
ਚੰਡੀਗੜ੍ਹ, 24 ਫਰਵਰੀ – ਇੱਥੇ ਨੇਕ ਚੰਦ ਵੱਲੋਂ ਬਣਾਏ ਗਏ ਰੌਕ ਗਾਰਡਨ, ਜਿਸ ਨੂੰ ਰੀਸਾਈਕਲ ਕੀਤੀਆਂ ਚੀਜ਼ਾਂ ਦੀ ਨਵੀਨਤਾਕਾਰੀ ਅਤੇ ਕਲਾਤਮਿਕ ਵਰਤੋਂ ਲਈ ਜਾਣਿਆ ਜਾਂਦਾ ਹੈ, ਨੂੰ ਇੱਕ ਵੱਡੀ ਚੁਣੌਤੀ ਦਰਪੇਸ਼ ਹੈ। ਰੌਕ ਗਾਰਡਨ ਦੇ ਕੁਝ ਹਿੱਸਿਆਂ ਨੂੰ ਸੜਕ ਚੌੜੀ ਕਰਨ ਦੇ ਪ੍ਰੋਜੈਕਟ ਲਈ ਢਾਹਿਆ ਜਾ ਰਿਹਾ ਹੈ। ਇਸ ਯੋਜਨਾ ਦਾ ਮੰਤਵ ਹਾਈ ਕੋਰਟ ਦੇ ਨੇੜੇ ਵਾਧੂ ਪਾਰਕਿੰਗ ਲਈ ਥਾਂ ਬਣਾਉਣਾ ਹੈ, ਪਰ ਇਸ ਨਾਲ ਰੌਕ ਗਾਰਡਨ ਦੇ ਬਾਗ਼ ਦੀ ਕੰਧ ਦਾ ਇੱਕ ਹਿੱਸਾ ਤਬਾਹ ਹੋ ਗਿਆ ਹੈ।
ਪ੍ਰਸ਼ਾਸਨ ਦੀ ਇਸ ਕਾਰਵਾਈ ਖਿਲਾਫ ਲੋਕਾਂ ਵਿੱਚ ਗੁੱਸਾ ਹੈ, ਕਿਉਂਕਿ ਰੌਕ ਗਾਰਡਨ, ਜੋ ਰਚਨਾਤਮਕ ਅਤੇ ਟਿਕਾਊ ਕਲਾ ਦਾ ਪ੍ਰਤੀਕ ਹੈ, ਚੰਡੀਗੜ੍ਹ ਵਾਸੀਆਂ ਲਈ ਬਹੁਤ ਭਾਵਨਾਤਮਕ ਅਤੇ ਸੱਭਿਆਚਾਰਕ ਅਹਿਮੀਅਤ ਰੱਖਦਾ ਹੈ। ਨੇਕ ਚੰਦ ਦੇ ਪੁੱਤਰ ਅਨੁਜ ਸੈਣੀ ਨੇ ਵੀ ਆਪਣੇ ਪਿਤਾ ਦੀ ਵਿਰਾਸਤ ਨੂੰ ਪੁੱਜੇ ਨੁਕਸਾਨ ’ਤੇ ਡੂੰਘੀ ਚਿੰਤਾ ਜਤਾਈ ਹੈ। ਵਿਰਾਸਤ ਦੀ ਸਾਂਭ-ਸੰਭਾਲ ਵਿੱਚ ਲੱਗੇ ਕਾਰਕੁੰਨਾਂ ਨੇ ਕਿਹਾ ਹੈ ਕਿ ਅਜਿਹੇ ਵਿਲੱਖਣ ਮੀਲ ਪੱਥਰ ਦੀ ਤਬਾਹੀ ਚੰਡੀਗੜ੍ਹ ਦੇ ਵਾਤਾਵਰਨ ਤੇ ਇਤਿਹਾਸਕ ਅਖੰਡਤਾ ਦੋਵਾਂ ਨਾਲ ਸਮਝੌਤਾ ਹੈ।