
ਨਵੀਂ ਦਿੱਲੀ, 14 ਮਾਰਚ – ਭਾਰਤ ਨੇ ਇਟਲੀ ਦੇ ਤੂਰਿਨ ’ਚ ਚੱਲ ਰਹੀਆਂ ਵਿਸ਼ੇਸ਼ ਓਲੰਪਿਕਸ ਵਿਸ਼ਵ ਸਰਦ ਰੁੱਤ ਖੇਡਾਂ ਦੇ ਦੂਜੇ ਦਿਨ ਦੋ ਸੋਨੇ, ਦੋ ਚਾਂਦੀ ਤੇ ਇੱਕ ਕਾਂਸੀ ਦਾ ਤਗ਼ਮਾ ਜਿੱਤਿਆ, ਜਿਸ ਨਾਲ ਭਾਰਤ ਦੇ ਤਗ਼ਮਿਆਂ ਦੀ ਗਿਣਤੀ ਨੌਂ ਹੋ ਗਈ ਹੈ। ਪਹਿਲੇ ਦਿਨ ਸਨੋਅ ਬੋਰਡਿੰਗ ’ਚ ਚਾਰ ਤਗ਼ਮੇ ਜਿੱਤਣ ਤੋਂ ਬਾਅਦ ਭਾਰਤ ਨੇ ਦੋ ਹੋਰ ਤਗ਼ਮੇ ਹਾਸਲ ਕੀਤੇ। ਭਾਰਤੀ (ਡਿਵੀਜ਼ਨ ਐੱਫ25) ਨੇ ਨੋਵਿਸ ਸਲਾਲੋਮ ਫਾਈਨਲ ’ਚ ਸੋਨ ਤਗ਼ਮਾ ਜਿੱਤਿਆ, ਜਦਕਿ ਹਰਸ਼ਿਤਾ ਠਾਕੁਰ (ਐੱਫ26) ਨੇ ਕਾਂਸੀ ਤਗ਼ਮਾ ਹਾਸਲ ਕੀਤਾ।
ਭਾਰਤੀ ਇਸ ਤੋਂ ਪਹਿਲਾਂ ਸੋਨ ਤਗ਼ਮਾ ਜਿੱਤ ਚੁੱਕੀ ਹੈ, ਜਦਕਿ ਹਰਸ਼ਿਤਾ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਭਾਰਤੀ ਟੀਮ ਨੇ ਐਲਪਲਾਈਨ ਸਕੀਈਂਕ ’ਚ ਇੱਕ ਸੋਨੇ ਦਾ ਤੇ ਦੋ ਚਾਂਦੀ ਦੇ ਤਗ਼ਮੇ ਜਿੱਤੇ ਹਨ। ਨਿਰਮਲਾ ਦੇਵੀ (ਐੱਫ06) ਨੇ ਇੰਟਰਮੀਡੀਏਟ ਜਾਇੰਟ ਸਲਾਲੋਮ ਫਾਈਨਲ ਵਿੱਚ ਸੋਨੇ ਦਾ ਅਤੇ ਰਾਧਾ ਦੇਵੀ (ਐੱਫ01) ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਅਭਿਸ਼ੇਕ ਕੁਮਾਰ ਨੇ ਨੋਵਿਸ ਜਾਇੰਟ ਸਲਾਲੋਮ ਫਾਈਨਲ ਡਿਵੀਜ਼ਨ ਐੱਮ02 ’ਚ ਚਾਂਦੀ ਦਾ ਤਗ਼ਮਾ ਹਾਸਲ ਕੀਤਾ।