ਲਹਿੰਦੇ ਪੰਜਾਬ ਦੇ ਸ਼ਿਵ ਕੁਮਾਰ ਸਗ਼ੀਰ ਤਬੱਸੁਮ

ਇਹ ਨਾਂ ਅੱਜ ਪਾਕਿਸਤਾਨੀ ਅਦਬੀ ਹਲਕਿਆਂ ‘ਚ ਬਹੁਤ ਮਕ਼ਬੂਲ ਹੈ ਜਿਸਦੀ ਵਜ੍ਹਾ ਉਨ੍ਹਾਂ ਦੀ 136 ਸਫ਼ਿਆਂ ਦੀ ਲਿਖੀ ਗਈ ਮਸ਼ਹੂਰ ਨਜ਼ਮ ”ਉਰਦੂ ਬੋਲਣ ਵਾਲੀਏ ਕੁੜੀਏ” ਹੈ।

ਉਰਦੂ ਬੋਲਣ ਵਾਲੀਏ ਕੁੜੀਏ

ਤੂੰ ਕੀ ਜਾਨੈਂ

ਵਾਰਿਸ ਸ਼ਾਹ ਦੀ ਹੀਰ ਕਹਾਣੀ

ਬੁੱਲ੍ਹੇ ਸ਼ਾਹ ਦੇ ਪੈਰ ਦੇ ਘੁੰਗਰੂ

ਸ਼ਾਹ ਹੁਸੈਨ ਦੀ ਸੁਚਲ ਕਾਫ਼ੀ

ਆਦਮ ਜ਼ਾਦ ਦੀ ਪਹਿਲੀ ਮਾਫ਼ੀ।

ਇਹਦੇ ਨਾਲ਼ ਅਸੀਂ ਵੇਖਦੇ ਹਾਂ ਕਿ ਇੱਕ ਆਮ ਨਜ਼ਮ ਪੰਜ ਜਾਂ ਸੱਤ ਸਤਰਾਂ ‘ਚ ਆਪਣਾ ਨੁਕਤਾ ਖ਼ਤਮ ਕਰ ਦਿੰਦੀ ਹੈ ਲੇਕਿਨ ਸਗ਼ੀਰ ਤਬੱਸੁਮ ਨੇ ਆਪਣੀ ਨਜ਼ਮ ਵਿਚ ਐਸਾ ਕੀ ਕਿਹਾ ਹੈ ਜੋ 136 ਸਫ਼ਿਆਂ ਤੋਂ ਘੱਟ ਵਿੱਚ ਨਹੀਂ ਸਮਾ ਸਕਿਆ? ਦਰ ਹਕ਼ੀਕ਼ਤ ਜਿੱਥੇ ਉਨ੍ਹਾਂ ਦੀ ਸ਼ਾਇਰੀ ਵਿੱਚ ਅਰੂਜ਼ ਹੈ ਓੱਥੇ ਪੰਜਾਬੀ ਮਾਂ ਬੋਲੀ ਨਾਲ਼ ਵੀ ਗਹਿਰੀ ਮੁਹੱਬਤ ਦਾ ਇਜ਼ਹਾਰ ਹੈ। ਇੱਕ ਉਰਦੂ ਬੋਲਣ ਵਾਲੀ ਕੁੜੀ ਨੂੰ ਮੁਖ਼ਾਤਿਬ ਕਰਦੇ ਹੋਏ ਸਗ਼ੀਰ ਤਬੱਸੁਮ ਨੇ ਆਪਣੀ ਨਜ਼ਮ ਵਿਚ ਪੰਜਾਬੀ ਜ਼ਬਾਨ ਤੇ ਸਕਾਫ਼ਤ ਦੀ ਤਸਵੀਰਕਸ਼ੀ ਕੀਤੀ ਹੈ, ਮੇਰਾ ਖ਼ਿਆਲ ਹੈ ਕਿ ਉਸ ਦੇ ਲਈ 136 ਸਫ਼ੇ ਵੀ ਬਹੁਤ ਘੱਟ ਨੇ, ਫ਼ਿਰ ਵੀ ਸ਼ਾਇਰ ਨੇ ਆਪਣੀ ਨਜ਼ਮ ਵਿਚ ਇੱਕ ਤਹਿਦਾਰੀ ਜ਼ਾਹਰ ਕੀਤੀ ਹੈ: ਪੰਜਾਬੀ ਜ਼ੁਬਾਨ ਕਿੰਨੀਂ ਪ੍ਰਵਾਨ ਚੜ੍ਹੀ ਹੈ, ਪੰਜਾਬੀ ਸਕਾਫ਼ਤ ਤੇ ਆਪਣੀ ਜ਼ਬਾਨ ਨਾਲ਼ ਕਿੰਨੀ ਮੁਹੱਬਤ ਕਰਦੇ ਨੇ। ਸਗ਼ੀਰ ਤਬੱਸੁਮ ਹੁਣ ਤੀਕਰ ਲਹਿੰਦੇ ਤੇ ਚੜ੍ਹਦੇ ਪਾਸੇ ਕਈ ਕਿਤਾਬਾਂ ਪੜ੍ਹਨ ਵਾਲਿਆਂ ਨੂੰ ਦੇ ਚੁੱਕੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਸਗ਼ੀਰ ਤਬੱਸੁਮ ਦੀ ਇਸ ਇੱਕ ਨਜ਼ਮ ਦੇ ਸੋਸ਼ਲ ਮੀਡੀਆ ਤੇ ਲੱਖਾਂ ਫ਼ਾਲੋਵਰਜ਼ ਨੇ ਤੇ ਇਸ ਤਵੀਲ ਨਜ਼ਮ ਦੀ ਇਕ ਕਿਤਾਬ ਵੀ ਛਪ ਚੁੱਕੀ ਹੈ ਜੋ ਮਾਰਕੀਟ ਵਿਚ ਤੇਜ਼ੀ ਨਾਲ਼ ਵਿਕ ਰਹੀ ਹੈ ਉਸ ਕਿਤਾਬ ਨੂੰ ਇੰਡੀਆ ਤੇ ਪਾਕਿਸਤਾਨ ਵਿੱਚ ਇੱਕ ਹੀ ਸਾਲ ਵਿੱਚ ਚਾਰ ਵਾਰ ਛਾਪਿਆ ਜਾ ਚੁੱਕਿਆ ਹੈ ਤੇ ਉਸ ਨਜ਼ਮ ਨੂੰ ਇੰਡੋ-ਪਾਕ ਦੇ ਕਈ ਗੁਲੂਕਾਰ ਗਾ ਵੀ ਚੁੱਕੇ ਨੇ। ਜਿਨ੍ਹਾਂ ਵਿਚ ਸਾਬਰ ਵਿਰਕ, ਟੀ ਵੀ ਤੇ ਫ਼ਿਲਮ ਦੇ ਅਦਾਕਾਰ ਬੱਬੂ ਰਾਣਾ ,ਸਿੰਗਰ ਰਮਜ਼ਾਨ ਜਾਨੀ ਵੀ ਸ਼ਾਮਲ ਨੇ।

ਪਾਕਿਸਤਾਨੀ ਪੰਜਾਬ ‘ਚ ਸਗ਼ੀਰ ਤਬੱਸੁਮ ਦੀ ਸ਼ਾਇਰੀ ਨੂੰ ਮਸ਼ਰਕੀ ਪੰਜਾਬ ਦੇ ਬਿਰਹੋਂ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ ਸ਼ਾਇਰੀ ਨਾਲ਼ ਹਮ ਆਹੰਗ ਵੇਖਿਆ ਜਾਂਦਾ ਹੈ। ਇਨ੍ਹਾਂ ਦੋਨਾਂ ਦੀ ਸ਼ਾਇਰੀ ਵਿਚ ਇਸ਼ਕ ਦੀ ਦੁਨੀਆ ਦਾ ਰੰਗ ਮਹਿੰਦੀ ਦੀ ਤਰ੍ਹਾਂ ਗਹਿਰਾ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਸਗ਼ੀਰ ਤਬੱਸੁਮ ਨੂੰ “ਪਾਕਿਸਤਾਨੀ ਸ਼ਿਵ ਕੁਮਾਰ ” ਦਾ ਲਕਬ ਵੀ ਦਿੱਤਾ ਜਾਂਦਾ ਹੈ।

ਸਗ਼ੀਰ ਤਬੱਸੁਮ ਨਾਲ਼ ਮੇਰੀ ਮੁਲਾਕਾਤ ਹੋਈ, ਉਨ੍ਹਾਂ ਦੀ ਸ਼ਾਇਰੀ ਨਾਲ਼ ਲੁਤਫ਼ ਅੰਦੋਜ਼ ਹੋਇਆ, ਬਹੁਤ ਗੱਲਬਾਤ ਹੋਈ, ਇਸ ਦੌਰਾਨ ਮੈਨੂੰ ਜ਼ਰਾ ਵੀ ਮਹਿਸੂਸ ਨਹੀਂ ਹੋਇਆ ਕਿ ਮੈਂ ਕਿਸੇ ਰੁਮਾਨਵੀ ਸ਼ਾਇਰ ਨਾਲ਼ ਗੱਲਬਾਤ ਕਰ ਰਿਹਾ ਹਾਂ, ਉਹ ਇੱਕ ਬਹੁਤ ਹੀ ਸਾਦਾ ਮਿਜ਼ਾਜ਼, ਨਿਹਾਇਤ ਆਜ਼ਿਜ਼ ਤੇ ਮਨਕਸਰ ਅਲਮਜ਼ਾਜ ਇਨਸਾਨ ਨੇ ਤੇ ਨਾਲ਼ ਹੀ ਓਹ ਸ਼ਾਇਰ, ਜੋ ਜ਼ਮੀਨ ਨਾਲ਼ ਜੁੜਿਆ ਹੋਇਆ ਹੈ, ਸਾਡੀ ਜ਼ਬਾਨ, ਅਦਬ ਤੇ ਸਕਾਫ਼ਤ ਦਾ ਬਹੁਤ ਵੱਡਾ ਅਸਾਸਾ ਹੈ, ਜਿਸ ਤੇ ਸਾਨੂੰ ਬਹੁਤ ਫ਼ਖ਼ਰ ਹੈ। ਸਗ਼ੀਰ ਤਬੱਸੁਮ ਜੈਸੇ ਨੌਜਵਾਨ ਸਾਡੀ ਸਕਾਫ਼ਤ ਦੇ ਉਹ ਹੀਰੇ ਨੇ ਜਿੰਨ੍ਹਾਂ ਦੀ ਚਮਕ-ਦਮਕ ਨਾਲ਼ ਸਾਡਾ ਸਕਾਫ਼ਤੀ ਵਿਰਸਾ ਚਮਕਦਾ ਹੈ ਤੇ ਨਵੀਂਆਂ ਨਸਲਾਂ ਨੂੰ ਏਸ ਪਾਸੇ ਰਾਗ਼ਬ ਕਰਦਾ ਹੈ। ਸਗ਼ੀਰ ਤਬੱਸੁਮ ਨਾਲ਼ ਇਹ ਮੇਰੀ ਪਹਿਲੀ ਮੁਲਾਕਾਤ ਸੀ ਜੋ ਯਾਦਗਾਰ ਸੀ। ਆਈਂਦਾ ਵੀ ਉਨ੍ਹਾਂ ਨਾਲ਼ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਰਹੇਗਾ। ਆਖ਼ਿਰ ਵਿਚ ਮੈਂ ਸਿਰਫ਼ ਇਤਨਾ ਕਹਵਾਂਗਾ ਕਿ ਅੱਲ੍ਹਾ-ਤਾਅਲਾ ਇਸ ਸ਼ਾਇਰ ਨੂੰ ਸਿਹਤ-ਵ-ਤੰਦਰੁਸਤੀ ਤੇ ਖ਼ੁਸ਼ੀਆਂ ਦੇ ਬੇਪਨਾਹ ਖ਼ਜ਼ਾਨੇ ਨਾਲ਼ ਨਿਵਾਜ਼ੇ ! ਉਨ੍ਹਾਂ ਦੀ ਕਲਮ ਜਾਰੀ-ਵਸਾਰੀ ਰਹੇ ਤੇ ਮਾਦਰੀ ਜ਼ਬਾਨ ਪੰਜਾਬੀ ਤੇ ਸਕਾਫ਼ਤ ਦੀ ਆਬਿਆਰੀ ਕਰਦਾ ਰਹੇ। ਆਮੀਨ!

 

ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋਫ਼ੈਸਰ) ਯੂ ਕੇ

 

ਸਾਂਝਾ ਕਰੋ

ਪੜ੍ਹੋ

ਲਹਿੰਦੇ ਪੰਜਾਬ ਦੇ ਸ਼ਿਵ ਕੁਮਾਰ ਸਗ਼ੀਰ ਤਬੱਸੁਮ

ਇਹ ਨਾਂ ਅੱਜ ਪਾਕਿਸਤਾਨੀ ਅਦਬੀ ਹਲਕਿਆਂ ‘ਚ ਬਹੁਤ ਮਕ਼ਬੂਲ ਹੈ...