁਲਸ ਸਟੇਸ਼ਨ ਵਿੱਚ ਆਈ ਪੀ ਸੀ ਅਤੇ ਆਈ ਟੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐੱਫ ਆਈ ਆਰ ਦਰਜ ਕੀਤੀ ਗਈ ਸੀ। ਪੀੜਤਾ ਨੇ ਪੁਲਸ ਨੂੰ ਦੱਸਿਆ ਸੀ ਕਿ ਉਹ ਇਕ ਢਾਬੇ ’ਤੇ ਪਾਸਟਰ ਬਜਿੰਦਰ ਦੇ ਸੰਪਰਕ ਵਿਚ ਆਈ ਸੀ। ਇਸ ਤੋਂ ਬਾਅਦ ਪਾਸਟਰ ਬਜਿੰਦਰ ਵੱਲੋਂ ਛੱਤ ਵਿਖੇ ਇਕ ਪੈਲੇਸ ਵਿਚ ਕਰਵਾਈ ਜਾਂਦੀ ਮੀਟਿੰਗ ਵਿਚ ਸ਼ਾਮਲ ਹੋ ਕੇ ਪ੍ਰਾਰਥਨਾ ਕਰਦੀ ਸੀ।
ਪਾਸਟਰ ਬਜਿੰਦਰ ਸਿੰਘ ਨੇ ਉਸ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਉਹ ਵੀ ਬਤੌਰ ਪਾਸਟਰ ਇਸ ਦਾ ਕਹਿਣਾ ਮੰਨਣ ਲੱਗ ਪਈ। ਸਤੰਬਰ 2017 ਨੂੰ ਸ਼ਾਮ ਸਮੇਂ ਪਾਸਟਰ ਬਜਿੰਦਰ ਨੇ ਉਸ ਨੂੰ ਫੋਨ ਕਰਕੇ ਜ਼ੀਰਕਪੁਰ ਦੇ ਇਕ ਢਾਬੇ ਕੋਲ ਬੁਲਾਇਆ ਅਤੇ ਕਿਹਾ ਕਿ ਉਹ ਆਪਣਾ ਪਾਸਪੋਰਟ ਵੀ ਨਾਲ ਲੈ ਕੇ ਆਵੇ। ਉਹ ਪਾਸਪੋਰਟ ਲੈ ਕੇ ਢਾਬੇ ਕੋਲ ਪਹੁੰਚੀ ਅਤੇ ਪਾਸਟਰ ਬਜਿੰਦਰ ਉਸ ਨੂੰ ਆਪਣੀ ਗੱਡੀ ’ਚ ਬਿਠਾ ਕੇ ਆਪਣੇ ਫਲੈਟ ਵਿਚ ਲੈ ਗਿਆ, ਜਿਥੇ ਪਾਸਟਰ ਬਜਿੰਦਰ ਨੇ ਉਸ ਨੂੰ ਕਿਹਾ ਕਿ ਉਹ ਕੁਝ ਦਿਨਾਂ ਬਾਅਦ ਯੂ ਕੇ ਜਾ ਰਿਹਾ ਹੈ ਅਤੇ ਉਹ ਉਸ ਨੂੰ ਆਪਣੇ ਨਾਲ ਲੈ ਕੇ ਜਾਵੇਗਾ।
ਪਾਸਟਰ ਨੇ ਉਸ ਨੂੰ ਆਪਣੇ ਨਾਲ ਵਿਦੇਸ਼ ਲੈ ਕੇ ਜਾਣ ਦਾ ਝਾਂਸਾ ਦੇ ਕੇ ਉਸ ਦੀ ਮਰਜ਼ੀ ਤੋਂ ਬਿਨਾਂ ਉਸ ਨਾਲ ਸਰੀਰਕ ਸੰਬੰਧ ਬਣਾਏ ਅਤੇ ਉਸ ਨੂੰ ਬੇਹੋਸ਼ ਕਰਕੇ ਉਸ ਦੀ ਅਸ਼ਲੀਲ ਵੀਡੀਓ ਵੀ ਬਣਾਈ। ਪਾਸਟਰ ਉਕਤ ਵੀਡੀਓ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਂਦਾ ਰਿਹਾ। ਚਲਦੇ ਕੇਸ ਦੌਰਾਨ ਪੀੜਤਾ ਨੇ ਕਿਹਾ ਸੀ ਕਿ ਕੇਸ ਵਾਪਸ ਲੈਣ ਲਈ ਉਸ ’ਤੇ ਦਬਾਅ ਪਾਇਆ ਜਾ ਰਿਹਾ ਹੈ। ਖੁਦਸਾਖਤਾ ‘ਰੱਬ ਦੇ ਬੰਦੇ’ ਦੇ ਹਮਾਇਤੀਆਂ ਨੇ ਉਸ ਦੇ ਹੱਕ ਵਿੱਚ ਪ੍ਰੋਟੈੱਸਟ ਕਰਕੇ ਦਾਅਵਾ ਕੀਤਾ ਸੀ ਕਿ ਉਸ ਨੂੰ ਝੂਠਾ ਫਸਾਇਆ ਗਿਆ ਹੈ ਤੇ ਉਹ ਬੇਗੁਨਾਹ ਹੈ। ਸਿਰਫ ਇਹੀ ਕੇਸ ਨਹੀਂ, ਪੰਜਾਬ ਪੁਲਸ ਨੇ ਬਜਿੰਦਰ ਖਿਲਾਫ ਰਣਜੀਤ ਕੌਰ ਨਾਂਅ ਦੀ ਮਹਿਲਾ ਦੇ ਬਿਆਨ ’ਤੇ ਵੀ ਪਿਛਲੀ ਫਰਵਰੀ ਨੂੰ ਐੱਫ ਆਈ ਆਰ ਦਰਜ ਕੀਤੀ ਸੀ।
ਉਸ ਨੇ ਕਿਹਾ ਸੀ ਕਿ ਇਕ ਪ੍ਰਾਰਥਨਾ ਸਭਾ ਵਿੱਚ ਉਸ ਤੇ ਹੋਰਨਾਂ ਨਾਲ ਬਦਸਲੂਕੀ ਕੀਤੀ ਗਈ ਤੇ ਹਮਲਾ ਵੀ ਕੀਤਾ ਗਿਆ। ਉਸ ਨੇ ਕਿਹਾ ਸੀ ਕਿ ਉਸ ’ਤੇ ਉਦੋਂ ਹਮਲਾ ਕੀਤਾ ਗਿਆ, ਜਦੋਂ ਉਸ ਨੇ ਇੱਕ ਹੋਰ ’ਤੇ ਹਮਲੇ ਨੂੰ ਰੋਕਣ ਲਈ ਦਖਲ ਦਿੱਤਾ। 42 ਸਾਲਾ ਪਾਦਰੀ ਦਾ ਜਨਮ ਹਰਿਆਣਾ ਦੇ ਯਮੁਨਾਨਗਰ ਵਿੱਚ ਇੱਕ ਹਿੰਦੂ-ਜਾਟ ਪਰਵਾਰ ਵਿੱਚ ਹੋਇਆ ਸੀ। ਉਸ ਨੇ ਲੱਗਭੱਗ 15 ਸਾਲ ਪਹਿਲਾਂ ਇੱਕ ਕਤਲ ਕੇਸ ਵਿੱਚ ਕੈਦ ਦੌਰਾਨ ਈਸਾਈ ਧਰਮ ਅਪਣਾ ਲਿਆ ਸੀ। 2012 ਵਿੱਚ ਆਪਣੀ ਰਿਹਾਈ ਤੋਂ ਬਾਅਦ ਉਹ ਇੱਕ ਪ੍ਰਚਾਰਕ ਬਣ ਗਿਆ ਅਤੇ 2014 ਵਿੱਚ ਜਲੰਧਰ ਕੋਲ ਤਾਜਪੁਰ ਚਰਚ ਦੀ ਸਥਾਪਨਾ ਕਰਨ ਤੋਂ ਪਹਿਲਾਂ ਮੁਹਾਲੀ ਵਿੱਚ ਉਪਦੇਸ਼ ਦਿੰਦਾ ਰਿਹਾ। ਜ਼ਿਕਰਯੋਗ ਹੈ ਕਿ ਤਾਜਪੁਰ ਚਰਚ ਦੀਆਂ ਹੁਣ ਪੰਜਾਬ ਵਿੱਚ 23 ਸ਼ਾਖਾਵਾਂ ਹਨ ਅਤੇ ਕਈ ਸ਼ਾਖਾਵਾਂ ਭਾਰਤ ਤੋਂ ਬਾਹਰ ਕੈਨੇਡਾ, ਯੂ ਕੇ ਅਤੇ ਦੁਬਈ ਵਿੱਚ ਵੀ ਹਨ। ਬਜਿੰਦਰ ਸਿੰਘ, ਜਿਸ ਦਾ ਇੰਸਟਾਗ੍ਰਾਮ ਹੈਂਡਲ ਉਸ ਨੂੰ ‘ਪੈਗੰਬਰ ਬਜਿੰਦਰ ਸਿੰਘ’ (ਪ੍ਰੋਫੇਟ ਬਜਿੰਦਰ ਸਿੰਘ) ਵਜੋਂ ਦਰਸਾਉਂਦਾ ਸੀ, ਨੂੰ ਉਸ ਦੇ ਫਾਲੋਅਰਜ਼ ਵੱਲੋਂ ‘ਪਾਪਾ’ ਵੀ ਕਿਹਾ ਜਾਂਦਾ ਸੀ।