ਬੱਸ ਅੱਡੇ ਦੀ ਜਗ੍ਹਾ ਬਦਲਣ ਦੇ ਮਨਸੂਬਿਆਂ ਦੀ ਨਿੰਦਾ

*ਮੌਜੂਦਾ ਬੱਸ ਅੱਡਾ ਢੁਕਵੀਂ ਥਾਂ ਤੇ ਹੈ
ਬਠਿੰਡਾ, 1 ਅਪ੍ਰੈਲ – ਬਠਿੰਡੇ ਸ਼ਹਿਰ ਦਾ ਮੌਜੂਦਾ ਬੱਸ ਅੱਡਾ ਢੁਕਵੀਂ ਥਾਂ ਤੇ ਹੈ ਇਸ ਨੂੰ ਕਿਤੇ ਹੋਰ ਬਦਲਣ ਦੀ ਭੋਰਾ ਲੋੜ ਨਹੀਂ ਹੈ। ਲੋਕ ਹਿਤੈਸ਼ੀ ਸੱਥ ਦੀ ਕਾਰਜਕਾਰਨੀ ਦੀ ਮੀਟਿੰਗ ਪਿੱਛੋਂ ਇਹ ਵਿਚਾਰ ਪ੍ਰਗਟ ਕਰਦਿਆਂ ਸੱਥ ਦੇ ਪ੍ਰਧਾਨ ਇੰਜੀ:ਕਰਨੈਲ ਸਿੰਘ ਮਾਨ,ਸੇਵਾ ਮੁਕਤ ਚੀਫ ਇੰਜੀਨੀਅਰ ਅਤੇ ਜਨਰਲ ਸਕੱਤਰ ਇੰਜ:ਦਰਸ਼ਨ ਸਿੰਘ ਭੁੱਲਰ ਸਾਬਕਾ ਡਿਪਟੀ ਚੀਫ ਇੰਜੀਨੀਅਰ ਨੇ ਪ੍ਰਗਟ ਕਰਦਿਆਂ ਕਿਹਾ ਕਿ 7 ਅਕਤੂਬਰ 2023 ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਬੱਸ ਸਟੈਂਡ ਦੀ ਲੋਕੇਸ਼ਨ ਸੰਬੰਧੀ ਲੋਕਾਂ ਦੀ ਰਾਏ ਲਈ ਜਾਵੇਗੀ। ਪਰ ਹੁਣ ਸ਼ਹਿਰੀ ਤੇ ਪੇਂਡੂ ਲੋਕ ਠੱਗਿਆ ਮਹਿਸੂਸ ਕਰ ਰਹੇ ਹਨ l ਸ਼ਹਿਰੋਂ ਬਾਹਰ ਸਲੈਕਟ ਕੀਤੀ ਜਗ੍ਹਾ ਲੋਕਾਂ ਵਾਸਤੇ ਭਾਰੀ ਮੁਸੀਬਤ ਬਣੇਗੀ l ਲੋਕ ਹਿਤੈਸ਼ੀ ਸੱਥ ਨੇ ਬੱਸ ਅੱਡੇ ਦੀ ਥਾਂ ਬਾਰੇ ਮੁੱਖ ਮੰਤਰੀ ਨੂੰ ਕਈ ਵਾਰ ਲਿਖਿਆ,ਜੋ ਬੇਅਸਰ ਰਿਹਾ। ਅੱਡੇ ਦੀ ਥਾਂ ਤਹਿ ਕਰਨ ਵੇਲੇ ਸਰਕਾਰੀ ਦਫਤਰ,ਬੈੰਕ, ਡਾਕਖਾਨਾ,ਅਦਾਲਤਾਂ,ਹਸਪਤਾਲ,ਸਕੂਲ,ਕਾਲਜ, ਰੇਲਵੇ ਸ਼ਟੇਸ਼ਨ ਤੇ ਆਮ ਜਰੂਰਤਾਂ ਦੀ ਮੰਡੀ ਆਦਿ,ਦੀ ਨੇੜਤਾ ਨੂੰ ਬਿਲਕੁਲ ਧਿਆਨ ਚ ਨਹੀਂ ਰੱਖਿਆ ਗਿਆ l ਬੱਸਾਂ ਸ਼ਹਿਰ ਵਿੱਚ ਭੀੜ ਦਾ ਕਾਰਨ ਨਹੀਂ ਬਣਦੀਆਂ ਹਨ,ਉਲਟਾ ਬੱਸ ਸਟੈਂਡ ਦੇ ਨੇੜੇ ਦੀ ਸੜਕ ਤੇ ਕਾਰਾਂ,ਰਿਕਸ਼ੇ,ਆਟੋ ਰਿਕਸ਼ੇ,ਰੇੜੇ,ਟਰੈਕਟਰ ਟ੍ਰਾਲੀਆਂ ਬਹੁਤ ਹੁੰਦੀਆਂ ਹਨ, ਜੋ ਟ੍ਰੈਫਿਕ ਜਾਮ ਲਈ ਵੱਧ ਜੁੰਮੇਵਾਰ ਹਨ l ਕੰਟਰੋਲ ਦੀ ਵੀ ਘਾਟ ਹੈ l ਬੱਸ ਅੱਡਾ ਸ਼ਹਿਰ ਤੋਂ ਦੂਰ ਜਾਣ ਨਾਲ ਸ਼ਹਿਰ ਵੱਲ ਨੂੰ ਭੀੜ ਵਧੇਗੀ ਕਿਉਂਕਿ ਬਾਹਰੋਂ ਬੱਸ ਅੱਡੇ ਤੋਂ ਲੋਕਾਂ ਨੂੰ ਕਚਿਹਰੀ,ਦਫਤਰਾਂ,ਹਸਪਤਾਲ ਆਦਿ ਲਈ ਰਿਕਸ਼ਾ,ਆਟੋ ਰਿਕਸ਼ਾ ਆਦਿ ਦੀ ਵਰਤੋਂ ਜਰੂਰੀ ਪਵੇਗੀ l ਅੱਜ ਬੱਸ ਸਟੈਂਡ ਵੱਲ ਪਹੁੰਚ ਸੜਕਾਂ ਵਧੀਆ ਹਨ ਤੇ ਬਾਹਰੋਂ ਆ ਰਹੀਆਂ ਸੜਕਾਂ ਵੀ ਚੌਂਹ ਮਾਰਗੀਆਂ ਹਨ । ਵਾਧੂ ਰੋਕਾਂ ਹਟਾਉਣ ਨਾਲ ਇਹ ਹੋਰ ਖੁਲ੍ਹ ਜਾਣਗੀਆਂ। ਅੱਡਾ ਬਦਲਣ ਲਈ ਫਜੂਲ ਸਕੀਮਾਂ ਘੜੀਆਂ ਜਾ ਰਹੀਆਂ ਹਨ l ਮੌਜੂਦਾ ਥਾਂ ਤੇ ਅਧੁਨਿਕ ਸਹੂਲਤਾਂ ਵਾਲਾ ਬਹੁ-ਮੰਜਲਾ ਬੱਸ ਅੱਡਾ ੳਸਾਰਿਆ ਜਾ ਸਕਦਾ ਹੈ,ਜਿਥੋਂ ਰੇਲਵੇ ਸਟੇਸ਼ਨ,ਕਚਹਿਰੀਆਂ,ਬੈੰਕ,ਦਫਤਰ,ਅਦਾਲਤਾਂ,ਕਾਲਜ,ਸਕੂਲ,ਸਰਕਾਰੀ ਹਸਪਤਾਲ,ਮੁੱਖ ਬਜ਼ਾਰ,ਦਾਣਾ ਤੇ ਸਬਜੀ ਮੰਡੀ ਆਦਿ ਨੇੜੇ ਹਨ l ਆਮ ਲੋਕਾਂ ਲਈ ਇਹ ਜਗ੍ਹਾ ਸਹੀ ਹੈ ਪਰ ਭੋਇੰ-ਮਾਫੀਆ ਲਈ ਨਹੀਂ l ਸਰਕਾਰੀ ਦਰਬਾਰੇ ਪਹੁੰਚ ਰੱਖਣ ਵਾਲੇ ਲੋਕ ਆਪਣੇ ਨਿਜੀ ਲਾਭਾਂ ਵਾਸਤੇ ਅੱਡਾ ਬਦਲਣਾ ਚਾਹੁੰਦੇ ਹਨ,ਜਿਸ ਨਾਲ ਲੋਕ ਖੱਜਲ ਖੁਆਰ ਹੋਣਗੇ। ਬੱਸ ਅੱਡੇ ਨੂੰ ਬੱਸਾਂ ਦੀ ਪਹੁੰਚ ਅਤੇ ਨਿਕਾਸ ਲਈ ਉੱਚੀ ਸੜਕ ਬਣਾਈ ਜਾ ਸਕਦੀ ਹੈ,ਜਿਸ ਨੂੰ ਰਿੰਗ ਰੋਡ ਨਾਲ ਅਤੇ ਕੌਮੀ ਹਾਈਵੇ ਨਾਲ ਜੋੜਿਆ ਜਾਵੇ। ਅੱਡੇ ਨੂੰ ਨਵਿਆਉਣ ਅਤੇ ਐਲੀਵੇਟਿਡ ਰੋਡ ਦੇ ਖਰਚੇ ਕੋਈ ਮਾਅਨੇ ਨਹੀ ਰੱਖਦੇ l ਵੈਸੇ ਵੀ ਐਲੀਵੇਟਿਡ ਰੋਡ ਤਾਂ ਦੇਰ-ਸਵੇਰ ਬਣਾਉਣੀ ਹੀ ਪਵੇਗੀ। ਸਰਕਾਰ ਸਰਵੇ/ਡਿਜ਼ਾਈਨ ਅਤੇ ਇੰਜੀਨੀਅਰਿੰਗ ਨੂੰ ਅਹਿਮੀਅਤ ਦੇਵੇ ਤਾਂ ਕਿ ਨਵੀਂ ਬਿਲਡਿੰਗ ਸਹੂਲਤਾਂ ਦੇਵੇ,ਸਿਰਦਰਦੀ ਨਾ ਬਣੇ ।

ਸਾਂਝਾ ਕਰੋ

ਪੜ੍ਹੋ