ਮਲੇਸ਼ੀਆ ’ਚ ਗੈਸ ਪਾਈਪ ਫਟਣ ਕਾਰਨ ਅੱਗ ‘ਚ ਝੁਲਸੇ 100 ਲੋਕ

ਮਲੇਸ਼ੀਆ, 1 ਅਪ੍ਰੈਲ – ਮਲੇਸ਼ੀਆ ਦੇ ਕੁਆਲਾਲੰਪੁਰ ਦੇ ਬਾਹਰੀ ਇਲਾਕੇ ’ਚ ਇੱਕ ਗੈਸ ਪਾਈਪਲਾਈਨ ਦੇ ਫਟਣ ਕਾਰਨ ਲੱਗੀ ਭਿਆਨਕ ਅੱਗ ’ਚ 100 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਅਤੇ ਕਈ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਕੁਆਲਾਲੰਪੁਰ ਦੇ ਬਾਹਰ ‘ਪੁਤਰਾ ਹਾਈਟਸ’ ’ਚ ਇੱਕ ਗੈਸ ਸਟੇਸ਼ਨ ਦੇ ਨੇੜੇ ਲੱਗੀ ਅੱਗ ਕਈ ਕਿਲੋਮੀਟਰ ਤੱਕ ਦਿਖਾਈ ਦੇ ਰਹੀ ਸੀ ਅਤੇ ਕਈ ਘੰਟਿਆਂ ਤੱਕ ਬਲਦੀ ਰਹੀ। ਇਹ ਘਟਨਾ ਜਨਤਕ ਛੁੱਟੀ ਵਾਲੇ ਦਿਨ ਵਾਪਰੀ ਜਦੋਂ ਮਲੇਸ਼ੀਆ ’ਚ ਬਹੁਗਿਣਤੀ ਮੁਸਲਮਾਨ ਈਦ ਦੇ ਦੂਜੇ ਦਿਨ ਮਨਾਉਂਦੇ ਹਨ।

ਰਾਸ਼ਟਰੀ ਤੇਲ ਕੰਪਨੀ ਪੈਟਰੋਨਾਸ ਨੇ ਇੱਕ ਬਿਆਨ ’ਚ ਕਿਹਾ ਕਿ ਉਸਦੀ ਇੱਕ ਗੈਸ ਪਾਈਪਲਾਈਨ ’ਚ ਸਵੇਰੇ 8.10 ਵਜੇ ਅੱਗ ਲੱਗ ਗਈ ਅਤੇ ਪ੍ਰਭਾਵਿਤ ਪਾਈਪਲਾਈਨ ਨੂੰ ਬਾਅਦ ’ਚ ਬਾਕੀ ਲਾਈਨਾਂ ਤੋਂ ਕੱਟ ਦਿੱਤਾ ਗਿਆ। ਆਫ਼ਤ ਪ੍ਰਬੰਧਨ ਅਧਿਕਾਰੀਆਂ ਨੇ ਕਿਹਾ ਕਿ ਵਾਲਵ ਬੰਦ ਕਰਨ ਨਾਲ ਅੱਗ ਬੁਝ ਜਾਵੇਗੀ। ਕੇਂਦਰੀ ਸੇਲਾਂਗੋਰ ਰਾਜ ਦੇ ਫ਼ਾਇਰ ਵਿਭਾਗ ਨੇ ਦੱਸਿਆ ਕਿ ਅੱਗ, ਜਿਸ ਵਿਚ 20 ਮੰਜ਼ਿਲਾਂ ਤੱਕ ਉੱਚੀਆਂ ਲਪਟਾਂ ਸਨ ’ਤੇ ਨੂੰ ਦੁਪਹਿਰ 2.45 ਵਜੇ ਦੇ ਕਰੀਬ ਕਾਬੂ ਪਾ ਲਿਆ ਗਿਆ।

ਬਰਨਾਮਾ ਨਿਊਜ਼ ਏਜੰਸੀ ਨੇ ਸੇਲਾਂਗੋਰ ਦੇ ਡਿਪਟੀ ਪੁਲਿਸ ਮੁਖੀ ਮੁਹੰਮਦ ਜ਼ੈਨੀ ਅਬੂ ਹਸਨ ਦੇ ਹਵਾਲੇ ਨਾਲ ਕਿਹਾ ਕਿ ਘੱਟੋ-ਘੱਟ 49 ਘਰਾਂ ਨੂੰ ਨੁਕਸਾਨ ਪਹੁੰਚਿਆ ਅਤੇ 112 ਲੋਕ ਜ਼ਖ਼ਮੀ ਹੋਏ, ਜਿਨ੍ਹਾਂ ’ਚੋਂ 63 ਨੂੰ ਝੁਲਸਣ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋਣ ਕਾਰਨ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਦੋਂ ਕਿ ਹੋਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ।

ਸਾਂਝਾ ਕਰੋ

ਪੜ੍ਹੋ