May 4, 2025

ਡੋਨਾਲਡ ਟਰੰਪ ਨੇ ਫਿਰ ਖੜ੍ਹਾ ਕੀਤਾ ਨਵਾਂ ਵਿਵਾਦ

ਵਾਸ਼ਿੰਗਟਨ, 4 ਮਈ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸੱਤਾ ਵਿੱਚ ਆਉਣ ਤੋਂ ਬਾਅਦ ਹੀ ਕਿਸੇ ਨਾ ਕਿਸੇ ਕਾਰਨ ਕਰਕੇ ਲਗਾਤਾਰ ਚਰਚਾ ਵਿੱਚ ਰਹੇ ਹਨ। ਹੁਣ ਉਨ੍ਹਾਂ ਨੇ ਕੁਝ ਅਜਿਹਾ ਕੀਤਾ ਹੈ ਜਿਸਨੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਗੁੱਸਾ ਦਿਵਾਇਆ ਹੈ। ਦਰਅਸਲ, ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ‘ਤੇ ਆਪਣੀ ਇੱਕ ਤਸਵੀਰ ਪੋਸਟ ਕੀਤੀ ਹੈ। ਇਹ ਇੱਕ AI ਦੁਆਰਾ ਤਿਆਰ ਕੀਤੀ ਗਈ ਤਸਵੀਰ ਹੈ ਜਿਸ ਵਿੱਚ ਡੋਨਾਲਡ ਟਰੰਪ ਈਸਾਈਆਂ ਦੇ ਸਰਵਉੱਚ ਧਾਰਮਿਕ ਗੁਰੂ ਪੋਪ ਦੇ ਰੂਪ ਵਿੱਚ ਪਹਿਰਾਵਾ ਪਹਿਨੇ ਦਿਖਾਈ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਪੋਪ ਫਰਾਂਸਿਸ ਦਾ ਪਿਛਲੇ ਹਫ਼ਤੇ ਦੇਹਾਂਤ ਹੋ ਗਿਆ ਸੀ, ਜਿਸ ਕਾਰਨ ਈਸਾਈ ਭਾਈਚਾਰੇ ਦੇ ਲੋਕ ਦੁਖੀ ਹਨ। ਅਜਿਹੇ ਸਮੇਂ, ਟਰੰਪ ਦੁਆਰਾ ਆਪਣੇ ਆਪ ਨੂੰ ਪੋਪ ਵਜੋਂ ਪੇਸ਼ ਕਰਨ ‘ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਪਹਿਲਾਂ ਦਿੱਤਾ ਸੀ ਵਿਵਾਦਤ ਬਿਆਨ ਇਹ ਧਿਆਨ ਦੇਣ ਯੋਗ ਹੈ ਕਿ ਡੋਨਾਲਡ ਟਰੰਪ ਨੇ ਆਪਣੇ ਹਾਲੀਆ ਬਿਆਨਾਂ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਜ਼ਾਕ ਵਿੱਚ ਕਿਹਾ ਸੀ, ‘ਮੈਂ ਪੋਪ ਬਣਨਾ ਚਾਹੁੰਦਾ ਹਾਂ।’ ਇਹ ਮੇਰੀ ਪਹਿਲੀ ਇੱਛਾ ਹੈ। ਹੁਣ ਟਰੰਪ ਨੇ ਪੋਪ ਦੇ ਪਹਿਰਾਵੇ ਵਿੱਚ ਆਪਣੀ ਇੱਕ AI ਦੁਆਰਾ ਤਿਆਰ ਕੀਤੀ ਤਸਵੀਰ ਪੋਸਟ ਕਰਕੇ ਬਹੁਤ ਸਾਰੇ ਲੋਕਾਂ ਨੂੰ ਨਾਰਾਜ਼ ਕਰ ਦਿੱਤਾ ਹੈ। ਸੋਸ਼ਲ ਮੀਡੀਆ ਯੂਜਰਸ ਨੇ ਇਸਨੂੰ ਪੋਪ ਵਰਗੇ ਧਾਰਮਿਕ ਉੱਚ ਅਹੁਦੇ ਦਾ ਮਜ਼ਾਕ ਮੰਨਿਆ ਹੈ। ਇਸ ਦੇ ਨਾਲ ਹੀ, ਕੁਝ ਲੋਕਾਂ ਨੇ ਇਸਨੂੰ ਵਿਅੰਗ ਵਜੋਂ ਦੇਖਿਆ ਹੈ ਅਤੇ ਟਰੰਪ ਦੀ ਪ੍ਰਸ਼ੰਸਾ ਕੀਤੀ ਹੈ। ਇੱਕ ਯੂਜ਼ਰ ਨੇ ਟਰੰਪ ਦੀ ਫੋਟੋ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਕਿਹਾ ਕਿ ਇਹ ਕੈਥੋਲਿਕ ਈਸਾਈਆਂ ਦਾ ਅਪਮਾਨ ਹੈ। ਕੁਝ ਯੂਜਰਸ ਨੇ ਇਸਨੂੰ ਈਸ਼ਨਿੰਦਾ ਕਿਹਾ ਹੈ। ਵੈਟੀਕਨ ਸਿਟੀ ਵਿੱਚ ਜਲਦੀ ਹੀ ਨਵੇਂ ਪੋਪ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ। ਪੋਪ ਨੇ ਕੀਤੀ ਸੀ ਆਲੋਚਨਾ ਇਹ ਧਿਆਨ ਦੇਣ ਯੋਗ ਹੈ ਕਿ ਪੋਪ ਫਰਾਂਸਿਸ ਨੇ ਰਾਸ਼ਟਰਪਤੀ ਅਹੁਦਾ ਸੰਭਾਲਣ ਤੋਂ ਬਾਅਦ ਟਰੰਪ ਵੱਲੋਂ ਸਮਲਿੰਗੀ ਭਾਈਚਾਰੇ ਅਤੇ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਲਏ ਗਏ ਰੁਖ਼ ਦੀ ਸਖ਼ਤ ਆਲੋਚਨਾ ਕੀਤੀ ਸੀ। 2016 ਵਿੱਚ, ਜਦੋਂ ਟਰੰਪ ਰਾਸ਼ਟਰਪਤੀ ਚੋਣ ਲੜ ਰਹੇ ਸਨ, ਉਨ੍ਹਾਂ ਨੇ ਅਮਰੀਕਾ ਅਤੇ ਕੈਨੇਡਾ ਦੀ ਸਰਹੱਦ ‘ਤੇ ਕੰਧ ਬਣਾਉਣ ਦਾ ਪ੍ਰਸਤਾਵ ਰੱਖਿਆ ਸੀ। ਪੋਪ ਫਰਾਂਸਿਸ ਨੇ ਇਸ ਦੀ ਵੀ ਆਲੋਚਨਾ ਕੀਤੀ ਅਤੇ ਟਰੰਪ ਦਾ ਨਾਮ ਲਏ ਬਿਨਾਂ ਕਿਹਾ ਕਿ ‘ਇੱਕ ਵਿਅਕਤੀ ਪੁਲ ਨਹੀਂ, ਸਗੋਂ ਕੰਧ ਬਣਾਉਣ ਬਾਰੇ ਸੋਚ ਰਿਹਾ ਹੈ।’ ਉਹ ਈਸਾਈ ਨਹੀਂ ਹੈ। ਟਰੰਪ ਨੇ ਵੀ ਪੋਪ ਦੇ ਬਿਆਨ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ। ਜਦੋਂ ਟਰੰਪ 2017 ਵਿੱਚ ਵੈਟੀਕਨ ਗਏ ਸਨ, ਤਾਂ ਉਹ ਪੋਪ ਫਰਾਂਸਿਸ ਨੂੰ ਵੀ ਮਿਲੇ ਸਨ।

ਡੋਨਾਲਡ ਟਰੰਪ ਨੇ ਫਿਰ ਖੜ੍ਹਾ ਕੀਤਾ ਨਵਾਂ ਵਿਵਾਦ Read More »

ਕਾਂਗਰਸ ਤੇ ਭਾਜਪਾ ਇੱਕੋ ਖੰਭ ਵਾਲੇ ਪੰਛੀ : ਮਾਇਆਵਤੀ

ਲਖਨਊ, 4 ਮਈ – ਬਸਪਾ ਮੁਖੀ ਮਾਇਆਵਤੀ ਨੇ ਸਨਿੱਚਰਵਾਰ ਕਿਹਾ, ‘1931 ਅਤੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਦੇਸ਼ ਵਿੱਚ ਜਾਤੀ ਜਨਗਣਨਾ ਕਰਵਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ ਦਾ ਸਿਹਰਾ ਲੈਂਦੇ ਹੋਏ ਕਾਂਗਰਸ ਇਹ ਭੁੱਲ ਗਈ ਕਿ ਇਸ ਦਾ ਇਤਿਹਾਸ ਦਲਿਤ ਅਤੇ ਓ ਬੀ ਸੀ ਭਾਈਚਾਰੇ ਦੇ ਕਰੋੜਾਂ ਲੋਕਾਂ ਨੂੰ ਰਾਖਵੇਂਕਰਨ ਸਮੇਤ ਉਨ੍ਹਾਂ ਦੇ ਸੰਵਿਧਾਨਕ ਅਧਿਕਾਰਾਂ ਤੋਂ ਵਾਂਝਾ ਕਰਨ ਦਾ ਇੱਕ ਕਾਲਾ ਅਧਿਆਇ ਹੈ ਅਤੇ ਇਸ ਕਾਰਨ ਇਸ ਨੂੰ ਸੱਤਾ ਗੁਆਉਣੀ ਪਈ।ਉਨ੍ਹਾ ਕਿਹਾ, ‘ਪਰ ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਕਾਂਗਰਸ ਲੀਡਰਸ਼ਿਪ ਦਾ ਨਵਾਂ ਉਭਰਿਆ ਪਿਆਰ ਖਾਸ ਕਰਕੇ ਦਲਿਤ ਅਤੇ ਓ ਬੀ ਸੀ ਭਾਈਚਾਰੇ ਲਈ, ਵਿਸ਼ਵਾਸ ਤੋਂ ਪਰ੍ਹੇ ਹੈ ਅਤੇ ਇਨ੍ਹਾਂ ਵਰਗਾਂ ਦੀਆਂ ਵੋਟਾਂ ਦੇ ਸੁਆਰਥ ਲਈ ਧੋਖੇ ਦੀ ਇੱਕ ਮੌਕਾਪ੍ਰਸਤ ਰਾਜਨੀਤੀ ਹੈ। ਵੈਸੇ ਵੀ, ਰਾਖਵੇਂਕਰਨ ਨੂੰ ਨਕਾਰਾ ਬਣਾਉਣ ਅਤੇ ਅੰਤ ਵਿੱਚ ਇਸ ਨੂੰ ਖਤਮ ਕਰਨ ਦੇ ਉਨ੍ਹਾਂ ਦੇ ਮਾੜੇ ਇਰਾਦੇ ਨੂੰ ਕੌਣ ਭੁੱਲ ਸਕਦਾ ਹੈ?’ ਬਸਪਾ ਨੇਤਾ ਨੇ ਕਿਹਾ, ‘‘ਕਿਸੇ ਵੀ ਹਾਲਤ ਵਿੱਚ ਰਾਖਵੇਂਕਰਨ ਅਤੇ ਸੰਵਿਧਾਨ ਦੇ ਜਨਤਕ ਭਲਾਈ ਉਦੇਸ਼ਾਂ ਨੂੰ ‘ਅਸਫਲ’ ਕਰਨ ਵਿੱਚ ਭਾਜਪਾ ਕਾਂਗਰਸ ਤੋਂ ਘੱਟ ਨਹੀਂ, ਸਗੋਂ ਦੋਵੇਂ ਇੱਕੋ ਖੰਭ ਵਾਲੇ ਪੰਛੀ ਹਨ, ਪਰ ਹੁਣ ਵੋਟਾਂ ਦੇ ਸੁਆਰਥ ਅਤੇ ਸੱਤਾ ਦੇ ਲਾਲਚ ਕਾਰਨ ਭਾਜਪਾ ਨੂੰ ਵੀ ਜਾਤੀ ਜਨਗਣਨਾ ਲਈ ਲੋਕਾਂ ਦੀ ਇੱਛਾ ਅੱਗੇ ਝੁਕਣਾ ਪਿਆ ਹੈ। ਇਹ ਕਦਮ ਸਵਾਗਤਯੋਗ ਹੈ।’ਉਨ੍ਹਾ ਕਿਹਾਇਸ ਦੇ ਨਾਲ ਹੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ ਭਾਰਤ ਰਤਨ ਨਾਲ ਸਨਮਾਨਤ ਕਰਨ ਤੋਂ ਲੈ ਕੇ ਧਾਰਾ 340 ਤਹਿਤ ਓ ਬੀ ਸੀ ਨੂੰ ਰਾਖਵਾਂਕਰਨ ਦੇਣ ਤੱਕ, ਕਾਂਗਰਸ ਅਤੇ ਭਾਜਪਾ ਦਾ ਰਵੱਈਆ ਕਈ ਮਾਮਲਿਆਂ ਵਿੱਚ ਜਾਤੀਵਾਦੀ ਅਤੇ ਨਫਰਤ ਭਰਿਆ ਰਿਹਾ ਹੈ, ਪਰ ਉਨ੍ਹਾਂ ਦੀ ਵੋਟ ਬੈਂਕ ਦੀ ਰਾਜਨੀਤੀ ਵਿਲੱਖਣ ਹੈ। ਲੋਕਾਂ ਨੂੰ ਖਬਰਦਾਰ ਰਹਿਣਾ ਚਾਹੀਦਾ ਹੈ।

ਕਾਂਗਰਸ ਤੇ ਭਾਜਪਾ ਇੱਕੋ ਖੰਭ ਵਾਲੇ ਪੰਛੀ : ਮਾਇਆਵਤੀ Read More »

ਬੰਬਾਰ ਮੰਤਰੀ

ਵਿਜੇਨਗਰ, 4 ਮਈ – ਕਰਨਾਟਕ ਦੀ ਕਾਂਗਰਸ ਸਰਕਾਰ ’ਚ ਮਕਾਨ ਤੇ ਘੱਟ ਗਿਣਤੀ ਭਲਾਈ ਮੰਤਰੀ ਜ਼ਮੀਰ ਅਹਿਮਦ ਖਾਨ ਨੇ ਸ਼ੁੱਕਰਵਾਰ ਪ੍ਰੈੱਸ ਕਾਨਫਰੰਸ ’ਚ ਕਿਹਾ, ‘ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਮੈਨੂੰ ਆਗਿਆ ਦੇਣ ਤਾਂ ਮੈਂ ਆਤਮਘਾਤੀ ਬੰਬਾਰ ਬਣ ਕੇ ਪਾਕਿਸਤਾਨ ਜਾ ਕੇ ਹਮਲਾ ਕਰਨ ਲਈ ਤਿਆਰ ਹਾਂ। ਮੈਂ ਦੇਸ਼ ਲਈ ਜਾਨ ਦੇਣ ਲਈ ਤਿਆਰ ਹਾਂ।’ ਜਦੋਂ ਇਹ ਸੁਣ ਕੇ ਨਾਲ ਮੌਜੂਦ ਲੋਕ ਹੱਸਣ ਲੱਗ ਪਏ ਤਾਂ ਮੰਤਰੀ ਨੇ ਕਿਹਾ, ‘ਮੈਂ ਮਜ਼ਾਕ ਨਹੀਂ ਕਰ ਰਿਹਾ, ਵਾਕਈ ਸੀਰੀਅਸ ਹਾਂ।’

ਬੰਬਾਰ ਮੰਤਰੀ Read More »

ਕਵਿਤਾ/ਨਦੀ,ਪਹਾੜ ਤੇ ਬਾਜ਼ਾਰ!/ਯਸ਼ ਪਾਲ

ਪਿੰਡ ‘ਚ ਉਹ ਦਿਨ ਸੀ ਐਤਵਾਰ ਹੱਥ ਫੜਕੇ ਨੰਨ੍ਹੀਂ ਪੀੜ੍ਹੀ ਦਾ ਮੈਂ ਨਿੱਕਲ ਗਈ ਬਾਜ਼ਾਰ! ਦੇਖ ਕੇ ਇੱਕ ਪਗਡੰਡੀ ਸੁੱਕੇ ਰੁੱਖਾਂ ਦੇ ਵਿਚਕਾਰ ਨੰਨ੍ਹੀਂ ਪੀੜ੍ਹੀ ਨੂੰ ਕਿਹਾ ਮੈਂ ਦੇਖ! ਇੱਥੇ ਹੀ ਹੁੰਦੀ ਸੀ ਕਦੇ ਪਿੰਡ ਦੀ ਨਦੀ ਅੱਗੇ ਦੇਖ ਜ਼ਮੀਨ ‘ਤੇ ਵੱਡੀ ਸਾਰੀ ਦਰਾੜ! ਮੈਂ ਕਿਹਾ ਇਸੇ ‘ਚ ਹੀ ਸਮਾ ਗਏ ਸਾਰੇ ਪਹਾੜ! ਅਚਾਨਕ ਉਹ ਸਹਿਮ ਕੇ ਲਿਪਟ ਗਈ ਮੇਰੇ ਨਾਲ ਫੈਲਿਆ ਸੀ ਦੂਰ ਤੱਕ ਸਾਹਮਣੇ ਭਿਆਨਕ ਕਬਰਸਤਾਨ! ਮੈਂ ਕਿਹਾ ਦੇਖ ਰਹੀਂ ਏਂ ਨਾ ਇਸ ਨੂੰ? ਇੱਥੇ ਹੀ ਸਨ ਕਦੇ ਤੇਰੇ ਪੁਰਖਿਆਂ ਦੇ ਖਲਿਹਾਨ! ਨੰਨ੍ਹੀਂ ਪੀੜ੍ਹੀ ਦੌੜੀ: ਅਸੀਂ ਆ ਗਏ ਬਾਜ਼ਾਰ ਕੀ ਕੁਸ਼ ਲੈਣਾ ਹੈ? ਪੁੱਛਣ ਲੱਗਾ ਦੁਕਾਨਦਾਰ! ਵੀਰੇ! ਥੋੜ੍ਹੀ ਜਿਹੀ ਬਾਰਿਸ਼ ਥੋੜ੍ਹੀ ਜੀ ਗਿੱਲੀ ਮਿੱਟੀ ਇੱਕ ਬੋਤਲ ਨਦੀ ਉਹ ਡਿੱਬਾਬੰਦ ਪਹਾੜ! ਉੱਧਰ ਕੰਧ ‘ਤੇ ਟੰਗੀ ਇੱਕ ‘ਕੁਦਰਤ’ ਵੀ ਦੇ ਦਿਉ ਤੇ ਇਹ ਬਾਰਿਸ਼ ਇੰਨੀ ਮਹਿੰਗੀ ਕਿਉਂ ਵਿਕੇ ਬਾਜ਼ਾਰ? ਦੁਕਾਨਦਾਰ ਬੋਲਿਆ: ਇਹ ਨਮੀਂ ਇੱਥੋਂ ਦੀ ਨਹੀਂ ਦੂਜੇ ਗ੍ਰਹਿ ਤੋਂ ਆਈ ਹੈ ਚੱਲ ਰਹੀ ਹੈ ਮੰਦੀ ਛਟਾਂਕ ਭਰ ਹੀ ਮੰਗਾਈ ਹੈ! ਪੈਸੇ ਕੱਢਣ ਲਈ ਫਰੋਲਿਆ ਸਾੜ੍ਹੀ ਦਾ ਪੱਲੂ ਹੈਰਾਨ ਹੋਈ! ਦੇਖਿਆ! ਪੱਲੂ ਦੀ ਗੰਢ ‘ਚ ਰੁਪਇਆਂ ਦੀ ਜਗ੍ਹਾ ਮੁੜਿਆ ਪਿਆ ਸੀ ਪੂਰਾ ਵਜ਼ੂਦ ਦਰਕਾਰ…. #ਜਸਿੰਤਾ ਕੇਰਕੇੱਟਾ (ਆਦਿਵਾਸੀ ਕਵਿੱਤਰੀ) ਹਿੰਦੀ ਤੋਂ ਪੰਜਾਬੀ ਰੂਪ: ਯਸ਼ ਪਾਲ ਵਰਗ ਚੇਤਨਾ (98145 35005)।

ਕਵਿਤਾ/ਨਦੀ,ਪਹਾੜ ਤੇ ਬਾਜ਼ਾਰ!/ਯਸ਼ ਪਾਲ Read More »

ਬੁੱਧ ਬਾਣ/ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ/ਬੁੱਧ ਸਿੰਘ ਨੀਲੋਂ

ਅਖਾਣ ਹੈ ਕਿ ਸਮਾਂ ਕਿਸੇ ਦਾ ਮਿੱਤ ਨਹੀਂ ਪਰ ਜੇ ਗੰਭੀਰਤਾ ਨਾਲ਼ ਘੋਖਿਆ ਜਾਏ ਤਾਂ ਇਸ ਪਦਾਰਥਵਾਦੀ ਦੌਰ ਵਿੱਚ ਜੇ ਕੋਈ ਸੱਚਾ ਦੋਸਤ, ਮਿੱਤਰ ਤੇ ਯਾਰ ਹੈ ਤਾਂ ਉਹ ਸਮਾਂ ਹੀ ਹੈ। ਅਜੋਕੇ ਪਦਾਰਥਵਾਦੀ ਯੁੱਗ ਵਿੱਚ ਸੱਚਾ ਦੋਸਤ ਢੂੰਢਣਾ ਬਹੁਤ ਮੁਸ਼ਕਿਲ ਹੈ। ਸਭ ਦਾ ਮੋਹ ਪਿਆਰ ਪਦਾਰਥ ਦੇ ਨਾਲ਼ ਹੈ। ਰਿਸ਼ਤੇਦਾਰ, ਨਾਤੀ, ਮਿੱਤਰ ਪਿਆਰੇ ਉਦੋਂ ਤੱਕ ਤੁਹਾਡੇ ਨਾਲ਼ ਹਨ ਜਦੋਂ ਤੱਕ ਗਰਜ਼ ਪੂਰੀ ਹੁੰਦੀ ਰਹਿੰਦੀ ਹੈ ਜਾਂ ਕਾਨੂੰਨੀ ਖ਼ਾਨਾਪੂਰਤੀ ਲਈ ਉਨ੍ਹਾਂ ਨੂੰ ਤੁਹਾਡੀ ਲੋੜ ਹੈ। ਜਦੋਂ ਲੋੜ ਪੂਰੀ ਹੋ ਗਈ ਜਾਂ ਕਿਸੇ ਮਜਬੂਰੀ ਵੱਸ ਨਾਂਹ ਹੋ ਗਈ ਤਾਂ ਫਿਰ ਤੂੰ ਕੌਣ ਤੇ ਮੈਂ ਕੌਣ, ਕੋਈ ਰਿਸ਼ਤਾ ਨਹੀਂ, ਕੋਈ ਸਾਂਝ ਭਿਆਲ਼ੀ ਨਹੀਂ। ਮਨੁੱਖ ਨੂੰ ਇਸ ਪਾਸਿਓਂ ਗੁਰਬਾਣੀ ਸੁਚੇਤ ਕਰਦੀ ਆ ਰਹੀ ਹੈ। ਸਮਾਜ ਵਿੱਚ ਵਾਪਰਦੀਆਂ ਘਟਨਾਵਾਂ ਤੇ ਦੁਰਘਟਨਾਵਾਂ ਸਾਨੂੰ ਸੁਚੇਤ ਕਰਦੀਆਂ ਹਨ ਪਰ ਅਸੀਂ ਓਹਨਾਂ ਨੂੰ ਰੱਬ/ਕੁਦਰਤ ਨਾਲ਼ ਜੋੜ ਕੇ ਖੁਦ ਜੁੰਮੇਵਾਰੀ ਲੈਣ ਤੋਂ ਕਿਨਾਰਾ ਕਰ ਲੈਂਦੇ ਹਾਂ। ਕੁਦਰਤ ਦਾ ਇਹ ਚੱਕਰਵਿਊ ਮਨੁੱਖ ਨੂੰ ਜੋੜਦਾ ਵੀ ਹੈ ਤੇ ਤੋੜਦਾ ਵੀ ਹੈ। ਅਸੀਂ ਜੁੜਨ ਦੀ ਬਜਾਏ ਟੁੱਟਣ ਦਾ ਕੁੱਝ ਅਜਿਹਾ ਮਾਹੌਲ ਸਿਰਜਦੇ ਹਾਂ ਕਿ ਜਦੋਂ ਤੜੱਕ ਕਰਕੇ ਕੋਈ ਟੁੱਟਦਾ ਹੈ ਜਾਂ ਕੋਈ ਕੁਦਰਤੀ ਭਾਣਾ ਵਰਤਦਾ ਹੈ ਤਾਂ ਅਸੀਂ ਸੰਵਾਦ ਕਰਨ ਦੀ ਬਜਾਏ ਚੁੱਪ ਕਰ ਜਾਂਦੇ ਹਾਂ ਜਾਂ ਬਹਿਸ ਕਰਨ ਲਗਦੇ ਹਾਂ। ਬਹਿਸ ਤੇ ਸੰਵਾਦ ਵਿਚਲੇ ਅੰਤਰ ਨੂੰ ਸਮਝੇ ਬਗੈਰ ਅਸੀਂ ਪਾਣੀ ਵਿੱਚ ਮਧਾਣੀ ਪਾ ਕੇ ਰਿੜਕਦੇ ਰਹਿੰਦੇ ਹਾਂ। ਅਸੀਂ ਅਕਸਰ ਬੇਲੋੜੇ ਮੁੱਦਿਆਂ ਨੂੰ ਫੋਕਸ ਕਰਦੇ ਹਾਂ। ਕਿਸੇ ਮਸਲੇ ਦੀਆਂ ਜੜ੍ਹਾਂ ਤੇ ਉਸਦੀਆਂ ਗੁੰਝਲ਼ਾਂ ਨੂੰ ਸਮਝੇ ਬਗੈਰ ਸ਼ਬਦ ਜਾਲ਼ ਬੁਣਦੇ ਹਾਂ। ਇਸ ਸ਼ਬਦ ਜਾਲ਼ ਵਿੱਚ ਫਸ ਕੇ ਅਸੀਂ ਪਾਣੀ ਬਿਨਾਂ ਤੜਫ਼ਦੀ ਮੱਛੀ ਵਾਂਗੂੰ ਸਹਿਕਦੇ ਹਾਂ, ਛਟਪਟਾਉਦੇ ਹਾਂ ਤੇ ਕਿਸੇ ਹੋਰ ਦੇ ਸਿਰ ਦੋਸ਼ ਮੜ੍ਹਕੇ ਖੁੱਦ ਨੂੰ ਬਰੀ ਕਰ ਲੈਂਦੇ ਹਾਂ। ਇਹ ‘ਵਖਤੁ’ ਕਿਸੇ ਦੇ ਪਿਓ ਦੀ ਜਾਗੀਰ ਨਹੀਂ, ਕੀ ਪਤਾ ਪਰਛਾਵਾਂ ਕਦੋਂ ਢਲ਼ ਜਾਵੇ। ਵਖਤੁ ਬਦਲਿਆ ਦੇਰ ਨਹੀਂ ਲੱਗਦੀ। ਵਖਤੁ ਰੁਕਦਾ ਨਹੀਂ, ਇਹ ਸਦਾ ਤੁਰਦਾ ਹੈ। ਵਖਤੁ ਵੀਚਾਰੇ ਸੁ ਬੰਦਾ ਹੋਇ। ਹੁਣ ਗੱਲ ਕਰਦੇ ਵਰਤਮਾਨ ਦੇ ਵਿੱਚ ਵਾਪਰਦੇ ਵਰਤਾਰਿਆਂ ਦੀ ! ਅੱਤ ਖੁਦਾ ਦਾ ਵੈਰ ਹੁੰਦਾ ਹੈ। ਅੱਤ ਦਾ ਅੰਤ ਨੇੜੇ ਹੁੰਦਾ ਹੈ। ਆਤਸ਼ਬਾਜ਼ੀ ਇਕ ਵਾਰ ਪੂਰੀ ਤਾਕਤ ਦੇ ਨਾਲ਼ ਅਸਮਾਨ ਵੱਲ ਚੜ੍ਹਦੀ ਹੈ ਤੇ ਕੁਝ ਹੀ ਪਲਾਂ ਬਾਅਦ ਸਿਰ ਪਰਨੇ ਧਰਤੀ ਤੇ ਆ ਡਿੱਗਦੀ ਹੈ। ਇਕ ਵਾਰ ਚੱਲਿਆ ਤੀਰ ਭਾਂਵੇਂ ਵਾਪਸ ਕਮਾਨ ਵੱਲ ਨਹੀਂ ਮੁੜਦਾ ਪਰ ਨਵਾਂ ਤੀਰ ਚਲਾਉਣ ਤੋਂ ਪਹਿਲਾਂ ਕੁਝ ਸੋਚ ਵਿਚਾਰ ਤੇ ਦੂਜੇ ਨਾਲ਼ ਨਾ ਸਹੀ ਖੁਦ ਨਾਲ ਸੰਵਾਦ ਕਰ ਲੈਣਾ ਚਾਹੀਦਾ ਹੈ। ਸਮਾਜ ਵਿੱਚ ਰਹਿੰਦਿਆਂ ਮਨੁੱਖ ਨੂੰ ਚਾਹੀਦਾ ਬਹੁਤ ਕੁੱਝ ਹੈ ਪਰ ਮਿਲ਼ਦਾ ਓਹੀ ਕੁਝ ਹੈ ਜੋ ਉਸਨੇ ਬੀਜਿਆ ਹੁੰਦਾ ਹੈ। ਸਮਾਜ ਵਿੱਚ ਡਿਗਰੀਆਂ ਦਾ ਨਹੀਂ ਕਲਾ ਦਾ ਮੁੱਲ ਪੈਂਦਾ ਹੈ ਪਰ ਸ਼ਰਤ ਹੈ ਕਿ ਕਲਾ ਦਾ ਕੋਈ ਪਾਰਖੂ ਹੋਵੇ। ਜੌਹਰੀ ਹੀ ਹੀਰਾ ਪਰਖਦਾ ਹੈ ਤੇ ਗਿਆਨਹੀਣ ਹੀਰੇ ਨੂੰ ਗਧੇ ਦੇ ਗਲ਼ ਵਿੱਚ ਪਾ ਕੇ ਬਜ਼ਾਰ ਵਿੱਚ ਬੇਗਾਨਾ ਭਾਰ ਢੋਂਦਾ ਹੈ । ਸਮਾਜ ਵਿੱਚ ਹੁਣ ਕਲਾ ਦੀ ਨਹੀਂ ਸਗੋਂ ਡਿਗਰੀਆਂ ਤੇ ਮਾਇਆ ਦਾ ਬੋਲਬਾਲਾ ਹੈ। ਮਨੁੱਖ ਅਤੇ ਸੋਚ ਵਿਕਾਊ ਹੈ। ਘਰ ਤੇ ਸਮਾਜ ਹੁਣ ਬਾਜ਼ਾਰ ਤੇ ਮੰਡੀ ਵਿੱਚ ਬਦਲ ਗਿਆ ਹੈ। ਹੁਣ ਮਨੁੱਖ ਵਸਤੂਆਂ ਨਹੀਂ, ਵਸਤੂਆਂ ਮਨੁੱਖ ਨੂੰ ਖਰੀਦਦੀਆਂ ਹਨ । ਸਮਾਜ ਵਿੱਚ ਹਰ ਕੁਝ ਵਿਕਾਊ ਹੈ। ਇਸੇ ਕਰਕੇ ਸ਼ਾਤਰ ਮਨੁੱਖ ਲਹਿਰਾਂ ਦਾ ਵੀ ਮੁੱਲ ਵੱਟ ਜਾਂਦੇ ਹਨ । ਇਹ ਕੌੜਾ ਸੱਚ ਹੈ ਕਿ ਵੱਟਿਆ ਤੇ ਖੱਟਿਆ ਨਾਲ਼ ਨਹੀਂ ਜਾਂਦਾ। ਇਸੇ ਕਰਕੇ ਹੁਣ ਮਨੁੱਖ ਨਹੀਂ ਜਿਉਂਦਾ, ਵਸਤੂਆਂ ਜਿਉਦੀਂਆਂ ਹਨ। ਮਨੁੱਖ ਤਾਂ ਉਸੇ ਦਿਨ ਮਰ ਜਾਂਦਾ ਹੈ, ਜਿਸ ਦਿਨ ਉਸਦੇ ਮਨ ਵਿੱਚੋਂ ਮਨੁੱਖਤਾ ਮਰ ਜਾਂਦੀ ਹੈ । ਤਾਂਹੀਂ ਇਸ ਸਮੇਂ ਮਰ ਚੁੱਕੇ ਮਨੁੱਖਾਂ ਦੀ ਅਬਾਦੀ ਵਧ੍ਹ ਰਹੀ ਹੈ। ਜਿਉਂਦੇ ਤੇ ਜਾਗਦੇ ਮਨੁੱਖ ਘਟ ਰਹੇ ਹਨ। ਸਰਮਾਇਆ ਤੇ ਜਾਇਦਾਦ ਵਧਾਉਣ ਦੀ ਲਾਲਸਾ ਵਿੱਚ ਮਨੁੱਖ ਸਭ ਕੁਝ ਭੁੱਲ ਗਿਆ ਹੈ। ਉਸਦੇ ਅੰਦਰੋਂ ਸਬਰ, ਸੰਤੋਖ, ਰਹਿਮ, ਦਇਆ ਸਭ ਮਨਫ਼ੀ ਹੋ ਗਏ ਹਨ। ਗਿਆਨ ਦੇ ਬੇਹਿਸਾਬੇ ਪਸਾਰੇ ਨੇ ਮਨੁੱਖ ਨੂੰ ਮਨੁੱਖ ਨਾਲੋਂ ਹੀ ਨਹੀਂ ਸਗੋਂ ਆਪਣੇ ਆਪ ਨਾਲੋਂ ਵੀ ਤੋੜ ਦਿੱਤਾ ਹੈ । ਮਨੁੱਖ ਆਪਣੀ ਲਾਸ਼ ਖੁਦ ਮੋਢਿਆਂ ਉਤੇ ਚੁੱਕੀ ਦੌੜ ਰਿਹਾ ਹੈ ਤੇ ਉਡ ਵੀ ਰਿਹਾ ਹੈ। ਮਨੁੱਖ ਦੀ ਹਾਲਤ ਤਿੱਤਲੀ ਦੀ ਭਟਕਣ ਤੇ ਪਾਣੀ ਦੇ ਬੁਲਬਲੇ ਵਰਗੀ ਹੋ ਗਈ ਹੈ। ਕੋਈ ਵੱਡਾ ਤੇ ਛੋਟਾ ਹੋ ਸਕਦਾ ਹੈ ਪਰ ਅੰਤ ਸਭ ਦਾ ਇਕੋ ਜਿਹਾ ਹੀ ਹੈ। ਵਖਤੁ ਦੀ ਚਾਲ ਤੇ ਵਖਤੁ ਦੀ ਕਦਰ ਕਰਨ ਵਾਲੇ ਸਦਾ ਟਿਕਾਅ ਵਿੱਚ ਰਹਿੰਦੇ ਹਨ । ਵਖਤੁ ਨੂੰ ਹੱਥਾਂ ਵਿੱਚ ਫੜ੍ਹਨ ਦੀ ਕੋਸ਼ਿਸ਼ ਕਰਨ ਵਾਲ਼ੇ ਖੁਦ ਨੂੰ ਹੀ ਨਹੀਂ ਸਗੋਂ ਆਲ਼ਾ ਦੁਆਲ਼ਾ ਵੀ ਸਾੜ ਲੈਂਦੇ ਹਨ। ਹੁਣ ਉਹ ਹੱਥ, ਜਿਹਨਾਂ ਨੇ ਆਪਣਾ ਵਖਤੁ ਬਿਗਾਨੇ ਹੱਥਾਂ ਵਿੱਚ ਫੜਾਇਆ ਹੈ , ਸਵਾਲ ਕਰਦੇ ਹਨ, ਪਰ ਉਹਨਾਂ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਦੇਂਦਾ। ਨਵ ਰਹੱਸਵਾਦੀ ਕਵੀ ਭਾਈ ਵੀਰ ਸਿੰਘ ਲਿਖਦੇ ਹਨ :- “ਰਹੀ ਵਾਸਤੇ ਘੱਤ ‘ਸਮੇਂ’ ਨੇ ਇਕ ਨਾ ਮੰਨੀ, ਫੜ ਫੜ ਰਹੀ ਧਰੀਕ ‘ਸਮੇਂ’ ਖਿਸਕਾਈ ਕੰਨੀ !” ਵਚਨਬੱਧਤਾ ਤੇ ਪ੍ਰਤੀਬੱਧਤਾ ਤੋਂ ਦੂਰ ਹੋ ਰਹੀ ਲੋਕਾਈ ਖੁਦ ਨੂੰ ਤੇ ਮਗਰ ਆ ਰਹੀ ਭੀੜ ਨੂੰ ਖੂਹ ਵਿੱਚ ਡੇਗਣ ਲਈ ਜਾ ਰਹੀ ਹੈ । ਬਹੁਗਿਣਤੀ ਮਨੁੱਖ ਦਿਮਾਗ਼ੋਂ ਪੈਦਲ ਯਾਤਰਾਵਾਂ ਕਰ ਰਹੇ ਹਨ । ਉਹ ਦਿਮਾਗ਼ ਤੋਂ ਨਹੀਂ ਸਗੋਂ ਕੰਨਾਂ ਤੋਂ ਕੰਮ ਲੈਂਦੇ ਹਨ । ਸੁਣੀਆਂ ਤੇ ਸੁਣਾਈਆਂ ਮਨਘੜਤ ਗੱਲਾਂ ਉਤੇ ਅੱਖਾਂ ਮੀਚ ਕੇ ਭਰੋਸਾ ਕਰਦੇ ਹਨ ਪਰ ਉਨ੍ਹਾਂ ਦੀ ਨਰਕ ਬਣੀ ਜ਼ਿੰਦਗੀ ਨਹੀਂ ਬਦਲਦੀ। ਸਾਧਾਂ ਦੇ ਡੇਰੇ ਤੇ ਹੋਰ ਧਾਰਮਿਕ ਅਸਥਾਨਾਂ ਦੇ ਪੁਜਾਰੀ ਤੇ ਬਾਬੇ ਬਿਨਾਂ ਕੋਈ ਸਾਰਥਕ ਕੰਮ ਕੀਤਿਆਂ ਪਲ਼ੀ ਜਾਂਦੇ ਹਨ । ‘ਬਾਬਿਆਂ ਦੇ ਕਿਹੜੇ ਨੇ ਟਰਾਲੇ ਚੱਲਦੇ’ ਵਾਲੀ ਗੱਲ ਸਹੀ ਹੈ । ਦੁਨੀਆਂ ਵਿੱਚ ਅੰਧ ਵਿਸ਼ਵਾਸ਼ੀ ਲੋਕਾਂ ਦੀ ਕਿਰਪਾ ਦੇ ਨਾਲ਼ ਇਹਨਾਂ ਦੀਆਂ ਵੱਡੀਆਂ ਵੱਡੀਆਂ ਆਲੀਸ਼ਾਨ ਇਮਾਰਤਾਂ ਬਣ ਜਾਂਦੀਆਂ ਹਨ ਪਰ ਬਾਬਿਆਂ ਦੇ ਚਰਨ ਸੇਵਕਾਂ ਦੀ ਜੂਨ ਨਹੀਂ ਸੌਰਦੀ। ਜੇ ਕੋਈ ਉਨ੍ਹਾਂ ਨੂੰ ਕੋਈ ਅਕਲ ਦੀ ਗੱਲ ਦੱਸੇ ਤਾਂ ਉਹ ਗਲ਼ ਪੈਣ ਨੂੰ ਆਉਂਦੇ ਹਨ। ਵਖਤੁ ਦੀ ਕਦਰ ਕਰਨ ਵਾਲ਼ਿਆਂ ਦੀ ਗਿਣਤੀ ਸੁੰਗੜ ਰਹੀ ਹੈ। ਇਸੇ ਕਰਕੇ ਬੰਦੇ ਦੀਆਂ ਭਾਵਨਾਵਾਂ ਬਹੁਤ ਛੇਤੀ ਭੜਕ ਜਾਂਦੀਆਂ ਹਨ। ਜਦੋਂ ਬੰਦੇ ਦੀਆਂ ਭਾਵਨਾਵਾਂ ਛੇਤੀ ਛੇਤੀ ਭੜਕਣ ਲੱਗ ਜਾਣ ਤਾਂ ਧਰਮ ਤੇ ਸਿਆਸਤ ਦੇ ਠੇਕੇਦਾਰਾਂ ਦੀ ਆਮਦਨ ਵਿੱਚ ਚੋਖਾ ਵਾਧਾ ਹੁੰਦਾ ਹੈ। ਵਖਤੁ ਵੀਚਾਰਨ ਵਾਲ਼ੇ ਸਦਾ ਸਬਰ ਸੰਤੋਖ ਦੀ ਜ਼ਿੰਦਗੀ ਜਿਉਂਦੇ ਹਨ। ਉਹ ਸਦਾ ਖੁਸ਼ ਰਹਿੰਦੇ ਹਨ। ਉਹ ਆਪਣੇ ਘਰ ਵਿੱਚ ਚੁਪ ਰਹਿੰਦੇ ਹਨ। ਖਾ ਪੀ ਕੇ ਸੌਂਦੇ ਹਨ। ਆਜ਼ਾਦ ਦੀਆਂ ਗੱਲਾਂ ਕਰਦੇ ਹਨ। ਗੁਲਾਮ ਮਨੁੱਖ ਆਜ਼ਾਦੀ ਦਾ ਨਾਅਰਾ ਲਗਾ ਕੇ, ਵਕਤ ਤੇ ਅਸਲ ਮੁੱਦਿਆਂ ਨੂੰ ਠੰਡੇ ਬਸਤੇ ਵਿੱਚ ਪਾਉਣ ਦਾ ਧਰਮ ਦੀ ਆੜ ਵਿੱਚ ਲੋਕਾਈ ਨੂੰ ਨਸ਼ਿਆਂ ਦੀ ਦਲਦਲ ਦੇ ਔਗੁਣ ਦੱਸਦਾ ਹੈ। ਵਕਤ ਕਿਸੇ ਦੇ ਬਾਪ ਦਾ ਨਹੀਂ, ਕੀ ਪਤਾ ਕਦ ਕਰਵਟ ਬਦਲ ਲਵੇ। ਅਰਸ਼ ਤੋਂ ਫਰਸ਼ ਉਤੇ ਲੈ ਆਵੇ। ਸਮੇਂ ਦੇ ਨਾਲ ਨਾਲ ਤੁਰਨਾ ਹੁਣ ਲੋੜ ਹੈ। ਵਕਤ ਨੂੰ ਪਛਾਣਨ ਦੀ ਜ਼ਰੂਰਤ ਹੈ। ਬੁੱਧ ਸਿੰਘ ਨੀਲੋਂ 9464370823

ਬੁੱਧ ਬਾਣ/ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ/ਬੁੱਧ ਸਿੰਘ ਨੀਲੋਂ Read More »