ਪੌਣੀ ਸਦੀ ਦੇਸ਼ ਨੂੰ ਆਜ਼ਾਦ ਹੋਇਆਂ ਬੀਤ ਚੁੱਕੀ ਹੈ। ਕਾਰਪੋਰੇਟਾਂ ਨੇ ਬੇਈਮਾਨ ਸਿਆਸਤਦਾਨਾਂ ਨਾਲ ਰਲਕੇ ਇਹ ਆਜ਼ਾਦੀ ਹਥਿਆ ਲਈ ਹੈ। ਲੋਕ ਪ੍ਰੇਸ਼ਾਨ ਹਨ, ਵਿਆਕੁਲ ਹਨ। ਦੁਖ, ਭੁੱਖ, ਗਰੀਬੀ, ਬੇਰੁਜ਼ਗਾਰੀ ਨਾਲ ਹਾਲੋਂ- ਬੇਹਾਲ ਹੋ ਚੁੱਕੇ ਹਨ। ਆਜ਼ਾਦੀ ਉਪਰੰਤ ਨਵੀਂ ਆਜ਼ਾਦੀ ਦੀ ਲੋੜ ਮਹਿਸੂਸ ਕਰਨ ਲੱਗ ਪਏ ਹਨ। ਦੇਸ਼ ਦੇ ਹਾਕਮ ਕਾਰਪੋਰੇਟਾਂ ਨਾਲ ਰਲਕੇ ਦੇਸ਼ ਦੇ ਸਾਰੇ ਸਾਧਨ ਲਗਭਗ ਹਥਿਆ ਚੁੱਕੇ ਹਨ। ਦੇਸ਼ ਦੇ ਕੁਦਰਤੀ ਸਾਧਨ ਉਹਨਾ ਆਪਣੀ ਮੁੱਠੀ ਕਰ ਲਏ ਹਨ। ਕਿਸਾਨਾਂ ਦੀਆਂ ਜ਼ਮੀਨਾਂ ਕਾਬੂ ਕਰਨ ਲਈ ਉਹ ਪੂਰੀ ਟਿੱਲ ਲਗਾ ਰਹੇ ਹਨ। ਓਪਰੋਂ ਦੇਸ਼ ਦੇ ਹਾਕਮ ਆਪਣੀ ਗੱਦੀ ਬਚਾਉਣ ਲਈ ਕਾਰਪੋਰੇਟਾਂ ਨਾਲ ਆੜੀ ਪਾਕੇ ਸਾਮ, ਦਾਮ, ਦੰਡ ਦਾ ਹਥਿਆਰ ਵਰਤਕੇ ਆਪਣੀ ਕੁਰਸੀ ਸੁਰੱਖਿਅਤ ਕਰ ਰਹੇ ਹਨ। ਹਰ ਸਾਧਨ ਵਰਤਕੇ ਉਹਨਾ ਮਹਾਂਰਾਸ਼ਟਰ ‘ਚ ਕਾਰਪੋਰੇਟਾਂ ਨਾਲ ਸਾਂਝਾਂ ਪਾਕੇ ਵਿਧਾਨ ਸਭਾ ਚੋਣਾਂ ਜਿੱਤ ਲਈਆਂ ਅਤੇ ਆਪਣਾ ਲੁਕਵਾਂ ਅਜੰਡਾ, “ਹਿੰਦੀ, ਹਿੰਦੂ, ਹਿੰਦੋਸਤਾਨ” ਪੂਰਾ ਕਰਨ ਲਈ ਅੱਗੋਂ ਕਦਮ ਵਧਾਉਣੇ ਸ਼ੁਰੂ ਕੀਤੇ ਹੋਏ ਹਨ। ਦੇਸ਼ ‘ਚ ਘੱਟ ਗਿਣਤੀਆਂ ਨੂੰ ਦੋ ਨੰਬਰ ਦੇ ਸ਼ਹਿਰੀ ਸਮਝਿਆ ਜਾ ਰਿਹਾ ਹੈ। ਫਿਰਕੂ ਦੰਗੇ ਭੜਕਾਉਣ ਲਈ ਕੋਈ ਨਾ ਕੋਈ ਮਸਲਾ ਖੜਾ ਕੀਤਾ ਜਾ ਰਿਹਾ ਹੈ, ਤਾਂ ਕਿ ਲੋਕ ਆਪਸ ਵਿੱਚ ਲੜਨ ਅਤੇ , ਆਪਣੀ ਆਰਥਿਕ ਆਜ਼ਾਦੀ ਬਾਰੇ ਸੋਚ ਹੀ ਨਾ ਸਕਣ ਅਤੇ “ਸਿਆਸਤਦਾਨਾਂ” ਦੀ ਕੁਰਸੀ ਬਚੀ ਰਹੇ। ਮੁਗਲਕਾਲ ਵੇਲੇ ਦੀ ਇਕ ਮਸਜਿਦ ਦੇ ਐਤਵਾਰ ਸਰਵੇਖਣ ਦੌਰਾਨ ਸੰਭਲ (ਯੂਪੀ.) ‘ਚ ਹਿੰਸਾ ਭੜਕ ਗਈ। ਤਿੰਨ ਨੌਜਵਾਨਾਂ ਦੀ ਮੌਤ ਹੀ ਗਈ। ਇਕ ਗੋਲੀ ਪੁਲਿਸ ਵਾਲਿਆਂ ਸਿੱਧੀ ਇਕ ਨੌਜਵਾਨ ਦੀ ਛਾਤੀ ‘ਚ ਮਾਰ ਦਿੱਤੀ, ਉਹ ਥਾਂਏ ਮਾਰਿਆ ਗਿਆ। ਦੇਸ਼ ‘ਚ ਫਿਰਕੂ ਤਣਾਅ ਵਧਾਉਣ ਲਈ ਹਾਕਮ ਧਿਰ ਪੂਰੀ ਟਿੱਲ ਲਾ ਰਹੀ ਹੈ ਤਾਂ ਕਿ ਆਮ ਲੋਕ ਅਸਲ ਮਸਲਿਆਂ ਰੋਟੀ, ਕਪੜਾ, ਮਕਾਨ ਤੋਂ ਲਾਂਭੇ ਹਟੇ ਰਹਿਣ ਅਤੇ ਧਰਮ ਦੇ ਨਾਂਅ ਉਤੇ ਲੜਦੇ ਰਹਿਣ। ਆਜ਼ਾਦੀ ਸੰਗਰਾਮ ‘ਚ ਹਿੰਦੂ, ਸਿੱਖ, ਮੁਸਲਮਾਨ, ਈਸਾਈਆਂ ਸਭ ਫਿਰਕੇ ਦੇ ਲੋਕਾਂ ਨੇ ਆਪਣਾ ਲਹੂ ਵਹਾਇਆ। ਕੁਰਬਾਨੀਆਂ ਦਿਤੀਆਂ, ਇਸ ਆਸ ਨਾਲ ਕਿ ਉਹ ਵਿਦੇਸ਼ੀ ਹਾਕਮਾਂ ਦੀ ਗੁਲਾਮੀ ਤੋਂ ਨਿਜ਼ਾਤ ਪ੍ਰਾਪਤ ਕਰਨਗੇ। ਪਰ ਮਾਸੂਮ, ਭੋਲੇ ਲੋਕ ਸ਼ਾਇਦ ਨਹੀਂ ਸੀ ਜਾਣਦੇ ਕਿ ਉਹ ਚਲਾਕ ਚਿੱਟਿਆਂ ਹਾਕਮਾਂ ਦੀ ਥਾਂ ਬੇਈਮਾਨ ਕਾਲੇ ਹਾਕਮਾਂ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਜਾਣਗੇ ਅਤੇ ਉਹਨਾਂ ਨੂੰ ਮੁੜ ਫਿਰ ਇਕ ਵੇਰ ਦੇਸ਼ ਆਜ਼ਾਦ ਕਰਵਾਉਣ ਲਈ ਕੁਰਬਾਨੀਆਂ ਕਰਨ ਵਾਸਤੇ ਅੱਗੇ ਆਉਣਾ ਪਵੇਗਾ।