
ਕਪੂਰਥਲਾ, 28 ਫਰਵਰੀ – ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਵੱਲੋਂ ਆਗਾਮੀ ਬਰਸਾਤੀ ਮੌਸਮ ਦੌਰਾਨ ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਨਗਰ ਨਿਗਮ ਫਗਵਾੜਾ ਤੇ ਕਪੂਰਥਲਾ ਦੇ ਕਮਿਸ਼ਨਰਾਂ ਤੇ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਕਾਰਜ ਸਾਧਕ ਅਫਸਰਾਂ ਨੂੰ ਕਿਹਾ ਹੈ ਕਿ ਬਰਸਾਤ ਦੇ ਮੱਦੇਨਜ਼ਰ ਵਧੇਰੇ ਮੀਂਹ ਪੈਣ ਕਾਰਨ ਪਾਈਪ ਲਾਈਨਾਂ ਵਿੱਚ ਲੀਕੇਜ਼ ਅਤੇ ਗੰਦਗੀ ਮਿਲਣ ਕਰਕੇ ਪਾਣੀ ਦੀ ਗੁਣਵੱਤਾ ਪ੍ਰਭਾਵਿਤ ਹੋਣ ਦੀ ਸੰਭਾਵਨਾ ਰਹਿੰਦੀ ਹੈ।
ਉਨ੍ਹਾਂ ਕਿਹਾ ਕਿ ਪੀਣ ਵਾਲੇ ਸਾਫ ਅਤੇ ਸੁਰੱਖਿਅਤ ਪਾਣੀ ਦੀ ਸਪਲਾਈ ਸੁਨਿਸ਼ਚਿਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੀਣ ਵਾਲੇ ਪਾਣੀ ਦੀ ਨਿਯਮਤ ਅਤੇ ਉਚਿਤ ਤੌਰ ’ਤੇ ਕਲੋਰੀਨੇਸ਼ਨ ਕਰਵਾਈ ਜਾਵੇ ਤਾਂ ਜੋ ਖਤਰਨਾਕ ਬੈਕਟੀਰੀਆ ਅਤੇ ਜੀਵਾਣੂ ਨਸ਼ਟ ਹੋ ਸਕਣ । ਪਾਣੀ ਦੇ ਸਪਲਾਈ ਪੁਆਇੰਟਾਂ ’ਤੇ ਕਲੋਰੀਨੇਸ਼ਨ ਡੇਜਰ ਦੀ ਠੀਕ ਤਰੀਕੇ ਨਾਲ ਸਥਾਪਨਾ ਕੀਤੀ ਜਾਵੇ ਤੇ ਕੋਈ ਵੀ ਖਰਾਬ ਉਪਕਰਣ ਤੁਰੰਤ ਮੁਰੰਮਤ ਜਾਂ ਤਬਦੀਲ ਕੀਤਾ ਜਾਵੇ। ਸ਼੍ਰੀ ਪੰਚਾਲ ਨੇ ਕਿਹਾ ਕਿ ਵੱਖ-ਵੱਖ ਸਪਲਾਈ ਪੁਆਇੰਟਾਂ ’ਤੇ ਨਿਯਮਤ ਤੌਰ ’ਤੇ ਪਾਣੀ ਦੀ ਜਾਂਚ ਕੀਤੀ ਜਾਵੇ ਅਤੇ ਨਮੂਨੇ ਲੈ ਕੇ ਪ੍ਰਮਾਣਿਤ ਲੇਬੋਰਟਰੀ ਵਿੱਚ ਭੇਜੇ ਜਾਣ। ਉਨ੍ਹਾਂ ਕਿਹਾ ਕਿ ਪਾਣੀ ਪਾਈਪ ਲਾਈਨਾਂ ਦੀ ਵਿਸਤ੍ਰਿਤ ਜਾਂਚ ਕਰਕੇ ਕਿਸੇ ਵੀ ਤਰ੍ਹਾਂ ਦੀ ਲੀਕੇਜ਼ ਜਾ ਅਣਚਾਹੀ ਮਿਲਾਵਟ ਦੀ ਸੰਭਾਵਨਾ ਨੂੰ ਦੂਰ ਕੀਤਾ ਜਾਵੇ। ਓਵਰਹੈੱਡ ਟੈਂਕੀਆਂ, ਤਲਾਬਾਂ ਅਤੇ ਹੋਰ ਪਾਣੀ ਸਟੋਰੇਜ ਦੀ ਨਿਯਮਤ ਤੌਰ ’ਤੇ ਸਫਾਈ ਕੀਤੀ ਜਾਵੇ ਅਤੇ ਇਸ ਸਬੰਧ ਵਿਚ ਕੀਤੀਆਂ ਗਈਆਂ ਕਾਰਵਾਈਆਂ ਦੀ ਵਿਸਤ੍ਰਿਤ ਰਿਪੋਰਟ ਦਫਤਰ ਡਿਪਟੀ ਕਮਿਸ਼ਨਰ ਵਿਖੇ ਭੇਜਣੀ ਯਕੀਨੀ ਬਣਾਈ ਜਾਵੇ।