ਮਾਰਕ ਕਾਰਨੇ ਅੱਜ ਲੈਣਗੇ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਹਲਫ਼

ਵੈਨਕੂਵਰ, 14 ਮਾਰਚ – ਲਿਬਰਲ ਪਾਰਟੀ ਦਾ ਆਗੂ ਚੁਣੇ ਜਾਣ ਤੋਂ ਬਾਅਦ ਮਾਰਕ ਕਾਰਨੇ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਸਮਾਗਮ ਰਿਡਿਊ ਹਾਲ ਸਥਿਤ ਦੇਸ਼ ਦੀ ਗਵਰਨਰ ਜਨਰਲ ਮੈਰੀ ਸਾਈਮਨ ਦੇ ਗ੍ਰਹਿ ’ਚ ਹੋਵੇਗਾ, ਜਿਸ ਵਿੱਚ ਸਾਰੇ ਮੰਤਰੀਆਂ ਨੂੰ ਵੀ ਸਹੁੰ ਚੁਕਾਈ ਜਾਵੇਗੀ। ਉਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਗਵਰਨਰ ਜਰਨਲ ਹਾਊਸ ਪਹੁੰਚ ਕੇ ਰਸਮੀ ਤੌਰ ’ਤੇ ਆਪਣਾ ਅਸਤੀਫ਼ਾ ਪੇਸ਼ ਕਰਨਗੇ। ਖ਼ਬਰ ਲਿਖੇ ਜਾਣ ਤੱਕ ਹੋਰ ਮੰਤਰੀਆਂ ਬਾਰੇ ਭੇਤ ਬਰਕਰਾਰ ਹੈ। ਸੂਤਰਾਂ ਅਨੁਸਾਰ ਨਵੇਂ ਮੰਤਰੀ ਮੰਡਲ ਦਾ ਘੇਰਾ ਮੌਜੂਦਾ (36 ਮੈਂਬਰੀ) ਤੋਂ ਕਾਫੀ ਛੋਟਾ ਹੋਵੇਗਾ।

ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਮੌਜੂਦਾ ਮੰਤਰੀਆਂ ’ਚੋਂ ਸਿਰਫ਼ ਉਹੀ ਮੰਤਰੀ ਦੁਬਾਰਾ ਸ਼ਾਮਲ ਕੀਤੇ ਜਾਣਗੇ, ਜਿਨ੍ਹਾਂ ਦੀ ਕਾਰਗੁਜ਼ਾਰੀ ਨੂੰ ਵੱਡੀ ਗਿਣਤੀ ਲੋਕਾਂ ਵੱਲੋਂ ਪਸੰਦ ਕੀਤਾ ਗਿਆ ਹੈ। ਇਹ ਵੀ ਸਪੱਸ਼ਟ ਨਹੀਂ ਹੋ ਸਕਿਆ ਕਿ ਪਾਰਟੀ ਲੀਡਰ ਵਜੋਂ ਮਾਰਕ ਕਾਰਨੇ ਦੀ ਉਮੀਦਵਾਰੀ ਦੀ ਵਿਰੋਧਤਾ ਕਰਨ ਅਤੇ ਉਸ ਵਿਰੁੱਧ ਚੋਣ ਲੜਨ ਵਾਲਿਆਂ ’ਚੋਂ ਕਿਸੇ ਨੂੰ ਮੰਤਰੀ ਲਿਆ ਜਾਵੇਗਾ ਕਿ ਨਹੀਂ ਪਰ ਇਹ ਪੱਕਾ ਸਮਝਿਆ ਜਾ ਰਿਹਾ ਹੈ ਕਿ ਅਮਰੀਕਨ ਟੈਰਿਫ ਮਾਮਲੇ ਵਿੱਚ ਬਾਦਲੀਲ ਤੇ ਚੁਣੌਤੀ ਵਾਲੀ ਗੱਲ ਕਰਨ ਵਾਲੇ ਸੰਸਦ ਮੈਂਬਰਾਂ ਦਾ ਨੰਬਰ ਲੱਗ ਸਕਦਾ ਹੈ।

ਸਾਂਝਾ ਕਰੋ

ਪੜ੍ਹੋ