
ਦੁਬਈ, 24 ਫਰਵਰੀ – ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਪਾਕਿਸਤਾਨ ਖਿਲਾਫ ਤੂਫਾਨੀ ਸੈਂਕੜਾ ਲਗਾ ਕੇ ਆਪਣੀ ਟੀਮ ਨੂੰ ਜਿੱਤ ਵੱਲ ਲੈ ਕੇ ਗਏ। ਵਿਰਾਟ ਨੇ ਵਨਡੇ ਵਿਸ਼ਵ ਕੱਪ 2023 ‘ਚ ਨਿਊਜ਼ੀਲੈਂਡ ਖਿਲਾਫ ਆਪਣਾ ਆਖਰੀ ਵਨਡੇ ਸੈਂਕੜਾ ਲਗਾਇਆ ਸੀ। ਇਸ ਤੋਂ ਬਾਅਦ ਵਨਡੇ ‘ਚ ਕੋਹਲੀ ਦਾ ਇਹ ਪਹਿਲਾ ਸੈਂਕੜਾ ਹੈ। ਇਸ ਨਾਲ ਭਾਰਤ ਨੇ ਚੈਂਪੀਅਨਸ ਟਰਾਫੀ 2025 ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ।
ਵਨਡੇ ਕਰੀਅਰ ਦਾ 51ਵਾਂ ਸੈਂਕੜਾ
ਦੁਬਈ ਦੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ‘ਚ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਮੈਚ ‘ਚ ਵਿਰਾਟ ਕੋਹਲੀ ਨੇ ਆਪਣਾ 51ਵਾਂ ਵਨਡੇ ਸੈਂਕੜਾ ਲਗਾਇਆ। ਇਸ ਮੈਚ ‘ਚ ਵਿਰਾਟ ਕੋਹਲੀ ਨੇ ਆਪਣੇ ਵਨਡੇ ਕਰੀਅਰ ਦਾ 51ਵਾਂ ਸੈਂਕੜਾ ਲਗਾਇਆ ਹੈ। ਉਹ ਦੁਨੀਆ ਭਰ ਵਿੱਚ ਇੱਕ ਰੋਜ਼ਾ ਕ੍ਰਿਕਟ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲਾ ਇੱਕਲੌਤਾ ਬੱਲੇਬਾਜ਼ ਹੈ। ਕੋਹਲੀ ਦਾ ਸੈਂਕੜਾ ਉਸ ਸਮੇਂ ਆਇਆ ਜਦੋਂ ਭਾਰਤ ਪਾਕਿਸਤਾਨ ਤੋਂ ਜਿੱਤ ਲਈ ਲੋੜੀਂਦੇ 242 ਦੌੜਾਂ ਦਾ ਪਿੱਛਾ ਕਰ ਰਿਹਾ ਸੀ।
ਕਿਵੇਂ ਰਹੀ ਵਿਰਾਟ ਕੋਹਲੀ ਦੀ ਪਾਰੀ
ਇਸ ਮੈਚ ‘ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੇ ਆਊਟ ਹੋਣ ਤੋਂ ਬਾਅਦ ਵਿਰਾਟ ਕੋਹਲੀ ਕ੍ਰੀਜ਼ ‘ਤੇ ਆਏ। ਉਸ ਨੇ ਤੀਜੇ ਨੰਬਰ ‘ਤੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਆਪਣਾ ਸੈਂਕੜਾ ਪੂਰਾ ਕੀਤਾ। ਵਿਰਾਟ ਨੇ 111 ਗੇਂਦਾਂ ‘ਚ 7 ਚੌਕਿਆਂ ਦੀ ਮਦਦ ਨਾਲ ਆਪਣਾ ਸੈਂਕੜਾ ਪੂਰਾ ਕੀਤਾ। ਇਸ ਤੋਂ ਪਹਿਲਾਂ ਉਸ ਨੇ 62 ਗੇਂਦਾਂ ‘ਚ 4 ਚੌਕਿਆਂ ਦੀ ਮਦਦ ਨਾਲ 50 ਦੌੜਾਂ ਪੂਰੀਆਂ ਕੀਤੀਆਂ ਸਨ। ਉਸ ਦੀ 100 ਦੌੜਾਂ ਦੀ ਅਜੇਤੂ ਪਾਰੀ ਨੇ ਭਾਰਤ ਨੂੰ ਸੈਮੀਫਾਈਨਲ ਤੱਕ ਪਹੁੰਚਾਇਆ ਹੈ।
ਮੈਚ ‘ਚ ਵਿਰਾਟ ਕੋਹਲੀ ਨੇ ਬਣਾਏ 2 ਵੱਡੇ ਰਿਕਾਰਡ
ਵਿਰਾਟ ਕੋਹਲੀ ਨੇ ਸਭ ਤੋਂ ਤੇਜ਼ 14,000 ਦੌੜਾਂ ਬਣਾਉਣ ਦਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ। ਇਸ ਦੇ ਨਾਲ ਹੀ ਵਿਰਾਟ ਭਾਰਤ ਲਈ ਵਨਡੇ ਕ੍ਰਿਕਟ ਵਿੱਚ ਸਭ ਤੋਂ ਵੱਧ ਕੈਚ ਲੈਣ ਵਾਲੇ ਖਿਡਾਰੀ ਵੀ ਬਣ ਗਏ ਹਨ। ਵਨਡੇ ‘ਚ ਉਨ੍ਹਾਂ ਦੇ ਨਾਂ ਕੁੱਲ 158 ਕੈਚ ਦਰਜ ਹਨ। ਇਨ੍ਹਾਂ ਦੋ ਵੱਡੇ ਰਿਕਾਰਡਾਂ ਨਾਲ ਵਿਰਾਟ ਕੋਹਲੀ ਨੇ ਦਿਖਾ ਦਿੱਤਾ ਹੈ ਕਿ ਉਹ ਵੱਡੇ ਟੂਰਨਾਮੈਂਟਾਂ ਦਾ ਖਿਡਾਰੀ ਹੈ।
ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ
ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 49.4 ਓਵਰਾਂ ਵਿੱਚ 10 ਵਿਕਟਾਂ ਗੁਆ ਕੇ 241 ਦੌੜਾਂ ਬਣਾਈਆਂ। ਭਾਰਤ ਨੇ 242 ਦੌੜਾਂ ਦਾ ਟੀਚਾ 43ਵੇਂ ਓਵਰ ਵਿੱਚ 4 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਪਾਕਿਸਤਾਨ ਲਈ ਸੌਦ ਸ਼ਕੀਲ ਨੇ 62, ਮੁਹੰਮਦ ਰਿਜ਼ਵਾਨ ਨੇ 46 ਅਤੇ ਖੁਸ਼ਦਿਲ ਸ਼ਾਹ ਨੇ 38 ਦੌੜਾਂ ਬਣਾਈਆਂ। ਭਾਰਤ ਲਈ ਕੁਲਦੀਪ ਯਾਦਵ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਭਾਰਤ ਲਈ ਵਿਰਾਟ ਕੋਹਲੀ ਨੇ 100 ਦੌੜਾਂ ਦੀ ਅਜੇਤੂ ਪਾਰੀ ਖੇਡੀ, ਜਦਕਿ ਸ਼੍ਰੇਅਸ ਅਈਅਰ ਨੇ 56 ਦੌੜਾਂ ਅਤੇ ਸ਼ੁਭਮਨ ਗਿੱਲ ਨੇ 46 ਦੌੜਾਂ ਬਣਾਈਆਂ। ਪਾਕਿਸਤਾਨ ਲਈ ਸ਼ਾਹੀਨ ਅਫਰੀਦੀ ਨੇ ਸਭ ਤੋਂ ਵੱਧ 2 ਵਿਕਟਾਂ ਲਈਆਂ। ਉਨ੍ਹਾਂ ਤੋਂ ਇਲਾਵਾ ਖੁਸ਼ਦਿਲ ਸ਼ਾਹ ਅਤੇ ਅਬਰਾਰ ਅਹਿਮਦ ਨੇ 1-1 ਵਿਕਟ ਲਿਆ।