11 ਬੀਬੀਆਂ ਸਣੇ 17 ਨਕਸਲੀ ਢੇਰ

ਸੁਕਮਾ, 30 ਮਾਰਚ – ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਸ਼ਨਿੱਚਰਵਾਰ ਪੰਜ-ਛੇ ਸੌ ਜਵਾਨਾਂ ਨੇ 17 ਨਕਸਲੀਆਂ ਨੂੰ ਮਾਰ ਦਿੱਤਾ। ਇਨ੍ਹਾਂ ਵਿੱਚ 11 ਬੀਬੀਆਂ ਸਨ। ਮੁਕਾਬਲੇ ਵਿੱਚ ਦੋ ਜਵਾਨ ਮਾਮੂਲੀ ਜ਼ਖਮੀ ਹੋਏ ਹਨ। ਮੁਕਾਬਲਾ ਸੁਕਮਾ ਤੇ ਦੰਤੇਵਾੜਾ ਜ਼ਿਲ੍ਹੇ ਦੀ ਸਰਹੱਦ ਕੋਲ ਕੇਰਲਾਪਲ ਪੁਲਸ ਸਟੇਸ਼ਨ ਖੇਤਰ ਦੇ ਅਧੀਨ ਜੰਗਲ ਵਿੱਚ ਹੋਇਆ। ਮਾਰੇ ਜਾਣ ਵਾਲਿਆਂ ਵਿੱਚ ਦਰਭਾ ਘਾਟੀ ਦੇ ਝੀਰਮ ਕਾਂਡ ਵਿੱਚ ਸ਼ਾਮਲ ਰਿਹਾ ਨਕਸਲੀ ਜਥੇਬੰਦੀ ਐੱਸ ਜ਼ੈੱਡ ਸੀ ਐੱਮ-ਸਪੈਸ਼ਲ ਦਾ ਜ਼ੋਨਲ ਕਮੇਟੀ ਮੈਂਬਰ ਜਗਦੀਸ਼ ਉਰਫ ਬੁਧਰਾ ਵੀ ਹੈ, ਜਿਸ ਦੇ ਸਿਰ ’ਤੇ 25 ਲੱਖ ਦਾ ਇਨਾਮ ਰੱਖਿਆ ਹੋਇਆ ਸੀ। 2013 ਵਿੱਚ ਵਾਪਰੇ ਝੀਰਮ ਕਾਂਡ ਵਿੱਚ ਕਾਂਗਰਸ ਆਗੂ ਮਹਿੰਦਰ ਕਰਮਾ ਤੇ ਕੇਂਦਰੀ ਮੰਤਰੀ ਰਹੇ ਵਿਦਿਆਚਰਣ ਸ਼ੁਕਲਾ ਸਣੇ 30 ਤੋਂ ਵੱਧ ਕਾਂਗਰਸੀ ਆਗੂ ਮਾਰੇ ਗਏ ਸਨ।

ਡੀ ਆਈ ਜੀ ਕਮਲੋਚਨ ਕਸ਼ਯਪ ਨੇ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ 17 ਨਕਸਲੀਆਂ ਦੀਆਂ ਲਾਸ਼ਾਂ ਦੇ ਨਾਲ ਇਨਸਾਸ, ਐੱਸ ਐੱਲ ਆਰ ਵਰਗੇ ਆਟੋਮੈਟਿਕ ਹਥਿਆਰ ਬਰਾਮਦ ਹੋਏ ਹਨ। ਜਵਾਨ ਲਾਸ਼ਾਂ ਨੂੰ ਚੁੱਕ ਕੇ ਕਰੀਬ 10 ਕਿੱਲੋਮੀਟਰ ਪੈਦਲ ਪੱਧਰੀ ਥਾਂ ’ਤੇ ਲਿਆਏ। ਇਸ ਤੋਂ ਪਹਿਲਾਂ ਜਵਾਨਾਂ ਨੇ 25 ਮਾਰਚ ਨੂੰ 25 ਲੱਖ ਰੁਪਏ ਦੇ ਇਨਾਮ ਵਾਲੇ ਸੁਧੀਰ ਉਰਫ ਸੁਧਾਕਰ ਸਣੇ ਤਿੰਨ ਨਕਸਲੀਆਂ ਨੂੰ ਮਾਰ ਦਿੱਤਾ ਸੀ। ਸੂਬੇ ਵਿੱਚ ਜਵਾਨਾਂ ਨੇ ਇਸ ਸਾਲ ਹੁਣ ਤੱਕ 11 ਮੁਕਾਬਲਿਆਂ ਵਿੱਚ 142 ਨਕਸਲੀਆਂ ਨੂੰ ਮਾਰਿਆ ਹੈ। 20 ਤੋਂ 29 ਮਾਰਚ ਤੱਕ 10 ਦਿਨਾਂ ਵਿੱਚ ਹੀ 49 ਨਕਸਲੀ ਮਾਰ ਦਿੱਤੇ ਗਏ ਹਨ। 2024 ਵਿੱਚ 10 ਵੱਡੇ ਮੁਕਾਬਲਿਆਂ ਵਿੱਚ 163 ਨਕਸਲੀ ਮਾਰੇ ਸਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਉਹ 31 ਮਾਰਚ 2026 ਤੋਂ ਪਹਿਲਾਂ ਨਕਸਲਵਾਦ ਨੂੰ ਖਤਮ ਕਰਨ ਲਈ ਦਿ੍ਰੜ੍ਹ ਹਨ।

ਸਾਂਝਾ ਕਰੋ

ਪੜ੍ਹੋ