
ਵਾਸ਼ਿੰਗਟਨ, 1 ਅਪ੍ਰੈਲ – ਅਮਰੀਕਾ ਨੇ ਛੇ ਚੀਨੀ ਅਤੇ ਹਾਂਗਕਾਂਗ ਅਧਿਕਾਰੀਆਂ ’ਤੇ ਪਾਬੰਦੀ ਲਗਾ ਦਿਤੀ ਹੈ ਜਿਨ੍ਹਾਂ ’ਤੇ ਦੋਸ਼ ਹੈ ਕਿ ਉਹ ‘ਅੰਤਰਰਾਸ਼ਟਰੀ ਦਮਨ’ ਅਤੇ ਹੋਰ ਕੰਮਾਂ ਵਿੱਚ ਸ਼ਾਮਲ ਸਨ ਜਿਸ ਨਾਲ ਹਾਂਗਕਾਂਗ ਦੀ ਖੁਦਮੁਖਤਿਆਰੀ ਨੂੰ ਹੋਰ ਨੁਕਸਾਨ ਪਹੁੰਚਣ ਦਾ ਖ਼ਤਰਾ ਸੀ। ਇਸ ’ਤੇ ਪਲਟਵਾਰ ਕਰਦੇ ਹੋਏ ਹਾਂਗਕਾਂਗ ਸਰਕਾਰ ਨੇ ਮੰਗਲਵਾਰ ਨੂੰ ਪਾਬੰਦੀ ਲਗਾਉਣ ਲਈ ਅਮਰੀਕਾ ਦੀ ਆਲੋਚਨਾ ਕੀਤੀ। ਜਿਨ੍ਹਾਂ ਛੇ ਅਧਿਕਾਰੀਆਂ ’ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ ਵਿੱਚ ਨਿਆਂ ਸਕੱਤਰ ਪਾਲ ਲੈਮ, ਸੁਰੱਖਿਆ ਦਫ਼ਤਰ ਦੇ ਡਾਇਰੈਕਟਰ ਡੋਂਗ ਜਿੰਗਵੇਈ ਅਤੇ ਪੁਲਿਸ ਕਮਿਸ਼ਨਰ ਰੈਮਨ ਸ਼ਾਮਲ ਹਨ। ਇਹ ਪਾਬੰਦੀ ਅਮਰੀਕਾ ਅਤੇ ਚੀਨ ਵਿਚਕਾਰ ਤਣਾਅ ਨੂੰ ਹੋਰ ਵਧਾ ਸਕਦੀਆਂ ਹਨ। ਦੋਵਾਂ ਦੇਸ਼ਾਂ ਵਿੱਚ ਪਹਿਲਾਂ ਹੀ ਵਪਾਰਕ ਟੈਰਿਫ਼ ਅਤੇ ਤਾਈਵਾਨ ਵਰਗੇ ਹੋਰ ਮੁੱਖ ਮੁੱਦਿਆਂ ’ਤੇ ਮਤਭੇਦ ਹਨ।
ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ, ‘‘ਬੀਜਿੰਗ ਅਤੇ ਹਾਂਗਕਾਂਗ ਦੇ ਸੁੁਰੱਖਿਆ ਕਾਨੂੰਨਾਂ ਦੀ ਦੁਰਵਰਤੋਂ ਉਨ੍ਹਾਂ 19 ਲੋਕਤੰਤਰ ਪੱਖੀ ਕਾਰਕੁਨਾਂ ਨੂੰ ਡਰਾਉਣ, ਚੁੱਪ ਕਰਾਉਣ ਅਤੇ ਪ੍ਰੇਸ਼ਾਨ ਕਰਨ ਲਈ ਕੀਤਾ ਅਤੇ ਉਨ੍ਹਾਂ ਨੂੰ ਡਰਾ ਕੇ ਜਾਂ ਦਬਾਅ ਪਾ ਕੇ ਵਿਦੇਸ਼ ਭੱਜਣ ਲਈ ਮਜਬੂਰ ਕੀਤਾ ਗਿਆ। ਇਨ੍ਹਾਂ ਕਾਰਕੁਨਾਂ ਵਿੱਚ ਇਕ ਅਮਰੀਕੀ ਨਾਗਰਿਕ ਅਤੇ ਚਾਰ ਹੋਰ ਅਮਰੀਕੀ ਨਿਵਾਸੀ ਸ਼ਾਮਲ ਹਨ। ਸੋਮਵਾਰ ਨੂੰ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਛੇ ਅਧਿਕਾਰੀਆਂ ’ਤੇ ਪਾਬੰਦੀ ਲਗਾਈ ਗਈ ਸੀ, ਉਹ ਉਨ੍ਹਾਂ ਸੰਗਠਨਾਂ ਜਾਂ ਗਤੀਵਿਧੀਆਂ ਵਿੱਚ ਸ਼ਾਮਲ ਸਨ ਜੋ ਹਾਂਗਕਾਂਗ ਦੇ ਸੁਰੱਖਿਆ ਕਾਨੂੰਨ ਦੀ ਵਰਤੋਂ ਕਰ ਕੇ ਲੋਕਾਂ ’ਤੇ ਦਬਾਅ ਬਨਾਉਣ ਦੇ ਨਾਲ ਜ਼ਬਰਦਸਤੀ ਗ੍ਰਿਫ਼ਤਾਰ ਕਰਨ, ਹਿਰਾਸਤ ਵਿੱਚ ਲੈਣ ਜਾਂ ਕੈਦ ’ਚ ਸੁੱਟਣ ਦਾ ਕੰਮ ਕਰ ਰਹੇ ਸਨ ਜਾਂ ਫਿਰ ਇਸ ਕਾਨੂੰਨ ਨੂੰ ਲਾਗੂ ਕਰ ਰਹੇ ਸਨ।