November 16, 2024

ਅਦਾਲਤ ਨੇ ਬਿਭਵ ਕੁਮਾਰ ਦੀ ਪਟੀਸ਼ਨ ’ਤੇ ਪੁਲਿਸ ਤੋਂ ਜਵਾਬ ਮੰਗਿਆ

ਨਵੀਂ ਦਿੱਲੀ, 16 ਨਵੰਬਰ – ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਸ਼ਨਿੱਚਰਵਾਰ ਨੂੰ ਬਿਭਵ ਕੁਮਾਰ ਦੀ ਰਿਵੀਜ਼ਨ ਪਟੀਸ਼ਨ ’ਤੇ ਦਿੱਲੀ ਪੁਲੀਸ ਨੂੰ ਨੋਟਿਸ ਜਾਰੀ ਕੀਤਾ ਹੈ, ਜਿਸ ਵਿਚ ਉਸ ਦੇ ਖ਼ਿਲਾਫ਼ ਦਾਇਰ ਚਾਰਜਸ਼ੀਟ ਦੇ ਨੋਟਿਸ ਨੂੰ ਚੁਣੌਤੀ ਦਿੱਤੀ ਗਈ ਸੀ। ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ। ਵਧੀਕ ਸੈਸ਼ਨ ਜੱਜ ਅਭਿਸ਼ੇਕ ਗੋਇਲ ਨੇ ਦਿੱਲੀ ਪੁਲੀਸ ਨੂੰ ਨੋਟਿਸ ਜਾਰੀ ਕਰਕੇ ਪਟੀਸ਼ਨ ’ਤੇ ਜਵਾਬ ਮੰਗਿਆ ਅਤੇ ਮਾਮਲੇ ਨੂੰ ਅਗਲੇ ਮਹੀਨੇ ਸੁਣਵਾਈ ਲਈ ਸੂਚੀਬੱਧ ਕੀਤਾ ਗਿਆ ਹੈ। ਐਡਵੋਕੇਟ ਮਨੀਸ਼ ਬੈਦਵਾਨ ਨੇ ਕਾਗਨੀਜ਼ੈਂਸ ਨੂੰ ਚੁਣੌਤੀ ਦੇਣ ਵਾਲੀ ਰਿਵੀਜ਼ਨ ਪਟੀਸ਼ਨ ਦਾਇਰ ਕੀਤੀ ਹੈ। ਜਿਸ ਵਿਚ ਪੇਸ਼ ਕੀਤਾ ਗਿਆ ਹੈ ਕਿ ਟ੍ਰਾਇਲ ਕੋਰਟ ਇਮਪੱਗਡ ਆਰਡਰ ਪਾਸ ਕਰਦੇ ਸਮੇਂ ਆਪਣੀ ਮਨਮਰਜ਼ੀ ਨੂੰ ਲਾਗੂ ਕਰਨ ਵਿੱਚ ਅਸਫਲ ਰਹੀ ਅਤੇ ਸਬੰਧਤ ਕਾਨੂੰਨ ਨੂੰ ਵਿਚਾਰੇ ਬਿਨਾਂ ਅਤੇ ਬੀਐਨਐਸਐਸ ਵਿੱਚ ਦੱਸੀ ਪ੍ਰਕਿਰਿਆ ਦੀ ਪਾਲਣਾ ਕੀਤੇ ਬਿਨਾਂ ਇੱਕ ਮਸ਼ੀਨੀ ਤਰੀਕੇ ਨਾਲ ਆਦੇਸ਼ ਪਾਸ ਕਰਦੀ ਰਹੀ। ਜ਼ਿਕਰਯੋਗ ਹੈ ਕਿ 30 ਜੁਲਾਈ ਨੂੰ ਤੀਸ ਹਜ਼ਾਰੀ ਅਦਾਲਤ ਨੇ ਬਿਭਵ ਕੁਮਾਰ ਦੇ ਖ਼ਿਲਾਫ਼ ਦਾਇਰ ਚਾਰਜਸ਼ੀਟ ’ਤੇ ਨੋਟਿਸ ਲਿਆ ਸੀ। 16 ਜੁਲਾਈ ਨੂੰ ਦਿੱਲੀ ਪੁਲਿਸ ਨੇ ਤੀਸ ਹਜ਼ਾਰੀ ਕੋਰਟ ਵਿੱਚ ਸਵਾਤੀ ਮਾਲੀਵਾਲ ਹਮਲੇ ਵਿੱਚ ਉਸਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਸੀ। ਰਿਸ਼ਵ ਕੁਮਾਰ ਇਸ ਮਾਮਲੇ ’ਚ ਜ਼ਮਾਨਤ ’ਤੇ ਹਨ। ਉਸ ਨੂੰ 18 ਮਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਗੌਰਵ ਗੋਇਲ ਨੇ ਚਾਰਜਸ਼ੀਟ ਦਾ ਨੋਟਿਸ ਲਿਆ ਸੀ। ਦਿੱਲੀ ਪੁਲੀਸ ਨੇ ਧਾਰਾ 308, 354, 354 ਬੀ, 506, 509, 341, ਆਈਪੀਸੀ ਅਤੇ ਆਈਪੀਸੀ ਦੀ ਧਾਰਾ 201 ਨੂੰ ਚਾਰਜਸ਼ੀਟ ਵਿੱਚ ਜੋੜਿਆ ਗਿਆ ਹੈ। ਸਬੂਤ ਵਜੋਂ, ਪੁਲੀਸ ਨੇ ਬਿਭਵ ਕੁਮਾਰ ਦਾ ਮੋਬਾਈਲ ਫ਼ੋਨ, ਸਿਮ ਕਾਰਡ ਅਤੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਲੱਗੇ ਸੀਸੀਟੀਵੀ ਕੈਮਰੇ ਦਾ ਡੀਵੀਆਰ/ਐਨਵੀਆਰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਦਿੱਲੀ ਪੁਲਿਸ ਦੀ ਚਾਰਜਸ਼ੀਟ 500 ਪੰਨਿਆਂ ਦੀ ਹੈ। ਦਿੱਲੀ ਪੁਲਿਸ ਨੇ 100 ਲੋਕਾਂ ਤੋਂ ਪੁੱਛਗਿੱਛ ਕੀਤੀ ਅਤੇ 50 ਨੂੰ ਗਵਾਹ ਬਣਾਇਆ ਗਿਆ। ਕਥਿਤ ਘਟਨਾ 13 ਮਈ ਦੀ ਸਵੇਰ ਦੀ ਹੈ ਜੋ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਵਾਪਰੀ ਸੀ।

ਅਦਾਲਤ ਨੇ ਬਿਭਵ ਕੁਮਾਰ ਦੀ ਪਟੀਸ਼ਨ ’ਤੇ ਪੁਲਿਸ ਤੋਂ ਜਵਾਬ ਮੰਗਿਆ Read More »

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਚਰਨ ਸਿੰਘ ਦੀਆਂ ਦੋ ਪੁਸਤਕਾਂ ਰਿਲੀਜ਼

ਸਰੀ, 16 ਨਵੰਬਰ – ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵੱਲੋਂ ਸਭਾ ਦੇ ਸਾਬਕਾ ਪ੍ਰਧਾਨ ਚਰਨ ਸਿੰਘ ਦੀਆਂ ਨਵ-ਪ੍ਰਕਾਸ਼ਿਤ ਪੁਸਤਕਾਂ ‘ਚਰਨ ਸਿੰਘ ਦਾ ਸਮੁੱਚਾ ਸਾਹਿਤ’ ਤੇ ‘ਸਿਲਸਿਲੇ’ ਰਿਲੀਜ਼ ਕਰਨ ਲਈ ਸੀਨੀਅਰ ਸਿਟੀਜ਼ਨ ਸੈਂਟਰ ਸਰੀ ਵਿਖੇ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ, ਪਲਵਿੰਦਰ ਸਿੰਘ ਰੰਧਾਵਾ, ਚਰਨ ਸਿੰਘ ਅਤੇ ਬਿੱਕਰ ਸਿੰਘ ਖੋਸਾ ਨੇ ਕੀਤੀ। ਇਹ ਸਮਾਗਮ ਕੈਨੇਡਾ ਦੇ ਸ਼ਹੀਦਾਂ ਲਈ ‘ਯਾਦਗਾਰੀ ਦਿਵਸ’ ਨੂੰ ਸਮਰਪਿਤ ਰਿਹਾ। ਸਭਾ ਦੇ ਬਾਨੀ ਤਾਰਾ ਸਿੰਘ ਹੇਅਰ ਅਤੇ ਮਰਹੂਮ ਸ਼ਾਇਰ ਗਿੱਲਮੋਰਾਂ ਵਾਲੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਯਾਦ ਕੀਤਾ ਗਿਆ। ਰਿਲੀਜ਼ ਕੀਤੀ ਗਈ ਪੁਸਤਕ ‘ਚਰਨ ਸਿੰਘ ਦਾ ਸਮੁੱਚਾ ਸਾਹਿਤ’ ਉੱਪਰ ਇਤਿਹਾਸਕਾਰ ਪ੍ਰੋ: ਕਸ਼ਮੀਰਾ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ। ‘ਸਿਲਸਿਲੇ’ ਨਾਵਲ ਉੱਪਰ ਪ੍ਰਿਤਪਾਲ ਗਿੱਲ, ਇੰਦਰਜੀਤ ਸਿੰਘ ਧਾਮੀ ਅਤੇ ਡਾ. ਦਵਿੰਦਰ ਕੌਰ ਨੇ ਪਰਚੇ ਪੜ੍ਹੇ। ਚਰਨ ਸਿੰਘ ਨੇ ਆਪਣੀਆਂ ਦੋਹਾਂ ਪੁਸਤਕਾਂ ਬਾਰੇ ਸੰਖੇਪ ਵਿਚ ਜਾਣਕਾਰੀ ਸਾਂਝੀ ਕੀਤੀ। ਸੁਰਜੀਤ ਸਿੰਘ ਮਾਧੋਪੁਰੀ, ਸੁਰਜੀਤ ਸਿੰਘ ਬਾਠ, ਦਰਸ਼ਨ ਸੰਘਾ, ‍ਡਾ. ਪ੍ਰਿਥੀਪਾਲ ਸਿੰਘ ਸੋਹੀ, ਗੁਰਮੀਤ ਸਿੰਘ ਸਿੱਧੂ, ਅਮਰੀਕ ਪਲਾਹੀ ਅਤੇ ਨਰਿੰਦਰ ਪੰਨੂ ਨੇ ਵੀ ਪੁਸਤਕਾਂ ਉੱਪਰ ਚਰਚਾ ਕੀਤੀ। ਸਭਾ ਵੱਲੋਂ ਚਰਨ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਮੌਕੇ ਕਵਿਤਾਵਾਂ, ਵਿਚਾਰਾਂ ਨਾਲ ਉਹਨਾਂ ਦੀ ਖੋਜ ਅਤੇ ਫ਼ਲਸਫ਼ੇ ਦੀ ਚਰਚਾ ਕੀਤੀ ਗਈ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਅਮਰੀਕ ਸਿੰਘ ਲੇਲ੍ਹ, ਦਵਿੰਦਰ ਕੌਰ ਜੌਹਲ, ਹਰਚੰਦ ਸਿੰਘ ਬਾਗੜੀ, ਚਮਕੌਰ ਸਿੰਘ ਸੇਖੋਂ, ਬੇਅੰਤ ਸਿੰਘ ਢਿੱਲੋਂ, ਹਰਪਾਲ ਸਿੰਘ ਬਰਾੜ, ਹਰਚੰਦ ਸਿੰਘ ਗਿੱਲ, ਮਨਜੀਤ ਸਿੰਘ ਮੱਲ੍ਹਾ, ਖੁਸ਼ਹਾਲ ਸਿੰਘ ਗਲੋਟੀ, ਪਰਮਿੰਦਰ ਕੌਰ ਬਾਗੜੀ, ਅਰਜਨ ਸਿੰਘ ਧੰਜੂ, ਵੀਤ ਬਾਦਸ਼ਾਹਪੁਰੀ, ਗੁਰਮੁਖ ਸਿੰਘ ਮੋਰਿੰਡਾ, ਜਿਲੇ ਸਿੰਘ, ਕੁਲਦੀਪ ਸਿੰਘ ਜਗਪਾਲ, ਬਲਜੀਤ ਸਿੰਘ ਗਿੱਲ ਅਤੇ ਗੁਰਚਰਨ ਸਿੰਘ ਬਰਾੜ ਨੇ ਸ਼ਿਰਕਤ ਕੀਤੀ। ਅੰਤ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਸਭ ਦਾ ਧੰਨਵਾਦ ਕੀਤਾ।

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਚਰਨ ਸਿੰਘ ਦੀਆਂ ਦੋ ਪੁਸਤਕਾਂ ਰਿਲੀਜ਼ Read More »

ਅੱਜ ਮੀਡੀਆ ਦੇ ਰੂਬਰੂ ਹੋਣਗੇ ਕਿਸਾਨ, ਕਰ ਸਕਦੇ ਵੱਡਾ ਐਲਾਨ

ਚੰਡੀਗੜ੍ਹ, 16 ਨਵੰਬਰ – ਐਮਐਸਪੀ ਲੀਗਲ ਗਾਰੰਟੀ ਕਾਨੂੰਨ ਲਿਆਉਣ ਦੀ ਮੰਗ ਨੂੰ ਲੈਕੇ ਚੱਲ ਰਹੇ ਅੰਦੋਲਨ ਨੂੰ ਹੁਣ ਕਿਸਾਨ ਅਗਲੇ ਪੜਾਅ ‘ਤੇ ਲੈਕੇ ਜਾਣ ਦੀ ਤਿਆਰੀ ਕਰ ਰਹੇ ਹਨ। ਅੱਜ ਸ਼ਨੀਵਾਰ ਨੂੰ ਕਿਸਾਨ ਇੱਕ ਵਾਰ ਫਿਰ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਮੀਡੀਆ ਨਾਲ ਗੱਲਬਾਤ ਕਰਨ ਜਾ ਰਹੇ ਹਨ। ਜਿਸ ਵਿੱਚ ਉਹ ਆਉਣ ਵਾਲੀਆਂ ਨੀਤੀਆਂ ਬਾਰੇ ਜਾਣਕਾਰੀ ਦੇਣਗੇ। ਕਿਸਾਨ ਆਗੂ ਨੇ ਦੋਸ਼ ਲਾਇਆ ਹੈ ਕਿ ਜਦੋਂ ਤੋਂ ਮਹਾਰਾਸ਼ਟਰ ਵਿੱਚ ਚੋਣਾਂ ਹਨ, ਭਾਜਪਾ ਹੁਣ ਉਥੋਂ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਅਜੇ ਵੀ ਐਮਐਸਪੀ ਕਾਨੂੰਨੀ ਗਰੰਟੀ ਬਿੱਲ ਲਿਆਉਣ ਦੀ ਮੰਗ ’ਤੇ ਅੜੇ ਹੋਏ ਹਨ। ਪਰ ਭਾਜਪਾ ਸਰਕਾਰ ਇਸ ਤੋਂ ਭੱਜਦੀ ਨਜ਼ਰ ਆ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦੀਆਂ ਨੀਤੀਆਂ ਕਾਰਨ ਹੀ ਮਹਿੰਗਾਈ ਦਰ 6.25 ਫੀਸਦੀ ਤੋਂ ਵੱਧ ਹੈ। ਡਾਲਰ ਦੇ ਮੁਕਾਬਲੇ ਰੁਪਿਆ ਲਗਾਤਾਰ ਕਮਜ਼ੋਰ ਹੋ ਰਿਹਾ ਹੈ। ਭਾਜਪਾ ਗਰੀਬ ਮਜ਼ਦੂਰਾਂ ਲਈ ਕੋਈ ਸਕੀਮ ਨਹੀਂ ਦੇ ਸਕੀ। ਭਾਰਤ ਵਿੱਚ ਸਭ ਤੋਂ ਵੱਧ ਬੇਰੁਜ਼ਗਾਰੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਲੋਕ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸਮਝਣਗੇ ਅਤੇ ਕਿਸਾਨਾਂ ਨੂੰ ਲੋਕਾਂ ਦਾ ਸਹਿਯੋਗ ਮਿਲੇਗਾ। ਅੱਜ ਬਾਅਦ ਦੁਪਹਿਰ ਹੋਣ ਵਾਲੀ ਪ੍ਰੈਸ ਕਾਨਫਰੰਸ ਵਿੱਚ ਕਿਸਾਨ ਆਗੂ ਵੱਡੇ ਐਲਾਨ ਕਰਨਗੇ। ਵੱਖ-ਵੱਖ ਮੰਗਾਂ ਨੂੰ ਲੈ ਕੇ ਸ਼ੰਭੂ ਸਰਹੱਦ ‘ਤੇ ਕਿਸਾਨਾਂ ਦਾ ਅੰਦੋਲਨ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਇਹ ਪ੍ਰਦਰਸ਼ਨ ਮੁੱਖ ਤੌਰ ‘ਤੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ‘ਤੇ ਕਾਨੂੰਨੀ ਗਾਰੰਟੀ, ਬਜ਼ੁਰਗ ਕਿਸਾਨਾਂ ਅਤੇ ਮਜ਼ਦੂਰਾਂ ਲਈ ਮਹੀਨਾਵਾਰ ਪੈਨਸ਼ਨ ਅਤੇ ਕਿਸਾਨ ਕਰਜ਼ਾ ਮੁਆਫ਼ੀ ਵਰਗੀਆਂ ਮੰਗਾਂ ‘ਤੇ ਕੇਂਦਰਿਤ ਹੈ। ਇਸ ਅੰਦੋਲਨ ਦੀ ਅਗਵਾਈ ਯੂਨਾਈਟਿਡ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਕਰ ਰਹੇ ਹਨ। ਅੰਦੋਲਨ ਕਾਰਨ ਸਥਾਨਕ ਨਿਵਾਸੀਆਂ, ਵਪਾਰੀਆਂ ਅਤੇ ਵਿਦਿਆਰਥੀਆਂ ਦੇ ਰੋਜ਼ਾਨਾ ਦੇ ਕੰਮ ਪ੍ਰਭਾਵਿਤ ਹੋਏ ਹਨ। ਉਧਰ, ਕਿਸਾਨ ਜਥੇਬੰਦੀਆਂ ਨੇ ਦਾਅਵਾ ਕੀਤਾ ਹੈ ਕਿ ਸੜਕਾਂ ਕਿਸਾਨਾਂ ਨੇ ਨਹੀਂ ਸਗੋਂ ਸਰਕਾਰ ਨੇ ਜਾਮ ਕੀਤੀਆਂ ਹਨ।

ਅੱਜ ਮੀਡੀਆ ਦੇ ਰੂਬਰੂ ਹੋਣਗੇ ਕਿਸਾਨ, ਕਰ ਸਕਦੇ ਵੱਡਾ ਐਲਾਨ Read More »

ਡੇਰਾ ਬਾਬਾ ਨਾਨਕ ਦੇ ਪਿੰਡ ਜੋੜੀਆ ਖੁਰਦ ਦੇ ਕ‌ਈ ਪਰਿਵਾਰ ਕਾਂਗਰਸ ‘ਚ ਹੋਏ ਸ਼ਾਮਲ

ਡੇਰਾ ਬਾਬਾ ਨਾਨਕ, 16 ਨਵੰਬਰ – ਅੱਜ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਜੋੜੀਆਂ ਕਲਾਂ ਵਿਖੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਅਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸਰਦਾਰ ਇੰਦਰਜੀਤ ਸਿੰਘ ਰੰਧਾਵਾ ਨੇ ਪਿੰਡ ਜੌੜੀਆਂ ਕਲਾਂ ਵਿਖੇ ਇਕ ਜਨਤਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੀਆਂ ਪੰਜਾਬ ਮਾਰੂ ਨੀਤੀਆਂ ਤੋਂ ਛੁਟਕਾਰਾ ਪਾਉਣ ਲ‌ਈ 20 ਨਵੰਬਰ ਵੋਟਾ ਵਾਲੇ ਦਿਨ ਪੰਜੇ ਦੇ ਚੋਣ ਨਿਸ਼ਾਨ ਵਾਲਾ 2 ਨੰਬਰ ਬਟਨ ਦਬਾ ਕੇ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਜਤਿੰਦਰ ਕੌਰ ਰੰਧਾਵਾ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਝੂਠੇ ਲਾਰਿਆਂ,ਝੂਠੇ ਬਦਲਾਅ ਤੋਂ ਮੁਕਤੀ ਪਾਉਣ ਲਈ ਕਾਂਗਰਸ ਪਾਰਟੀ ਦਾ ਹੱਥ ਮਜ਼ਬੂਤ ਕਰਨ ਲਈ ਸਾਬਕਾ ਚੇਅਰਮੈਨ ਤਰਸੇਮ ਸਹੋਤਾ,ਰਿਟਾਇਰਡ ਪ੍ਰਿੰਸੀਪਲ ਮੁਖਤਿਆਰ ਮਸੀਹ,ਮਨੀ ਗਿੱਲ, ਮਾਈਕਲ,ਜਵਾਹਰ ਅਤੇ ਰਜਤ ਕੁਮਾਰ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦਾ ਘਰ ਵਾਪਸੀ ਤੇ ਸਾਰੇ ਪੱਤਵੰਤੇ ਸੱਜਣਾ ਦਾ ਪੂਰਜੋਰ ਸਵਾਗਤ ਕੀਤਾ ਅਤੇ ਕਾਂਗਰਸ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਦੇਣ ਦਾ ਅਟੁੱਟ ਵਿਸ਼ਵਾਸ ਦਿਵਾਇਆ ਮੀਡੀਆ ਨਾਲ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਅਤਿ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ

ਡੇਰਾ ਬਾਬਾ ਨਾਨਕ ਦੇ ਪਿੰਡ ਜੋੜੀਆ ਖੁਰਦ ਦੇ ਕ‌ਈ ਪਰਿਵਾਰ ਕਾਂਗਰਸ ‘ਚ ਹੋਏ ਸ਼ਾਮਲ Read More »

ਟੈਂਪੂ ਅਤੇ ਕਾਰ ਦੀ ਹੋਈ ਜ਼ਬਰਦਸਤ ਟੱਕਰ, ਲਾੜਾ ਲਾੜੀ ਸਮੇਤ 7 ਦੀ ਹੋਈ ਦਰਦਨਾਕ ਮੌਤ

ਬਿਜਨੌਰ, 16 ਨਵੰਬਰ – ਉੱਤਰ ਪ੍ਰਦੇਸ਼ ਦੇ ਬਿਜਨੌਰ ਵਿੱਚ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਲਾੜਾ-ਲਾੜੀ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਇੱਕ ਕਾਰ ਨੇ ਥ੍ਰੀ ਵ੍ਹੀਲਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਅਤੇ ਉਹ ਸੜਕ ਕਿਨਾਰੇ ਖਾਈ ਵਿੱਚ ਜਾ ਡਿੱਗੀ। ਬਰਾਤ ਝਾਰਖੰਡ ਤੋਂ ਵਾਪਸ ਆ ਰਿਹਾ ਸੀ ਪਰ ਬਿਜਨੌਰ ਨੇੜੇ ਹਾਦਸਾਗ੍ਰਸਤ ਹੋ ਗਈ। ਵਿਆਹ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ। ਇਸ ਹਾਦਸੇ ‘ਚ ਦੋ ਲੋਕ ਜ਼ਖਮੀ ਵੀ ਹੋਏ ਹਨ। ਪੁਲਿਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਅਤੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਧਾਮਪੁਰ ਥਾਣਾ ਖੇਤਰ ਦੇ ਪਿੰਡ ਤਿਬੜੀ ਦੇ ਰਹਿਣ ਵਾਲੇ ਸਨ। ਮਰਨ ਵਾਲਿਆਂ ਵਿਚ 4 ਪੁਰਸ਼, 2 ਔਰਤਾਂ ਅਤੇ ਇਕ ਲੜਕੀ ਸ਼ਾਮਲ ਹੈ। ਇਹ ਹਾਦਸਾ ਧਾਮਪੁਰ ਥਾਣਾ ਅਧੀਨ ਦੇਹਰਾਦੂਨ-ਨੈਨੀਤਾਲ ਰਾਸ਼ਟਰੀ ਰਾਜਮਾਰਗ-74 ਦੇ ਫਾਇਰ ਸਟੇਸ਼ਨ ਨੇੜੇ ਵਾਪਰਿਆ। ਮਰਨ ਵਾਲਿਆਂ ਵਿੱਚ ਇੱਕ ਹੀ ਪਰਿਵਾਰ ਦੇ ਸਨ 6 ਮੈਂਬਰ ਮੀਡੀਆ ਰਿਪੋਰਟਾਂ ਮੁਤਾਬਕ ਤਿੰਨ ਪਹੀਆ ਵਾਹਨ ਨੂੰ ਇੱਕ ਤੇਜ਼ ਰਫ਼ਤਾਰ ਕ੍ਰੇਟਾ ਕਾਰ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਥ੍ਰੀ ਵ੍ਹੀਲਰ ਦੇ ਡਰਾਈਵਰ ਦੀ ਵੀ ਮੌਤ ਹੋ ਗਈ। ਥ੍ਰੀ ਵ੍ਹੀਲਰ ‘ਚ ਸਵਾਰ ਲੋਕ ਝਾਰਖੰਡ ‘ਚ ਵਿਆਹ ਕਰਵਾ ਕੇ ਦੁਲਹਨ ਨਾਲ ਵਾਪਸ ਆਪਣੇ ਪਿੰਡ ਤਿਬੜੀ ਆ ਰਹੇ ਸਨ। ਮ੍ਰਿਤਕਾਂ ਵਿੱਚ 65 ਸਾਲਾ ਖੁਰਸ਼ੀਦ, ਉਸ ਦਾ ਪੁੱਤਰ 25 ਸਾਲਾ ਵਿਸ਼ਾਲ, 22 ਸਾਲਾ ਨੂੰਹ ਖੁਸ਼ੀ, 45 ਸਾਲਾ ਮੁਮਤਾਜ਼, 32 ਸਾਲਾ ਰੂਬੀ ਅਤੇ 10 ਸਾਲਾ ਬੁਸ਼ਰਾ ਸ਼ਾਮਲ ਹਨ। ਲਾੜਾ-ਲਾੜੀ ਅਤੇ ਉਨ੍ਹਾਂ ਦਾ ਪਰਿਵਾਰ ਰਾਤ ਕਰੀਬ 1:30 ਵਜੇ ਮੁਰਾਦਾਬਾਦ ਸਟੇਸ਼ਨ ‘ਤੇ ਉਤਰੇ। ਉਥੋਂ ਉਹ ਟੈਂਪੂ ‘ਚ ਸਵਾਰ ਹੋ ਕੇ ਆਪਣੇ ਪਿੰਡ ਤਿੱਬੜੀ ਜਾ ਰਹੇ ਸਨ ਪਰ ਜਦੋਂ ਉਹ ਧਾਮਪੁਰ ਨਗੀਨਾ ਰੋਡ ‘ਤੇ ਫਾਇਰ ਸਟੇਸ਼ਨ ਨੇੜੇ ਪਹੁੰਚੇ ਤਾਂ ਉਨ੍ਹਾਂ ਨੂੰ ਪਿੱਛੇ ਤੋਂ ਆਈ ਕ੍ਰੇਟਾ ਕਾਰ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਜ਼ਖ਼ਮੀ ਛੇ ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਥ੍ਰੀ ਵ੍ਹੀਲਰ ਚਾਲਕ ਅਜੈਬ ਦੀ ਮੌਤ ਉਸ ਸਮੇਂ ਹੋ ਗਈ ਜਦੋਂ ਉਸ ਨੂੰ ਬਿਜਨੌਰ ਲਿਆਂਦਾ ਜਾ ਰਿਹਾ ਸੀ। ਹਾਦਸੇ ਵਿੱਚ ਜ਼ਖ਼ਮੀ ਹੋਏ ਸ਼ੇਰਕੋਟ ਵਾਸੀ ਸੋਹੇਲ ਅਲਵੀ ਅਤੇ ਕਰੈਟਾ ਸਵਾਰ ਅਮਨ ਦੀ ਹਾਲਤ ਖਤਰੇ ਤੋਂ ਬਾਹਰ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਟੈਂਪੂ ਅਤੇ ਕਾਰ ਦੀ ਹੋਈ ਜ਼ਬਰਦਸਤ ਟੱਕਰ, ਲਾੜਾ ਲਾੜੀ ਸਮੇਤ 7 ਦੀ ਹੋਈ ਦਰਦਨਾਕ ਮੌਤ Read More »

ਮਹਾਰਾਸ਼ਟਰ ਦਾ ਹਾਲ

ਮਹਾਰਾਸ਼ਟਰ ਅਸੰਬਲੀ ਚੋਣਾਂ ਤੋਂ ਪੰਜ ਦਿਨ ਪਹਿਲਾਂ ਆਏ ਲੋਕਪੋਲ ਦੇ ਸਰਵੇ ਮੁਤਾਬਕ ਹੁਕਮਰਾਨ ਮਹਾਯੁਤੀ ਅਤੇ ਆਪੋਜ਼ੀਸ਼ਨ ਦੇ ਗੱਠਜੋੜ ਮਹਾਰਾਸ਼ਟਰ ਵਿਕਾਸ ਅਘਾੜੀ (ਐੱਮ ਵੀ ਏ) ਵਿਚਾਲੇ ਮੁਕਾਬਲਾ ਗਹਿਗੱਚ ਹੈ, ਪਰ ਐੱਮ ਵੀ ਏ ਨੂੰ ਥੋੜ੍ਹੀ ਬੜ੍ਹਤ ਹਾਸਲ ਹੈ | ਸਰਵੇ ਵਿੱਚ ਕਿਹਾ ਗਿਆ ਹੈ ਕਿ ਭਾਜਪਾ, ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਤੇ ਅਜੀਤ ਪਵਾਰ ਦੀ ਐੱਨ ਸੀ ਪੀ ਵਾਲੇ ਗੱਠਜੋੜ ਮਹਾਯੁਤੀ ਨੂੰ 288 ਵਿੱਚੋਂ 115-128 ਸੀਟਾਂ ਮਿਲ ਸਕਦੀਆਂ ਹਨ | ਕਾਂਗਰਸ, ਊਧਵ ਠਾਕਰੇ ਦੀ ਸ਼ਿਵ ਸੈਨਾ ਤੇ ਸ਼ਰਦ ਪਵਾਰ ਦੀ ਐੱਨ ਸੀ ਪੀ ਵਾਲੇ ਗੱਠਜੋੜ ਐੱਮ ਵੀ ਏ ਨੂੰ 151-162 ਸੀਟਾਂ ਮਿਲਣ ਦੇ ਆਸਾਰ ਹਨ | ਹੋਰਨਾਂ ਨੂੰ 5-14 ਸੀਟਾਂ ਮਿਲ ਸਕਦੀਆਂ ਹਨ | ਲੋਕਪੋਲ ਦਾ ਇਹ ਸਰਵੇ ਇਕ ਮਹੀਨੇ ਤੋਂ ਵੱਧ ਸਮੇਂ ਤੱਕ ਵਿਆਪਕ ਜ਼ਮੀਨੀ ਅਧਿਐਨ ‘ਤੇ ਅਧਾਰਤ ਹੈ | ਇਸ ਨੇ ਹਰੇਕ ਅਸੰਬਲੀ ਹਲਕੇ ਵਿਚ ਕਰੀਬ 300 ਦਾ ਸੈਂਪਲ ਸਰਵੇ ਕੀਤਾ | ਕੁਲ ਮਿਲਾ ਕੇ ਇਸ ਨੇ ਸਾਰੇ ਹਲਕਿਆਂ ਵਿੱਚ 86400 ਸੈਂਪਲ ਲਏ | ਸਰਵੇ ਵਿੱਚ ਸਿਰਫ ਸੀਟਾਂ ਦੀ ਹੀ ਭਵਿੱਖਬਾਣੀ ਨਹੀਂ ਕੀਤੀ ਗਈ, ਸਗੋਂ ਵੋਟ ਸ਼ੇਅਰ ਦਾ ਵੀ ਅਨੁਮਾਨ ਲਾਇਆ ਗਿਆ ਹੈ | ਸਰਵੇ ਮੁਤਾਬਕ ਮਹਾਯੁਤੀ ਨੂੰ 37-40 ਫੀਸਦੀ ਵੋਟਾਂ ਮਿਲ ਸਕਦੀਆਂ ਹਨ, ਜਦਕਿ ਐੱਮ ਵੀ ਏ ਨੂੰ 43-46 ਫੀਸਦੀ ਵੋਟਾਂ ਮਿਲ ਸਕਦੀਆਂ ਹਨ | ਹੋਰਨਾਂ ਨੂੰ 16-19 ਫੀਸਦੀ ਵੋਟਾਂ ਮਿਲਣ ਦੀ ਸੰਭਾਵਨਾ ਹੈ | ਸਰਵੇ ਮੁਤਾਬਕ ਭਾਜਪਾ ਵੱਲੋਂ ਧਰੁਵੀਕਰਨ ਦੀ ਸਿਆਸਤ ਮਹਾਯੁਤੀ ਨੂੰ ਪੁੱਠੀ ਪੈਣ ਵਾਲੀ ਹੈ | ਵੋਟਰਾਂ ਵਿੱਚ ਮੁੱਦਾ ਅਧਾਰਤ ਸਿਆਸਤ ਪ੍ਰਤੀ ਆਕਰਸ਼ਣ ਹੈ | ਖੇਤੀ, ਰੁਜ਼ਗਾਰ, ਮਹਿਲਾ ਸੁਰੱਖਿਆ ਤੇ ਮਹਿੰਗਾਈ ਵਰਗੇ ਮੁੱਦੇ ਲੋਕਾਂ ਲਈ ਅਹਿਮ ਹਨ | ਸਰਵੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਜਪਾ ਨੂੰ ਸਥਾਪਤੀ-ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ | ਸੀਨੀਅਰ ਭਾਜਪਾ ਆਗੂ ਦਵਿੰਦਰ ਫੜਨਵੀਸ ਦੇ ਅਕਸ ਨੂੰ ਨੁਕਸਾਨ ਪੁੱਜਾ ਹੈ ਤੇ ਸ਼ਿੰਦੇ ਸਭ ਤੋਂ ਪਾਪੂਲਰ ਆਗੂ ਬਣ ਕੇ ਉੱਭਰੇ ਹਨ | ਲੋਕ ਸਭਾ ਚੋਣਾਂ ਦੇ ਉਲਟ ਓ ਬੀ ਸੀ ਮਹਾਯੁਤੀ ਵੱਲ ਜਾ ਰਹੇ ਹਨ, ਪਰ ਹੋਰਨਾਂ ਮੁੱਦਿਆਂ ਕਾਰਨ ਇਸ ਦਾ ਓਨਾ ਅਸਰ ਨਹੀਂ ਹੈ | ਆਮ ਤੌਰ ‘ਤੇ ਮਰਾਠਾ ਐੱਮ ਵੀ ਏ ਦੀ ਹਮਾਇਤ ਕਰਦੇ ਨਜ਼ਰ ਆ ਰਹੇ ਹਨ, ਜਦਕਿ ਓ ਬੀ ਸੀ ਵੰਡੇ ਹੋਏ ਹਨ | ਸਰਵੇ ਮੁਤਾਬਕ ਕਾਂਗਰਸ ਵੱਡੀ ਪਾਰਟੀ ਵਜੋਂ ਉਭਰਦੀ ਦਿਖ ਰਹੀ ਹੈ | ਵੀ ਬੀ ਏ ਤੇ ਐੱਮ ਆਈ ਐੱਮ ਵਰਗੇ ਵੋਟਾਂ ਕੱਟਣ ਵਾਲਿਆਂ ਦਾ ਅਸਰ ਘੱਟ ਦਿਖ ਰਿਹਾ ਹੈ, ਪਰ ਬਾਗੀ ਕਾਫੀ ਅਸਰ ਪਾਉਣਗੇ | ਭਾਜਪਾ ਹਿੰਦੀ ਬੋਲਦੇ ਰਾਜਾਂ ਵਿੱਚ ਧਰੁਵੀਕਰਨ ਕਰਕੇ ਚੋਣਾਂ ਜਿੱਤਦੀ ਹੈ, ਪਰ ਮਹਾਰਾਸ਼ਟਰ ਦੇ ਲੋਕ ਧਰੁਵੀਕਰਨ ਤੋਂ ਦੂਰ ਰਹਿ ਕੇ ਮੁੱਦਿਆਂ ਦੀ ਸਿਆਸਤ ਪਸੰਦ ਕਰਦੇ ਹਨ | ਲੋਕਪੋਲ ਦਾ ਸਰਵੇ ਵੀ ਇਸ ਦੀ ਪੁਸ਼ਟੀ ਕਰਦਾ ਹੈ |

ਮਹਾਰਾਸ਼ਟਰ ਦਾ ਹਾਲ Read More »

ਡੀ.ਸੀ. ਬਠਿੰਡਾ ਵੱਲੋਂ ਪੰਚਾਂ ਦੇ ਸੌਂਹ ਚੁੱਕ ਸਮਾਗਮ ਦੀ ਤਿਆਰੀ ਦੇ ਜਾਇਜੇ ਲਈ ਮੀਟਿੰਗ

ਬਠਿੰਡਾ, 16 ਨਵੰਬਰ : ਨਵੀਆਂ ਬਣੀਆਂ ਪੰਚਾਇਤਾਂ ਦੇ ਪੰਚਾਂ ਦਾ ਜ਼ਿਲ੍ਹਾ ਪੱਧਰੀ ਸਹੁੰ ਚੁੱਕ ਸਮਾਗਮ 19 ਨਵੰਬਰ 2024 ਨੂੰ ਸਥਾਨਕ ਸ਼ਹੀਦ ਭਗਤ ਸਿੰਘ ਬਹੁ ਮੰਤਵੀ ਖੇਡ ਸਟੇਡੀਅਮ ਵਿਖੇ ਕਰਵਾਇਆ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਅਗਾਂਊ ਤਿਆਰੀਆਂ ਦੇ ਪ੍ਰਬੰਧਾਂ ਦੇ ਮੱਦੇਨਜ਼ਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਸਾਂਝੀ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਟੇਡੀਅਮ ਦੇ ਅੰਦਰ-ਬਾਹਰ ਸਾਫ-ਸਫਾਈ ਦਾ ਪ੍ਰਬੰਧ ਕਰਨਾ ਲਾਜ਼ਮੀ ਬਣਾਇਆ ਜਾਵੇ। ਇਸ ਤੋਂ ਇਲਾਵਾ ਉਨਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਬਿਜਲੀ ਦੀ ਨਿਰਵਿਘਨ ਸਪਲਾਈ ਚਾਲੂ ਰੱਖਣੀ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਖੇਡ ਅਫ਼ਸਰ, ਜ਼ਿਲ੍ਹਾ ਮੰਡੀ ਅਫ਼ਸਰ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਮਾਗਮ ਨੂੰ ਸਫਲਤਾਪੂਰਵਕ ਢੰਗ ਨਾਲ ਨੇਪਰੇ ਚੜਾਉਣ ਲਈ ਸਾਰੇ ਅਗਾਊਂ ਪ੍ਰਬੰਧ ਮੁਕੰਮਲ ਕਰਨੇ ਯਕੀਨੀ ਬਣਾਏ ਜਾਣ। ਉਹਨਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਰਨਲ) ਮੈਡਮ ਪੂਨਮ ਸਿੰਘ, ਐਸਡੀਐਮ ਮੌੜ ਸ਼੍ਰੀ ਗਗਨਦੀਪ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ. ਗੁਰਪ੍ਰਤਾਪ ਸਿੰਘ ਗਿੱਲ, ਸਕੱਤਰ ਰੈਡ ਕਰਾਸ ਸ਼੍ਰੀ ਦਰਸ਼ਨ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਹਨਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।

ਡੀ.ਸੀ. ਬਠਿੰਡਾ ਵੱਲੋਂ ਪੰਚਾਂ ਦੇ ਸੌਂਹ ਚੁੱਕ ਸਮਾਗਮ ਦੀ ਤਿਆਰੀ ਦੇ ਜਾਇਜੇ ਲਈ ਮੀਟਿੰਗ Read More »

ਪੰਜਾਬੀ ਨੂੰ ਕੈਨੇਡਾ ‘ਚ ਕੈਨੇਡੀਅਨ ਭਾਸ਼ਾ ਦਾ ਦਰਜ਼ਾ ਮਿਲੇ – ਡਾ.ਸਾਧੂ ਬਿਨਿੰਗ

-ਪੰਜਾਬੀ ਵਿਰਸਾ ਟਰਸੱਟ ਵਲੋਂ ਡਾ : ਸਾਧੂ ਬਿਨਿੰਗ ਨਾਲ ਕਰਵਾਇਆ ਰੂ-ਬ-ਰੂ ਫਗਵਾੜਾ, 16 ਨਵੰਬਰ  (ਏ.ਡੀ.ਪੀ. ਨਿਊਜ਼   ) ਪ੍ਰਸਿੱਧ ਲੇਖਕ ਅਤੇ ਪੰਜਾਬੀ ਦੇ ਪ੍ਰਚਾਰ, ਪਸਾਰ ਲਈ ਕੈਨੇਡਾ ‘ਚ ਵੱਡੇ ਉਪਰਾਲੇ ਕਰਨ ਵਾਲੇ  ਚਿੰਤਕ, ਡਾ : ਸਾਧੂ ਬਿਨਿੰਗ ਨੇ ਲੇਖਕਾਂ ਨਾਲ ਰੂ-ਬ-ਰੂ ਦੇ ਦਰਮਿਆਨ ਕਿਹਾ ਕਿ ਭਾਵੇਂ ਕੈਨੇਡਾ ‘ਚ ਪੰਜਾਬੀ ਨੂੰ ਚੀਨੀ, ਜਪਾਨੀ, ਸਪੈਨਿਸ਼, ਰਸ਼ੀਅਨ ਭਾਸ਼ਾਵਾਂ ਦੇ ਤੁਲ ਮੰਨਿਆ ਜਾਂਦਾ ਹੈ, ਪਰ ਕੈਨੇਡਾ ‘ਚ ਅੰਗਰੇਜੀ ਅਤੇ ਫਰੈਂਚ ਭਾਸ਼ਾ ਦਾ ਹੀ ਬੋਲਬਾਲਾ ਹੈ। ਉਹਨਾਂ ਨੇ ਕਿਹਾ ਕਿ ਕੈਨੇਡਾ ‘ਚ ਇਹਨਾਂ 6 ਭਾਸ਼ਾਵਾਂ ਦੇ ਲੇਖਕਾਂ ਨੂੰ ਕੈਨੇਡੀਅਨ ਲੇਖਕ ਨਹੀਂ ਸਗੋਂ ਵਿਦੇਸ਼ੀ ਲੇਖਕ ਹੀ ਮੰਨਿਆ ਜਾਂਦਾ ਹੈ ਅਤੇ ਉਹਨਾਂ ਨੂੰ ਕੈਨੇਡੀਅਨ ਲੇਖਕਾਂ ਵਾਲੀਆਂ ਸਹੂਲਤਾਂ ਨਹੀਂ ਮਿਲਦੀਆਂ। ਪ੍ਰਸਿੱਧ ਮਾਸਿਕ ਪੱਤਰ “ਵਤਨੋਂ ਦੂਰ “ ਦੇ ਲੰਬਾ ਸਮਾਂ ਸੰਪਾਦਕ ਰਹੇ ਸਾਧੂ ਬਿਨਿੰਗ ਨੇ ਆਪਣੇ ਜੀਵਨ ਸਫਰ ਅਤੇ ਸਾਹਿੱਤਕ ਸਫਰ ਦੇ ਤਜ਼ਰਬਿਆਂ ਨੂੰ ਸਾਂਝਾ ਕਰਦਿਆ ਦੱਸਿਆ ਕਿ ਉਹਨਾਂ 15 ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ, ਜਿਹਨਾਂ ‘ਚ ਇਕ ਨਾਵਲ, ਦੋ ਕਹਾਣੀ-ਸੰਗ੍ਰਹਿ ਅਤੇ ਚਾਰ ਪੁਸਤਕਾਂ ,ਸ਼ਾਮਲ ਹਨ। ਰੂ-ਬ-ਰੂ ਦੌਰਾਨ ਉਹਨਾਂ ਨੇ “ਕਾਮਾਗਾਟਾਮਾਰੂ” ਕਵਿਤਾ ਅਤੇ ਹੋਰ ਕਵਿਤਾਵਾਂ ਵੀ ਸੁਣਾਈਆਂ। ਯੂਨੀਵਰਸਿਟੀ ਬ੍ਰਿਟਿਸ਼ ਕੋਲੰਬੀਆਂ (ਯੂ.ਬੀ.ਸੀ) ਤੋਂ ਅਨਰੇਰੀ ਡਾਕਟਰ ਡਿਗਰੀ ਪ੍ਰਾਪਤ ਡਾ : ਸਾਧੂ ਬਿਨਿੰਗ ਨੇ ਜ਼ਿੰਦਗੀ ਦੇ ਤਲਖ਼ ਤਜ਼ੁਰਬੇ ਸਾਂਝੇ ਕਰਦਿਆ ਕਿਹਾ ਕਿ ਉਹ ਪੰਜਾਬ ‘ਚ ਸੈਕੰਡਰੀ ਕਲਾਸ ‘ਚ ਫੇਲ੍ਹ ਹੋ ਗਏ, ਪਰ ਕੈਨੇਡਾ ‘ਚ ਮਜ਼ਦੂਰੀ ਕਰਦਿਆਂ ਉਹਨਾਂ ਨੇ ਕੈਨੇਡਾ ‘ਚ ਉਚ ਸਿੱਖਿਆ ਪ੍ਰਾਪਤ ਕੀਤੀ। ਅਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਹੋਰ ਖੱਬੇ ਪੱਖੀ ਸਾਥੀਆਂ ਨਾਲ ਰਲਕੇ ਕਈ ਸੰਸਥਾਵਾਂ ਜਿਹਨਾਂ ‘ਚ ਵੈਨਕੁਵਰ ਸੱਥ ਸ਼ਾਮਲ ਸੀ, ਚਲਾਈਆਂ ਅਤੇ ਪੰਜਾਬੀ ਅਤੇ ਕੈਨੇਡੀਅਨ ਭਾਈਚਾਰੇ ਦੀ ਇਕਜੁੱਟਤਾ ਲਈ ਜੀਵਨ ਭਰ ਕੰਮ ਕੀਤਾ। ਪੰਜਾਬੀ ਨਾਲ ਮਨੋਂ ਮੋਹ ਰੱਖਣ ਵਾਲੇ ਡਾ : ਸਾਧੂ ਬਿਨਿੰਗ ਨੇ ਪੰਜਾਬੀ ਅਤੇ 5 ਹੋਰ ਭਾਸ਼ਾਵਾਂ ਨੂੰ ਕੈਨੇਡੀਅਨ ਬੋਲੀ ਦਾ ਉਸੇ ਕਿਸਮ ਦਾ ਦਰਜ਼ਾ ਦੇਣ ਦੀ ਮੰਗ ਕੀਤੀ, ਜਿਵੇਂ ਦਾ ਦਰਜ਼ਾ ਭਾਰਤੀ ਸੰਵਿਧਾਨ ਵਿੱਚ ਹੋਰ ਭਾਸ਼ਾਵਾਂ ਵਾਂਗਰ ਪੰਜਾਬੀ ਨੂੰ ਹੈ। ਕੈਨੇਡਾ ‘ਚ ਪੰਜਾਬੀ ਬਣਕੇ ਰਹਿਣ ਦਾ ਸੰਕਲਪ ਰੱਖਣ ਵਾਲੇ ਡਾ : ਸਾਧੂ ਬਿਨਿੰਗ ਫਗਵਾੜਾ ਤਹਿਸੀਲ ਦੇ ਪ੍ਰਸਿੱਧ ਪਿੰਡ ਚਿਹੇੜੂ ਦੇ ਵਾਸੀ ਹਨ ਅਤੇ ਲਗਾਤਾਰ ਪੰਜਾਬ ਫੇਰੀ ਤੇ ਆਉਂਦੇ ਹਨ। ਉਹ ਸਾਲ 1967 ‘ਚ ਕੈਨੇਡਾ ਲਈ ਪ੍ਰਵਾਸ ਕਰ ਗਏ ਸਨ। ਪੰਜਾਬੀ ਵਿਰਸਾ ਟਰੱਸਟ ਵਲੋਂ ਕਰਵਾਏ ਰੂ-ਬ-ਰੂ ਸਮੇਂ ਹੋਰਨਾਂ ਤੋਂ ਬਿਨਾ ਪ੍ਰਸਿੱਧ ਲੇਖਕ ਰਵਿੰਦਰ ਚੋਟ, ਰਵਿੰਦਰ ਸਿੰਘ ਰਾਏ, ਅਸ਼ੋਕ ਸ਼ਰਮਾ, ਪਰਵਿੰਦਰਜੀਤ ਸਿੰਘ, ਹਰਜਿੰਦਰ ਨਿਆਣਾ, ਐਡਵੋਕੇਟ ਸੰਤੋਖ ਲਾਲ ਵਿਰਦੀ, ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਅਤੇ ਸੁਖਵਿੰਦਰ ਸਿੰਘ ਸ਼ਾਮਲ ਹੋਏ।  

ਪੰਜਾਬੀ ਨੂੰ ਕੈਨੇਡਾ ‘ਚ ਕੈਨੇਡੀਅਨ ਭਾਸ਼ਾ ਦਾ ਦਰਜ਼ਾ ਮਿਲੇ – ਡਾ.ਸਾਧੂ ਬਿਨਿੰਗ Read More »

ਕਵਿਤਾ/ਜਨਮ ਦਿਨ/ਜਸਵੀਰ ਸੋਨੀ

ਬੜੇ ਚਾਵਾਂ ਸ਼ਰਧਾ ਤੇ ਉਤਸ਼ਾਹ ਨਾਲ, ਜਨਮ ਦਿਨ ਮਨਾਇਆ ਨਾਨਕ ਜੀ। ਦਿਵਾਲੀ ਤੋਂ ਰੱਖਿਆ ਸੀ ਜੋ ਬਚਾ ਕੇ, ਬਾਰੂਦ ਖ਼ੂਬ ਚਲਾਇਆ ਨਾਨਕ ਜੀ। ਤੁਹਡੇ ਜਨਮ ਦਿਨ ਦੀਆਂ ਖੁਸ਼ੀਆਂ ਤੇ, ਪ੍ਰਦੂਸ਼ਣ ਅਸੀਂ ਫੈਲਾਇਆ ਨਾਨਕ ਜੀ। ਉੱਚੀ ਡੀ ਜੇ ਲਾ ਕੇ ਪੂਰਾ ਸੋਰ ਮਚਾ ਕੇ, ਜਾਮ ਸੜਕਾਂ ਤੇ ਲਾਇਆ ਨਾਨਕ ਜੀ। ਸੋਚਾਂ ਚ ਹਨੇਰਾ ਬਨੇਰਿਆਂ ਤੇ ਚਾਨਣ ਸਾਰਾ ਪਿੰਡ ਰੁਸ਼ਨਾਇਆ ਨਾਨਕ ਜੀ। ਓਹੀ ਕਰਮਕਾਂਡ ਤਿੱਥ ਵਾਰ ਤੇ ਰੀਤਾਂ, ਤੁਸੀਂ ਜਿਸ ਤੋਂ ਸਮਝਾਇਆ ਨਾਨਕ ਜੀ। ਅੰਧਵਿਸ਼ਵਾਸ ਵਹਿਮ ਭਰਮ ਵੀ ਓਹੀ, ਤਰਕਾਂ ਨੂੰ ਖੂੰਜੇ ਲਾਇਆ ਨਾਨਕ ਜੀ। ਤੁਹਾਡੇ ਸ਼ਬਦਾਂ ਦੀ ਬਾਣੀ ਕੀ ਹੈ ਦੱਸਦੀ, ਸਾਡੀ ਸਮਝ ਨਾ ਆਇਆ ਨਾਨਕ ਜੀ। ਭਾਈ ਲਾਲੋ ਵਾਲ਼ੀ ਸੋਚ ਦੇ ਉੱਤੇ ਬਾਬਾ, ਅੱਜ ਮਲਕ ਭਾਗੋ ਛਾਇਆ ਨਾਨਕ ਜੀ। ਜਸਵੀਰ ਸੋਨੀ

ਕਵਿਤਾ/ਜਨਮ ਦਿਨ/ਜਸਵੀਰ ਸੋਨੀ Read More »

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਮੁੱਖ ਮੰਤਰੀ ਨੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਮੱਥਾ ਟੇਕਿਆ

*ਸੂਬੇ ਦੀ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਕੀਤੀ ਅਰਦਾਸ ਅੰਮ੍ਰਿਤਸਰ, 16 ਨਵੰਬਰ(ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਮੱਥਾ ਟੇਕਿਆ ਅਤੇ ਸੂਬੇ ਤੇ ਇੱਥੋਂ ਦੇ ਵਾਸੀਆਂ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਮੁੱਖ ਮੰਤਰੀ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਅਕਾਲ ਪੁਰਖ ਅੱਗੇ ਸੂਬੇ ਦੀ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਉਨ੍ਹਾਂ ਇਹ ਅਰਦਾਸ ਵੀ ਕੀਤੀ ਕਿ ਸੂਬੇ ਵਿੱਚ ਫਿਰਕੂ ਸਦਭਾਵਨਾ, ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਆਏ ਦਿਨ ਹੋਰ ਮਜ਼ਬੂਤ ਹੋਣ ਅਤੇ ਪੰਜਾਬ ਹਰ ਖੇਤਰ ਵਿੱਚ ਦੇਸ਼ ਦੀ ਅਗਵਾਈ ਕਰੇ। ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਸਾਹਿਬ ਜੀ ਦੀਆਂ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਦੀਆਂ ਸਦੀਵੀ ਸਿੱਖਿਆਵਾਂ ਅੱਜ ਦੇ ਪਦਾਰਥਵਾਦੀ ਸਮਾਜ ਵਿੱਚ ਵੀ ਓਨੀਆਂ ਹੀ ਪ੍ਰਸੰਗਿਕ ਹਨ। ਭਗਵੰਤ ਸਿੰਘ ਮਾਨ ਨੇ ਪ੍ਰਕਾਸ਼ ਪੁਰਬ ਦੇ ਸ਼ੁਭ ਅਵਸਰ ‘ਤੇ ਸੰਗਤਾਂ ਨੂੰ ਤਹਿ ਦਿਲੋਂ ਵਧਾਈ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਇਕ ਮਹਾਨ ਅਧਿਆਤਮਕ ਦੂਤ ਸਨ ਜਿਨ੍ਹਾਂ ਨੇ ਪ੍ਰਮਾਤਮਾ ਪ੍ਰਤੀ ਸ਼ਰਧਾ ਤੇ ਸਮਰਪਣ ਦੇ ਫਲਸਫੇ ਅਤੇ ਪਾਸਾਰ ਰਾਹੀਂ ਮਨੁੱਖਤਾ ਨੂੰ ਮੁਕਤੀ ਦਾ ਮਾਰਗ ਦਿਖਾਇਆ| ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਹਿਮ-ਭਰਮ ਤੋਂ ਮੁਕਤ ਜਾਤ ਰਹਿਤ ਸਮਾਜ ਦੀ ਪਰਿਕਲਪਨਾ ਕੀਤੀ ਜਿਸ ਨਾਲ ਵੇਦਨਾ ਤੋਂ ਪੀੜਤ ਮਨੁੱਖਤਾ ਦਾ ਕਲਿਆਣ ਹੋਇਆ| ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਨਵੇਂ ਵਿਚਾਰਾਂ, ਉਦੇਸ਼ਾਂ ਅਤੇ ਟੀਚਿਆਂ ਪ੍ਰਤੀ ਪ੍ਰੇਰਿਤ ਕੀਤਾ ਅਤੇ ਇਸ ਨੂੰ ਜਾਤੀ ਅਧਾਰਿਤ ਵੈਰ-ਵਿਰੋਧ, ਝੂਠ-ਫਰੇਬ, ਦਿਖਾਵਾ ਅਤੇ ਪਾਖੰਡਬਾਜ਼ੀ ਦੀਆਂ ਅਲਾਮਤਾ ਤੋਂ ਛੁਟਕਾਰਾ ਪਾਉਣ ਦਾ ਸੱਦਾ ਦਿੱਤਾ| ਮੁੱਖ ਮੰਤਰੀ ਨੇ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸੇਵਾ ਅਤੇ ਨਿਮਰਤਾ ਦੇ ਦਿਖਾਏ ਮਾਰਗ ਉਤੇ ਚੱਲਣ ਅਤੇ ਗੁਰੂ ਸਾਹਿਬ ਜੀ ਦੀਆਂ ਮਹਾਨ ਸਿੱਖਿਆਵਾਂ ਦੇ ਮੁਤਾਬਕ ਸ਼ਾਂਤਮਈ, ਖੁਸ਼ਹਾਲ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਉਪਰਾਲੇ ਕਰਨ ਦੀ ਅਪੀਲ ਕੀਤੀ| ਉਨ੍ਹਾਂ ਨੇ ਗੁਰਪੁਰਬ ਦੇ ਪਵਿੱਤਰ ਮੌਕੇ ਨੂੰ ਜਾਤ, ਰੰਗ, ਨਸਲ ਅਤੇ ਧਰਮ ਦੀਆਂ ਸੌੜੀਆਂ ਵਲਗਣਾਂ ਤੋਂ ਉਪਰ ਉਠ ਕੇ ਸ਼ਰਧਾ ਤੇ ਸਮਰਪਣ ਭਾਵਨਾ ਨਾਲ ਮਨਾਉਣ ਦੀ ਅਪੀਲ ਕੀਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਨੂੰ ਸੰਸਾਰ ਭਰ ਵਿੱਚ ਜਗਤ ਗੁਰੂ ਵਜੋਂ ਸਤਿਕਾਰਿਆ ਜਾਂਦਾ ਹੈ, ਨੇ ਆਪਣੀਆਂ ਉਦਾਸੀਆਂ ਰਾਹੀਂ ਲੋਕਾਂ ਨੂੰ ਸਦਭਾਵਨਾ ਅਤੇ ਭਾਈਚਾਰਕ ਸਾਂਝ ਦਾ ਪਾਠ ਪੜ੍ਹਾਇਆ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਸਿੱਖਿਆਵਾਂ ਰਾਹੀਂ ਮੁਗਲ ਬਾਦਸ਼ਾਹ ਬਾਬਰ ਦੇ ਹਮਲੇ ਦੌਰਾਨ ਜ਼ੁਲਮ, ਅਨਿਆਂ ਅਤੇ ਅੱਤਿਆਚਾਰ ਦਾ ਡਟ ਕੇ ਵਿਰੋਧ ਕੀਤਾ। ਗੁਰਬਾਣੀ ਦੀ ਤੁਕ ‘ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ’ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਹਾਨ ਗੁਰੂ ਸਾਹਿਬ ਜੀ ਨੇ ਹਵਾ (ਪਵਨ) ਨੂੰ ਗੁਰੂ ਨਾਲ, ਪਾਣੀ ਨੂੰ ਪਿਤਾ ਨਾਲ ਅਤੇ ਜ਼ਮੀਨ (ਧਰਤ) ਨੂੰ ਮਾਤਾ ਦਾ ਦਰਜਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਉਸ ਸਮੇਂ ਜਦੋਂ ਪ੍ਰਦੂਸ਼ਣ ਦਾ ਕਿਤੇ ਨਾਮੋ-ਨਿਸ਼ਾਨ ਵੀ ਨਹੀਂ ਸੀ, ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਦਾ ਪਾਠ ਪੜ੍ਹਾਇਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਨੇ ਨਾਰੀ ਸਸ਼ਕਤੀਕਰਨ ਅਤੇ ਸਮਾਜ ਵਿੱਚ ਔਰਤਾਂ ਨੂੰ ਬਰਾਬਰ ਦਾ ਦਰਜਾ ਦਿਵਾਉਣ ਲਈ ਵੀ ਆਵਾਜ਼ ਬੁਲੰਦ ਕੀਤੀ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਮੁੱਖ ਮੰਤਰੀ ਨੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਮੱਥਾ ਟੇਕਿਆ Read More »