
ਇਹ ਕੇਹੀ ਹਵਾ ਚੱਲੀ ਹੈ!
ਦੰਭੀ ਹਵਾ ਚੱਲੀ ਹੈ!!
ਸਾਜ਼ਿਸ਼ੀ ਹਵਾ ਚੱਲੀ ਹੈ!!!
ਇੱਕ ਹੱਥ ਦੂਜੇ ਨੂੰ ਨਹੀਂ ਜਾਣਦਾ ,
ਹੱਥ ‘ਚ ਫੜਿਆ ਮੋਬਾਇਲ,
ਆਪਣੇ ਹੀ ਰੰਗ ‘ਚ ਰੰਗਿਆ ਬੰਦਾ,
‘ਕੱਲਾਕਾਰਾ ਆਪਣੀ ਦੁਨੀਆ ‘ਚ ਖੁਭਿਆ,
ਕਿਸੇ ਹੋਰ ਨੂੰ ਨਾ ਪਹਿਚਾਣਦਾ।
ਇਹ ਕੇਹੀ ਹਵਾ ਚੱਲੀ ਹੈ!
ਦੰਭੀ ਹਵਾ ਚੱਲੀ ਹੈ!!
ਸਾਜ਼ਿਸ਼ੀ ਹਵਾ ਚੱਲੀ ਹੈ!!!
**************************
ਰਿਸ਼ਤਿਆਂ ਦੀ ਦੁਨੀਆ ਵੈਰਾਨ ਹੋ ਗਈ,
ਮਿੱਤਰਤਾ, ਦੋਸਤੀ, ਬੱਸ ਹੈਰਾਨ ਹੋ ਗਈ,
ਅੱਥਰੂ ਅੱਖ ‘ਚ ਹਨ, ਬੰਦੇ ਬਣੇ ਵਸਤਾਂ ਤੇ ਮਾਲ।
ਥਾ-ਥਾਂ ਪਿੰਜਰੇ, ਥਾਂ-ਥਾਂ ਪਰਦੇ,
ਸੁਪਨੇ ਖੇਰੂੰ-ਖੇਰੂੰ, ਜ਼ਿੰਦਗੀ ਬੇਹਾਲ, ਢੱਬੀ-ਚਾਲ,
ਬਾਹਰ ਕੁਝ ਹੋਰ,
ਅੰਦਰ ਕੁਝ ਹੋਰ ਚੱਲਦਾ ਹੈ!
ਆਦਮੀ ਇਨਸਾਨੀ ਨਹੀਂ,
ਸ਼ੈਤਾਨੀ ਕਰਦਾ ਹੈ!!
ਫੜਫੜਾਉਂਦਾ ਦੇਖਕੇ ਪੰਛੀ,
ਕੱਟਕੇ ਪਰ ਓਸਦੇ,
ਵੇਖੋ, ਆਦਮੀ ਬਣਿਆ ਕੇਹਾ,
ਖ਼ੁਸ਼ੀ ਦੇ ਗੀਤ ਗਾਉਂਦਾ ਹੈ।
ਉਹ ਦੁਖੀ, ਉਹ ਔਖਾ,
ਉਹ ਭੁੱਖਾ, ਉਹ ਗ਼ਮ ਦਾ ਮਾਰਿਆ,
ਉਹਦਾ ਦੁੱਖ, ਔਖ, ਭੁੱਖ, ਗ਼ਮ ਵੇਖ
ਆਦਮੀ ਮਦ-ਮਦ ਮੁਸਕੁਰਾਉਂਦਾ ਹੈ।
ਇਹ ਕੇਹੀ ਹਵਾ ਚੱਲੀ ਹੈ!
ਦੰਭੀ ਹਵਾ ਚੱਲੀ ਹੈ!!
ਸਾਜ਼ਿਸ਼ੀ ਹਵਾ ਚੱਲੀ ਹੈ!!!
***********************
ਚਿਹਰੇ ‘ਤੇ ਨੂਰ ਨਹੀਂ ਰਿਹਾ,
ਮਨ ‘ਚ ਸਰੂਰ ਨਹੀਂ ਰਿਹਾ,
ਉਹਦੇ ਗੀਤ, ਭਾਸ਼ਾ, ਲੋਰੀਆਂ, ਬਿਰਹਾ,
ਖੁਸ਼ੀ ਪੱਲਿਓ ਗੁਆਚ ਗਏ।
ਉਹ ਬਣ ਗਿਆ ਪ੍ਰਵਾਸੀ-ਪ੍ਰਦੇਸੀ,
ਆਪਣੇ-ਆਪ ਲਈ ਵੀ ਓਪਰਾ ਬੰਦਾ,
ਇੱਕ ਹੱਥ ‘ਚ ਪਾਸਪੋਰਟ, ਦੂਜੇ ਹੱਥ ‘ਚ ਥੈਲਾ,
ਸਿਰ ਤੇ ਗੱਠੜੀ, ਲੱਭਦਾ ਰਿਜ਼ਕ,
ਥਾਂ, ਛੱਤ, ਗੁਆਚਾ ਕਿਸੇ ਧਰਤ ਦੇ ਕੋਨੇ,
ਜਿਥੇ ਬੰਦੇ ਬੌਣੇ, ਜਿਥੇ ਲਹੂ ਹੈ ਸਸਤਾ।
ਜਿਥੇ ਤਾਮ-ਝਾਮ, ਭੀੜਾਂ-ਭੜੱਕੇ,
ਪੋਹ ਦੀਆਂ ਠੰਡੀਆਂ ਝੱਖ ਰਾਤਾਂ।
ਅਜ਼ਨਬੀ ਲੋਕੀਂ ਜਿਥੇ ਮੂੰਹ ‘ਤੇ ਲਾ ਗਮਸ਼ਾ,
ਹੁਸਨੀ ਡੰਗ ਚਲਾਉਂਦੇ ਨੇ, ਪੰਛੀ ਨੂੰ ਪਿੰਜਰੇ ਪਾਉਂਦੇ ਨੇ,
ਜਿਹਨਾ ਦੇ ਡੰਗ ਦਾ ਡੰਗਿਆ,
ਬੰਦਾ ਬੇਰੰਗ ਹੋ ਜਾਵੇ,
ਅਸਲੋਂ ਦੰਗ ਹੋ ਜਾਵੇ,
ਭੈ ਭੀਤ ਹੋ ਜਾਵੇ!!
ਤਪਦੀਆਂ ਸੜਕਾਂ,ਪੱਟੜੀਆਂ,ਪਗਡੰਡੀਆਂ ‘ਤੇ
ਨੰਗਿਆਂ ਪੈਰਾਂ ਦਾ ਉਸਦਾ ਸਾਜ਼!
ਬਣਿਆ ਬੇਸੁਰਾ ਰਾਗ,
ਵਲਵਲੇ, ਚਾਹਤਾਂ, ਦਿਲਚਸਪੀਆਂ, ਹੋ ਗਈਆਂ,
ਗੰਦੇ ਨਾਲਿਆਂ, ਟਰੱਕਾਂ, ਟਾਇਲਟਾਂ,
ਗਗਨ ਚੁੰਬੀ ਇਮਾਰਤਾਂ ‘ਚ ਦਫ਼ਨ।
ਭੈਅ, ਘ੍ਰਿਣਾ, ਸਾਹ ਘੁੱਟਦੇ,
ਸਾਜ਼ਸ਼ੀ ਮੌਸਮ ਨੇ ਉਸਨੂੰ ਮਾਰਿਆ।
ਇਹ ਕੇਹੀ ਹਵਾ ਚੱਲੀ ਹੈ!
ਦੰਭੀ ਹਵਾ ਚੱਲੀ ਹੈ!!
ਸਾਜ਼ਿਸ਼ੀ ਹਵਾ ਚੱਲੀ ਹੈ!!!
*********************
ਅੱਖ ‘ਚ ਹੈ ਸ਼ਰਾਰਤ,
ਕਿਸੇ ਨੂੰ ਗੋਡੇ ਹੇਠ ਦੱਬਣ ਦੀ ਤੰਮਨਾ,
ਰਾਜਨੀਤੀ ਸ਼ੁਗਲ ਹੈ ਉਸਦਾ,
ਜਿਵੇਂ ਸ਼ਤਰੰਜ ਦੀਆਂ ਗਿੱਟੀਆਂ।
ਉਹ ਮਰੇ, ਉਹ ਜੀਵੇ,
ਸਾਹ ਘੁੱਟਦਾ ਰਹੇ ਉਹਦਾ,
ਬਸਤਰ ਆਪਣੇ ਰਹਿਣ ਚਿੱਟੇ,
ਕਿਸੇ ਦਾ ਨਹੀਂ ਕੋਈ ਝੋਰਾ।
ਆਪਣੀ ਟੱਲੀ ਵੱਜਦੀ ਰਹੇ,
ਥਾਲੀ ਖੜਕਦੀ ਰਹੇ।
ਦੂਜੇ ਦੇ ਹੋਣ ਭਾਂਡੇ ਮੂਧੇ,
ਉਹਦਾ ਤਾਂ ਇਹ ਹੈ ਤਮਾਸ਼ਾ।
ਜਾਦੂਗਰੀ, ਚਾਪਲੂਸੀ, ਕਲਾ ਓਹਦੀ,
ਸਵਾਰਥ ਉਸਦਾ ਗਹਿਣਾ,
ਵਿਖਾਵਾ, ਝੂਠੀ ਮੁਹੱਬਤ ਤੇ
ਪੱਲੇ ਉਸਦੇ ਹੈ ਖ਼ਚਰਾ ਹਾਸਾ।
ਜ਼ਾਅਲੀ ਤੋਰ, ਚਿਹਰੇ ‘ਤੇ
ਫਿੱਕੀ ਮੁਸਕਾਨ ਹੈ ਓਹਦੀ,
ਜਦੋਂ ਅੱਖੀਆਂ ਕੈਰੀਆਂ ਕਰਦਾ,
ਸਭਨਾਂ ਨੂੰ ਪ੍ਰੇਸ਼ਾਨ ਹੈ ਕਰਦਾ।
ਇਹ ਇਤਹਾਸ, ਇਹ ਸੱਚ,
ਇਹ ਆਜ਼ਾਦੀ,
ਓਸ ਲਈ ਕੱਖ ਨਹੀਂ,
ਹਾਕਮਾਨਾ ਲਹਿਜੇ, ਸੱਤਾ ਦੀ ਭਾਸ਼ਾ ਨਾਲ,
ਉਹ ਹਰ ਬੋਲ ਹੈ ਉਚਾਰਦਾ।
ਇਹ ਕੇਹੀ ਹਵਾ ਚੱਲੀ ਹੈ!
ਦੰਭੀ ਹਵਾ ਚੱਲੀ ਹੈ!!
ਸਾਜ਼ਿਸ਼ੀ ਹਵਾ ਚੱਲੀ ਹੈ!!!
**********************
ਮੈਂ ਇਕੱਲਾ, ਮੈਂ ਨਿਠੱਲਾ,
ਸੱਚ ਦਾ ਪੱਲਾ, ਮੈਂ ਗੁਣਵਾਨ! ਮੈਂ ਬੁੱਧੀਮਾਨ!!
ਮਹਾਂਮਾਰੀ, ਬਹਿਸਬਾਜ਼ੀ, ਕਲਾਬਾਜ਼ੀ, ਸੰਵਾਦੀ ਬੋਲਾਂ,
ਦਾ ਸਤਾਇਆ, ਮੈਂ ਗੁਣਵਾਨ! ਮੈਂ ਹੁਨਰਵਾਨ!!
ਅੱਧਮੋਏ ਤਰਕਾਂ, ਖ਼ਰੂਦੀ ਚਾਲਾਂ, ਫਰੇਬੀ ਧਰਮਾਂ,
ਦਾ ਸਤਾਇਆ, ਮੈਂ ਗੁਣਵਾਨ! ਮੈਂ ਸਾਇੰਸਦਾਨ!!
ਆਫ਼ਤਾਬੀ ਫ਼ਲਸਫਿਆਂ, ਅਧੁਨਿਕੀ ਵਿਖਾਵਿਆਂ,
ਦਾ ਰੁਲਾਇਆ। ਮੈਂ ਗੁਣਵਾਨ! ਮੈਂ ਵਿਦਵਾਨ!!
ਹੱਕ, ਸੱਚ, ਰੋਟੀ ਲਈ ਸੜਕਾਂ ‘ਤੇ ਬੈਠਾ,
ਹਾਕਮਾਂ ਵਲੋਂ ਅੱਤਵਾਦੀ, ਸ਼ਹਿਰੀ ਨਕਸਲੀ,
ਪਰਜੀਵੀ ਕਹਾਇਆ।
ਮੈਂ ਗੁਣਵਾਨ! ਮੈਂ ਹੁਨਰਵਾਨ!!
ਮੈਂ ਬੁੱਧੀਜੀਵੀ!!! ਮੈਂ ਕਿਸਾਨ!!!!
ਇਹ ਕੇਹਾ ਸਮਾਂ ਆਇਆ ਹੈ!
ਇਹ ਕੇਹੀ ਹਵਾ ਚੱਲੀ ਹੈ!!
ਦੰਭੀ ਹਵਾ ਚੱਲੀ ਹੈ!!!
ਸਾਜ਼ਿਸ਼ੀ ਹਵਾ ਚੱਲੀ ਹੈ!!!!
***********************
ਮੈਂ ਜਦੋਂ ਵਿਸ਼ਵਾਸ, ਰਿਸ਼ਤੇ, ਦੋਸਤੀ,
ਮੁਹੱਬਤ ਸ਼ਬਦਾਂ ਦੀ ਥਾਹ ਪਾਉਂਦਾ ਹਾਂ,
ਬਹੁਤ ਹੀ ਘਬਰਾਉਂਦਾ ਹਾਂ।
ਬੜਬੋਲੀ ਹੋ ਗਈ ਮੁਹੱਬਤ,
ਦੋਸਤੀ ਫੈਸ਼ਨ ਬਣ ਗਈ,
ਰਿਸ਼ਤੇ ਹਵਾ ‘ਚ ਗੁਆਚ ਗਏ,
ਵਿਸ਼ਵਾਸ਼ ਦੀ ਗੱਲ ਹੀ ਛੱਡੋ।
ਪਰੰਪਰਾ, ਸੰਸਕਾਰਾਂ ‘ਚ
ਉਲਝ ਗਏ ਖਾਲੀ-ਖੋਖਲੇ ਰਿਸ਼ਤੇ,
ਮੁਹੱਬਤ “ਫੇਸ ਬੁੱਕ” ਨੇ ਖੋਹੀ,
ਦੋਸਤੀ ਆਪਣਿਆਂ ‘ਚੋਂ ਨਿਕਲ, ਪਰਾਈ ਹੋ ਗਈ।
ਵਿਸ਼ਵਾਸ਼ ਤਾਂ ਪਰ ਲਾ ਉਡ ਗਿਆ,
ਕਫ਼ੂਰ ਹੋ ਗਿਆ।
ਅਲਫ਼-ਨੰਗੇ ਸ਼ਬਦ ਹੋ ਗਏ,
ਵਿਸ਼ਵਾਸ਼, ਰਿਸ਼ਤਾ, ਮੁਹੱਬਤ, ਦੋਸਤੀ।
ਜ਼ਿੰਦਗੀ ਦੀ ਗਤੀ, ਲੈਅ, ਗੁਆਚੀ,
ਜ਼ਿੰਦਗੀ ਦਾ ਗੀਤ ਓਹਨਾ ਖੋਹ ਲਿਆ,
ਵੇਖੋ ਬੰਦਾ ਆਪਣੇ ਲਈ ਹੀ,
ਪਰਾਇਆ ਹੋ ਗਿਆ।
ਇਹ ਕੇਹਾ ਸਮਾਂ ਆਇਆ ਹੈ!
ਇਹ ਕੇਹੀ ਹਵਾ ਚੱਲੀ ਹੈ!!
ਦੰਭੀ ਹਵਾ ਚੱਲੀ ਹੈ!!!
ਸਾਜ਼ਿਸ਼ੀ ਹਵਾ ਚੱਲੀ ਹੈ!!!!
*********************
ਖੁੱਲ੍ਹੇ ਕੁੜਤੇ, ਜੀਨਾਂ, ਦਗਦੇ ਮੱਥੇ ਨਾਲ,
ਸੋਹਣੀਆਂ ਮੁਟਿਆਰਾਂ, ਸੁਣੱਖੇ ਗੱਭਰੂ,
ਰੰਗਾਂ ਦੇ ਮੇਲੇ ਲਾਉਂਦੇ,
ਚੰਨ, ਸੂਰਜ ਜਿਵੇਂ ਚੜ੍ਹਦੇ ਅਸਤਦੇ,
ਪਾ ਬੋਲੀਆਂ, ਬੰਨ੍ਹਕੇ ਚੁੰਨੀਆਂ,
ਦੁਮਾਲੇ ਕਦੇ ਸੀ ਮਸਤਦੇ।
ਅਕਲ ਦੇ ਖੂਹ ਉਹਨਾ ਦੇ ਉਦੋਂ ਮੁੱਕ ਗਏ,
ਜਦੋਂ ਨਸ਼ਿਆਂ, ਬੇਰੁਜ਼ਗਾਰੀ ਦੇ
ਸਤਾਏ ਉਹ ਖ਼ਰੂਦੀ ਕਹਿਲਾਏ।
ਉਹ ਮਨ ਦੀ ਬਾਤ ਪਾਉਣੋਂ ਰਹੇ ਝਿਜਕਦੇ,
ਉਹ ਚੁੱਪ ਦੇ ਸਾਏ ਹੇਠ ਆਏ।
ਮੱਥੇ ‘ਤੇ ਬੱਝੀਆਂ ਪੱਟੀਆਂ
ਤੇ ਬਾਹਾਂ ਬੱਝੀਆਂ ਨਾਲ,
ਨਾ ਉਹ ਸਮੇਂ ਨਾਲ ਟਕਰਾਏ,
ਨਾ ਹਾਕਮਾਂ ਨੂੰ ਰਾਸ ਆਏ।
ਇਹ ਕੇਹਾ ਸਮਾਂ ਆਇਆ ਹੈ!
ਇਹ ਕੇਹੀ ਚੰਦਰੀ ਹਵਾ ਚੱਲੀ ਹੈ!!
ਇਹ ਕੇਹੀ ਦੰਭੀ ਹਵਾ ਚੱਲੀ ਹੈ!!!
ਇਹ ਕੇਹੀ ਸਾਜ਼ਿਸ਼ੀ ਹਵਾ ਚੱਲੀ ਹੈ!
**************************
-ਗੁਰਮੀਤ ਸਿੰਘ ਪਲਾਹੀ
-9815802070
-218, ਗੁਰੂ ਹਰਿਗੋਬਿੰਦ ਨਗਰ, ਫਗਵਾੜਾ
ਮਿਤੀ 1 ਦਸੰਬਰ 2021