ਏਹੁ ਹਮਾਰਾ ਜੀਵਣਾ/ਅਮੋਲਕ ਸਿੰਘ

ਰਾਜ ਵਿਆਹੀ ਸਾਡੇ ਪਿੰਡ ਆਈ। ਰਾਜ ਦੇ ਹੱਥਾਂ ’ਤੇ ਕਦੋਂ ਮਹਿੰਦੀ ਲੱਗੀ, ਕਦੋਂ ਲੱਥ ਵੀ ਗਈ, ਪੱਕ ਨਾਲ ਕਿਸੇ ਨੂੰ ਵੀ ਨਹੀਂ ਪਤਾ। ਪਿੰਡ ਵਾਲਿਆਂ ਨੇ ਤਾਂ ਗੋਹਾ-ਕੂੜਾ ਕਰਦੀ ਰਾਜ ਦੇ ਹੱਥਾਂ ਨੂੰ ਅਕਸਰ ਗੋਹਾ ਲੱਗਾ ਦੇਖਿਆ। ਉਹਦੇ ਘਰਵਾਲਾ ਇੰਨਾ ਨਸ਼ਾ ਪੀਂਦਾ ਸੀ ਕਿ ਇੱਕ ਦਿਨ ਉਹਨੂੰ ਨਸ਼ਿਆਂ ਨੇ ਪੀ ਲਿਆ। ਰਾਜ ਕੋਲ ਇੱਕ ਧੀ ਅਤੇ ਦੋ ਪੁੱਤ ਰਹਿ ਗਏ। ਇਨ੍ਹਾਂ ਬੱਚਿਆਂ ਦੇ ਭਾਰ ਤੋਂ ਵੀ ਵੱਧ ਪੱਲੇ ਪੈ ਗਿਆ ਮੁਸੀਬਤਾਂ ਦਾ ਭਾਰ।

ਉਹਦੀ ਜ਼ਿੰਦਗੀ ਗਿੱਲੀ ਲੱਕੜ ਵਾਂਗ ਧੁਖਦੀ ਰਹੀ। ਉਹ ਹੌਸਲੇ ਨਾਲ ਜੀਵਨ ਸਫ਼ਰ ’ਤੇ ਰਹੀ। ਆਖ਼ਿਰ ਇੱਕ ਦਿਨ ਉਹਦਾ ਸਿਦਕ ਡੋਲ ਗਿਆ, ਉਹਨੂੰ ਲੱਗਾ- ਇਹੋ ਜਿਹੇ ਜਿਊਣ ਨਾਲੋਂ ਤਾਂ ਮੌਤ ਚੰਗੀ। ਉਹਨੇ ਪਿੰਡ ਨਾਲ ਵਗਦੀ ਨਹਿਰ ਵਿਚ ਛਾਲ ਮਾਰ ਦਿੱਤੀ। ਕਿਸੇ ਅਜਨਬੀ ਨੇ ਨਹਿਰ ਵਿਚ ਛਾਲ ਮਾਰ ਕੇ ਡੁੱਬਦੀ ਰਾਜ ਨੂੰ ਬਚਾ ਲਿਆ। ਇਸ ਘਟਨਾ ਪਿੱਛੋਂ ਸੋਚਵਾਨ ਲੋਕਾਂ ਵਿਚ ਮੰਥਨ ਹੁੰਦਾ ਰਹਿੰਦਾ ਕਿ ਕਿਰਤੀਆਂ ਦੀ ਜ਼ਿੰਦਗੀ ਕਿਹੋ ਜਿਹੇ ਤਿੱਖੇ ਮੋੜ ’ਤੇ ਪੁੱਜ ਗਈ ਜਿੱਥੇ ਮੰਦਹਾਲੀ ਦੇ ਭੰਨਿਆਂ ਨੂੰ ਜਿਊਣ ਨਾਲੋਂ ਮੌਤ ਨੂੰ ਗਲੇ ਲਾਉਣ ਦੀ ਚੋਣ ਕਰਨ ਵਰਗੇ ਵਰਤਾਰੇ ਨੇ ਨਾਗਵਲ ਪਾ ਲਿਆ। ਇਸ ਹਾਦਸੇ ਮਗਰੋਂ ਕਾਫੀ ਚਿਰ ਤਾਂ ਰਾਜ ਨੂੰ ਇਹ ਪਛਤਾਵਾ ਹੀ ਵੱਢ-ਵੱਢ ਖਾਂਦਾ ਰਿਹਾ ਕਿ ਉਹਨੂੰ ਕਿਉਂ ਬਚਾ ਲਿਆ, ਅਜੇ ਮੇਰਾ ਹੋਰ ਲੇਖਾ ਲੈਣਾ ਸੀ? ਨਗਰ ਨਿਵਾਸੀ, ਪਰਿਵਾਰ ਖਾਸ ਕਰ ਕੇ ਉਸ ਦੇ ਨਜ਼ਦੀਕੀ ਪਰਿਵਾਰ ਉਸ ਦਾ ਧਿਆਨ ਰੱਖਣ ਲੱਗੇ। ਹਰ ਤਰ੍ਹਾਂ ਮਦਦ ਕਰਦੇ ਅਤੇ ਹੌਸਲਾ ਦਿੰਦੇ, “ਤੇਰੇ ਪੁੱਤ ਜੁਆਨ ਹੋਏ ਕਿ ਹੋਏ। ਸਮਾਂ ਸਦਾ ਇੱਕੋ ਜਿਹਾ ਨਹੀਂ ਰਹਿੰਦਾ।”

ਪੁੱਤ ਜੁਆਨ ਹੋਏ ਤਾਂ ਇੱਕ ਨਸ਼ੇ ਦਾ ਆਦੀ ਹੋ ਗਿਆ। ਨਸ਼ੇ ਲਈ ਚੋਰੀਆਂ ਕਰਨ ਲੱਗਾ। ਦੂਜਾ ਸਾਰਾ ਦਿਨ ਕਬੂਤਰ ਉਡਾਉਂਦਾ, ਉਨ੍ਹਾਂ ਦਾ ਪਿੱਛਾ ਕਰਦਾ ਅਸਮਾਨ ਵੱਲ ਤੱਕਦਾ ਰਹਿੰਦਾ। ਰਾਜ ਆਪਣੇ ਪੁੱਤਾਂ ਦੇ ਮੂੰਹ ਵੱਲ ਤੱਕਦੀ ਰਹਿ ਗਈ। ਉਹ ਅੰਦਰੇ-ਅੰਦਰ ਕਲਪਦੀ। ਉਹਨੂੰ ਡਰ ਸਤਾਉਂਦਾ ਰਹਿੰਦਾ ਕਿ ਜੇ ਘੂਰਿਆ ਤਾਂ ਕਿਤੇ ਮੇਰਾ ਪੁੱਤ ਨਹਿਰ ਵਿਚ ਛਾਲ ਨਾ ਮਾਰ ਦੇਵੇ! ਕਬੂਤਰਾਂ ਦੇ ਸ਼ੌਕੀਨ ਪੁੱਤ ਨੇ ਮੋੜਾ ਕੱਟਿਆ। ਕਬੂਤਰਾਂ ਦਾ ਪਿੱਛਾ ਛੱਡ ਕੰਮ ਕਰਨ ਲੱਗਾ। ਦੂਜੇ ਨੇ ਨਸ਼ੇ ਅਤੇ ਚੋਰੀ ਦੀ ਅੱਤ ਕਰ ਦਿੱਤੀ। ਮਾਂ ਦੀਆਂ ਹੱਡੀਆਂ ਭੰਨ ਦਿੰਦਾ। ਸਾਰਾ ਦਿਨ ਫੈਕਟਰੀ ਅਤੇ ਘਰਾਂ ਵਿੱਚ ਕੰਮ ਕਰ ਕੇ ਜਿਹੜੇ ਦੋ ਛਿੱਲੜ ਉਹ ਹੱਡ ਭੰਨ ਕੇ ਕਮਾ ਕੇ ਘਰ ਲਿਆਉਂਦੀ, ਨਸ਼ੇੜੀ ਪੁੱਤ ਕੁੱਟ-ਮਾਰ ਕਰ ਕੇ ਉਹ ਵੀ ਖੋਹ ਲੈਂਦਾ।

ਉਹ ਇਨ੍ਹਾਂ ਦਿਨਾਂ ਵਿੱਚ ਫੈਕਟਰੀ ਵਿਚ ਨਾ-ਮਾਤਰ ਤਨਖਾਹ ’ਤੇ ਹੀ ਕੰਮ ਕਰਨ ਜਾਂਦੀ ਸੀ ਜਦੋਂ ਉਹ ਪਲਾਂ ਛਿਣਾਂ ਵਿੱਚ ਅੱਖਾਂ ਮੀਟ ਗਈ। ਉਹਦੀ ਅੰਤਿਮ ਵਿਦਾਇਗੀ ਅਤੇ ਰਸਮਾਂ ਪਿੰਡ ਵਾਸੀਆਂ ਨੇ ਹੀ ਆਰਥਿਕ ਅਤੇ ਲੋੜੀਂਦੀ ਹੋਰ ਮਦਦ ਇਕੱਠੀ ਕਰ ਕੇ ਪੂਰੀਆਂ ਕੀਤੀਆਂ। ਦੁਨੀਆ ਦੇ ਸਰਵੋਤਮ ਹੋਣ ਦੇ ਦਾਅਵੇਦਾਰ ਰਾਜ ਅੰਦਰ ਗਰੀਬੜੀ ਮਿਹਨਤੀ ਰਾਜ ਸਦਾ ਲਈ ਤੁਰ ਗਈ। ਕੌਣ ਸਮਝਾਏ ਇਨ੍ਹਾਂ ਸੋਗ ਭਿੱਜੀਆਂ ਹਵਾਵਾਂ ਨੂੰ ਕਿ ਰਾਜ ਨੂੰ ਰਾਜਭਾਗ ਖਾ ਗਿਆ; ਜਿਹੜਾ ਰਾਜਭਾਗ ਰਾਜ ਵਰਗੀਆਂ ਧੀਆਂ ਨੂੰ ਜਿਊਣ ਜੋਗੀ ਮਾਣਮੱਤੀ ਜ਼ਮੀਨ ਅਤੇ ਆਪਣੇ ਹਿੱਸੇ ਦਾ ਅੰਬਰ ਨਹੀਂ ਦਿੰਦਾ। ਖੋਜਾਰਥੀਆਂ, ਸਮਾਜ ਵਿਗਿਆਨੀਆਂ ਅਤੇ ਔਰਤ ਹੱਕਾਂ ਦੀ ਗੱਲ ਕਰਨ ਵਾਲਿਆਂ ਲਈ ਰਾਜ ਵਡੇਰੇ ਸਵਾਲ ਛੱਡ ਗਈ ਜਿਹੜੇ ਉਹਦੇ ਸਿਵੇ ਵਿਚ ਸੜ ਕੇ ਵੀ ਸੁਆਹ ਨਹੀਂ ਹੋਏ।

ਰਾਜ ਦੇ ਵਿਛੋੜੇ ਨਾਲ ਜੁੜੀਆਂ ਰਸਮਾਂ ਪੂਰੀਆਂ ਕਰਨ ਦਾ ਅਜੇ ਸੂਰਜ ਹੀ ਢਲਿਆ ਸੀ ਕਿ ਉਹਦੇ ਨਸ਼ੇ ਅਤੇ ਚੋਰੀਆਂ ਦੇ ਚੱਕਰ ਵਿੱਚ ਘਿਰੇ ਪੁੱਤ ਦੀ ਵੀ ਸੜਕ ਦੁਰਘਟਨਾ ਵਿਚ ਮੌਤ ਹੋ ਗਈ। ਰਾਜ ਦੀਆਂ ਰਸਮਾਂ ਵਾਂਗ ਨਗਰ ਨੇ ਉਸ ਲਈ ਵੀ ਜੋ ਬਣਦਾ ਸੀ, ਕੀਤਾ। … ਅਜੋਕੇ ਸਮਾਜ ਵਿਚ ਬੇਸ਼ੁਮਾਰ ਲੋਕ ਉਹ ਨੇ ਜਿਨ੍ਹਾਂ ਨੂੰ ਵਕਤ ਕਦੇ ਇਹ ਸੋਚਣ ਦੀ ਵਿਹਲ ਵੀ ਨਹੀਂ ਦਿੰਦਾ ਕਿ ਉਨ੍ਹਾਂ ਨਾਲ ਇਹ ਜੱਗੋਂ ਤੇਰ੍ਹਵੀਂ ਕਿਉਂ ਹੋ ਰਹੀ ਹੈ।

ਸਾਂਝਾ ਕਰੋ

ਪੜ੍ਹੋ

ਆਪ ਆਗੂਆਂ ਨੇ ਭਾਜਪਾ ’ਤੇ ਵਾਅਦੇ ਸਮੇਂ

ਨਵੀਂ ਦਿੱਲੀ, 12 ਮਾਰਚ – ਆਪ ਆਗੂ ਰਿਤੁਰਾਜ ਝਾਅ ਨੇ...