ਪੰਜਾਬ ਤੇ ਲਖਨਊ ਵਿਚਾਲੇ ਮੁਕਾਬਲਾ ਅੱਜ

ਲਖਨਊ, 1 ਅਪ੍ਰੈਲ – ਲਖਨਊ ਸੁਪਰਜਾਇੰਟਸ ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਵਿੱਚ ਮੰਗਲਵਾਰ ਨੂੰ ਜਦੋਂ ਲੈਅ ਵਿੱਚ ਚੱਲ ਰਹੀ ਪੰਜਾਬ ਕਿੰਗਜ਼ ਦੀ ਮੇਜ਼ਬਾਨੀ ਕਰੇਗੀ ਤਾਂ ਉਸ ਦੇ ਨਵੇਂ ਕਪਤਾਨ ਰਿਸ਼ਭ ਦੀਆਂ ਨਜ਼ਰਾਂ ਚੰਗਾ ਪ੍ਰਦਰਸ਼ਨ ਕਰਕੇ ਟੀਮ ਨੂੰ ਘਰੇਲੂ ਮੈਦਾਨ ’ਤੇ ਸੀਜ਼ਨ ਦੀ ਪਹਿਲੀ ਜਿੱਤ ਦਿਵਾਉਣ ’ਤੇ ਹੋਣਗੀਆਂ। ਸਭ ਤੋਂ ਮਹਿੰਗਾ ਆਈਪੀਐੱਲ ਖਿਡਾਰੀ ਪੰਤ ਪਹਿਲੇ ਦੋ ਮੈਚਾਂ ਵਿੱਚ ਬੱਲੇਬਾਜ਼ ਵਜੋਂ ਅਸਫਲ ਰਹਿਣ ਤੋਂ ਬਾਅਦ ਆਪਣੀ 27 ਕਰੋੜ ਰੁਪਏ ਦੀ ਭਾਰੀ ਕੀਮਤ ਨੂੰ ਜਾਇਜ਼ ਠਹਿਰਾਉਣਾ ਚਾਹੇਗਾ। ਲਖਨਊ ਦੀ ਟੀਮ ਨੂੰ ਪਹਿਲੇ ਮੈਚ ਵਿੱਚ ਦਿੱਲੀ ਕੈਪੀਟਲਜ਼ ਹੱਥੋਂ ਸਿਰਫ਼ ਇੱਕ ਵਿਕਟ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਮਗਰੋਂ ਟੀਮ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਉਸ ਦੇ ਘਰੇਲੂ ਮੈਦਾਨ ’ਤੇ ਪੰਜ ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਵਾਪਸੀ ਕੀਤੀ। ਪੰਜਾਬ ਦੀ ਅਗਵਾਈ ਸ਼੍ਰੇਅਸ ਅਈਅਰ ਕਰ ਰਿਹਾ ਹੈ। ਆਈਪੀਐੱਲ ਨਿਲਾਮੀ ਵਿੱਚ 26.75 ਕਰੋੜ ਰੁਪਏ ਵਿੱਚ ਵਿਕੇ ਅਈਅਰ ਨੇ ਗੁਜਰਾਤ ਟਾਈਟਨਜ਼ ਖ਼ਿਲਾਫ਼ 42 ਗੇਂਦਾਂ ਵਿੱਚ ਨਾਬਾਦ 97 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ ਸੀ। ਇਸ ਤੋਂ ਇਲਾਵਾ ਸ਼ਸ਼ਾਂਕ ਸਿੰਘ ਅਤੇ ਪ੍ਰਿਯਾਂਸ਼ ਆਰੀਆ ਨੇ ਵੀ ਸ਼ਾਨਦਾਰ ਪਾਰੀਆਂ ਖੇਡੀਆਂ ਸਨ। ਗੇਂਦਬਾਜ਼ਾਂ ’ਤੇ ਨਜ਼ਰ ਮਾਰੀਏ ਤਾਂ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਅਤੇ ਵਿਜੈ ਕੁਮਾਰ ਵੈਸ਼ਾਖ ਨੇ ਪਿਛਲੇ ਮੈਚ ਵਿੱਚ ਪੰਜਾਬ ਲਈ ਚੰਗੀ ਗੇਂਦਬਾਜ਼ੀ ਕੀਤੀ ਸੀ। ਏਕਾਨਾ ਸਟੇਡੀਅਮ ਦੀ ਪਿੱਚ ਸਪਿੰਨਰਾਂ ਲਈ ਅਨੁਕੂਲ ਮੰਨੀ ਜਾਂਦੀ ਹੈ ਅਤੇ ਦੋਵਾਂ ਟੀਮਾਂ ਦੇ ਸਪਿੰਨਰ ਮੈਚ ਦੇ ਨਤੀਜੇ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਲਖਨਊ ਕੋਲ ਰਵੀ ਬਿਸ਼ਨੋਈ ਅਤੇ ਦਿਗਵੇਸ਼ ਰਾਠੀ ਵਰਗੇ ਚੰਗੇ ਸਪਿੰਨਰ ਹਨ, ਜਦਕਿ ਪੰਜਾਬ ਕੋਲ ਵੀ ਯੁਜ਼ਵੇਂਦਰ ਚਾਹਲ ਦੇ ਰੂਪ ਵਿੱਚ ਚੰਗਾ ਸਪਿੰਨਰ ਹੈ।

ਸਾਂਝਾ ਕਰੋ

ਪੜ੍ਹੋ