
ਠਾਣੇ, 24 ਮਾਰਚ – ਪੁਲੀਸ ਨੇ ਸੋਮਵਾਰ ਨੂੰ ਦੱਸਿਆ ਕਿ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਇੱਕ 38 ਸਾਲਾ ਵਿਅਕਤੀ ਨਾਲ ਠੱਗਾਂ ਦੇ ਇਕ ਗਰੋਹ ਨੇ ਕ੍ਰਿਪਟੋ ਕਰੰਸੀ ਵਿੱਚ ਨਿਵੇਸ਼ ਕਰਨ ’ਤੇ ਭਾਰੀ ਕਮਾਈ ਦਾ ਲਾਲਚ ਦੇ ਕੇ ਕਥਿਤ ਤੌਰ ‘ਤੇ 47.47 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਨੇ ਡੋਂਬੀਵਲੀ ਸ਼ਹਿਰ ਦੇ ਸ਼ਿਕਾਇਤਕਰਤਾ ਨਾਲ 22 ਫਰਵਰੀ ਤੋਂ 17 ਮਾਰਚ ਦੇ ਵਿਚਕਾਰ ਵਟ੍ਹਸਐਪ ਅਤੇ ਫ਼ੋਨ ਕਾਲਾਂ ਰਾਹੀਂ ਸੰਪਰਕ ਕੀਤਾ। ਇਨ੍ਹਾਂ ਕਾਲਾਂ ਰਾਹੀਂ ਉਸਨੂੰ ਕ੍ਰਿਪਟੋ ਕਰੰਸੀ ਵਿੱਚ ਨਿਵੇਸ਼ ਕਰਨ ‘ਤੇ ਉੱਚ ਰਿਟਰਨਾਂ ਦਾ ਵਾਅਦਾ ਕੀਤਾ ਗਿਆ ਸੀ।
ਪੁਲੀਸ ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਨੇ ਵਿਅਕਤੀ ਨੂੰ ਔਨਲਾਈਨ ਲੈਣ-ਦੇਣ ਰਾਹੀਂ ਵੱਖ-ਵੱਖ ਬੈਂਕ ਖਾਤਿਆਂ ਵਿੱਚ ਪੈਸੇ ਜਮ੍ਹਾਂ ਕਰਨ ਲਈ ਵਰਗਲਾ ਲਿਆ। ਉਨ੍ਹਾਂ ਕਿਹਾ ਕਿ ਬਾਅਦ ਵਿਚ ਸ਼ਿਕਾਇਤਕਰਤਾ ਨੂੰ ਆਪਣੇ ਨਿਵੇਸ਼ ‘ਤੇ ਕੋਈ ਰਿਟਰਨ ਨਹੀਂ ਮਿਲੀ ਅਤੇ ਉਹ ਆਪਣੇ ਪੈਸੇ ਵੀ ਵਾਪਸ ਨਹੀਂ ਲੈ ਸਕਿਆ। ਪੁਲੀਸ ਨੇ ਸੂਚਨਾ ਤਕਨਾਲੋਜੀ (ਆਈਟੀ) ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਹੈ ਅਤੇ ਧੋਖਾਧੜੀ ਨਾਲ ਜੁੜੀ ਇੱਕ ਕੰਪਨੀ ਦੀ ਪਛਾਣ ਕੀਤੀ ਹੈ।