
ਲਾਹੌਰ, 5 ਮਾਰਚ – ਨਿਊਜ਼ੀਲੈਂਡ ਵਿੱਚ ਹੋਣ ਵਾਲੀ ਪੰਜ ਮੈਚਾਂ ਦੀ ਟੀ-20 ਕ੍ਰਿਕਟ ਲੜੀ ਲਈ ਅੱਜ ਐਲਾਨੀ ਗਈ ਪਾਕਿਸਤਾਨ ਦੀ ਟੀਮ ’ਚੋਂ ਕਪਤਾਨ ਮੁਹੰਮਦ ਰਿਜ਼ਵਾਨ ਅਤੇ ਬਾਬਰ ਆਜ਼ਮ ਨੂੰ ਬਾਹਰ ਕਰ ਦਿੱਤਾ ਗਿਆ ਹੈ। ਰਿਜ਼ਵਾਨ ਦੀ ਜਗ੍ਹਾ ਸਲਮਾਨ ਅਲੀ ਆਗਾ ਨੂੰ ਟੀ-20 ਟੀਮ ਦਾ ਕਪਤਾਨ, ਜਦਕਿ ਹਰਫਨਮੌਲਾ ਖਿਡਾਰੀ ਸ਼ਾਦਾਬ ਖਾਨ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਚੈਂਪੀਅਨਜ਼ ਟਰਾਫੀ ਵਿੱਚ ਟੀਮ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਦੇ ਬਾਵਜੂਦ ਰਿਜ਼ਵਾਨ ਨੂੰ ਇਕ ਰੋਜ਼ਾ ਟੀਮ ਦਾ ਕਪਤਾਨ ਬਰਕਰਾਰ ਰੱਖਿਆ ਗਿਆ ਹੈ। ਚੋਣਕਾਰਾਂ ਨੇ ਇੱਕ ਰੋਜ਼ਾ ਟੀਮ ਵਿੱਚ ਬਹੁਤੇ ਬਦਲਾਅ ਨਹੀਂ ਕੀਤੇ ਅਤੇ ਚੈਂਪੀਅਨਜ਼ ਟਰਾਫੀ ਵਾਲੇ ਖਿਡਾਰੀਆਂ ਨੂੰ ਹੀ ਟੀਮ ਵਿੱਚ ਬਰਕਰਾਰ ਰੱਖਿਆ ਹੈ। ਬਾਬਰ ਨੂੰ ਵੀ ਇੱਕ ਰੋਜ਼ਾ ਟੀਮ ਵਿੱਚ ਕਾਇਮ ਰੱਖਿਆ ਗਿਆ ਹੈ, ਪਰ ਬੱਲੇਬਾਜ਼ ਸਾਊਦ ਸ਼ਕੀਲ ਅਤੇ ਕਾਮਰਾਨ ਗੁਲਾਮ ਨੂੰ ਬਾਹਰ ਕਰ ਦਿੱਤਾ ਗਿਆ ਹੈ। ਚੋਣਕਾਰਾਂ ਨੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਅਤੇ ਹਾਰਿਸ ਰਾਊਫ ਨੂੰ ਵੀ ਇੱਕ ਰੋਜ਼ਾ ਟੀਮ ਤੋਂ ਬਾਹਰ ਕਰ ਦਿੱਤਾ ਹੈ। ਪਾਕਿਸਤਾਨ 16 ਮਾਰਚ ਤੋਂ ਨਿਊਜ਼ੀਲੈਂਡ ਵਿੱਚ ਪੰਜ ਟੀ-20 ਅਤੇ ਤਿੰਨ ‘ਇੱਕ ਰੋਜ਼ਾ’ ਮੈਚ ਖੇਡੇਗਾ।
ਪਾਕਿਸਤਾਨ ਦੀ ਇੱਕ ਰੋਜ਼ਾ ਟੀਮ ਵਿੱਚ ਮੁਹੰਮਦ ਰਿਜ਼ਵਾਨ (ਕਪਤਾਨ), ਸਲਮਾਨ ਅਲੀ ਆਗਾ (ਉਪ ਕਪਤਾਨ), ਅਬਦੁੱਲਾ ਸ਼ਫੀਕ, ਅਬਰਾਰ ਅਹਿਮਦ, ਆਕਿਫ਼ ਜਾਵੇਦ, ਬਾਬਰ ਆਜ਼ਮ, ਫਹੀਮ ਅਸ਼ਰਫ਼, ਇਮਾਮ ਉਲ ਹੱਕ, ਖੁਸ਼ਦਿਲ ਸ਼ਾਹ, ਮੁਹੰਮਦ ਅਲੀ, ਮੁਹੰਮਦ ਵਸੀਮ ਜੂਨੀਅਰ, ਮੁਹੰਮਦ ਇਰਫਾਨ ਖ਼ਾਨ, ਨਸੀਮ ਸ਼ਾਹ, ਸੁਫਯਾਨ ਮੁਕੀਮ ਅਤੇ ਤੈਯਬ ਤਾਹਿਰ ਸ਼ਾਮਲ ਹਨ। ਇਸੇ ਤਰ੍ਹਾਂ ਟੀ-20 ਟੀਮ ਵਿੱਚ ਸਲਮਾਨ ਅਲੀ ਆਗਾ (ਕਪਤਾਨ), ਸ਼ਾਦਾਬ ਖਾਨ (ਉਪ ਕਪਤਾਨ), ਅਬਦੁਲ ਸਮਦ, ਅਬਰਾਰ ਅਹਿਮਦ, ਹਾਰਿਸ ਰਾਊਫ਼, ਹਸਨ ਨਵਾਜ਼, ਜਹਾਂਦਾਦ ਖਾਨ, ਖੁਸ਼ਦਿਲ ਸ਼ਾਹ, ਮੁਹੰਮਦ ਅੱਬਾਸ ਅਫਰੀਦੀ, ਮੁਹੰਮਦ ਅਲੀ, ਮੁਹੰਮਦ ਹਾਰਿਸ, ਮੁਹੰਮਦ ਇਰਫਾਨ ਖਾਨ, ਓਮੈਰ ਬਿਨ ਯੂਸਫ਼, ਸ਼ਾਹੀਨ ਸ਼ਾਹ ਅਫਰੀਦੀ, ਸੁਫਯਾਨ ਮੁਕੀਮ ਅਤੇ ਉਸਮਾਨ ਖ਼;ਨ ਨੂੰ ਸ਼ਾਮਲ ਕੀਤਾ ਗਿਆ ਹੈ।