
ਭਾਰਤ ਵਿਚ ਬੈਂਕਿੰਗ ਖੇਤਰ ਹੋਂਦ |ਚ ਆਉਣ ਤੋਂ ਪਹਿਲਾਂ ਲੋਕ ਆਪਣੀਆਂ ਛੋਟੀਆਂ ਬੱਚਤਾਂ ਜਾਂ ਗਹਿਣੇ-ਗੱਟੇ ਆਪਣੇ ਘਰਾਂ ਵਿਚ ਸੰਭਾਲ ਕੇ ਰੱਖਦੇ ਸਨ ਜਾਂ ਫਿਰ ਪਿੰਡ ਦੇ ਸ਼ਾਹੂਕਾਰ ਜਾਂ ਭਰੋਸੇਯੋਗ ਵਿਅਕਤੀ ਕੋਲ ਅਮਾਨਤ ਦੇ ਤੌਰ ’ਤੇ ਜਮ੍ਹਾ ਕਰਵਾ ਕੇ ਰੱਖਦੇ ਸਨ ਤਾਂ ਕਿ ਜ਼ਰੂਰਤ ਸਮੇਂ ਉਨ੍ਹਾਂ ਤੋਂ ਵਾਪਸ ਲਏ ਜਾ ਸਕਣ। ਜਦੋਂ ਤੱਕ ਰੁਪਏ ਪੈਸੇ ਦਾ ਚਲਨ ਨਹੀਂ ਹੋਇਆ ਸੀ, ਉਸ ਸਮੇਂ ਲੋਕ ਚੀਜ਼ਾਂ, ਅਨਾਜ ਜਾਂ ਹੋਰ ਲੋੜੀਂਦੀਆਂ ਵਸਤਾਂ ਦਾ ਆਪਸ ਵਿਚ ਲੈਣ-ਦੇਣ ਕਰ ਲੈਂਦੇ ਸਨ। ਜਿਨ੍ਹਾਂ ਕੋਲ ਵਾਧੂ ਹੁੰਦਾ, ਉਹ ਦੂਸਰੇ ਲੋੜਵੰਦਾਂ ਨੂੰ ਦੇ ਕੇ ਉਸ ਤੋਂ ਆਪਣੀ ਜ਼ਰੂਰਤ ਦੀ ਵਸਤੂ ਲੈ ਲੈਂਦੇ ਸਨ। ਇਸ ਸਿਸਟਮ ਨੂੰ ਅਦਾਨ-ਪ੍ਰਦਾਨ (ਬਾਰਟਰ ਸਿਸਟਮ) ਕਿਹਾ ਜਾਂਦਾ ਸੀ। ਫਿਰ ਰੁਪਇਆ-ਪੈਸਾ ਹੋਂਦ ਵਿਚ ਆਇਆ।
ਜੋ ਲੋੜਵੰਦ ਹੁੰਦੇ ਸਨ, ਉਹ ਸ਼ਾਹੂਕਾਰ ਜਾਂ ਸੇਠ ਕੋਲੋਂ ਥੋੜ੍ਹੇ-ਬਹੁਤੇ ਵਿਆਜ ’ਤੇ ਲੋੜ ਅਨੁਸਾਰ ਰਕਮ ਲੈ ਲੈਂਦੇ ਸਨ। ਬੱਚਤ ਕਰਨ ਵਾਲੇ ਵੀ ਇਸ ਵਿਸ਼ਵਾਸ ਨਾਲ ਸ਼ਾਹੂਕਾਰ ਕੋਲ ਆਪਣੀ ਬੱਚਤ ਜਮ੍ਹਾ ਕਰਵਾਉਂਦੇ ਸਨ ਕਿ ਇਹ ਸੁਰੱਖਿਅਤ ਰਹੇਗੀ ਤੇ ਲੋੜ ਵੇਲੇ ਵਾਪਸ ਮਿਲ ਜਾਵੇਗੀ। ਇਸੇ ਤਰ੍ਹਾਂ ਸ਼ਾਹੂਕਾਰ ਵੀ ਉਸ ਵਿਅਕਤੀ ਨੂੰ ਕਰਜ਼ਾ ਦਿੰਦੇ ਸਨ ਜਿਸ ’ਤੇ ਭਰੋਸਾ ਕਰਦੇ ਸਨ ਕਿ ਉਹ ਵਾਪਸ ਕਰ ਦੇਵੇਗਾ। ਇਸ ਤਰ੍ਹਾਂ ਇਹ ਪ੍ਰਾਚੀਨ ਸਥਾਨਕ ਬੈਂਕਿੰਗ ਪ੍ਰਣਾਲੀ ਪ੍ਰਚਲਿਤ ਸੀ। ਭਰੋਸੇਯੋਗਤਾ ਇਕ ਅਜਿਹਾ ਤੱਥ ਸੀ ਜੋ ਇਸ ਪ੍ਰਾਚੀਨ ਬੈਂਕਿੰਗ ਵਿਚ ਮੁੱਖ ਭੂਮਿਕਾ ਨਿਭਾਉਂਦਾ ਸੀ। ਉਸ ਤੋਂ ਬਾਅਦ ਵੱਡੀਆਂ-ਵੱਡੀਆਂ ਕੰਪਨੀਆਂ ਇਸ ਪ੍ਰਣਾਲੀ ਵਿਚ ਦਾਖ਼ਲ ਹੋਈਆਂ। ਪ੍ਰਾਈਵੇਟ ਉੱਦਮੀਆਂ ਨੇ ਕੰਪਨੀਆਂ ਬਣਾ ਕੇ, ਸਰਕਾਰ ਤੋਂ ਬੈਂਕਿੰਗ ਲਾਇਸੈਂਸ ਲੈ ਕੇ ਛੋਟੇ-ਛੋਟੇ ਸਥਾਨਕ ਬੈਂਕ ਸਥਾਪਤ ਕੀਤੇ। ਫਿਰ ਮੌਜੂਦਾ ਬੈਂਕਿੰਗ ਪ੍ਰਣਾਲੀ ਹੋਂਦ ਵਿਚ ਆਈ।
ਬੈਂਕਾਂ ਦਾ ਮੁੱਖ ਕੰਮ ਲੋਕਾਂ ਦੀਆਂ ਬੱਚਤਾਂ ਨੂੰ ਸੰਚਾਲਿਤ ਕਰ ਕੇ ਬੈਂਕਾਂ ਵਿਚ ਜਮ੍ਹਾ ਪੂੰਜੀ ਦੇ ਰੂਪ ’ਚ ਡਿਪਾਜ਼ਟ ਇਕੱਠੇ ਕੀਤੇ ਜਾਂਦੇ ਤੇ ਉਸ ਉੱਪਰ ਵਿਆਜ ਦਿੱਤਾ ਜਾਂਦਾ। ਲੋਕਾਂ ਨੂੰ ਆਪਣੀ ਰਕਮ ਉੱਪਰ ਵਿਆਜ ਮਿਲ ਜਾਂਦਾ ਤੇ ਰਕਮ ਵੀ ਬੈਂਕ ਵਿਚ ਸੰਭਾਲ ਕੇ ਰੱਖੀ ਜਾਂਦੀ। ਬੈਂਕ ਕੁਝ ਉੱਚੀ ਵਿਆਜ ਦਰ ’ਤੇ ਲੋੜਵੰਦ ਲੋਕਾਂ ਨੂੰ ਕਰਜ਼ਾ ਦਿੰਦੇ। ਆਧੁਨਿਕ ਬੈਂਕਿੰਗ ਪ੍ਰਣਾਲੀ ਵਿਚ ਕਾਗਜ਼ੀ ਕਾਰਵਾਈ ਤੇ ਜ਼ਮਾਨਤਾਂ ਆਦਿ ਤੋਂ ਬਾਅਦ ਭਰੋਸਯੋਗਤਾ ਤੱਥ ਮਹਤੱਵਪੂਰਨ ਭੂਮਿਕਾ ਨਿਭਾਉਂਦਾ ਹੈ। ਲੋਕ ਬੈਂਕ ਵਿਚ ਇਸ ਵਿਸ਼ਵਾਸ ਨਾਲ ਆਪਣੀ ਬੱਚਤ ਜਮ੍ਹਾ ਕਰਵਾਉਂਦੇ ਹਨ ਕਿ ਉਨ੍ਹਾਂ ਦਾ ਪੈਸਾ ਮਰੇਗਾ ਨਹੀਂ, ਜਦੋਂ ਲੋੜ ਹੋਵੇਗੀ ਵਾਪਸ ਮਿਲ ਜਾਵੇਗਾ।
ਮੈਂ ਬੈਂਕਿੰਗ ਖੇਤਰ ਵਿਚ ਪੈਂਤੀ ਸਾਲ ਨੌਕਰੀ ਕੀਤੀ। ਭਾਵੇਂ ਬੈਂਕਾਂ ਵਿਚ ਅੱਜ-ਕੱਲ੍ਹ ਪੂਰੀ ਤਰਾਂ ਕੰਪਿਊਟਰੀਕਰਨ ਹੋ ਗਿਆ ਹੈ ਪਰ ਭਰੋਸੇਯੋਗਤਾ ਵਾਲਾ ਤੱਥ ਜਿਵੇਂ ਦਾ ਤਿਵੇਂ ਕੰਮ ਕਰ ਰਿਹਾ ਹੈ। ਅਸੀਂ ਵੀ ਪੂਰੀ ਨੌਕਰੀ ਦੌਰਾਨ ਭਰੋਸੇਯੋਗਤਾ ਦਾ ਬਹੁਤ ਲੰਬਾ ਤਜਰਬਾ ਹਾਸਲ ਕੀਤਾ ਹੈ। ਸੰਨ 1995-96 ਦੀ ਘਟਨਾ ਹੈ। ਅਸੀਂ ਵੀ ਕਰਜ਼ਾ ਦੇਣ ਤੋਂ ਪਹਿਲਾਂ ਵਿਅਕਤੀ ਦੀ ਨੇਕਨਾਮੀ, ਬਾਜ਼ਾਰ ਵਿਚ ਲੈਣ-ਦੇਣ ਤੇ ਕਰਜ਼ੇ ਦਾ ਮਕਸਦ ਕਿ ਸਹੀ ਕੰਮ ਪਿੱਛੇ ਕਰਜ਼ਾ ਲੈ ਰਿਹਾ ਹੈ ਅਤੇ ਸਭ ਤੋਂ ਵੱਧ ਭਰੋਸੇਯੋਗਤਾ ਤੱਥ ਅਨੁਸਾਰ ਕਰਜ਼ਾ ਲੈਣ ਵਾਲੇ ’ਤੇ ਵਿਸ਼ਵਾਸ ਕਰਨਾ ਹੁੰਦਾ ਸੀ। ਇਨ੍ਹਾਂ ਤੱਥਾਂ ਦੇ ਆਧਾਰ ’ਤੇ ਕਰਜ਼ਾ ਦਿੱਤਾ ਜਾਂਦਾ ਸੀ। ਮੈਂ ਇਲਾਕੇ ਦੀ ਇਕ ਪੇਂਡੂ ਬਰਾਂਚ ਵਿਚ ਮੈਨੇਜਰ ਸੀ।
ਸਾਡੇ ਗਾਹਕ ਪਿੰਡਾਂ ਵਾਲੇ ਜ਼ਿਆਦਾ ਸਨ। ਵਾਧੂ ਪੈਸੇ ਵਾਲੇ ਬੈਂਕ ’ਚ ਡਿਪਾਜ਼ਟ ਕਰਵਾਉਂਦੇ ਸਨ ਤੇ ਲੋੜਵੰਦ ਖੇਤੀ ਲਈ ਕਰਜ਼ਾ ਲੈਂਦੇ ਸਨ। ਲਾਗਲੇ ਪਿੰਡ ਦਾ ਇਕ ਕਿਸਾਨ ਜੰਡ ਸਿੰਘ ਮੇਰਾ ਵਧੀਆ ਗਾਹਕ ਸੀ। ਉਹ ਹਮੇਸ਼ਾ ਪੈਸੇ ਜਮ੍ਹਾ ਹੀ ਰੱਖਦਾ ਸੀ। ਉਸ ਕੋਲ 18-20 ਕਿੱਲੇ ਪੈਲ਼ੀ ਸੀ ਤੇ ਉਸ ਵਿਚ ਹੀ ਮਕਾਨ ਬਣਾਇਆ ਹੋਇਆ ਸੀ। ਆਮਦਨ ਵੀ ਸੁੱਖ ਨਾਲ ਕਾਫ਼ੀ ਸੀ। ਉਹ ਮਹੀਨੇ ’ਚ ਇਕ-ਦੋ ਵਾਰ ਬੈਂਕ ਆਉਂਦਾ ਸੀ। ਹਮੇਸ਼ਾ ਨਿਹੰਗ ਬਾਣੇ ਵਿਚ ਰਹਿੰਦਿਆਂ ਆਪਣਾ ਖੇਤੀਬਾੜੀ ਤੇ ਕਬੀਲਦਾਰੀ ਦਾ ਕੰਮ ਬਾਖ਼ੂਬੀ ਨਿਭਾਉਂਦਾ ਸੀ। ਜਦੋਂ ਵੀ ਬੈਂਕ ਆਉਣਾ, ਵਧੀਆ ਤੇ ਸਲੀਕੇ ਨਾਲ ਗੱਲਾਂ ਕਰਨੀਆਂ ਅਤੇ ਗੁਰਬਾਣੀ ਵਾਰੇ ਜ਼ਰੂਰ ਚਰਚਾ ਕਰਨੀ ਉਸ ਦਾ ਸੁਭਾਅ ਸੀ। ਮੈਂ ਵੀ ਗੁਰਬਾਣੀ ਵਿਚ ਬਹੁਤ ਦਿਲਚਸਪੀ ਰੱਖਦਾ ਸੀ, ਇਸ ਕਰਕੇ ਉਸਦੀਆਂ ਗੱਲਾਂ ਬੜੇ ਧਿਆਨ ਨਾਲ ਸੁਣਦਾ ਸੀ। ਇਕ ਬੜੀ ਵੱਡੀ ਦੁਰਘਟਨਾ ਹੋ ਗਈ। ਉਸ ਦਾ ਘਰ ਖੇਤਾਂ ਵਿਚ ਹੋਣ ਕਰਕੇ ਇਕ ਰਾਤ ਦੋ ਲੁਟੇਰਿਆਂ ਨੇ ਲੁੱਟਣ ਦੀ ਖ਼ਾਤਰ ਜੰਡ ਸਿੰਘ ਦੇ ਘਰ ’ਤੇ ਹਮਲਾ ਕਰ ਦਿੱਤਾ। ਉਹ ਵਿਹੜੇ ਵਿਚ ਸੁੱਤਾ ਪਿਆ ਸੀ। ਖੜਾਕ ਸੁਣ ਕੇ ਉਸ ਦੀ ਅੱਖ ਖੁੱਲ੍ਹ ਗਈ। ਸ਼ਸਤਰ ਤਾਂ ਉਹ ਹਮੇਸ਼ਾ ਆਪਣੇ ਮੰਜੇ ਦੇ ਸਰਾਹਣੇ ਕੋਲ ਹੀ ਰੱਖਦਾ ਸੀ। ਉਹ ਉੱਠਿਆ ਤੇ ਲਲਕਾਰ ਕੇ ਲੁਟੇਰਿਆਂ ਨਾਲ ਭਿੜ ਪਿਆ ਤਾਂ ਇਕ ਲੁਟੇਰਾ ਕਿਰਪਾਨ ਦਾ ਫੱਟ ਖਾ ਕੇ ਦੌੜ ਗਿਆ ਤੇ ਦੂਸਰਾ ਗੇੜਾ ਖਾ ਕੇ ਡਿੱਗ ਪਿਆ। ਜੰਡ ਸਿੰਘ ਤੋਂ ਆਪਣਾ-ਆਪ ਬਚਾਉਂਦੇ ਹੋਏ ਉਸ ਲੁਟੇਰੇ ਦਾ ਕਤਲ ਹੋ ਗਿਆ। ਜੇਕਰ ਜੰਡ ਸਿੰਘ ਵਾਰ ਨਾ ਕਰਦਾ ਤਾਂ ਲੁਟੇਰੇ ਨੇ ਉਸ ਦਾ ਨੁਕਸਾਨ ਕਰ ਦੇਣਾ ਸੀ। ਹੋ ਸਕਦੈ ਕਿ ਲੁਟੇਰਾ ਉਸ ਨੂੰ ਮਾਰ ਹੀ ਦਿੰਦਾ।