ਕੱਚੇ ਨਰੇਗਾ ਮੁਲਾਜ਼ਮਾਂ ਵੱਲੋਂ ਰੋਸ ਮਾਰਚ

ਬਠਿੰਡਾ, 13 ਮਾਰਚ – ਨਰੇਗਾ ਸਕੀਮ ਦੇ ਕੱਚੇ ਮੁਲਾਜ਼ਮਾਂ ਨੇ ਅੱਜ ਇੱਥੇ ਚਿਲਡਰਨ ਪਾਰਕ ਤੋਂ ਮਿਨੀ ਸਕੱਤਰੇਤ ਤੱਕ ਰੋਸ ਮਾਰਚ ਕੀਤਾ। ਮੁਜ਼ਾਹਰਾਕਾਰੀਆਂ ’ਚੋਂ ਇੱਕ ਨੇ ਸਿਰ ’ਤੇ ਗੱਠੜੀ ਚੁੱਕੀ ਹੋਈ ਸੀ, ਜਿਸ ਨੂੰ ਉਹ ‘ਲਾਰਿਆਂ ਦੀ ਪੰਡ’ ਦਾ ਨਾਂਅ ਦੇ ਰਹੇ ਸਨ। ਮਿਨੀ ਸਕੱਤਰੇਤ ਅੱਪੜ ਕੇ ਨਾਅਰੇਬਾਜ਼ੀ ਦੌਰਾਨ ਗੱਠੜੀ ਸਾੜ ਦਿੱਤੀ ਗਈ। ਨਰੇਗਾ ਕਾਮਿਆਂ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਨੇ ਕਿਹਾ ਕਿ ਨਰੇਗਾ ਮੁਲਾਜ਼ਮ 16 ਸਾਲ ਤੋਂ ਕੱਚੇ ਹਨ ਅਤੇ ਉਨ੍ਹਾਂ ਆਪਣੀ ਜਵਾਨੀ ਡਿਊਟੀ ਲੇਖੇ ਲਾਈ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਦੀਆਂ ਸਭ ਸਰਕਾਰਾਂ ’ਤੇ ਨਰੇਗਾ ਮੁਲਾਜ਼ਮਾਂ ਉੱਪਰ ਦਬਾਅ ਬਣਾ ਕੇ ਸਿਆਸੀ ਹਿਤਾਂ ਲਈ ਵਰਤਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਸਭ ਸਰਕਾਰਾਂ ਆਪਣੇ ਪੰਜ ਸਾਲਾ ਕਾਰਜਕਾਲ ਦੇ ਆਖਰੀ ਸਾਲ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਨੀਤੀ ਬਣਾਏ ਜਾਣ ਦੀ ਗੱਲ ਕਰਦੀਆਂ ਹਨ, ਪਰ ਕਿਸੇ ਵੀ ਸਰਕਾਰ ਨੇ ਨਰੇਗਾ ਮੁਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੀ ਆਪਣੇ ਪਹਿਲੇ ਦਿਨ ਤੋਂ ਹੀ ਕੱਚਿਆਂ ਨੂੰ ਪੱਕੇ ਕਰਨ ਦਾ ਰਾਗ ਅਲਾਪ ਰਹੀ ਹੈ ਪਰ ਅਜੇ ਤੱਕ ਕੋਈ ਨੀਤੀ ਨਹੀਂ ਬਣਾ ਸਕੀ, ਹਾਲਾਂਕਿ ਨਰੇਗਾ ਮੁਲਾਜ਼ਮਾਂ ਨੂੰ ਨੀਤੀ ਅਧੀਨ ਲਿਆ ਕੇ ਪੱਕੇ ਕਰਨ ਦੀ ਸਾਰੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਵਿਭਾਗ ਦੇ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੂੰ ਵੀ ਕਈ ਵਾਰ ਮਿਲ ਕੇ ਮਸਲੇ ਦਾ ਹੱਲ ਕਰਨ ਦੀ ਬੇਨਤੀ ਕੀਤੀ ਜਾ ਚੁੱਕੀ ਹੈ, ਪਰ ਉਨ੍ਹਾਂ ਵੱਲੋਂ ਮੀਟਿੰਗ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਸੇ ਰੋਸ ਵਜੋਂ 5 ਮਾਰਚ ਤੋਂ ਨਰੇਗਾ ਤਹਿਤ ਹੋਣ ਵਾਲੇ ਹਰ ਤਰ੍ਹਾਂ ਦੇ ਵਿਕਾਸ ਕਾਰਜ ਠੱਪ ਕਰ ਕੇ ਮੁਲਾਜ਼ਮ ਹੜਤਾਲ ’ਤੇ ਹਨ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਵੱਲੋਂ ਮਸਲੇ ’ਚ ਦਖ਼ਲ ਦੇ ਕੇ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 18 ਮਾਰਚ ਨੂੰ ਵਿਕਾਸ ਭਵਨ ਮੁਹਾਲੀ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਪ੍ਰੈੱਸ ਸਕੱਤਰ ਅਮਰੀਕ ਸਿੰਘ ਮਹਿਰਾਜ, ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ, ਨਵਪ੍ਰੀਤ ਸਿੰਘ, ਬੂਟਾ ਸਿੰਘ ਬੰਗੀ, ਬਸੰਤ ਸਿੰਘ, ਜਸਵੀਰ ਸਿੰਘ, ਸੁਖਬੀਰ ਸਿੰਘ, ਰਣਵੀਰ ਸਿੰਘ, ਸੁਰਜੀਤ, ਗੋਰਾ ਸਿੰਘ ਤੇ ਨਰੇਸ਼ ਕੁਮਾਰ ਆਦਿ ਹਾਜ਼ਰ ਸਨ।

ਸਾਂਝਾ ਕਰੋ

ਪੜ੍ਹੋ