
ਮੈਂ ਕਹਿੰਨੀ ਆਂ,
ਮੇਰੇ ਨਿੱਕੇ-ਨਿੱਕੇ ਸੁਫ਼ਨੇ,
ਨਾ ਭੰਨਿਓ, ਨਾ ਤੋੜਿਓ।
ਮੈਂ ਤਾਂ ਨਿੱਕੀ ਜਿਹੀ ਜਿੰਦ,
ਡਰ ਡਰ ਸਾਹ ਲੈਂਦੀ ਆਂ,
ਡਰਦੀ ਹਾਂ, ਤ੍ਰਿਹਦੀ ਆਂ,
ਕੁਝ ਮੂੰਹੋਂ ਨਾ ਕਹਿੰਦੀ ਆਂ।
****************
ਠਠੰਬਰ ਜਾਂਦੀ ਆਂ,
ਠਰ ਜਾਂਦੀ ਆਂ,
ਆਦਮ ਕੱਦ ਬੁੱਤ ਵੇਖ,
ਜੋ ਕਹਿਰੀਆਂ ਅੱਖਾਂ ਨਾਲ,
ਮੇਰਾ ਤ੍ਰਿਸਕਾਰ ਕਰਦਾ ਹੈ,
ਜੋ ਅਛੋਪਲੇ ਜਿਹੇ,
ਮੇਰੇ ਨਿੱਕੇ-ਨਿੱਕੇ ਅੰਗਾਂ ਨੂੰ ਟੋਂਹਦਾਂ,
ਮੇਰੇ ਮਨ-ਤਨ ‘ਤੇ,
ਜ਼ਖ਼ਮ ਕਰਦਾ ਹੈ।
ਮੈਂ ਕਹਿੰਨੀ ਆਂ,
ਮੇਰੇ ਨਿੱਕੇ-ਨਿੱਕੇ ਸੁਪਨੇ,
ਨਾ ਭੰਨਿਓ, ਨਾ ਤੋੜਿਓ।
ਮੈਂ ਤਾਂ ਨਿੱਕੀ ਜਿਹੀ ਜਿੰਦ,
ਡਰ ਡਰ ਸਾਹ ਲੈਂਦੀ ਆਂ,
ਡਰਦੀ ਹਾਂ, ਤ੍ਰਿਹਦੀ ਆਂ,
ਕੁਝ ਮੂੰਹੋਂ ਨਾ ਕਹਿੰਦੀ ਆਂ
*****************
ਗੁੱਡੀਆਂ, ਪਟੋਲਿਆਂ ਨਾਲ ਰੁਝੀ
ਇੱਕ ਵੱਖਰਾ ਸੰਸਾਰ ਸਿਰਜ
ਨੀਵੀਂ, ਨੀਵੀਂ ਪਾ,
ਗੰਦੀਆਂ ਨਜ਼ਰਾਂ ਤੋਂ ਦੂਰ,
ਅੱਖਾਂ ਮੀਟੀ, ਧਾਰ ਚੁੱਪ ਦੀ ਭਾਸ਼ਾ,
ਮੈਂ ਗ਼ਮਗੀਨ ਰਹਿੰਨੀ ਆਂ,
ਬਹੁਤ ਡਾਹਢੀ ਹੈ ਮਾਰ ਅੰਗਾਂ ਦੀ,
ਮਨ ‘ਚ ਸੋਚ ਕੇ, ਇਹ ਜਾਣਕੇ,
ਓਦਾਸ ਹੋ, ਓਦਰ ਜਾਨੀ ਆਂ।
ਮੈਂ ਕਹਿੰਨੀ ਆਂ,
ਮੇਰੇ ਨਿੱਕੇ-ਨਿੱਕੇ ਸੁਫ਼ਨੇ,
ਨਾ ਭੰਨਿਓ, ਨਾ ਤੋੜਿਓ।
ਮੈਂ ਤਾਂ ਨਿੱਕੀ ਜਿਹੀ ਜਿੰਦ,
ਡਰ ਡਰ ਸਾਹ ਲੈਂਦੀ ਆਂ,
ਡਰਦੀ ਹਾਂ, ਤ੍ਰਿਹਦੀ ਆਂ,
ਕੁਝ ਮੂੰਹੋਂ ਨਾ ਕਹਿੰਦੀ ਆਂ।
***********************
ਕੋਈ ਕਹਿੰਦਾ ਕੁਝ,
ਡਰ ਜਾਨੀ ਆਂ,
ਕੰਧਾਂ ਕੌਲਿਆਂ ਸੰਗ,
ਖੜ ਜਾਨੀ ਆ।
ਸਾਫ਼ ਖੁਲ੍ਹਾ ਮੋਕਲਾ ਵਿਹੜਾ,
ਵੀ ਸੌੜਾ ਜਾਪੇ ਮੈਨੂੰ,
ਸਾਜ਼ਿਸ਼ੀ ਜਾਪੇ ਮੈਨੂੰ ,
ਜਦੋਂ ਮੈਂ ਹਵਸ਼ੀ ਨਜ਼ਰਾਂ,
ਦਾ ਸ਼ਿਕਾਰ ਹੋ ਜਾਨੀ ਆਂ।
ਮੈਂ ਡਰ ਜਾਨੀ ਆ,
ਮੈਂ ਠਰ ਜਾਨੀ ਆ
ਮੈਂ ਕਹਿੰਨੀ ਆਂ
ਮੇਰੇ ਨਿੱਕੇ-ਨਿੱਕੇ ਸੁਫ਼ਨੇ
ਨਾ ਭਨਿਓ ਨਾ ਤੋੜਿਓ
ਮੈਂ ਤਾਂ ਨਿੱਕੀ ਜਿਹੀ ਜਿੰਦ
ਡਰ ਡਰ ਸਾਹ ਲੈਨੀ ਆਂ
ਡਰਦੀ ਆ, ਤ੍ਰਿਹਦੀ ਆਂ
ਕੁਝ ਮੂੰਹੋਂ ਕਹਿੰਦੀ ਆ।
********************
ਡਰਦੀ ਨੱਚਾਂ ਨਾ,
ਨਾ ਭੰਗੜਾ ਪਾਵਾਂ।
ਨਾ ਡਰ ਨਾਲ,
ਵਜ਼ਦ ਵਿੱਚ ਆਵਾਂ,
ਨਾ ਕਿਕਲੀ ਪਾਵਾਂ,
ਸੱਧਰਾਂ ਮਨ ‘ਚ ਦੱਬੀ
ਊਂ ਹੂੰ, ਬੱਸ ਕਹਿੰਦੀ ਆਂ,
ਮੈਂ ਕਹਿੰਨੀ ਆਂ,
ਫਿਰ ਚੁੱਪ ਰਹਿੰਨੀ ਆਂ।
ਮੇਰੇ ਨਿੱਕੇ-ਨਿੱਕੇ ਸੁਫ਼ਨੇ,
ਨਾ ਭਨਿਓ ਨਾ ਤੋੜਿਓ,
ਮੈਂ ਤਾਂ ਨਿੱਕੀ ਜਿਹੀ ਜਿੰਦ
ਡਰ ਡਰ ਸਾਹ ਲੈਨੀ ਆਂ,
ਡਰਦੀ ਆ, ਤ੍ਰਿਹਦੀ ਆਂ,
ਕੁਝ ਮੂੰਹੋ ਨਾ ਕਹਿੰਦੀ ਆ।
*******************
ਮੈਂ ਬੋਟ ਚਿੜੀ ਦਾ ਹਾਂ,
ਮੇਰੀਆਂ ਅੱਖਾਂ ਦੇ ਸੁਫ਼ਨੇ ਹੌਲੇ।
ਮੈਂ ਉਡਦਾ ਪੁਡਦਾ ਇੱਕ ਕਾਗਜ਼ ਜਿਹੀ,
ਮੈਂ ਪੱਥਰ ਜਿਹੀ, ਕੰਕਰ ਜਿਹੀ,
ਖੌਰੇ ਜ਼ਿੰਦਗੀ ਦੀ ਕਿਹੜੀ ਮੰਜ਼ਲ ਹਾਂ?
ਮੇਰੇ ਹੱਥ ਨੇ ਖਾਲੀ,
ਪੈਰੀਂ ਮੇਰੇ ਨੇ ਜ਼ੰਜੀਰਾਂ,
ਚਾਹਿਆ ਸੀ ਫੁੱਲਾਂ ਵਾਂਗਰ ਖਿੜਨਾ,
ਪੱਲੇ ਪਈਆਂ ਉੱਚੀਆਂ ਕੰਧਾਂ ਵੈਰਾਨ ਟਿੱਲੇ।
ਮੈਂ ਕਹਿੰਨੀ ਆਂ,
ਮੇਰੇ ਨਿੱਕੇ-ਨਿੱਕੇ ਸੁਫ਼ਨੇ,
ਮੇਰੇ ਛੂਈ-ਮੂਈ ਸੁਫ਼ਨੇ,
ਨਾ ਭੰਨਿਓ, ਨਾ ਤੋੜਿਓ।
ਮੈਂ ਤਾਂ ਨਿੱਕੀ ਜਿਹੀ ਜਿੰਦ,
ਡਰ ਡਰ ਸਾਹ ਲੈਂਦੀ ਆਂ,
ਡਰਦੀ ਹਾਂ, ਤ੍ਰਿਹਦੀ ਆਂ,
ਕੁਝ ਮੂੰਹੋਂ ਨਾ ਕਹਿੰਦੀ ਆਂ।
**************************
-ਗੁਰਮੀਤ ਸਿੰਘ ਪਲਾਹੀ
-9815802070
-218, ਗੁਰੂ ਹਰਿਗੋਬਿੰਦ ਨਗਰ, ਫਗਵਾੜਾ
ਮਿਤੀ 2 ਦਸੰਬਰ 2021