
ਚੰਡੀਗੜ੍ਹ, 23 ਫਰਵਰੀ – ਪੰਜਾਬ ਵਿਧਾਨ ਸਭਾ ਦਾ ਦੋ ਦਿਨਾ ਸੈਸ਼ਨ ਭਲਕੇ ਸੋਮਵਾਰ ਨੂੰ ਸ਼ੁਰੂ ਹੋ ਰਿਹਾ ਹੈ। ਬਜਟ ਇਜਲਾਸ ਤੋਂ ਐਨ ਪਹਿਲਾਂ ਹੋ ਰਹੇ ਇਸ ਸੈਸ਼ਨ ’ਚ ਪੰਜਾਬ ਸਰਕਾਰ ਵੱਲੋਂ ਖੇਤੀ ਮੰਡੀਕਰਨ ਨੀਤੀ ਦੇ ਕੌਮੀ ਖਰੜੇ ਖ਼ਿਲਾਫ਼ ਵਿਸ਼ੇਸ਼ ਮਤਾ ਲਿਆਉਣ ਦੀ ਸੰਭਾਵਨਾ ਹੈ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਇਸ ਖਰੜੇ ਦੇ ਵਿਰੋਧ ’ਚ ਮਤਾ ਪਾਸ ਕੀਤੇ ਜਾਣ ਦੀ ਮੰਗ ਉਠਾਈ ਜਾ ਰਹੀ ਹੈ। ਪੰਜਾਬ ਸਰਕਾਰ ਕਿਸਾਨਾਂ ਦੇ ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਚੱਲ ਰਹੇ ਅੰਦੋਲਨ ਦਰਮਿਆਨ ਕੌਮੀ ਖੇਤੀ ਮੰਡੀਕਰਨ ਨੀਤੀ ਖ਼ਿਲਾਫ਼ ਅਜਿਹਾ ਮਤਾ ਸਦਨ ਵਿਚ ਲਿਆ ਸਕਦੀ ਹੈ।