
ਨਵੀਂ ਦਿੱਲੀ, 3 ਮਾਰਚ – ਇਸ ਸਾਲ ਫ਼ਰਵਰੀ ਵਿਚ ਮਹਿੰਦਰਾ ਐਂਡ ਮਹਿੰਦਰਾ ਅਤੇ ਮਾਰੂਤੀ ਸੁਜ਼ੂਕੀ ਦੀ ਵਾਹਨ ਵਿਕਰੀ ਵਿਚ ਵਾਧਾ ਹੋਇਆ ਹੈ। ਮਹਿੰਦਰਾ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਪਿਛਲੇ ਮਹੀਨੇ ਉਨ੍ਹਾਂ ਦੀ ਵਾਹਨ ਵਿਕਰੀ 15 ਫ਼ੀ ਸਦੀ ਵਧ ਕੇ 83,702 ਇਕਾਈਆਂ ਹੋ ਗਈ। ਫ਼ਰਵਰੀ 2024 ਵਿਚ, ਕੰਪਨੀ ਨੇ 72,923 ਵਾਹਨ ਵੇਚੇ ਸਨ। ਘਰੇਲੂ ਬਾਜ਼ਾਰ ਵਿਚ ਕੰਪਨੀ ਦੀ ਯੂਟਿਲਿਟੀ ਵਾਹਨਾਂ ਦੀ ਵਿਕਰੀ 19 ਫ਼ੀ ਸਦੀ ਵਧ ਕੇ 50,420 ਯੂਨਿਟ ਹੋ ਗਈ। ਇਸੇ ਤਰ੍ਹਾਂ, ਨਿਰਯਾਤ 99 ਪ੍ਰਤੀਸ਼ਤ ਵਧ ਕੇ 3,061 ਯੂਨਿਟ ਹੋ ਗਿਆ। ਪਿਛਲੇ ਸਾਲ ਫ਼ਰਵਰੀ ਵਿਚ, ਕੰਪਨੀ ਨੇ 1,539 ਵਾਹਨਾਂ ਦਾ ਨਿਰਯਾਤ ਕੀਤਾ ਸੀ। ਮਾਰੂਤੀ ਸੁਜ਼ੂਕੀ ਨੇ ਪਿਛਲੇ ਮਹੀਨੇ 1,99,400 ਵਾਹਨ ਵੇਚੇ। ਪਿਛਲੇ ਸਾਲ ਫ਼ਰਵਰੀ ਵਿਚ 1,97,471 ਵਾਹਨਾਂ ਦੇ ਮੁਕਾਬਲੇ ਇਸ ਗਿਣਤੀ ਵਿਚ ਮਾਮੂਲੀ ਵਾਧਾ ਹੋਇਆ ਹੈ।
ਕੰਪਨੀ ਨੇ ਸਨਿਚਰਵਾਰ ਨੂੰ ਕਿਹਾ ਕਿ ਇਸ ਸਾਲ ਫ਼ਰਵਰੀ ਵਿਚ ਘਰੇਲੂ ਬਾਜ਼ਾਰ ਵਿਚ ਯਾਤਰੀ ਵਾਹਨਾਂ ਦੀ ਵਿਕਰੀ 1,60,791 ਯੂਨਿਟ ਰਹੀ। ਪਿਛਲੇ ਮਹੀਨੇ, ਆਲਟੋ ਅਤੇ ਐਸਪ੍ਰੈਸੋ ਵਰਗੀਆਂ ਛੋਟੀਆਂ ਕਾਰਾਂ ਦੀ ਵਿਕਰੀ ਘੱਟ ਕੇ 10,226 ਯੂਨਿਟ ਰਹਿ ਗਈ ਜੋ ਪਿਛਲੇ ਸਾਲ ਇਸੇ ਸਮੇਂ ਵਿਚ 14,782 ਯੂਨਿਟ ਸੀ। ਹਾਲਾਂਕਿ, ਕੰਪੈਕਟ ਕਾਰਾਂ ਦੀ ਵਿਕਰੀ ਪਿਛਲੇ ਸਾਲ ਫ਼ਰਵਰੀ ਵਿਚ 71,627 ਯੂਨਿਟਾਂ ਤੋਂ ਮਾਮੂਲੀ ਵਧ ਕੇ 72,942 ਯੂਨਿਟ ਹੋ ਗਈ।
ਬਾਕੀ ਕੰਪਨੀਆਂ ਦੀ ਸਥਿਤੀ ਇਸ ਪ੍ਰਕਾਰ ਰਹੀ:
ਟਾਟਾ ਮੋਟਰਜ਼ ਦੀ ਕੁੱਲ ਵਿਕਰੀ ਅੱਠ ਪ੍ਰਤੀਸ਼ਤ ਘੱਟ ਕੇ 78,344 ਯੂਨਿਟ ਰਹਿ ਗਈ। ਕੀਆ ਇੰਡੀਆ ਨੇ ਪਿਛਲੇ ਮਹੀਨੇ 25,026 ਵਾਹਨ ਵੇਚੇ। ਟੋਇਟਾ ਕਿਰਲੋਸਕਰ ਮੋਟਰ ਦੀ ਵਿਕਰੀ 13 ਫ਼ੀ ਸਦੀ ਵਧ ਕੇ 28,414 ਵਾਹਨਾਂ ‘ਤੇ ਪਹੁੰਚ ਗਈ।