
ਫਰੀਦਕੋਟ, 27 ਫਰਵਰੀ – ਸੂਬੇ ਵਿਚ ਜਾਅਲਸਾਜ਼ੀ ਦਾ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ 57 ਕਲਰਕ-ਕਮ-ਡਾਟਾ ਐਂਟਰੀ ਅਪਰੇਟਰਾਂ ਅਤੇ ਸੇਵਾਦਾਰਾਂ ਦੀਆਂ ਅਸਥਾਈ ਤੌਰ ’ਤੇ ਬਦਲੀਆਂ ਸਬੰਧੀ ਤਬਾਦਲੇ ਦੇ ਫ਼ਰਜ਼ੀ ਹੁਕਮ ਜਾਰੀ ਹੋਣ ਕਾਰਨ ਸਕੂਲ ਸਿੱਖਿਆ ਵਿਭਾਗ ਵਿੱਚ ਭੰਬਲਭੂਸਾ ਪੈਦਾ ਹੋ ਗਿਆ ਹੈ। ਇਹ ਫ਼ਰਜ਼ੀ ਹੁਕਮ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਏ ਹਨ, ਜਿਸ ਕਾਰਨ ਅਧਿਕਾਰੀਆਂ ਵਿਚ ਹਫੜਾ-ਦਫੜੀ ਮਚ ਗਈ ਹੈ।
ਇਨ੍ਹਾਂ ਹੁਕਮਾਂ ਨੂੰ ਸੱਚ ਹਦਾਇਤਾਂ ਮੰਨਦਿਆਂ ਕਈ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਡੀ.ਈ.ਓ.) ਨੇ ਤਬਾਦਲਿਆਂ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਾਅਲੀ ਹਦਾਇਤਾਂ ਅਨੁਸਾਰ ਮੁਲਾਜ਼ਮਾਂ ਦੀਆਂ ਬਦਲੀਆਂ ਕਰ ਦਿੱਤੀਆਂ। ਇਨ੍ਹਾਂ ਫ਼ਰਜ਼ੀ ਹੁਕਮਾਂ ਕਾਰਨ ਸਕੂਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਨੇ ਸਾਰੇ ਡੀਈਓਜ਼ ਨੂੰ ਇੱਕ ਜ਼ਰੂਰੀ ਪੱਤਰ ਜਾਰੀ ਕਰ ਕੇ ਇਨ੍ਹਾਂ ਗੁੰਮਰਾਹਕੁਨ ਹੁਕਮਾਂ ’ਤੇ ਕਾਰਵਾਈ ਨਾ ਕਰਨ ਦੀ ਹਦਾਇਤ ਦਿੱਤੀ ਹੈ।
ਬੁੱਧਵਾਰ ਨੂੰ ਡਾਇਰੈਕਟਰ ਨੇ ਉਜਾਗਰ ਕੀਤਾ ਕਿ ਕੁਝ ਡੀਈਓ ਅਤੇ ਸਕੂਲ ਮੁਖੀਆਂ ਨੇ ਪਹਿਲਾਂ ਹੀ ਫਰਜ਼ੀ ਹੁਕਮਾਂ ਦੇ ਅਧਾਰ ’ਤੇ ਨਵੇਂ ਸਥਾਨਾਂ ’ਤੇ ਕਰਮਚਾਰੀਆਂ ਦੀ ਤਾਇਨਾਤੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਸਕੂਲ ਸਿੱਖਿਆ ਦੇ ਡਾਇਰੈਕਟਰ ਜਨਰਲ (ਡੀਜੀਐਸਈ) ਨੇ ਸਾਰੇ ਡੀਈਓਜ਼ ਅਤੇ ਸਕੂਲ ਮੁਖੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਤਬਾਦਲੇ ਦੇ ਹੁਕਮਾਂ ਦੀ ਅਣਦੇਖੀ ਕਰਨ ਲਈ ਨਿਰਦੇਸ਼ ਦਿੱਤੇ ਹਨ। ਕਿਹਾ ਗਿਆ ਹੈ ਕਿ ਉਦੋਂ ਤੱਕ ਹੁਕਮ ਨਜ਼ਰਅੰਦਾਜ਼ ਕੀਤੇ ਜਾਣ ਜਦੋਂ ਤੱਕ ਉਨ੍ਹਾਂ ਨੂੰ ਅਧਿਕਾਰਤ ਤੌਰ ‘ਤੇ ਮਨੋਨੀਤ ਈਮੇਲ ਚੈਨਲਾਂ ਰਾਹੀਂ ਨਹੀਂ ਭੇਜਿਆ ਜਾਂਦਾ।
ਡੀਜੀਐਸਈ ਨੇ ਅਧਿਕਾਰੀਆਂ ਨੂੰ ਸਾਵਧਾਨੀ ਵਰਤਣ ਅਤੇ ਕਾਰਵਾਈ ਕਰਨ ਤੋਂ ਪਹਿਲਾਂ ਅਜਿਹੇ ਕਿਸੇ ਵੀ ਆਦੇਸ਼ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਦੀ ਤਾਕੀਦ ਕੀਤੀ ਹੈ। ਜਾਅਲੀ ਹੁਕਮਾਂ ਨੇ ਨਾ ਸਿਰਫ਼ ਪ੍ਰਸ਼ਾਸਨਿਕ ਹਫੜਾ-ਦਫੜੀ ਪੈਦਾ ਕੀਤੀ ਬਲਕਿ ਗਲਤ ਜਾਣਕਾਰੀ ਅਤੇ ਸਿੱਖਿਆ ਵਿਭਾਗ ਦੇ ਕੰਮਕਾਜ ’ਤੇ ਮਾੜਾ ਪ੍ਰਭਾਵ ਪਾਇਆ ਹੈ। ਅਧਿਕਾਰੀ ਇਨ੍ਹਾਂ ਫ਼ਰਜ਼ੀ ਆਦੇਸ਼ਾਂ ਦੇ ਸਰੋਤ ਦੀ ਜਾਂਚ ਕਰ ਰਹੇ ਹਨ।