ਸਾਕਾ ਨਨਕਾਣਾ ਸਾਹਿਬ/ਡਾ. ਚਰਨਜੀਤ ਸਿੰਘ ਗੁਮਟਾਲਾ

ਗੁਰੁਦੁਆਰਾ ਨਨਕਾਨ ਸਾਹਿਬ

ਮਹਾਰਾਜਾ ਰਣਜੀਤ ਸਿੰਘ ਤੇ ਹੋਰ ਸਿੱਖ ਮਿਸਲਾਂ ਵੱਲੋਂ ਇਤਿਹਾਸਕ ਧਰਮ ਅਸਥਾਨਾਂ ਦੇ ਨਾਂ ਵੱਡੀਆਂ ਵੱਡੀਆਂ ਜਗੀਰਾਂ ਲਾਉਣ ਅਤੇ ਉਨ੍ਹਾਂ ਨੂੰ ਕਰ ਮੁਕਤ ਕਰਨ ਲਈ ਗੁਰਦੁਆਰਿਆਂ ਦੀ ਆਮਦਨ ਕਾਫੀ ਵੱਧ ਗਈ ਜਿਸ ਨਾਲ ਮਹੰਤਾਂ ਦੇ ਰਹਿਣ ਸਹਿਣ ਦੇ ਢੰਗ ਵਿੱਚ ਤਬਦੀਲੀ ਆ ਗਈ। 19ਵੀਂ ਸਦੀ ਦੇ ਦੂਜੇ ਅੱਧੇ ਵਿੱਚ ਪੰਜਾਬ ਅੰਦਰ ਨਹਿਰਾਂ  ਜਾਲ ਵਿਛ ਜਾਣ ਨਾਲ ਜਗੀਰਾਂ ਦੀ ਕੀਮਤ ਵਿੱਚ ਓੜਕਾਂ ਦਾ ਵਾਧਾ ਹੋਇਆ। ਇਸ ਦਾ ਨਤੀਜਾ ਇਹ ਹੋਇਆ ਕਿ ਮਹੰਤਾਂ ਅਤੇ ਉਨ੍ਹਾਂ ਦੇ ਵਧ ਰਹਿ ਚੇਲੇ ਚਾਟੜਿਆਂ ਨੇ ਗੁਰਦੁਆਰਿਆਂ ਦੀ ਸਾਂਝੀ ਸੰਮਤੀ ਨੂੰ ਆਪਣੀਆਂ ਨਿਜੀ ਜਾਇਦਾਦਾਂ ਬਣਾਉਣਾ ਸ਼ੁਰੂ ਕਰ ਦਿੱਤਾ। (ਮਹਿੰਦਰ ਸਿੰਘ) ਕੁਝ ਕੁ ਪੱਕੇ ਪ੍ਰੇਮੀਆਂ ਤੋਂ ਬਿਨਾਂ ਆਮ ਪ੍ਰਬੰਧਕਾਂ ਲਈ ਕੇਵਲ ਦਾਹੜੀ ਅਤੇ ਨਾਮ ਹੀ ਸਿੱਖੀ ਰਹਿ ਗਿਆ ਸੀ। ਅੰਗਰੇਜ਼ਾਂ ਹੱਥੋਂ ਹਾਰ ਖਾਣ ਪਿੱਛੋਂ ਉਹ ਗੁਰਸਿੱਖ ਮੁੱਖੀ ਜਿਨ੍ਹਾਂ ਨੇ ਇਨ੍ਹਾਂ ਦਾ ਸੁਧਾਰ ਕਰਨਾ ਸੀ, ਕੁਝ ਢਿਲੇ ਪੈ ਗਏ ਸਨ। ਗੁਰਦੁਆਰਿਆਂ ਦੀ ਸਵੱਛਤਾ ਨੂੰ ਕਾਇਮ ਰੱਖਣ ਵਾਲਾ ਉਹ ਉਤਸ਼ਾਹ ਅਲੋਪ ਹੋ ਗਿਆ ਸੀ, ਜੋ ਇਨ੍ਹਾਂ ਦੇ ਦਿੱਲਾਂ ਵਿੱਚ ਚੜ੍ਹਦੀਆਂ ਕਲਾਂ ਸਮੇਂ ਪੂਰਨ ਠਾਠਾਂ ਮਾਰਦਾ ਹੁੰਦਾ ਸੀ। ਜਿਨ੍ਹਾਂ ਮਹੰਤਾਂ ਅਤੇ ਸਾਧੂਆਂ ਦੇ ਹੱਥਾਂ ਵਿੱਚ ਇਸ ਸਮੇਂ ਗੁਰਦੁਆਰੇ ਚਲੇ ਗਏ ਸਨ, ਉਨ੍ਹਾਂ ਨੇ ਆਪਣੇ ਸਿਰ ਤੇ ਸੰਗਤ ਦਾ ਭੈ ਲੱਖਾਂ ਅਨੁਭਵ ਕਰਕੇ ਧਰਮ-ਅਰਥ ਚੜ੍ਹਾਵੇ ਦੀ ਆਮਦਨ (ਗੁਰੂ ਕੀ ਗੋਲਕ) ਨੂੰ ਅਜਿਹੇ ਕੰਮਾਂ ਲਈ ਵਰਤਣਾ ਸ਼ੁਰੂ ਕੀਤਾ, ਜਿਸਦੀ ਮਿਸਾਲ ਦਿੰਦਿਆਂ ਸ਼ਰਮ ਆਉਂਦੀ ਹੈ। ਪਵਿੱਤਰ ਗੁਰਧਾਮਾਂ ਵਿੱਚ ਬੁੱਤ-ਪੂਜਾ, ਸ਼ਰਾਬਾਂ ਪੀਣ ਅਤੇ ਸਤਵੰਤੀਆਂ ਦੇ ਸਭ ਭੰਗ ਕਰਨ ਤੋਂ ਬਿਨਾਂ ਹੋਰ ਵੀ ਨੀਚਤਾ ਭਰੇ ਕੁਕਰਮ ਹੋਣ ਲੱਗ ਪਏ, ਜਿਨ੍ਹਾਂ ਨੇ ਗੁਰੂ ਪਿਆਰਿਆਂ ਤੇ ਪੰਥ ਦਰਦੀਆਂ ਦੇ ਹਿਰਦੇ ਛਾਨਣੀ ਛਾਨਣੀ ਕਰਕੇ ਦਿਲ ਤੜਫਾ ਦਿੱਤਾ। 1880 ਈ: ਦੇ ਪਿੱਛੋਂ ਕੁਝ ਸੱਜਣਾਂ ਨੇ ਮਿਲਕੇ ਇਨ੍ਹਾਂ ਕੁਕਰਮੀਆਂ ਦੇ ਸੁਧਾਰ ਲਈ ਯਤਨ ਅਰੰਭੇ। ਇਸ ਨਵੀਂ ਜਥੇਬੰਦੀ ਦਾ ਨਾਂ ‘ਸਿੰਘ ਸਭਾ ਲਹਿਰ’ ਰੱਖਿਆ ਗਿਆ। ਇਸ ਨਾਲ ਕੌਮ ਅੰਦਰ ਮੁੜ ਨਵੇਂ ਸਿਰੇ ਪੰਥ ਵਿਚ ਜਾਗਰਤੀ ਆਉਣੀ ਸ਼ੁਰੂ ਹੋਈ। ਸੰਗਤਾਂ ਵਿਚ ਸਿੱਖੀ ਭਾਵ, ਸ਼ਰਧਾ ਅਤੇ ਗੁਰਬਾਣੀ ਦੇ ਪ੍ਰੇਮ ਦਾ ਪ੍ਰਣ ਚਲ ਪਿਆ।

ਨਨਕਾਣਾ ਸਾਹਿਬ ਨੂੰ ਜਾਂਦੇ ਹੋਏ ਸਿੱਖ ਜਥੇ

ਨਾਨਕ ਦੇਵ ਦਾ ਜਨਮ ਅਸਥਾਨ ਨਨਕਾਣਾ ਸਾਹਿਬ, ਸਿੱਖਾਂ ਦੇ ਧਾਰਮਿਕ ਸਥਾਨਾਂ ਵਿਚ ਸਭ ਤੋਂ ਵੱਧ ਮਹੱਤਤਾ ਰੱਖਦਾ ਹੈ। 20ਵੀਂ ਸਦੀ ਦੇ ਮੁੱਢਲੇ ਦਹਾਕਿਆਂ ਵਿਚ ਗੁਰਦੁਆਰਾ ਜਨਮ ਅਸਥਾਨ ਉੱਤੇ ਮਹੰਤ ਸਾਧੂ ਰਾਮ ਦਾ ਕਬਜ਼ਾ ਸੀ, ਜੋ ਇਕ ਬਦਮਾਸ਼ ਸ਼ਰਾਬੀ ਤੇ ਤੀਵੀਬਾਜ਼ ਸੀ। ਉਹ ਛੇਤੀ ਹੀ ਮਾਰੂ ਰੋਗ ਦਾ ਸ਼ਿਕਾਰ ਹੋ ਕੇ ਮਰ ਗਿਆ। ਉਸ ਦੀ ਮੌਤ ਪਿੱਛੋਂ ਮਹੰਤ ਨਰਾਇਣ ਦਾਸ ਗੱਦੀ ‘ਤੇ ਬੈਠਿਆ।ਗੱਦੀ ‘ਤੇ ਬੈਠਣ ਸਮੇਂ ਮਹੰਤ ਨਰਾਇਣ ਦਾਸ ਨੇ ਅੰਗਰੇਜ਼ ਮੈਜਿਸਟਰੇਟ ਦੇ ਸਾਮ੍ਹਣੇ ਸਿੱਖ-ਸੰਗਤ ਨਾਲ ਬਚਨ ਕੀਤਾ ਕਿ ਉਹ ਪਹਿਲੇ ਮਹੰਤ ਦੇ ਕੁਚਾਲੇ ਕੁਕਰਮ ਛੱਡ ਦੇਵੇਗਾ। ਉਸ ਨੇ ਲਿਖ ਕੇ ਦਿੱਤਾ ਕਿ ਜੇ ਉਸ ਦੇ ਖ਼ਿਲਾਫ਼ ਕੋਈ ਕਸੂਰ ਸਾਬਤ ਹੋ ਜਾਣਗੇ ਤਾਂ ਉਹ ਅਸਤੀਫ਼ਾ ਦੇ ਦੇਵੇਗਾ। ਪਰ ਉਸ ਨੇ ਇਹ ਬਚਨ ਛੇਤੀ ਹੀ ਭੰਗ ਕਰ ਦਿੱਤੇ ਅਤੇ ਮੁੜ ਪਹਿਲੇ ਮਹੰਤਾਂ ਦੇ ਕੁਕਰਮੀ ਪੂਰਨਿਆਂ ਉੱਤੇ ਹੀ ਤੁਰਨ ਲੱਗ ਪਿਆ। ਉਸ ਨੇ ਇਕ ਮਿਰਾਸਣ ਆਪਣੇ ਘਰ ਗੁਰਦੁਆਰੇ ਦੇ ਅੰਦਰ ਲੈ ਆਂਦੀ, ਜਿਹੜੀ ਪਹਿਲੇ ਮਹੰਤਾਂ ਨਾਲ ਹੀ ਰਹਿੰਦੀ ਸੀ ਅਤੇ ਕੁਛ ਹੋਰ ਆਦਮੀਆਂ ਦੀ ਵੀ ਰਖੇਲ ਸੀ। ਉਸ ਦੀ ਕੁੱਖੋਂ ਦੋ ਲੜਕੇ ਅਤੇ ਦੋ ਲੜਕੀਆਂ ਪੈਦਾ ਹੋਈਆਂ, ਜਿਨ੍ਹਾਂ ਲਈ ਉਸ ਨੇ ਦੋ ਘਰ ਬਣਵਾਏ। ਸਭ ਤੋਂ ਉਪੱਦਰ ਦੀ ਗੱਲ ਇਹ ਹੈ ਕਿ ਅਗਸਤ 1917 ਵਿਚ ਲਾਹੌਰ ਤੋਂ ਵੇਸਵਾਵਾਂ ਮੰਗਵਾਈਆਂ। ਉਨ੍ਹਾਂ ਦੇ ਨਾਚ ਜਨਮ ਅਸਥਾਨ ਅੰਦਰ ਕਰਾਏ ਅਤੇ ਗੰਦੇ ਗੀਤ ਸੁਣੇ।

ਜੰਡ-ਦਾ-ਦਰਖਤ

1918 ਈ: ਵਿਚ ਗੁਰਦੁਆਰੇ ਦੇ ਦਰਸ਼ਨਾਂ ਲਈ ਆਏ ਸੇਵਾ ਮੁਕਤ (ਈ.ਏ.ਸੀ.) ਦੀ 13 ਸਾਲ ਦੀ ਪੁੱਤਰੀ ਦੀ ਇਕ ਪੁਜਾਰੀ ਨੇ ਪੱਤ ਲੁੱਟੀ, ਜਦ ਕਿ ਉਸ ਜਗ੍ਹਾ ‘ਤੇ ਇਕ ਪਾਸੇ ਰਹਿਰਾਸ ਦਾ ਪਾਠ ਹੋ ਰਿਹਾ ਸੀ। ਏਸੇ ਸਾਲ ਜੜ੍ਹਾਂਵਾਲਾ (ਲਾਇਲਪੁਰ) ਦੀਆਂ 6 ਬੀਬੀਆਂ ਨੂੰ ਰਾਤ ਨੂੰ ਬੁਰਛੇ ਪੁਜਾਰੀਆਂ ਨੇ ਜ਼ਬਰਦਸਤੀ ਪੱਤ ਲੁੱਟੀ। ਇਸ ਤਰ੍ਹਾਂ ਨਨਕਾਣਾ ਸਾਹਿਬ ਦਰਬਾਰ ਵਿਭਚਾਰ ਦਾ ਅੱਡਾ ਬਣ ਗਿਆ ਸੀ।

ਮਹੰਤ ਦੀਆਂ ਕਰਤੂਤਾਂ ਦੀ ਸਾਰੇ ਪਾਸਿਉਂ ਨਿੰਦਿਆ ਹੋਣ ਲੱਗੀ। ਉਸ ਵਿਰੁੱਧ ਸਿੱਖ ਜਗਤ ਵਿਚ ਗੁੱਸੇ ਦੇ ਭਾਂਬੜ ਬਲ ਉੱਠੇ।ਅਖ਼ਬਾਰ ਨੇ ਮਹੰਤ ਵੱਲੋਂ ਅਗਸਤ 1917 ਵਿੱਚ ਨਾਚ ਕਰਾਏ ਜਾਣ ਦੀ ਸਖ਼ਤ ਨਿਖੇਧੀ ਕੀਤੀ। ਸਿੰਘ ਸਭਾਵਾਂ ਤੇ ਸੰਗਤਾਂ ਨੇ ਸਰਕਾਰ ਨੂੰ ਇਨ੍ਹਾਂ ਹਰਕਤਾਂ ਨੂੰ ਰੋਕਣ ਲਈ ਮਤੇ ਪਾਸ ਕਰਕੇ ਭੇਜੇ। ਅਕਤੂਬਰ 1920 ਦੇ ਸ਼ੁਰੂ ਵਿਚ ਧਾਰੋਵਾਲ ਨਗਰ ਇਕ ਭਰਵੇਂ ਇੱਕਠ ਵਿਚ ਮਤਾ ਪਾਸ ਕਰਕੇ ਮਹੰਤ ਨਰਾਇਣ ਦਾਸ ਨੂੰ ਸੁਧਾਰ ਕਰਨ ਲਈ ਆਖਿਆ ਗਿਆ ਪਰ ਮਹੰਤ ਕਦੋਂ ਸੁਣਦਾ ਸੀ ਕਿਉਂ ਕਿ ਉਸ ਦੇ ਪਾਸ ਬੇ-ਹਿਸਾਬ ਪੈਸਾ ਸੀ ਤੇ ਵਿਆਹ – ਸ਼ਾਦੀਆਂ ਵਿਚ ਕੰਜਰੀਆਂ ਦਾ ਨਾਚ ਕਰਾਣ ਵਾਲੇ ਕੁਝ ਜਗੀਰਦਾਰ ਬੇਦੀ ਉਸ ਦੇ ਪਿੱਠ ਉੱਤੇ ਸਨ। ਸਰਕਾਰੀ ਹਾਕਮਾਂ ਨਾਲ ਵੀ ਉਸ ਦੇ ਗੂੜੇ ਸੰਬੰਧ ਸਨ। ਉਹ ਸਿੱਖਾਂ ਤੋਂ ਆਕੀ ਹੋ ਗਿਆ।ਸ੍ਰੀ ਅਕਾਲ ਤਖ਼ਤ ਹਰਿਮੰਦਿਰ ਸਾਹਿਬ ਤੇ ਅੰਮ੍ਰਿਤਸਰ ਦੇ ਦੂਜੇ ਗੁਰਦੁਆਰੇ ਮਹੰਤਾਂ ਹੱਥੋਂ ਖੁਸ ਗਏ ਸਨ, ਇਸ ਲਈ ਉਸ ਨੂੰ ਆਪਣੀ ਗੱਦੀ ਲਈ ਖ਼ਤਰਾ ਮਹਿਸੂਸ ਹੋਇਆ ਤੇ ਉਹ ਗੁਰਦੁਆਰਾ ਸੁਧਾਰ ਲਹਿਰ ਦਾ ਮੁਕਾਬਲਾ ਕਰਨ ਦੀਆਂ ਤਿਆਰੀਆਂ ਕਰਨ ਲੱਗਾ। ਬਾਬਾ ਕਰਤਾਰ ਸਿੰਘ ਬੇਦੀ ਤੇ ਸਰਕਾਰੀ ਅਫ਼ਸਰਾਂ ਨਾਲ ਗੂੜਾ ਸੰਬੰਧ ਰੱਖਣ ਵਾਲੇ ਹੋਰ ਬੰਦੇ ਉਹਦੇ ਮਸ਼ੀਰ ਤੇ ਸਲਾਹਕਾਰ ਬਣ ਗਏ। 400 ਦੇ ਕਰੀਬ ਉਸ ਨੇ ਦਸ ਨੰਬਰੀਏ ਬਦਮਾਸ਼ ਭਰਤੀ ਕਰ ਲਏ ਤੇ ਗੁਰਦੁਆਰੇ ਅੰਦਰ ਛਵ੍ਹੀਆਂ, ਕੁਹਾੜੇ, ਟਕੂਏ ਆਦਿ ਹਥਿਆਰ ਬਨਾਉਣ ਲਈ ਭੱਠੀਆਂ ਚਾਲੂ ਕਰ ਦਿੱਤੀਆਂ।

ਕਤਲੇਆਮ ਤੋਂ ਬਾਅਦ ਗੁਰਦੁਆਰੇ ਵਿੱਚ ਇਕੱਤਰ ਹੋਈ ਸਿੱਖ ਸੰਗਤਾਂ

ਉਸ ਨੇ ਗੁਰਦੁਆਰੇ ਦੀ ਪੂਰੀ ਤਰ੍ਹਾਂ ਕਿਲ਼੍ਹਾ ਬੰਦੀ ਕਰ ਲਈ। ਅੰਦਰ ਆਉਣ ਵਾਲੇ ਫਾਟਕ ਮਜ਼ਬੂਤ ਲੋਹੇ ਦੇ ਬਣਾ ਦਿੱਤੇ ਤੇ ਉਨ੍ਹਾਂ ਵਿਚ ਅੰਦਰੋਂ ਪਿਸਤੌਲ ਤੇ ਬੰਦੂਕਾਂ ਚਲਾਉਣ ਲਈ ਮੋਰੀਆਂ ਰੱਖ ਲਈਆਂ। ਇਸ ਤਰ੍ਹਾਂ ਗੁਰਦੁਆਰੇ ਦੇ ਅੰਦਰ ਤੇ ਬਾਹਰ ਕਤਲਾਮ ਦਾ ਪੂਰਾ ਪੂਰਾ ਬਾਨਣੂੰ ਬੰਨ ਲਿਆ ਗਿਆ।     ਉਹ ਲਾਹੌਰ ਡਵੀਜ਼ਨ ਦੇ ਕਮਿਸ਼ਨਰ ਮਿਸਟਰ ਸੀ. ਐਮ. ਕਿੰਗ ਨੂੰ ਮਿਿਲਆ, ਜਿਸ ਨੇ ਉਸ ਨੂੰ ਯਕੀਨ ਦੁਆਇਆ ਕਿ ਜੇ ਅਕਾਲੀਆਂ ਨੇ ਉਸ ਦੇ ਗੁਰਦੁਆਰੇ ਉੱਤੇ ਧਾਵਾ ਬੋਲਿਆ ਤਾਂ ਉਸ ਦੀ ਸਹਾਇਤਾ ਕੀਤੀ ਜਾਵੇਗੀ। ਉਸ ਦੇ ਸਾਥੀ ਮਹੰਤਾਂ ਨੇ ਵੀ ਉਸ ਨੂੰ ਸਲਾਹ ਦਿੱਤੀ ਕਿ ਜੇ ਅਕਾਲੀ ਗੁਰਦੁਆਰੇ ਦਾ ਕਬਜ਼ਾ ਲੈਣ ਆਉਣ ਤਾਂ ਉਹ ਬਿਨ੍ਹਾਂ ਝਿਜਕ ਉਨ੍ਹਾਂ ਨੂੰ ਮਾਰ ਕੇ ਸਾੜ ਫੂਕ ਦੇਵੇ। ਬਾਬਾ ਕਰਤਾਰ ਸਿੰਘ ਬੇਦੀ ਤੇ ਦੂਜੇ ਮਹੰਤਾਂ ਦੀ ਸਲਾਹ ਨਾਲ ਉਸ ਨੇ ਨਨਕਾਣਾ ਸਾਹਿਬ ਵਿਖੇ ਇਕ ਮੀਟਿੰਗ ਬੁਲਾਈ ਜਿਸ ਵਿਚ 60 ਤੋਂ ਵੱਧ ਮਹੰਤਾਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਨਵੀਂ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਨਾ ਦਿੱਤੀ ਜਾਵੇ। ਮਹੰਤ ਨਰਾਇਣ ਦਾਸ ਦੀ ਅਗਵਾਈ ਵਿਚ ਸਮਾਨਤਾ ਕਮੇਟੀ ਬਣਾਈ ਗਈ।ਅਕਾਲੀ ਲਹਿਰ ਦੇ ਖ਼ਿਲਾਫ ਪ੍ਰਚਾਰ ਕਰਨ ਲਈ ਲਾਹੌਰ ਤੋਂ ਸੰਤ ਸੇਵਕ ਨਾਂ ਦਾ ਅਖ਼ਬਾਰ ਵੀ ਸ਼ੁਰੂ ਕੀਤਾ ਗਿਆ।

ਮਹੰਤ ਦੇ ਅਕਾਲੀਆਂ ਨੂੰ ਕਤਲ ਕਰਨ ਦੇ ਇਰਾਦੇ ਨਸ਼ਰ ਹੋ ਚੁੱਕੇ ਸਨ ਤੇ ਇਸ ਸੰਬੰਧੀ ਅਖ਼ਬਾਰਾਂ ਵਿਚ ਖ਼ਬਰਾਂ ਆ ਰਹੀਆਂ ਸਨ। 24 ਜਨਵਰੀ 1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੀਟਿੰਗ ਸੱਦ ਕੇ ਮਤਾ ਪਾਸ ਕੀਤਾ ਕਿ ਚਾਰ, ਪੰਜ, ਛੇ ਮਾਰਚ 1921 ਨੂੰ ਨਨਕਾਣੇ ਵਿਖੇ ਖਾਲਸੇ ਦਾ ਦੀਵਾਨ ਹੋਵੇਗਾ। ਮਹੰਤ ਨੂੰ ਸੱਦਾ ਦਿੱਤਾ ਗਿਆ ਕਿ ਉਹ ਆਪਣਾ ਸੁਧਾਰ ਕਰੇ ਅਤੇ ਪੰਥ ਦੇ ਮਾਤਹਿਤ ਹੋ ਕੇ ਚਲੇ। ਇਕ ਨੋਟਿਸ ਵੰਡਿਆ ਗਿਆ ਕਿ ਪੰਜਾਬ ਸਰਕਾਰ ਸਿੱਖ ਰਾਜਿਆਂ ਅਤੇ ਆਮ ਸਿੱਖਾਂ ਨੂੰ ਆਖਿਆ ਗਿਆ ਕਿ ਉਹ ਸਾਰੇ ਮਿਲ ਕੇ ਆਪਣਾ ਅਸਲ ਰਸੂਖ਼ ਵਰਤਣ ਤਾਂ ਜੋ ਗੁਰਦੁਆਰਾ ਪੰਥਕ ਪ੍ਰਬੰਧ ਥੱਲੇ ਆ ਜਾਵੇ। ਸ਼੍ਰੋਮਣੀ ਕਮੇਟੀ ਨੇ 6 ਫ਼ਰਵਰੀ ਨੂੰ ਸੰਗਤਾਂ ਦੇ ਲੰਗਰ ਲਈ ਇਕ ਕਮੇਟੀ ਬਣਾਈ। ਮਹੰਤ ਨੂੰ ਸੱਚਾ ਸੌਦਾ ਸੁਲਤਾਨਪੁਰ ਵਿਚ 7 ਫ਼ਰਵਰੀ ਤੋਂ 9 ਫ਼ਰਵਰੀ 1921 ਨੂੰ ਹੋਣ ਵਾਲੀ ਅਕਾਲੀਆਂ ਦੀ ਮੀਟਿੰਗ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ, ਪਰ ਉਹ ਮੀਟਿੰਗ ਵਿਚ ਨਾ ਆਇਆ। ਫਿਰ 14 ਫ਼ਰਵਰੀ ਨੂੰ ਸ਼ੇਖੂਪੁਰਾ ਵਿਚ ਇਕ ਹੋਰ ਮੀਟਿੰਗ ਰੱਖੀ ਗਈ, ਇਸ ਵਿਚ ਵੀ ਉਹ ਨਹੀਂ ਆਇਆ ਤੇ ਉਸ ਨੇ ਮੀਟਿੰਗ ਲਾਹੌਰ ਕਰਨ ਲਈ ਕਿਹਾ, ਜਿਸ ਲਈ ਅਕਾਲੀ ਸਹਿਮਤ ਹੋ ਗਏ। ਅਕਾਲੀ ਆਗੂਆਂ ਨੂੰ ਮਿਲਣ ਦੀ ਥਾਂ ‘ਤੇ ਉਸ ਨੇ 400 ਦੀ ਗਿਣਤੀ ਵਿਚ ਭਾੜੇ ਦੇ ਟੱਟੂਆਂ ਦੀ ਫ਼ੌਜ ਵਿਚ ਉਸ ਨੇ 28 ਹੋਰ ਪਠਾਣ ਸ਼ਾਮਲ ਕਰਕੇ ਟੱਕਰ ਲੈਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਜਾਪਦਾ ਹੈ ਕਿ ਵਾਰ ਵਾਰ ਮੀਟਿੰਗ ਦੀਆਂ ਤਰੀਕਾਂ ਮੁਲਤਵੀ ਕਰਕੇ ਉਹ ਤਿਆਰੀ ਲਈ ਸਮਾਂ ਹਾਸਲ ਕਰ ਰਿਹਾ ਸੀ।

ਮਹੰਤ ਦੀਆਂ ਕਾਤਲਾਨਾਂ ਯੋਜਨਾਵਾਂ ਦਾ ਅਕਾਲੀਆਂ ਨੂੰ ਪਤਾ ਲੱਗ ਗਿਆ, ਜਿਨ੍ਹਾਂ ਨੇ ਜਥਿਆਂ ਨੂੰ 4 ਮਾਰਚ 1921 ਨੂੰ ਵਿਉਂਤੇ ਆਮ ਇੱਕਠ ਤੋਂ ਪਹਿਲਾਂ ਨਨਕਾਣੇ ਜਾਣ ਅਤੇ ਮਹੰਤ ਦੀ ਕੁੜਿੱਕੀ ਵਿਚ ਫਸਣ ਤੋਂ ਬਚਣ ਲਈ ਸਿਰ ਤੋੜ ਯਤਨ ਸ਼ੁਰੂ ਕੀਤੇ। ਇਸ ਮਕਸਦ ਲਈ ਹਰਚੰਦ ਸਿੰਘ, ਤੇਜਾ ਸਿੰਘ ਸਮੰੁਦਰੀ ਤੇ ਮਾਸਟਰ ਤਾਰਾ ਸਿੰਘ ਨੂੰ ਨਨਕਾਣੇ ਭੇਜਿਆ ਤਾਂ ਜੋ ਉਹ ਜਥਿਆਂ ਨੂੰ ਜਨਮ ਅਸਥਾਨ ਵੱਲ ਜਾਣ ਤੋਂ ਰੋਕਣ। ਇਹ ਆਗੂ 19 ਫ਼ਰਵਰੀ 1921 ਨੂੰ ਨਨਕਾਣੇ ਪਹੰੁਚੇ ਅਤੇ ਸਰਦੂਲ ਸਿੰਘ ਕਵੀਸ਼ਰ, ਮਾਸਟਰ ਸੁੰਦਰ ਸਿੰਘ, ਜਸਵੰਤ ਸਿੰਘ ਝਬਾਲ ਅਤੇ ਦਲੀਪ ਸਿੰਘ ਉਨ੍ਹਾਂ ਨਾਲ ਆ ਸ਼ਾਮਲ ਹੋਏ।ਇੱਥੋਂ ਇਨ੍ਹਾਂ ਨੇ ਸਲਾਹ ਕਰਕੇ ਦਲੀਪ ਸਿੰਘ ਤੇ ਜਸਵੰਤ ਸਿੰਘ ਨੂੰ ਖਰਾ ਸੌਦਾ ਭੇਜਿਆ ਕਿ ਉਹ ਜਥੇਦਾਰ ਕਰਤਾਰ ਸਿੰਘ ਝੱਬਰ ਨੂੰ ਮਿਲਣ ਅਤੇ ਨਨਕਾਣੇ ਸਾਹਿਬ ਉੱਤੇ ਕਬਜ਼ਾ ਕਰਨ ਦੀ ਉਸ ਦੀ ਯੋਜਨਾ ਨੂੰ ਤਿਆਗ ਦੇਣ ਵਾਸਤੇ ਉਸ ਨੂੰ ਪ੍ਰੇਰਨ ।ਝੱਬਰ ਨੂੰ ਸੂਚਨਾ ਦੇਣ ਪਿੱਛੋਂ ਦਲੀਪ ਸਿੰਘ, ਭਾਈ ਲਛਮਣ ਸਿੰਘ ਨੂੰ ਸੂਚਨਾ ਦੇਣ ਲਈ ਸੁੰਦਰ ਕੋਟ ਰਵਾਨਾ ਹੋਇ ਕਿ ਉਹ ਯੋਜਨਾ ਅਨੁਸਾਰ ਨਨਕਾਣੇ ਲਈ ਰਵਾਨਾ ਨਾ ਹੋਵੇ। ਪਤਾ ਲੱਗਣ ‘ਤੇ ਕਿ ਭਾਈ ਲਛਮਣ ਸਿੰਘ ਤੇ ਉਸ ਦਾ ਜਥਾ ਪਹਿਲਾਂ ਹੀ ੳੱੁਥੋਂ ਜਾ ਚੁੱਕੇ ਹਨ, ਦਲੀਪ ਸਿੰਘ ਉਤਮ ਸਿੰਘ ਦੀ ਫੈਕਟਰੀ ਵੱਲ ਤੁਰ ਪਿਆ, ਜਿਹੜੀ ਨਨਕਾਣੇ ਤੋਂ ਤਕਰੀਬਨ ਇਕ ਮੀਲ ਹੱਟਵੀਂ ਸੀ।

ਭਾਈ ਲਛਮਣ ਸਿੰਘ ਆਪਣੇ ਪਿੰਡੋਂ ਕੁਝ ਅਕਾਲੀ ਹੋਰ ਨਾਲ ਲੈ ਕੇ 19 ਫ਼ਰਵਰੀ 1921 ਦੀ ਡੂੰਘੀ ਸ਼ਾਮ ਹੋਣ ਵੇਲੇ ਤੁਰੇ। ਉਨ੍ਹਾਂ ਨਾਲ ਇਨ੍ਹਾਂ ਵਿੱਚ ਆਪਣੀ ਸ਼ਿਰੀ ਮਤੀ ਤੇ ਇਕ ਉਸਤਾਦਨੀ ਵੀ ਸੀ। ਰਸਤੇ ਵਿੱਚ ਉਹਨਾਂ ਨਾਲ ਇਕ ਹੋਰ ਬੀਬੀ ਸ਼ਾਮਲ ਹੋ ਗਈ। ਉਹਨਾਂ ਨੇ 19 ਅਕਾਲੀ ਦੇਵੀ ਸਿੰਘ ਵਾਲਾ ਤੋਂ, 11 ਧਨੂੰਵਾਲ ਤੋਂ, 7 ਜਾਂ 8 ਚੇਲਾਵਾਲਾ ਤੋਂ, 6 ਠੱਠੀਆਂ ਤੋਂ, 5 ਮੂਲਾ ਸਿੰਘ ਵਾਲਾ ਅਤੇ ਕੁਛ ਹੋਰ ਪਿੰਡਾਂ ਤੋਂ ਆਪਣੇ ਨਾਲ ਹੋਰ ਅਕਾਲੀ ਲਏ। ਇਹ ਕੁੱਲ ਅਕਾਲੀ ਮਿਲਕੇ 150 ਸੂਰਬੀਰਾਂ ਦਾ ਜੱਥਾ ਬਣ ਗਿਆ। 21 ਫਰਵਰੀ ਨੂੰ ਸਵੇਰ ਦੇ ਕੋਈ 5 ਵਜੇ ਜਨਮ ਅਸਥਾਨ ਦੇ ਉੱਤਰ ਵਲ ਭੱਠਿਆਂ ਉੱਤੇ ਇਹਨਾਂ ਕੋਲ ਭਾਈ ਦਲੀਪ ਸਿੰਘ ਦਾ ਆਦਮੀ ਸੰਦੇਸ਼ਾ ਲੈ ਕੇ ਪਹੁੰਚਾ, ਜਿਸ ਵਿੱਚ ਲਿਿਖਆ ਹੋਇਆ ਸੀ ਕਿ ਭਾਈ ਹੋਰੀਂ ਜੱਥੇ ਸਮੇਤ ਨਨਕਾਣੇ ਸਾਹਿਬ ਤੋਂ ਵਾਪਸ ਚਲੇ ਜਾਣ ਅਤੇ ਨਨਕਾਣੇ ਸਾਹਿਬ ਵਿੱਚ ਬਿਲਕੁੱਲ ਪੈਰ ਨਾ ਰੱਖਣ। ਭਾਈ ਲਛਮਣ ਸਿੰਘ , ਭਾਈ ਦਲੀਪ ਸਿੰਘ  ਦਾ ਬੜਾ ਆਦਰ ਸਨਮਾਨ ਕਰਦੇ ਸਨ, ਉਹ ਇਹ ਹੁਕਮ ਮੰਨ ਕੇ ਵਾਪਸ ਜਾਣ ਲਈ ਤਿਆਰ ਹੋ ਗਏ, ਪਰ ਭਾਈ ਟਹਿਲ ਸਿੰਘ ਜੀ ਕਹਿਣ ਲੱਗੇ,” ਅੱਜ ਗੁਰੂ ਹਰਿ ਰਾਇ ਜੀ ਦਾ ਜਨਮ ਦਿਨ ਹੈ। ਏਥੇ ਹੁਣ ਪਹੁੰਚੇ ਹੋਏ ਹਾਂ। ਚਲੋ ਗੁਰਦੁਆਰੇ ਦੇ ਦਰਸ਼ਨ ਕਰਦੇ ਚੱਲੀਏ। ਮਹੰਤ ਸਾਨੂੰ ਕਤਲ ਹੀ ਕਰ ਦੇਵੇਗਾ ਨਾ? ਕੋਈ ਗੱਲ ਨਹੀਂ। ਜਦੋਂ ਅਸਾਂ ਕੋਈ ਹਥਿਆਰ ਨਹੀਂ ਚੁੱਕਣਾ, ਸ਼ਾਤਮਈ ਰਹਿਣਾ ਏ, ਮੁਕਾਬਲਾ ਨਹੀਂ ਕਰਨਾ ਅਤੇ ਭੜਕਾਹਟ ਪੈਦਾ ਕਰਨ ਲਈ ਕੋਈ ਗੱਲ ਨਹੀਂ ਕਰਨੀ, ਮੱਥਾ ਟੇਕ ਕੇ ਵਾਪਸ ਆ ਜਾਣਾ ਏ ਤਾਂ ਫੇਰ ਝਗੜਾ ਕਿਉਂ ਹੋਊ?”ਪਰ ਉਹਨਾਂ ਨੂੰ ਮਹੰਤ ਦੇ ਸ਼ੈਤਾਨੀ ਮਨਸੂਬਿਆਂ ਦਾ ਪਤਾ ਨਹੀਂ ਸੀ।

ਭਾਈ ਲਛਮਣ ਸਿੰਘ ਜੀ ਰਜ਼ਾਮੰਦ ਹੋ ਗਏ ਅਤੇ ਜੱਥਾ ਗੁਰਦੁਆਰਾ ਜਨਮ ਅਸਥਾਨ ਦੇ ਦਰਸ਼ਨ ਨੂੰ ਤੁਰ ਪਿਆ। ਬੀਬੀਆਂ ਗੁਰਦੁਆਰਾ ਤੰਬੂ ਸਾਹਿਬ ਦੇ ਦਰਸ਼ਨਾਂ ਲਈ ਚਲੀਆਂ ਗਈਆਂ ਜਿੱਥੋਂ ਉਹ ਵਾਪਸ ਘਰਾਂ ਨੂੰ ਮੁੜ ਗਈਆਂ ਅਤੇ ਅਕਾਲੀ ਜਨਮ ਅਸਥਾਨ ਦੇ ਬਾਹਰ ਤਾਲਾਬ ਵਿੱਚ ਅਸ਼ਨਾਨ ਕਰਨ ਲੱਗ ਪਏ। ਕੋਈ ਛੇ ਵਜੇ ਦੇ ਕਰੀਬ ਉਹ ਗੁਰਦੁਆਰੇ ਵਿੱਚ ਮੱਥਾ ਟੇਕਣ ਲਈ ਦਾਖ਼ਲ ਹੋਏ।

ਮਹੰਤ ਦੇ ਗੁੰਡੇ ਤੇ ਬਦਮਾਸ਼ ਅੱਗੇ ਤਿਆਰ ਬੈਠੇ ਸਨ। ਮਹੰਤ ਨੇ ਸਭ ਤਿਆਰੀਆਂ ਮੁਕੰਮਲ ਕਰ ਰੱਖੀਆਂ ਸਨ। ਉਸ ਨੇ ਪਹਿਲੋਂ ਹੀ ਆਪਣੇ ਟੱਬਰ ਦੇ ਬੰਦੇ ਲਾਹੌਰ ਘੱਲ ਦਿੱਤੇ ਹੋਏ ਸਨ। ਰੁਪਇਆ ਪੈਸਾ ਅਤੇ ਜ਼ਰੂਰੀ ਕਾਗਜ਼ ਪੱਤਰ ਵੀ ਉਹਨਾਂ ਦੇ ਹਵਾਲੇ ਕਰ ਦਿੱਤੇ ਸਨ। ਏਥੋਂ ਤਕ ਕੇ ਉਸ ਨੇ ਕਸੂਰ ਦੇ ਥਾਣੇ ਵਿੱਚ ਦਸ ਨੰਬਰੀਏ ਬਦਮਾਸ਼ਾਂ – ਰਿਹਾਨਾ, ਅਮਲੀ, ਕੰੁਦੀ, ਵਸਾਖਾ ਅਤੇ ਕੁਛ ਹੋਰਨਾਂ ਦੀਆਂ ਹਾਜ਼ਰੀਆਂ ਲਵਾਣ ਦਾ ਬੰਦੋਬਸਤ ਵੀ ਕਰ ਛੱਡਿਆ ਸੀ ਤਾਂ ਜੋ ਉਹ ਆਪਣੀ ਪੁਜ਼ੀਸ਼ਨ ਸਾਫ਼ ਕਰਨ ਲਈ ਉਜ਼ਰ ਪੇਸ਼ ਕਰ ਸਕੇ ਕਿ ਜਿਨ੍ਹਾਂ ਬਦਮਾਸ਼ਾਂ ਨੂੰ ਕਾਤਲ ਆਖਿਆ ਜਾ ਰਿਹਾ ਹੈ ਉਹ ਤਾਂ ਉਸ ਦਿਨ ਨਨਕਾਣੇ ਸਾਹਿਬ ਵਿੱਚ ਹਾਜ਼ਰ ਹੀ ਨਹੀਂ ਸਨ। ਉਹਨਾਂ ਦੀ ਹਾਜ਼ਰੀ ਕਸੂਰ ਦੇ ਥਾਣੇ ਵਿੱਚ ਲੱਗੀ ਹੋਈ ਹੈ।

19 ਤੇ 20 ਫਰਵਰੀ ਨੂੰ ਮਹੰਤਾਂ ਨੇ ਲਾਹੌਰ ਵਿੱਚ ਆਪਣੀ ਸਨਾਤਨ ਸਿੱਖ ਕਾਨਫ਼ਰੰਸ ਰੱਖੀ ਹੋਈ ਸੀ। ਇਸ ਕਾਨਫ਼ਰੰਸ ਨੂੰ ਧਿਆਨ ਵਿੱਚ ਰੱਖ ਕੇ ਹੀ ਝੱਬਰ ਦੇ ਜੱਥੇ ਨੇ ਫੈਸਲਾ ਕੀਤਾ ਸੀ ਕਿ ਪੰਥ ਦੇ ਮਾਰਚ ਦੇ ਇੱਕਠ ਤੋਂ ਪਹਿਲੋਂ ਮਹੰਤ ਦੀ ਗ਼ੈਰ-ਹਾਜ਼ਰੀ ਵਿੱਚ, ਨਨਕਾਣੇ ਸਾਹਿਬ ਉੱਤੇ ਕਬਜ਼ਾ ਕਰ ਲਿਆ ਜਾਵੇ ਅਤੇ ਆਗੂਆਂ ਨੂੰ ਕਤਲ ਹੋਣੋਂ ਬਚਾਇਆ ਜਾਵੇ। ਪਰ ਸ਼੍ਰੋਮਣੀ ਕਮੇਟੀ ਨੇ ਇਹ ਫੈਸਲਾ ਰੱਦ ਕਰ ਦਿੱਤਾ ਸੀ। 19 ਫਰਵਰੀ ਨੂੰ ਮਹੰਤ ਕਾਨਫ਼ਰੰਸ ਉੱਤੇ ਜਾਣ ਲਈ 3.44 ਸ਼ਾਮ ਦੀ ਗੱਡੀ ਵਿੱਚ ਬੈਠਾ ਹੀ ਸੀ ਕਿ ਇਕ ਮੁਸਲਮਾਨ ਔਰਤ ਨੇ ਉਹਨੂੰ ਆਣ ਕੇ ਆਖਿਆ ਕਿ ਜੱਥਾ ਬੁੱਚਆਣੇ ਆ ਗਿਆ ਹੈ। ਮਹੰਤ ਗੱਡੀ ਵਿੱਚੋਂ ਉਤਰ ਕੇ ਵਾਪਸ ਆ ਗਿਆ ਅਤੇ ਉਸ ਨੇ ਸਾਰੇ ਗੁੰਡਿਆਂ, ਬਦਮਾਸ਼ਾਂ ਤੇ ਦਸ ਨੰਬਰੀਆਂ ਨੂੰ ਗੰਡਾਸਿਆਂ, ਛੱਵ੍ਹੀਆਂ, ਤਲਵਾਰਾਂ, ਬੰਦੂਕਾਂ ਤੇ ਪਿਸਤੌਲਾਂ ਨਾਲ ਲੈਸ ਕਰ ਦਿੱਤਾ। ਵੱਡੀ ਮਿਕਦਾਰ ਵਿੱਚ ਬਾਲਣ ਤੇ ਮਿੱਟੀ ਦਾ ਤੇਲ ਪਹਿਲੋਂ ਹੀ ਗੁਰਦੁਆਰੇ ਵਿੱਚ ਜਮ੍ਹਾਂ ਕਰ ਲਿਆ ਗਿਆ ਸੀ ਅਤੇ ਕੋਠਿਆਂ ਦੀਆਂ ਛੱਤਾਂ ਉੱਤੇ ਰੋੜੇ, ਪੱਥਰ ਇੱਟਾਂ ਦੇ ਤਕੜੇ ਢੇਰ ਰੱਖ ਲਏ ਗਏ ਸਨ।

ਮੋਰਚਾਬੰਦੀ ਮਜ਼ਬੂਤ ਬਣਾਉਣ ਲਈ ਮਹੰਤ ਨੇ ਬਦਮਾਸ਼ਾਂ ਦੀ ਵੰਡ ਇਸ ਤਰ੍ਹਾਂ ਕੀਤੀ : ਮਾਝੇ ਦੇ ਬਦਮਾਸ਼ ਉਸ ਨੇ ਆਪਣੀ ਤੇ ਆਪਣੀ ਬੈਠਕ ਦੀ ਹਿਫ਼ਾਜ਼ਤ ਕਰਨ ਲਈ ਮੁਕੱਰਰ ਕੀਤੇ। ਕੋਟਾਂ ਦੇ ਕੁਝ ਆਦਮੀ ਉਸ ਨੇ ਬਾਜ਼ਾਰ ਗੇਟ ਦੇ ਸਾਹਮਣੇ ਨੀਅਤ ਕੀਤੇ ਅਤੇ ਕੁਝ ਦਰਸ਼ਨੀ ਡਿਓੜ੍ਹੀ ਦੇ ਲਾਗੇ । ਅੰਦਰ ਗੁਰਦੁਆਰੇ ਵਿੱਚ ਪਠਾਣਾਂ ਨੂੰ ਦੋ ਵੱਡੇ ਦਰਵਾਜ਼ਿਆਂ ਦੀ ਹਿਫ਼ਾਜ਼ਤ ਕਰਨ ਦਾ ਕੰਮ ਸੌਂਪਿਆ ਗਿਆ। ਜੇ ਗੁਰਦੁਆਰੇ ਵਿੱਚ ਹੁਣ ਤੱਕ ਧਰਮ ਜਾਂ ਇਖ਼ਲਾਕ ਦਾ ਕੋਈ ਅੰਸ਼ ਬੱਚਿਆ ਹੋਇਆ ਵੀ ਸੀ ਤਾਂ ਉਹ ਵੀ ਖ਼ਤਮ ਹੋ ਗਿਆ। ਗੁਰਦੁਆਰਾ ਜਨਮ ਅਸਥਾਨ ਜੰਗ ਤੇ ਵੱਢ-ਟੁੱਕ ਦੀ ਮੋਰਚਾ ਬੰਦੀ ਵਿੱਚ ਤਬਦੀਲ ਹੋ ਗਿਆ।

ਸਿੰਘਾਂ ਦਰਸ਼ਨੀ ਡਿਓੜ੍ਹੀ ਵੜਨ ਤੋਂ ਪਹਿਲੋਂ, ਸਤਕਾਰ ਵਜੋਂ, ਆਪਣੇ ਸੀਸ ਝੁਕਾਏ, ਫੇਰ ‘ਸਤਿ ਸਿਰੀ ਅਕਾਲ’ ਦੇ ਨਾਹਰੇ ਗਜਾਏ ਅਤੇ ਜਾ ਕੇ ਦਰਬਾਰ ਦੇ ਸਾਹਮਣੇ ਮੱਥਾ ਟੇਕ ਕੇ ਬੈਠ ਗਏ। ਭਾਈ ਲਛਮਣ ਸਿੰਘ  ਗੁਰੂ ਗ੍ਰੰਥ ਦੀ ਤਾਬਿਆ ਬੈਠ ਗਏ ਅਤੇ ਸਾਰੇ ਸਿੰਘ ਸ਼ਬਦ ਪੜ੍ਹਨ ਵਿੱਚ ਮਗਨ ਹੋ ਗਏ। ਸਾਧੂ ਸਭ ਓਥੋਂ ਹੌਲੀ ਹੌਲੀ ਖਿਸਕ ਗਏ। ਉਨ੍ਹਾਂ ਦੇ ਚਿੱਤ-ਚੇਤੇ ਵਿੱਚ ਵੀ ਨਹੀਂ ਸੀ ਕਿ ਨੀਚ ਹੁੰਦਿਆਂ ਹੋਇਆਂ ਵੀ ਮਹੰਤ ਦੀ ਨੀਚਤਾ ਸਭ ਹੱਦ ਬੰਨੇ ਟੱਪ ਕੇ ਦਰਬਾਰ ਸਾਹਿਬ ਨੂੰ – ਜਿੱਥੇ,ਸ੍ਰੀ ਗੁਰੂ ਨਾਨਕ ਦੇਵ ਨੇ ਜਨਮ ਲੈ ਕੇ, ਏਕਤਾ, ਭਰੱਪਣ, ਬਰਾਬਰੀ ਤੇ ਸ਼ਾਂਤੀ ਦਾ ਸੰਦੇਸ਼ ਦਿੱਤਾ ਸੀ – ਕਤਲੇਆਮ ਦਾ ਖੇਤਰ ਬਣਾ ਦੇਵੇਗੀ। ਉਹ ਅਨਭੋਲ, ਸਭ ਕੁਛ ਭੁਲਾਈ, ਸ਼ਬਦ ਪੜ੍ਹਨ ਵਿੱਚ ਮਗਨ, ਬੈਠੇ ਸ਼ਬਦ ਪੜ੍ਹੀ ਜਾ ਰਹੇ ਸਨ ਕਿ ਏਕਾ ਏਕੀ ਗੋਲੀਆਂ ਵਰ੍ਹਨ ਲੱਗ ਪਈਆਂ।ਸਿੰਘ ਫੱਟੜ ਹੋ ਹੋ ਜ਼ਮੀਨ ਤੇ ਤੜਫਨ ਲੱਗ ਪਏ। ਕੋਠਿਆਂ ਦੀਆਂ ਛੱਤਾਂ ਉੱਤੇ ਮੋਰਚੇ ਬਣੇ ਹੋਏ ਸਨ ਅਤੇ ਮਹੰਤ ਦੇ ਗੁੰਡੇ ਦਣਾ ਦਣ ਗੋਲੀਆਂ ਚਲਾ ਚਲਾ ਸਿੰਘਾਂ ਨੂੰ ਸ਼ਹੀਦ ਕਰੀ ਜਾ ਰਹੇ ਸਨ। ਸਿੰਘ ਉਠਕੇ ਬਚਾਅ ਵਾਲੀਆਂ ਥਾਵਾਂ ਵੱਲ ਹੋਏ,ਪਰ ਬਚਾਅ ਵਾਲੀਆਂ ਥਾਵਾਂ ਉੱਥੇ ਕਿੱਥੇ ਸਨ – ਕਿਿਤਉਂ  ਗੋਲੀਆਂ ਆ ਰਹੀਆਂ ਸ ਤੇ ਕਿਿਤਉਂ ਇੱਟਾਂ ਵੱਟਿਆਂ ਦੀ ਬੁਛਾੜ ਉੱਤੇ ਬੁਛਾੜ ਆ ਰਹੀ ਸੀ। ਕੋਈ ਲੁੱਕਣ ਦੀ ਥਾਂ ਨਹੀਂ ਸੀ । ਦਰਵਾਜ਼ੇ ਸਭ ਬੰਦ ਸਨ। ਚਾਰ ਚੁਫੇਰੇ ਮੋਰਚੇਬੰਦੀ ਹੋਈ ਹੋਈ ਸੀ। ਜਿਹੜੇ ਸ਼ਾਂਤੀ ਨਾਲ ਬੈਠੇ ਰਹੇ, ਉਹ ਓਥੇ ਹੀ ਗੋਲੀਆਂ ਦਾ ਨਿਸ਼ਾਨਾ ਬਣਕੇ ਸ਼ਹੀਦ ਹੋ ਗਏ।ਵਿਹੜੇ ਵਿੱਚ ਕੋਈ ਪੰਝੀ ਛੱਬੀ ਸਿੰਘ ਸ਼ਹੀਦ ਹੋ ਗਏ। ਕੋਈ ਸੱਠ ਕੁ ਸਿੰਘ ਦਰਬਾਰ ਦੇ ਅੰਦਰ ਚੌਖੰਡੀ ਵਿੱਚ ਚਲੇ ਗਏ ਅਤੇ ਉਹਨਾਂ ਨੇ ਅੰਦਰੋਂ ਕੁੰਡੇ ਲਾ ਲਏ ਪਰ ਮਹੰਤ ਦੇ ਖ਼ੰਖ਼ਾਰਟ ਬਦਮਾਸ਼ਾਂ ਦੇ ਸਿਰ ਤੇ ਖੂਨ ਸਵਾਰ ਸੀ-ਉਹ ਸ਼ਰਾਬਾਂ ਪੀ ਪੀ ਰੱਜੇ ਹੋਏ ਸਨ। ਉਹ ਪਹਿਲੋਂ ਹਰ ਸ਼ਿਸ਼ਤ ਵਾਲੀ ਥਾਂ ਤੇ ਖਲੋਕੇ, ਗੋਲੀਆਂ ਚਲਾ ਚਲਾ ਮਾਰਦੇ ਰਹੇ, ਪਿਛੋਂ ਦਰਸ਼ਨੀ ਡਿਓੜ੍ਹੀ ਦੇ ਵਧਾਅ ਉੱਤੇ ਆ ਗਏ ਅਤੇ ਕਈਆਂ ਸਿੰਘਾਂ ਦੇ ਓਥੋਂ ਨਿਸ਼ਾਨੇ ਬਣਾਏ। ਜਦੋਂ ਵੇਖਿਆ ਕਿ ਹੁਣ ਥੱਲੇ ਕੋਈ ਹਰਕਤ ਨਜ਼ਰ ਨਹੀਂ ਆਉਂਦੀ, ਤਦ ਮਹੰਤ ਦੇ ਇਹ ਬਦਮਾਸ਼ ਥੱਲੇ ਉਤਰ ਆਏ ਅਤੇ ਦਰਸ਼ਨੀ ਤੇ ਬਾਜ਼ਾਰ ਗੇਟ ਜਿਹੜਾ ਵੀ ਫੱਟੜ ਜੀਉਂਦਾ ਨਜ਼ਰ ਆਇਆ, ਉਸ ਨੂੰ ਛਵ੍ਹੀਆਂ ਨਾਲ ਕੁਤਰ ਦਿੱਤਾ ਤੇ ਡਾਂਗਾਂ ਮਾਰ ਮਾਰ ਫਿਹ ਦਿੱਤਾ। ਪੰਜ ਛੇ ਆਦਮੀ ਇਕ ਬੰਦ ਬਰਾਂਡੇ ਵਿੱਚ ਖਲੋਤੇ ਸਨ, ਉਨ੍ਹਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ। 25 ਕੁ ਅਕਾਲੀ ਲਾਂਭਾਂ ਦੇ ਕਮਰਿਆਂ ਵਿੱਚ ਪਨਾਹ ਲੈ ਰਹੇ ਸਨ, ਉਨ੍ਹਾਂ ਨੂੰ ਵੀ ਮਹੰਤ ਦੀ ਧਾੜ ਨੇ ਗੋਲੀਆਂ, ਟਕੂਏ, ਲਾਠੀਆਂ ਅਤੇ ਇੱਟਾਂ ਮਾਰ ਕੇ ਪਾਰ ਬੁਲਾਇਆ।

ਇਸ ਵੇਲੇ ਬਾਹਰੋਂ ਸਿੰਘਾਂ ਦੇ ਜੈਕਾਰੇ ਛੱਡਣ ਦੀ ਆਵਾਜ਼ ਆਈ। ਇਨ੍ਹਾਂ ਗੁੰਡਿਆਂ ਤੇ ਬਦਮਾਸ਼ਾਂ ਨੇ ਉਨ੍ਹਾਂ ਉੱਤੇ ਹਮਲਾ ਕਰਨ ਲਈ ਦਰਸ਼ਨੀ ਤੇ ਬਾਜ਼ਾਰ ਗੇਟ ਖੋਲ੍ਹ ਦਿੱਤੇ ਅਤੇ ਟੱੁਟ ਕੇ ਉਨ੍ਹਾਂ ਉੱਤੇ ਜਾ ਪਏ। ਕੁਝ ਛੱਤਾਂ ਉੱਤੇ ਚੜ੍ਹ ਕੇ ਗੋਲੀਆਂ ਤੇ ਇੱਟਾਂ ਵੱਟੇ ਚਲਾਣ ਲੱਗ ਪਏ। ਇਸ ਹਫ਼ੜਾ ਦਫ਼ੜੀ ਵਿੱਚ ਕੁਛ ਸਿੰਘ ਬਾਹਰ ਨਿਕਲ ਗਏ। ਦੋ ਪੌੜੀਆਂ ਚੜ੍ਹ ਕੇ ਕੋਠੇ ਉੱਤੇ ਘੇਰੇ ਗਏ ਅਤੇ ਉਥੋਂ ਛਵ੍ਹੀਆਂ ਨਾਲ ਜ਼ਖ਼ਮੀ ਕਰ ਦਿੱਤੇ ਗਏ ਅਤੇ ਬਾਹਰ ਵਾਰ ਸੱੁਟ ਦਿੱਤੇ ਗਏ। ਮਹੰਤ ਖ਼ੁਦ ਇਸ ਕਤਲੇਆਮ ਦੀ ਅਗਵਾਈ ਕਰ ਰਿਹਾ ਸੀ। ਉਸ ਨੇ ਮੂੰਹ ਉੱਤੇ ਚਾਦਰ ਲਪੇਟੀ ਹੋਈ ਸੀ ਅਤੇ ਘੋੜੇ ਉੱਤੇ ਚੜ੍ਹਿਆ ਹੋਇਆ ਕਦੇ ਏਧਰ ਜਾਂਦਾ ਸੀ ਕਦੇ ਓਧਰ ਅਤੇ ਉੱਚੀ ਉੱਚੀ ਆਖ ਰਿਹਾ ਸੀ,”ਕੋਈ ਵਾਲਾਂ ਵਾਲਾ ਸਿੱਖ ਜੀਉਂਦਾ ਨਾ ਰਹਿਣ ਦਿਓ! ਮਾਰੋ ਇਨ੍ਹਾਂ ਨੂੰ।”  ਉਨ੍ਹਾਂ ਨੂੰ ਹੋਰ ਉਤਸ਼ਾਹਤ ਕਰਨ ਤੇ ਜ਼ੋਸ਼ ਦਿਵਾਉਣ ਲਈ ਉਸ ਨੇ ਖ਼ੁਦ ਪਿਸਤੌਲ ਵਿੱਚੋਂ ਗੋਲੀ ਚਲਾ ਕੇ ਇੱਕ ਸਿੰਘ ਥਾਂ ਹੀ ਮਾਰ ਦਿੱਤਾ। ਕੋਈ ਛੇ ਸਿੰਘ ਇਸ ਤਰ੍ਹਾਂ ਬਾਹਰ ਹੀ ਕਤਲ ਕਰ ਦਿੱਤੇ ਗਏ। ਕੁਝ ਸਿੰਘਾਂ ਦਾ ਪਿੱਛਾ ਰਿਹਾਨੇ ਦੇ ਕੁਛ ਸਾਧੂਆਂ ਨੇ ਰੇਲਵੇ ਲਾਈਨਾਂ ਤਕ ਕੀਤਾ ਜਿੱਥੇ ਇਕ ਬੁੱਢਾ ਸਿੱੱਖ ਤੇ ਦੋ ਹੋਰ ਸਿੰਘ ਮਾਰ ਦਿੱਤੇ ਗਏ। ਦੋ ਤਿੰਨ ਸਿੰਘ ਖੇਤਾਂ ਵਿੱਚ ਜਾ ਕੇ ਮਾਰ ਦਿੱਤੇ ਗਏ। ਮਹੰਤ ਅਕਾਲੀਆਂ ਦਾ ਬੀਅ ਨਾਸ ਕਰਨ ਉੱਤੇ ਤੁਲਿਆ ਹੋਇਆ ਨਜ਼ਰ ਆਉਂਦਾ ਸੀ।

ਅੰਦਰ ਤੇ ਬਾਹਰ ਇਹ ਵੱਡ ਟੁੱਕ ਅਜੇ ਵਾਹੋਦਾਹੀ ਹੋ ਰਹੀ ਸੀ-ਜਦੋਂ ਇਕ ਗੁੰਡੇ ਨੇ ਉੱਚੀ ਆਵਾਜ਼ ਵਿੱਚ ਆਖਿਆ ,” ਚੌਖੰਡੀ ਦੇ ਅੰਦਰ ਕੁਛ ਅਕਾਲੀ ਲੁੱਕੇ ਹੋਏ ਨੇ। ਦਰਵਾਜ਼ੇ ਅੰਦਰੋਂ ਬੰਦ ਨੇ। ਏਧਰ ਆਓ!”ਇਹ ਸੁਣਦਿਆਂ ਹੀ ਹੁਣ ਸਭ ਕਾਤਲ ਇਸ ਪਾਸੇ ਟੱੁਟ ਕੇ ਜਾ ਪਏ। ਦੋਂਹ ਦੇ ਹੱਥਾਂ ਵਿੱਚ ਬੰਦੂਕਾਂ ਸਨ ਅਤੇ ਬਾਕੀਆਂ ਦੇ ਹੱਥਾਂ ਵਿੱਚ ਛਵ੍ਹੀਆਂ ਤੇ ਟਕੂਏ ਆਦਿ। ਇਕ ਸਿੱਖ ਸਮਾਧ ਵਿੱਚ ਲੁਕਿਆ ਹੋਇਆ ਸੀ ,ਉਸ ਨੂੰ ਉੱਥੇ ਹੀ ਗੋਲੀ ਮਾਰ ਕੇ ਮੁਕਾ ਦਿੱਤਾ ਗਿਆ। ਇਕ ਨੇ ਚੌਖੰਡੀ ਅੰਦਰ ਚਾਂਦੀ ਜੜੇ ਬੂਹੇ ਰਾਹੀਂ ਅੰਦਰ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ, ਦੂਜਿਆਂ ਨੇ ਉੱਤਰ ਪਾਸੇ ਦੇ ਦਰਵਾਜ਼ੇ ਨੂੰ ਛਵ੍ਹੀਆਂ ਕੁਹਾੜੀਆਂ ਨਾਲ ਤੋੜ ਦਿੱਤਾ। ਰਾਂਝੇ ਤੇ ਇਕ ਹੋਰ ਨੇ ਇਸ ਪਾਸਿਓਂ ਗੋਲੀਆਂ ਚਲਾ ਚਲਾ ਕੇ ਸਿੰਘ ਭੁੰਨਣੇ  ਸ਼ੁਰੂ ਕਰ ਦਿੱਤੇ। ਇਕ ਪਠਾਣ ਨੇ ਪੱਛਮੀ ਦਰਵਾਜ਼ੇ ਵਿੱਚ ਕੁਹਾੜੀ ਮਾਰ ਮਾਰ ਮਘੋਰਾ ਕਰ ਦਿੱਤਾ, ਜਿਸ ਵਿੱਚੋਂ ਦੀ ਦੋ ਆਦਮੀ ਗੋਲੀਆਂ ਚਲਾ ਸਕਦੇ ਸਨ। ਅੰਦਰੋਂ ਇਕ ਸਿੰਘ ਨੇ ਆਵਾਜ਼ ਦਿੱਤੀ ,” ਮੈਨੂੰ ਬਾਹਰ ਆਉਣ ਦਿਓ।” ਮਹੰਤ ਦੇ ਇਕ ਆਦਮੀ ਨੇ ਬੜੀ ਵਿਅੰਗ-ਮਈ ਆਵਾਜ਼ ਵਿੱਚ ਅੱਗੋਂ ਆਖਿਆ ,” ਤੈਨੂੰ ਵੀ ਬਾਹਰ ਕੱਢਦੇ ਹਾਂ, ਫ਼ਿਕਰ ਨਾ ਕਰ।” ਉਹ ਬਾਹਰ ਆਇਆ ਤਾਂ ਆਉਂਦੇ ਹੀ ਗੋਲੀ ਮਾਰ ਕੇ ਢੇਰ ਕਰ ਦਿੱਤਾ। ਜਦੋਂ ਅੰਦਰ ਸਾਰੇ ਹੀ ਮਾਰ ਦਿੱਤੇ ਜਾਂ ਫੱਟੜ ਕਰ ਦਿੱਤੇ  ਤਾਂ ਪਠਾਣ ਤੇ ਹੋਰ ਆਦਮੀ ਅੰਦਰ ਗਏ ਅਤੇ ਧੂਹ ਧੂਹ ਕੇ ਸਾਰਿਆਂ ਨੂੰ ਬਾਹਰ ਲੈ ਆਏ। ਲੱਗ ਭਗ 60 ਸਿੰਘ ਏਥੇ ਸ਼ਹੀਦ ਕਰ ਦਿੱਤੇ ਗਏ। ਸਿਰਫ਼ ਇਕ ਬਾਰਾਂ ਸਾਲਾਂ ਦਾ ਲੜਕਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਥੱਲੇ ਲੁਕਿਆ ਹੋਇਆ ਸੀ, ਬਚ ਗਿਆ।

ਇਸਦੇ ਪਿੱਛੋਂ ਮਹੰਤ ਖ਼ੁਦ ਆਇਆ ਅਤੇ ਉਸ ਨੇ ਹੁਕਮ ਦਿੱਤਾ ਕਿ ਵਿਹੜੇ ਵਿੱਚ ਪਈਆਂ ਲੋਥਾਂ ਇੱਕਠੀਆਂ ਕਰੋ ਅਤੇ ਇਨ੍ਹਾਂ ਦੇ ਫੂਕਣ ਦਾ ਪ੍ਰਬੰਧ ਕਰੋ। ਸਿਰਫ਼ ਚਾਰ ਲੋਥਾਂ ਪਿੱਛੇ ਰਹਿਣ ਦਿਓ।ਪਿੱਛੇ ਰੱਖ ਲਈਆਂ ਗਈਆਂ ਲੋਥਾਂ ਸਨ: ਭਾਈ ਮੰਗਲ ਸਿੰਘ, ਭਾਈ ਹਜ਼ਾਰਾ ਸਿੰਘ, ਆਤਮਾ ਸਿੰਘ ਅਤੇ ਇਕ ਸਾਧੂ ਦੀ। ਸਾਧੂ ਕਿਸੇ ਬਦਮਾਸ਼ ਦੀ ਗੋਲੀ ਲਗ ਕੇ ਮਰਿਆ ਸੀ। ਮੰਗਲ ਸਿੰਘ ਮਜ਼ਹਬੀ ਸਿੱਖ ਸੀ ਜਿਸ ਨੂੰ ਭਾਈ ਲਛਮਣ ਸਿੰਘ ਨੇ ਆਪਣਾ ਪੱੁਤਰ ਬਣਾਇਆ ਹੋਇਆ ਸੀ।ਇਹ ਕਿਰਪਾਨ ਪਹਿਨਣ ਕਰਕੇ ਫੌਜ ਵਿੱਚੋਂ ਕੱਢ ਦਿੱਤਾ ਗਿਆ ਸੀ ਅਤੇ ਇਸ ਨੂੰ ‘ਕਿਰਪਾਨ ਬਹਾਦਰ’ ਦਾ ਖ਼ਿਤਾਬ ਮਿਿਲਆ ਹੋਇਆ ਸੀ। ਇਨ੍ਹਾਂ ਚਹੁੰ ਲੋਥਾਂ ਨੂੰ ਅੱਡ ਕੱਢ ਲਿਆ ਗਿਆ।

ਬਾਕੀ ਲੋਥਾਂ ਨੂੰ ਅੱਗ ਲਾਉਣ ਤੋਂ ਪਹਿਲੋਂ ਪਠਾਣਾਂ ਤੇ ਬਦਮਾਸ਼ਾਂ ਨੇ ਉਹਨਾਂ ਦੀ ਤਲਾਸ਼ੀ ਲਈ ਅਤੇ ਜੋ ਕੁਝ ਓਥੋਂ – ਰੁਪਏ, ਕਿਰਪਾਨਾਂ, ਕੰਬਲਾਂ, ਵਗ਼ੈਰਾ ਦੀ ਸ਼ਕਲ ਵਿੱਚ ਉਹਨਾਂ ਨੂੰ ਮਿਿਲਆ-ਸਭ ਹੜੱਪ ਕਰ ਲਿਆ। ਲੱਕੜਾਂ ਤੇ ਤੇਲ ਏਨੇ ਆਦਮੀਆਂ ਨੂੰ ਸਾੜਨ ਲਈ ਨਾਕਾਫ਼ੀ ਸਨ।ਇਸ ਲਈ ਬਾਜ਼ਾਰੋਂ ਰੇੜ੍ਹੀਆਂ ਤੇ ਲੱਦ ਲੱਦ ਹੋਰ ਬਾਲਣ ਤੇ ਤੇਲ ਮੰਗਵਾਇਆ ਗਿਆ। ਮੁਕੱਦਮੇ ਵਿੱਚ ਕੁਝ ਮੁਲਜ਼ਮਾਂ ਦੇ ਬਿਆਨਾਂ ਤੋਂ ਸਾਬਤ ਹੋ ਗਿਆ ਸੀ ਕਿ ਕਈ ਜੀਉਂਦੇ ਸਿੰਘਾਂ ਨੂੰ ਬਲਦੇ ਮੜ੍ਹ ਵਿੱਚ ਸੁੱਟ ਸੁੱਟ ਸਾੜਿਆ ਗਿਆ।ਭਾਈ ਲਛਮਣ ਸਿੰਘ ਨੂੰ ਜੰਡ ਦੇ ਦਰੱਖ਼ਤ ਨਾਲ ਪੁਠਾ ਲਟਕਾ  ਥੱਲੇ ਅੱਗ ਲਾ ਕੇ ਸਾੜ ਦਿੱਤਾ। ਜਿਹੜੇ ਗੁਰਦੁਆਰੇ ਤੋਂ ਬਾਹਰ ਕਤਲ ਕੀਤੇ ਗਏ ਸਨ, ਉਨ੍ਹਾਂ ਨੂੰ ਇੱਟਾਂ ਦੇ ਭੱਠੇ ਵਿੱਚ ਸੁੱਟਕੇ ਸਾੜਿਆ ਗਿਆ। ਮਹੰਤ ਦੇ ਗੁੰਡਿਆਂ ਦੀ ਜ਼ਦ ਵਿੱਚ ਆਇਆ ਕੋਈ ਸਿੰਘ ਨਾ ਬਚ ਸਕਿਆ।

ਭਾਈ ਦਲੀਪ ਸਿੰਘ ਨੂੰ ਇਸ ਕਤਲਾਮ ਦਾ ਪਤਾ ਲਗਾ ਤਾਂ ਉਹ ਇਸ ਨੂੰ ਰੋਕਣ ਲਈ ਗੁਰਦੁਆਰੇ ਨੂੰ ਤੁਰ ਪਿਆ। ਰਸਤੇ ਵਿਚ ਭਾਈ ਉਤਮ ਸਿੰਘ ਫੈਕਟਰੀ ਵਾਲਾ ਤੇ ਕੁਝ ਹੋਰ ਲੋਕਾਂ ਨੇ ਉਸ ਨੂੰ ਰੋਕਿਆ ਪਰ ਉਸ ਦਾ ਖ਼ਿਆਲ ਸੀ ਕਿ ਮਹੰਤ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਤੇ ਉਹ ਉਸ ਨੂੰ ਰੋਕਣ ਲਈ ਕਾਮਯਾਬ ਹੋ ਜਾਵੇਗਾ।

ਉਸ ਨੇ ਦਰਸ਼ਨੀ ਡਿਓੜੀ ਪੁੱਜ ਕੇ ਮਹੰਤ ਨੂੰ ਕਿਹਾ ਕਿ ਉਹ ਕਤਲਾਮ ਬੰਦ ਕਰੇ ਤੇ ਉਹ ਉਸ ਨੂੰ ਪੰਥ ਤੋਂ ਮੁਆਫ਼ੀ ਦੁਆ ਦੇਵੇਗਾ ਪਰ ਮਹੰਤ ਨੇ ਉਸ ਨੂੰ ਇਹ ਕਹਿ ਕਿ ਪਿਸਤੌਲਾਂ ਦੀ ਗੋਲੀ ਨਾਲ ਢੇਰੀ ਕਰ ਦਿੱਤਾ ਕਿ ਤੂੰ ਵੀ ਤਾਂ ਸਿੱਖ ਹੀ ਏ। ਉਸ ਦੇ ਹੋਰ ਚੰਡਾਲਾਂ ਨੇ ਉਸ ਦੇ ਨਾਲ ਗਏ ਵਰਿਆਮ ਸਿੰਘ ਦੇ ਟੁਕੜੇ ਕਰ ਦਿੱਤੇ।

ਹੁਣ ਗੁਰਦੁਆਰੇ ਅੰਦਰ ਮਾਰਨ ਲਈ ਕੋਈ ਵੀ ਸਿੱਖ ਨਹੀਂ ਸੀ ਰਿਹਾ ਤੇ ਉਹ ਲੋਥਾਂ ਨੂੰ ਫੂਕਣ ਦੇ ਆਹਰ ਵਿਚ ਰੁਝ ਗਏ। ਸਰਕਾਰੀ ਗੁਪਤ ਰਿਪੋਰਟ ਅਨੁਸਾਰ ਕਿ ਸਾਰੇ ਅਕਾਲੀਆਂ ਨੂੰ ਬੇਰਹਿਮੀ ਨਾਲ ਕਤਲ ਕਿਤਾ ਗਿਆ ਅਤੇ ਜਖ਼ਮੀਆਂ ਨੂੰ ਕੁਹਾੜਿਆਂ ਅਤੇ ਲਾਠੀਆਂ ਨਾਲ ਮਾਰ ਮਾਰ ਕੇ ਖ਼ਤਮ ਕਰ ਦਿੱਤਾ ਗਿਆ। ਇਸ ਵੱਢ ਟੁੱਕ ਦੇ ਖ਼ਤਮ ਹੋਣ ਪਿਛੋਂ ਮਾਰੇ ਗਏ ਸਿੱਖਾਂ ਨੂੰ ਇੱਕਠੇ ਕੀਤਾ ਗਿਆ ਅਤੇ ਲੋਥਾਂ ਦੇ ਢੇਰ ਨੂੰ ਮਿੱਟੀ ਦੇ ਤੇਲ ਨਾਲ ਭਿਗੋਇਆ ਗਿਆ ਅਤੇ ਫੇਰ ਉਨ੍ਹਾਂ ਨੂੰ ਲਾਂਬੂ ਲਾ ਦਿੱਤੇ ਗਏ।

ਜਿਲ੍ਹਾ ਇੰਜੀਨੀਅਰ ਐਨ. ਐਸ. ਸੰਧੂ ਨੇ ਸਵਾ ਅੱਠ ਵਜੇ ਇਕ ਖ਼ਾਸ ਆਦਮੀ ਘੋੜੇ ‘ਤੇ ਡਿਪਟੀ ਕਮਿਸ਼ਨਰ ਕੱਰੀ ਵੱਲ ਭੇਜਿਆ ਤਾਂ ਜੋ ਉਹ ਖ਼ੁਦ ਮੌਕਾ ਵੇਖ ਸਕਣ। ਕੋਈ ਸਵਾ ਨੌ ਵਜੇ ਦੇ ਕਰੀਬ ਭਾਈ ਉਤਮ ਸਿੰਘ ਨੇ ਇਸ ਦੁਖਦਾਈ ਸਾਕੇ ਦੀ ਖ਼ਬਰ ਤਾਰ ਰਾਹੀਂ ਗਵਰਨਰ, ਡੀ.ਸੀ., ਪੁਲਿਸ ਸੁਪਰਟੈਂਡੈਂਟ, ਸ਼੍ਰੋਮਣੀ ਕਮੇਟੀ ਆਦਿ ਨੂੰ ਭੇਜੀ। ਡੀ.ਸੀ. ਕੋਈ 12.30 ਦੁਪਿਹਰ ਪੁਜਿਆ ਤੇ ਪੁਲਿਸ ਦਾ ਸਬ ਇਨਸਪੈਕਟਰ 2 ਵਜੇ ਪੁੱਜਾ। ਡੀ.ਸੀ. ਨੇ ਉਸ ਨੂੰ ਹੁਕਮ ਦਿੱਤਾ ਕਿ ਉਹ ਲੱਗੀਆਂ ਅੱਗਾਂ ਬੱੁਝਾ ਦੇਵੇ ਅਤੇ ਜਖ਼ਮੀਆਂ ਤੇ ਮਰ ਚੁੱਕਿਆਂ ਨੂੰ ਲੱਗੀਆਂ ਸੱਟਾਂ ਦੀ ਰਿਪੋਰਟ ਤਿਆਰ ਕਰੇ। ਇਸ ਤੋਂ ਸਪਸ਼ਟ ਹੈ ਕਿ ਡੀ.ਸੀ. ਦੇ ਪੱੁਜਣ ਤੋਂ ਬਾਅਦ ਵੀ ਕੋਈ ਡੇਢ ਘੰਟਾ ਪਿਛੋਂ ਤੱਕ ਵੀ ਮਹੰਤ ਦੇ ਗੁੰਡੇ ਲਾਸ਼ਾਂ ਸਾੜੀ ਜਾਂਦੇ ਸਨ।

ਸਰਕਾਰੀ ਵਕੀਲ ਵੀ ਇਸ ਦੀ ਪੁਸ਼ਟੀ ਕਰਦਾ ਹੈ ਕਿ ਮਹੰਤ ਨੇ ਲਾਸ਼ਾਂ ਨੂੰ ਸਾੜ ਕੇ ਮਰਨ ਵਾਲਿਆਂ ਦਾ ਨਾਮ ਨਿਸ਼ਾਨ ਮਿਟਾ ਦੇਣ ਦੀ ਕੋਸ਼ਿਸ਼ ਕੀਤੀ। ਸਥਾਨਕ ਅਖ਼ਬਾਰਾਂ ਵਿਚ ਛਪੀਆਂ ਖ਼ਬਰਾਂ ਅਨੁਸਾਰ ਡਿਪਟੀ ਕਮਿਸ਼ਨਰ ਦੇ ਆ ਜਾਣ ਮਗਰੋਂ ਵੀ ਤਕਰੀਬਨ ਡੇਢ ਘੰਟੇ ਤੱਕ ਫੱਟੜ ਅਤੇ ਮੁਰਦੇ ਸੜਦੇ ਰਹੇ। ਸ਼ਾਮ ਨੂੰ ਦੇਰ ਨਾਲ ਲਾਹੌਰ ਡਿਵੀਜ਼ਨ ਦਾ ਕਮਿਸ਼ਨਰ ਸੀ.ਐਮ. ਕਿੰਗ ਤੇ ਸੈਂਟਰਲ ਰੇਂਜ ਦਾ ਡਿਪਟੀ ਇੰਸਪੈਕਟਰ ਜਨਰਲ ਵੀ ਸੌ ਬਰਤਾਨਵੀ ਤੇ ਸੌ ਹਿੰਦੁਸਤਾਨੀ ਫ਼ੋਜੀਆਂ ਨੂੰ ਨਾਲ ਲੈ ਕੇ ਨਨਕਾਣੇ ਪਹੁੰਚੇ। ਮਹੰਤ ਨਰਾਇਣ ਦਾਸ ਨੂੰ ਉਸ ਦੇ ਦੋ ਪਿੱਛਲਗਾਂ ਤੇ 26 ਪਠਾਣਾਂ ਸਮੇਤ ਗ੍ਰਿਫ਼ਤਾਰ ਕਰਕੇ ਲਾਹੌਰ ਭੇਜ ਦਿੱਤਾ ਗਿਆ, ਪਰ ਬਹੁਤ ਸਾਰੇ ਕਾਤਲ ਬਚ ਨਿਕਲਣ ਵਿਚ ਕਾਮਯਾਬ ਹੋ ਗਏ। ਗੁਰਦੁਆਰਾ ਜਨਮ ਅਸਥਾਨ ‘ਤੇ ਫ਼ੌਜ ਦਾ ਪਹਿਰਾ ਲਾ ਦਿੱਤਾ ਗਿਆ।

ਜਦ ਇਹ ਸਾਕਾ ਵਾਪਰਿਆ ਤਾਂ ਉਸ ਸਮੇਂ ਜਥੇਦਾਰ ਕਰਤਾਰ ਸਿੰਘ ਝੱਬਰ ਆਪਣੇ ਜੱਥੇ ਨਾਲ ਗੁਰਦੁਆਰਾ ਖ਼ਰਾ ਸੌਦਾ ਟਿਿਕਆ ਹੋਇਆ ਸੀ। ਉਸ ਦੀ ਪਹਿਲ ਕਦਮੀ ਨਾਲ ਤਕਰੀਬਨ 2200 ਅਕਾਲੀਆਂ ਦਾ ਇਕ ਹੋਰ ਜੱਥਾ ਗੁਰਦੁਆਰੇ ‘ਤੇ ਕਬਜ਼ਾ ਕਰਨ ਲਈ ਨਨਕਾਣੇ ਵੱਲ ਕੂਚ ਕਰਨ ਲਈ ਤਿਆਰ ਹੋ ਗਿਆ। ਇਸ ਜੱਥੇ ਨੂੰ 21 ਫਰਵਰੀ 1921 ਨੂੰ ਪਿੰਡ ਖਿਪਵਾੜਾ ਦੇ ਨੇੜੇ ਰੋਕ ਲਿਆ ਗਿਆ ਤੇ ਡਿਪਟੀ ਕਮਿਸ਼ਨਰ ਦਾ ਹੁਕਮ ਪੇਸ਼ ਕੀਤਾ ਗਿਆ, ਜਿਸ ਵਿਚ ਅਕਾਲੀਆਂ ਨੂੰ ਜਨਮ ਅਸਥਾਨ ਵੱਲ ਵੱਧਣ ਦੀ ਮਨਾਹੀ ਕੀਤੀ ਗਈ ਸੀ। ਝੱਬਰ ਨੇ ਇਹ ਹੁਕਮ ਹਰਕਾਰੇ ਦੇ ਸਾਮ੍ਹਣੇ ਹੀ ਪਾੜ ਦਿੱਤੇ ਤੇ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਨੂੰ ਕਹਿ ਦੇਵੇ ਕਿ ਉਹ ਆਪਣੇ ਜੱਥੇ ਨਾਲ ਜਾ ਰਿਹਾ ਹੈ, ਤੁਸੀਂ ਜੋ ਮਰਜ਼ੀ ਹੋਵੇ ਕਰ ਸਕਦੇ ਹੋ। ਡਿਪਟੀ ਕਮਿਸ਼ਨਰ ਨੇ ਖ਼ੁਦ ਆ ਕੇ ਜਥੇ ਨੂੰ ਰੋਕਿਆ ਤੇ ਖ਼ਬਰਦਾਰ ਕੀਤਾ ਕਿ ਜੇ ਉਹ ਅੱਗੇ ਵਧੇ ਤਾਂ ਗੋਲੀਆਂ ਨਾਲ ਭੁੰਨ ਦਿੱਤੇ ਜਾਣਗੇ। ਇਸ ਚੇਤਾਵਨੀ ਦੀ ਪ੍ਰਵਾਹ ਨਾ ਕਰਦੇ ਹੋਏ ਜਥੇਦਾਰ ਨੇ ਜੱਥੇ ਦੇ ਮੈਂਬਰਾਂ ਨੂੰ ਅੱਗੇ ਵਧਦੇ ਜਾਣ ਲਈ ਕਿਹਾ। ਜਾਪਦਾ ਹੈ ਕਿ ਡਿਪਟੀ ਕਮਿਸ਼ਨਰ ਝੁਕ ਗਿਆ ਤੇ ਕਮਿਸ਼ਨਰ ਨਾਲ ਸਲਾਹ ਮਸ਼ਵਰੇ ਪਿੱਛੋਂ ਝੱਬਰ ਨੂੰ ਜਨਮ ਅਸਥਾਨ ਦੀਆਂ ਚਾਬੀਆਂ ਇਸ ਸ਼ਰਤ ‘ਤੇ ਦੇਣ ਲਈ ਰਾਜ਼ੀ ਹੋਇਆ ਕਿ ਅਕਾਲੀ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਬਣਾ ਦੇਣ ਲਈ ਸਹਿਮਤ ਹੋ ਜਾਣ। ਕੁਝ ਵਿਚਾਰ ਵਟਾਂਦਰੇ ਮਗਰੋਂ ਗੁਰਦੁਆਰਾ 7 ਮੈਂਬਰੀ ਕਮੇਟੀ ਹਵਾਲੇ ਕਰ ਦਿੱਤਾ ਗਿਆ। ਨਰਮ ਖ਼ਿਆਲ ਚੀਫ਼ ਖਾਲਸਾ ਦੀਵਾਨ ਦਾ ਆਨਰੇਰੀ ਸਕੱਤਰ  ਹਰਬੰਸ ਸਿੰਘ ਅਟਾਰੀ ਨੂੰ ਇਸ ਦਾ ਪ੍ਰਧਾਨ ਬਣਾਇਆ ਗਿਆ। ਮਹੰਤ ਨਰਾਇਣ ਦਾਸ ਦੀ ਗ੍ਰਿਫ਼ਤਾਰੀ ਅਤੇ ਜਨਮ ਅਸਥਾਨ ਦੇ ਕਬਜ਼ੇ ਪਿਛੋਂ ਮਹੰਤਾਂ ਦੇ ਹੌਂਸਲੇ ਟੁਟ ਗਏ ਤੇ ਅੱਧੀ ਦਰਜਨ ਤੋਂ ਵੱਧ ਗੁਰਦੁਆਰਿਆਂ ਦਾ ਪ੍ਰਬੰਧ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰ ਦਿੱਤਾ।

ਇਸ ਸਾਕੇ ਨਾਲ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਸਿੱਖ ਬੁਰੀ ਤਰ੍ਹਾਂ ਪਰੇਸ਼ਾਨ ਹੋਏ ਅਤੇ ਉਹਨਾਂ ਨੇ ਪੂਰੇ ਜੋਸ਼-ਖਰੋਸ਼ ਨਾਲ ਮਹੰਤ ਦੀ ਕਾਰਵਾਈ ਦੀ ਨਿਖੇਧੀ ਕੀਤੀ ਅਤੇ ਅਕਾਲੀ ਸ਼ਹੀਦਾਂ ਲਈ ਹਮਦਰਦੀ ਦੇ ਸੁਨੇਹੇ ਭੇਜੇ। ਥਾਂ ਥਾਂ ਮਤੇ ਪਾਸ ਕੀਤੇ ਗਏ ਅਤੇ ਮਹੰਤ ਤੇ ਉਹਦੇ ਸਾਥੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਗਈ। ਸਥਾਨਕ ਅਖ਼ਬਾਰਾਂ ਨੇ ਇਕ ਆਵਾਜ਼ ਹੋ ਕੇ ਮਹੰਤ ਉੱਤੇ ਧਾਵਾ ਬੋਲਿਆ। ਜਿਹੜੇ ਅਖ਼ਬਾਰ ਅਕਾਲੀਆਂ ਦੇ ਖ਼ਿਲਾਫ ਵੀ ਸਨ, ੳਨ੍ਹਾਂ ਨੇ ਵੀ ਨਨਕਾਣੇ ਦੇ ਮਹੰਤ ਦੀ ਜ਼ਾਲਮਾਨਾ ਅਤੇ ਵਹਿਸ਼ੀਆਨਾ ਕਰਤੂਤ ਦੀ ਨਿੰਦਾ ਕੀਤੀ ਅਤੇ ਨਨਕਾਣੇ ਦੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ। ਮਹਾਤਮਾ ਗਾਂਧੀ, ਮੌਲਾਨਾ ਸ਼ੋਕਤ ਅਲੀ, ਡਾ.ਸੈਫ਼ੂਦੀਨ ਕਿਚਲੂ, ਲਾਲਾ ਦੁਨੀ ਚੰਦ ਅਤੇ ਲਾਲਾ ਲਾਜਪਤ ਰਾਏ ਵਰਗੇ ਰਾਸ਼ਟਰੀ ਨੇਤਾ ਸਾਕੇ ਵਾਲੀ ਥਾਂ ਪਹੁੰਚੇ ਅਤੇ ਅਕਾਲੀਆਂ ਨਾਲ ਹਮਦਰਦੀ ਪ੍ਰਗਟਾਈ। ਉੱਘੇ ਸਿੱਖ ਆਗੂ, ਪੰਜਾਬ ਵਿਧਾਨ ਪ੍ਰੀਸ਼ਦ ਦੇ ਮੈਂਬਰ, ਸਿੱਖ ਲੀਗ, ਚੀਫ਼ ਖ਼ਾਲਸਾ ਦੀਵਾਨ ਅਤੇ ਦੂਜੀਆਂ ਸਿੱਖ ਜਥੇਬੰਦੀਆਂ ਦੇ ਮੈਂਬਰ ਵੀ ਉੱਥੇ ਪਹੁੰਚੇ। 3 ਮਾਰਚ , 1921 ਨੂੰ ਨਨਕਾਣੇ ਵਿਚ ਇਕ ਬਹੁਤ ਵੱਡਾ ਸ਼ਹੀਦੀ ਦੀਵਾਨ ਹੋਇਆ, ਜਿਸ ਵਿਚ ਜਥੇਦਾਰ ਕਰਤਾਰ ਸਿੰਘ ਝੱਬਰ ਨੇ, ਜਿਸ ਨੇ ਡਿਪਟੀ ਕਮਿਸ਼ਨਰ ਤੋਂ ਜਨਮ ਅਸਥਾਨ ਦੀਆਂ ਚਾਬੀਆਂ ਪ੍ਰਾਪਤ ਕਰਨ ਵਿਚ ਉੱਘਾ ਰੋਲ ਅਦਾ ਕੀਤਾ ਸੀ ਨੇ  ਸੰਖੇਪ ਵਿਚ ਸਾਰੀ ਘਟਨਾ ਬਿਆਨ ਕੀਤੀ ਅਤੇ ਆਖਿਆ , “ਇਸ ਘਟਨਾ ਨੇ ਸਿੱਖਾਂ ਨੂੰ ਉਨ੍ਹਾਂ ਦੀ ਨੀਂਦ ‘ਚੋਂ ਜਗਾ ਦਿੱਤਾ ਹੈ ਅਤੇ ਸਵਰਾਜ ਵੱਲ ਕੂਚ ਵਿਚ ਤੇਜੀ ਆ ਗਈ ਹੈ।” ਮੌਲਾਨਾ ਸ਼ੌਕਤ ਅਲੀ ਨੇ ਮਾਰਸ਼ਲ ਲਾਅ ਦੇ ਦਿਨਾਂ ਅਤੇ ਸਰਕਾਰ ਵੱਲੋਂ ਫੈਲਾਈ ਦਹਿਸ਼ਤ ਦਾ ਜ਼ਿਕਰ ਕਰਨ ਮਗਰੋਂ ਆਖਿਆ,”ਅਜਿਹੀ ਸਰਕਾਰ ਤੋਂ ਇਨਸਾਫ਼ ਦੀ ਆਸ ਰੱਖਣਾ ਕਿੰਨਾ ਫ਼ਜ਼ੂਲ ਹੈ।” ਆਪਣੇ ਭਾਸ਼ਣ ਵਿਚ ਉਸ ਨੇ ਸਰਕਾਰ ਨੂੰ ਇਸ ਸ਼ਰਾਰਤ ਲਈ ਜ਼ਿੰਮੇਵਾਰ ਠਹਿਰਾਇਆ ਅਤੇ ਇਸ ਜੁਰਮ ਵਿਚ ਮਹੰਤਾਂ ਦੀ ਮਦਦ ਕਰਨ ਵਾਸਤੇ ਪਠਾਣਾਂ ਨੂੰ ਫਟਕਾਰਿਆ।

ਅਕਾਲੀ ਸਿੱਖਾਂ ਨਾਲ ਆਪਣੀ ਹਮਦਰਦੀ ਜ਼ਾਹਿਰ ਕਰਨ ਮਹਾਤਮਾ ਗਾਂਧੀ 3 ਮਾਰਚ ਨੂੰ ਨਨਕਾਣੇ ਪਹੁੰਚੇ। ਉਸੇ ਦਿਨ ਸ਼ਹੀਦੀ ਦੀਵਾਨ ਵਿਚ ਮਹਾਤਮਾ ਗਾਂਧੀ ਨੇ ਹਿੰਦੁਸਤਾਨੀ ਵਿਚ ਇਕ ਸੰਖੇਪ ਭਾਸ਼ਣ ਦਿੱਤਾ, ਜਿਸ ਵਿਚ ਉਸ ਨੇ ਆਖਿਆ , “ਨਨਕਾਣੇ ਦੀ ਖ਼ਬਰ ਏਨੀ ਚਕਰਾ ਦੇਣ ਵਾਲੀ ਸੀ ਕਿ ਉਹ ਪੁਸ਼ਟੀ ਕੀਤੇ ਬਗ਼ੈਰ ਇਸ ‘ਤੇ ਵਿਸ਼ਵਾਸ ਨਹੀਂ ਸੀ ਕਰ ਸਕਦੇ।” ਮਹੰਤ ਦੀ ਜ਼ਾਲਮਾਨਾ ਹਰਕਤ ਦੀ ਨਿਖ਼ੇਧੀ ਕਰਦਿਆਂ ਅਤੇ ਸ਼ਾਂਤਮਈ ਰਹਿ ਕੇ ਤਸ਼ੱਦਦ ਸਹਿਣ ਲਈ ਅਕਾਲੀਆਂ ਦੀ ਪ੍ਰਸ਼ੰਸਾ ਕਰਦਿਆਂ ਉਸ ਨੇ ਅਕਾਲੀ ਸੁਧਾਰਕਾਂ ਦੀ ਸ਼ਹਾਦਤ ਨੂੰ ਇਕ ‘ਰਾਸ਼ਟਰੀ ਬਹਾਦਰੀ ਦਾ ਅਮਲ’ ਆਖਿਆ ਤੇ ਉਸ ਨੇ ਵਿਦੇਸ਼ੀ ਹਕੂਮਤ ਦੀ ਵੀ ਨਿੰਦਾ ਕੀਤੀ ਅਤੇ ਕਿਹਾ ਕਿ ਇਸ ਦਾ ਰਾਜ ਸ਼ੈਤਾਨ ਦੀ ਸਲਤਨਤ ਹੈ। ਬਾਅਦ ਵਿਚ ਲਾਹੌਰ ਵਿਖੇ ਸਿੱਖਾਂ ਦੇ ਨਾਂ ਸੰਦੇਸ਼ ਵਿਚ ਇਸ ਸਾਕੇ ਦੀ 1919 ਦੀ ਵਿਸਾਖੀ ਦੇ ਜਲ੍ਹਿਆਂਵਾਲਾ ਕਾਂਡ ਨਾਲ ਤੁਲਨਾ ਕਰਦਿਆਂ ਹੋਇਆਂ ਉਨ੍ਹਾਂ ਆਖਿਆ, “ਜੋ ਕੁਝ ਵੀ ਮੈਂ ਸੁਣਿਆ ਤੇ ਵੇਖਿਆ ਹੈ, ਉਹ ਡਾਇਰਵਾਦ ਦਾ ਹੀ ਦੂਜਾ ਰੂਪ ਹੈ, ਜਲ੍ਹਿਆਂਵਾਲਾ ਬਾਗ਼ ਦੇ ਡਾਇਰਵਾਦ ਨਾਲੋਂ ਵਧੇਰੇ ਜਾਹਰਾਨਾ, ਵਧੇਰੇ ਗਿਿਣਆ ਮਿਿਥਆ ਤੇ ਵਧੇਰੇ ਕਰੂਰ।” ਮਹਾਤਮਾ ਗਾਂਧੀ ਨੇ ਅਕਾਲੀਆਂ ਨੂੰ ਇਹ ਸਲਾਹ ਵੀ ਦਿੱਤੀ ਕਿ ਉਹ ਨਨਕਾਣੇ ਦੇ ਸਾਕੇ ਵਿਚ ਸਰਕਾਰੀ ਪੁੱਛ-ਪੜਤਾਲ ਦੇ ਮਾਮਲੇ ਵਿਚ ਨਾ-ਮਿਲਵਰਤਣ ਕਰਨ ਅਤੇ ਰਜ਼ਾਮੰਦੀ ਜ਼ਹਿਰ ਕੀਤੀ ਕਿ ਉਹ ਸਿੱਖ ਲੀਗ ਵੱਲੋਂ ਕਾਇਮ ਕੀਤੇ ਗਏ ਗ਼ੈਰ-ਸਰਕਾਰੀ ਪੜਤਾਲੀਆ ਕਮਿਸ਼ਨ ਦੇ ਚੇਅਰਮੈਨ ਬਣ ਸਕਦੇ ਹਨ, ਸ਼ਰਤ ਇਹ ਹੈ ਕਿ ਸਿੱਖ ਨਾ-ਮਿਲਵਰਤਣ ਦੀ ਪੁਸ਼ਟੀ ਕਰਦਾ ਹੋਇਆ ਇਕ ਰਸਮੀ ਮਤਾ ਪਾਸ ਕਰਨ ਅਤੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਅਦਾਲਤਾਂ ਦਾ ਰਾਹ ਨਾ ਫੜਨ ਲਈ ਸਹਿਮਤ ਹੋ ਜਾਣ।ਉਸ ਦਾ ਸੁਝਾਅ ਬਹੁਤ ਹੀ ਦਰੁਸਤ ਸੀ, ਪਰ ਅਕਾਲੀਆਂ ਨੇ ਇਸ ਨੂੰ ਨਾ ਮੰਨ ਕੇ ਬੜੀ ਵੱਡੀ ਗਲਤੀ ਕੀਤੀ ਕਿਉਂਕਿ ਇਸ ਨਾਲ ਇਸ ਸਾਕੇ ਦੀਆਂ ਖ਼ਬਰਾਂ ਦੁਨੀਆਂ ਵਿਚ ਜਾਣੀਆਂ ਸਨ ਤੇ ਸਾਰੀ ਦੁਨੀਆਂ ਨੂੰ ਇਸ ਦੀ ਅਸਲੀਅਤ ਦਾ ਪਤਾ ਲੱਗ ਜਾਣਾ ਸੀ।ਸਿੱਖਾਂ ਨੂੰ ਭੁਲੇਖਾ ਸੀ ਕਿ ਉਨ੍ਹਾਂ ਨੂੰ ਹਕੂਮਤ ਵੱਲੋਂ ਇਨਸਾਫ਼ ਮਿਲੇਗਾ ਪਰ ਇਹ ਸੋਚਣੀ ਗ਼ਲਤ ਸਾਬਤ ਹੋਈ, ਜਿਵੇਂ ਕਿ ਅੱਗੇ ਜਾ ਕੇ ਅਸੀਂ ਵੇਖਾਂਗੇ।

ਹੁਣ ਜਦੋਂ ਨਨਕਾਣੇ ਦੇ ਸਾਕੇ ਦੇ ਤੱਥ ਤੇ ਅੰਕੜੇ ਖੋਜੀਆਂ ਨੂੰ ਪ੍ਰਾਪਤ ਹਨ, ਇਹ ਗੱਲ ਵਧੇਰੇ ਸੌਖੀ ਹੋ ਗਈ ਹੈ ਕਿ ਇਸ ਮਾਮਲੇ ਵਿਚ ਧਾਰਨ ਕੀਤੇ ਨੌਕਰਸ਼ਾਹੀ ਦੇ ਦੋਹਰੇ ਮਿਆਰਾਂ ਦਾ ਭਾਂਡਾ ਭੰਨਿਆ ਜਾ ਸਕੇ। ਇਕ ਪਾਸੇ ਨਨਕਾਣੇ ਦੇ ਮਹੰਤ ਨੂੰ ਗੁੱਝੇ ਤੌਰ ‘ਤੇ ਸਹਾਇਤਾ ਦਿੱਤੀ ਗਈ ਅਤੇ ਇਸ ਗੱਲ ਦੀ ਤਿਆਰੀ ਲਈ ਉਤਸ਼ਾਹ ਦਿੱਤਾ ਗਿਆ, ਜਿਸ ਨੂੰ ਸਰਕਾਰੀ ਅਧਿਕਾਰੀ ਸਵੈ-ਰੱਖਿਆ ਆਖਦੇ ਸਨ ਅਤੇ ਦੂਜੇ ਪਾਸੇ ਗੁਰਦੁਆਰਾ ਸੁਧਾਰ ਲਹਿਰ ਦੇ ਮਨੋਰਥਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਗਈ। ਪੰਜਾਬ ਸਰਕਾਰ ਦੀ ਇਹ ਨੀਤੀ ਹੀ ਨਨਕਾਣੇ ਸਾਹਿਬ ਦੀ ਦੁਰਭਾਗੀ ਘਟਨਾ ਲਈ ਮੁੱਖ ਤੌਰ ‘ਤੇ ਜ਼ਿੰਮੇਵਾਰ ਹੈ। ਬਾਬਾ ਕਰਤਾਰ ਸਿੰਘ ਬੇਦੀ ਨੂੰ ਲਿਖੀ ਗਈ  ਸੀ.ਐਮ. ਕਿੰਗ ਦੀ ਚਿੱਠੀ ਨੂੰ ਪੜ੍ਹ ਕੇ, ਪੰਜਾਬ ਵਿਧਾਨ ਪ੍ਰੀਸ਼ਦ ਨੂੰ ਦਿੱਤੇ ਉਸ ਦੇ ਨਿੱਜੀ ਬਿਆਨ, ਵੱਖ ਵੱਖ ਖ਼ੁਫ਼ੀਆ ਰਿਪੋਰਟਾਂ ਅਤੇ ਇਕ ਪਾਸੇ ਪੰਜਾਬ ਅਤੇ ਭਾਰਤ ਸਰਕਾਰ ਅਤੇ ਦੂਜੇ ਪਾਸੇ ਵਾਇਸਰਾਏ ਤੇ ਵਿਦੇਸ਼ ਵਿਭਾਗ ਦੇ ਮੁੱਖੀ ਵਿਚਕਾਰ ਲੰਮੇ ਚਿੱਠੀ ਪੱਤਰ ਨੂੰ ਵਾਚ ਕੇ ਇਸ ਗੱਲ ਦਾ ਵਿਸ਼ਵਾਸ ਹੋ ਜਾਂਦਾ ਹੈ ਕਿ ਨਨਕਾਣਾ ਸਾਹਿਬ ਵਿਖੇ ਅਕਾਲੀਆਂ ਦਾ ਕਤਲਾਮ ਪਹਿਲਾਂ ਤੋਂ ਸੋਚੀ ਸਮਝੀ ਤੇ ਵਿਉਂਤੀ ਗਈ ਇਕ ਸਾਜ਼ਿਸ਼ ਸੀ ਅਤੇ ਸਰਕਾਰੀ ਅਫ਼ਸਰ ਨਾ ਸਿਰਫ਼ ਇਸ ਤੋਂ ਵਾਕਿਫ਼ ਹੀ ਸਨ, ਸਗੋਂ ਸਰਗਰਮੀ ਨਾਲ ਮਹੰਤ ਦੀ ਹਮਾਇਤ ਕਰ ਰਹੇ ਸਨ। ਪ੍ਰੀਸ਼ਦ ਵਿਚ ਆਪਣਾ ਨਿੱਜੀ ਬਿਆਨ ਦਿੰਦਿਆਂ ਹੋਇਆਂ ਮਿਸਟਰ ਕਿੰਗ ਨੇ ਆਖਿਆ ਸੀ , “ਇਹ ਕਹਿਣਾ ਠੀਕ ਹੈ ਕਿ 20 ਫ਼ਰਵਰੀ ਦੀ ਘਟਨਾ ਤੋਂ ਕੁਝ ਮਹੀਨੇ ਪਹਿਲਾਂ-ਅਸਲ ਵਿਚ ਅਕਤੂਬਰ ਸ਼ੁਰੂ ਹੁੰਦਿਆਂ ਹੀ-ਚਾਰ, ਪੰਜ ਤੇ 6 ਮਾਰਚ ਨੂੰ ਨਨਕਾਣੇ ਉੱਤੇ ਹਮਲੇ ਦੀਆਂ ਅਸਪੱਸ਼ਟ ਅਫ਼ਵਾਹਾਂ ਦਾ ਬੜਾ ਦੌਰ ਦੌਰਾ ਸੀ।” ਉਸਨੇ ਇਹ ਵੀ ਮੰਨਿਆ ਕਿ ਮਿਸਟਰ ਕਰੀ ਅਤੇ ਉਸ ਦੇ ਅਧੀਨ ਕੰਮ ਕਰਨ ਵਾਲੇ ਦੂਜੇ ਅਧਿਕਾਰੀ ਇਸ ਮਾਮਲੇ ਬਾਰੇ ਸਹੀ ਜਾਣਕਾਰੀ ਉਸ ਨੂੰ ਭੇਜਦੇ ਰਹੇ ਹਨ। ਇਸ ਤੋਂ ਇਲਾਵਾ ਉਹ ਸਪਤਾਹਿਕ ਅਤੇ ਪੰਦਰਵਾੜਾ ਰਿਪੋਰਟਾਂ ਜਿਹੜੀਆਂ ਸਥਾਨਕ ਅਫ਼ਸਰਾਂ ਵੱਲੋਂ ਉਤਲੇ ਅਧਿਕਾਰੀਆਂ ਨੂੰ ਭੇਜੀਆਂ ਜਾਂਦੀਆਂ ਸਨ, ਵੀ ਇਸ ਗੱਲ ਦੇ ਸੰਕੇਤ ਦਿੰਦੀਆਂ ਸਨ ਕਿ ਨਨਕਾਣੇ ਤੇ ਪੰਜਾਬ ਵਿਚ ਹੋਰ ਥਾਈਂ ਤਣਾਓ ਵਧ ਰਿਹਾ ਸੀ। ਇਕ ਰਿਪੋਰਟ ਵਿਚ 15 ਫ਼ਰਵਰੀ, 1921 ਨੂੰ ਮੁੱਕਣ ਵਾਲੇ ਹਫ਼ਤੇ ਬਾਰੇ, ਸਾਕੇ ਤੋਂ ਠੀਕ 6 ਦਿਨ ਪਹਿਲਾਂ ਸੂਬੇ ਦੀ ਸਥਿਤੀ ਨੂੰ ਇਸ ਤਰ੍ਹਾਂ ਬਿਆਨ ਕੀਤਾ ਗਿਆ ਹੈ,”ਤਮਾਮ ਸਿੱਖ ਗੁਰਦੁਆਰਿਆਂ ਉੱਤੇ ਕਬਜ਼ਾ ਕਰਨ ਲਈ ਅਕਾਲੀ ਦਲ ਦੀ ਲਹਿਰ ਜ਼ੋਰ ਫੜ ਰਹੀ ਹੈ ਅਤੇ ਕਈ ਗੁਰਦੁਆਰੇ ਨਵੀਂ ਪਾਰਟੀ ਨੇ ਕਬਜ਼ੇ ਵਿਚ ਲੈ ਲਏ ਹਨ।26 ਜਨਵਰੀ ਨੂੰ ਤਰਨ ਤਾਰਨ ਵਿਚ ਅਕਾਲੀ ਦਲ ਦੇ ਪੁੱਜਣ ਨਾਲ ਅਕਾਲੀਆਂ ਤੇ ਪੁਜਾਰੀਆਂ ਵਿਚ ਗੰਭੀਰ ਝਗੜਾ ਹੋਇਆ…… ਦੋਹਾਂ ਧਿਰਾਂ ਦੇ ਕਈ ਬੰਦੇ ਜ਼ਖ਼ਮੀ ਹੋਏ…।”

ਅਖ਼ਬਾਰੀ ਰਿਪੋਰਟਾਂ ਅਤੇ ਅਦਾਲਤਾਂ ਵਿਚ ਵੱਖ ਵੱਖ ਵਿਅਕਤੀਆਂ ਵੱਲੋਂ ਦਿੱਤੇ ਬਿਆਨਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਜਿਲ੍ਹਾ ਪ੍ਰਸ਼ਾਸ਼ਨ ਨੂੰ ਮਹੰਤ ਵੱਲੋਂ ਕੀਤੀ ਜਾ ਰਹੀ ਕਿਲ੍ਹਾ ਬੰਦੀ ਤੇ ਅਕਾਲੀਆਂ ਦਾ ਮੁਕਾਬਲਾ ਕਰਨ ਲਈ ਕੀਤੀ ਜਾ ਰਹੀ ਤਿਆਰੀ ਦਾ ਪੂਰੀ ਤਰ੍ਹਾਂ ਪਤਾ ਸੀ ਪਰ ਉਹ ਇਸ ਤਿਆਰੀ ਨੂੰ ਇਸ ਆਧਾਰ ‘ਤੇ ਜਾਇਜ ਠਹਿਰਾ ਰਹਿ ਸਨ ਕਿ ਮਹੰਤ ਨੂੰ ਆਪਣੀ ਸੁਰੱਖਿਆ ਦਾ ਪੂਰਾ ਅਧਿਕਾਰ ਹੈ। ਜਦੋਂ ਦਸੰਬਰ 1920 ਵਿਚ ਮਹੰਤ ਨੇ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਤਾਂ ਉਸ ਨੂੰ ਇਹ ਕਹਿ ਕੇ ਨਾਂਹ ਕਰ ਦਿੱਤੀ ਗਈ ਕਿ ਸਰਕਾਰ ਧਾਰਮਿਕ ਮਾਮਲਿਆਂ ਵਿੱਚ ਦਖ਼ਲ ਨਹੀਂ ਦਿੰਦੀ ਤੇ ਜਦ ਜਨਵਰੀ 1921 ਵਿਚ ਅਕਾਲੀਆਂ ਨੇ ਸ੍ਰੀ ਦਰਬਾਰ ਸਾਹਿਬ ‘ਤੇ ਜ਼ਬਰੀ ਕਬਜ਼ਾ ਕੀਤਾ ਤਾਂ ਉਸ ਸਮੇਂ ਵੀ ਮਹੰਤ ਨੇ ਗੁਜਰਾਂਵਾਲਾ ਦੇ ਪੁਲਿਸ ਦੇ ਡਿਪਟੀ ਸੁਪਰਡੈਂਟ ਨੂੰ ਤਾਰ ਭੇਜ ਕੇ ਸਹਾਇਤਾ ਦੀ ਮੰਗ ਕੀਤੀ ਪਰ ਅਧਿਕਾਰੀਆਂ ਨੇ ਕੋਈ ਕਾਰਵਾਈ ਨਾ ਕੀਤੀ।

ਅਸਲ ਵਿਚ ਅੰਗਰੇਜ਼ ਦੋਗਲੀ ਨੀਤੀ ‘ਤੇ ਚਲ ਰਹਿ ਸਨ। ਉਹ ਮਹੰਤਾਂ ਰਾਹੀਂ ਅਕਾਲੀ ਲਹਿਰ ਨੂੰ ਦਬਾਉਣਾ ਚਾਹੁੰਦੇ ਸਨ ਤੇ ਸਿੱਖ ਭਾਈਚਾਰੇ ਦੀ ਨਰਾਜ਼ਗੀ ਤੋਂ ਵੀ ਬਚਣਾ ਚਾਹੁੰਦੇ ਸਨ।

ਇਸ ਤ੍ਰਾਸਦੀ ਨੂੰ ਰੋਕਣ ਲਈ ਇਹਤਿਆਤੀ ਕਾਰਵਾਈ ਕਰਨ ਵਿਚ ਨਾਕਾਮ ਰਹਿਣ ਲਈ ਸਥਾਨਕ ਅਧਿਕਾਰੀਆਂ ਦੀ ਭਾਰਤ ਦੇ ਵਾਇਸਰਾਇ ਦੀ ਕਾਰਜਕਾਰੀ ਪ੍ਰੀਸ਼ਦ ਅਤੇ ਭਾਰਤ ਬਾਰੇ ਲੰਡਨ ਸਥਿਤ ਵਿਦੇਸ਼ ਵਿਭਾਗ ਦੇ ਮੁੱਖੀ ਦਫ਼ਤਰ ਵੱਲੋਂ ਸਖ਼ਤ ਨੁਕਤਾ ਚੀਨੀ ਕੀਤੀ ਗਈ। ਵਾਇਸਰਾਇ ਨੇ ਕਿਹਾ ਕਿ ਮਹੰਤ ਨੇ ਸੁਰੱਖਿਆ ਨਾ ਮਿਲਣ ਕਰਕੇ ਹਿੰਸਾ ਦਾ ਸਹਾਰਾ ਲਿਆ ਤੇ ਜੇ ਪੁਲਿਸ ਸੁਰੱਖਿਆ ਮੁਹੱਈਆ ਕੀਤੀ ਹੁੰਦੀ ਤਾਂ ਇਹ ਦੁਖਾਂਤ ਨਾ ਵਾਪਰਦਾ। ਪਰ  ਇਸ ਦੇ ਬਾਵਜੂਦ ਨਾ ਪੰਜਾਬ ਸਰਕਾਰ ਅਤੇ ਨਾ ਹੀ ਵਾਇਸਰਾਇ ਨੇ ਕਿਸੇ ਅਧਿਕਾਰੀ ਨੂੰ ਕੁਝ ਨਾ ਕਿਹਾ। ਇਸ ਦੇ ਐਨ ਉਲਟ, ਇਸ ਗੱਲ ਦਾ ਧਿਆਨ ਰਖਦਿਆਂ ਕਿ ਨੌਕਰਸ਼ਾਹੀ ਦੀ ਬਦਨਾਮੀ ਹੋ ਰਹੀ ਹੈ, ਪ੍ਰੀਸ਼ਦ ਦੇ ਮੈਂਬਰਾਂ ਨੇ ਸੁਝਾਅ ਦਿੱਤਾ ਕਿ ਮਹੰਤ ਅਤੇ ਉਸ ਦੇ ਬੰਦਿਆਂ ਦੇ ਖ਼ਿਲਾਫ਼ ਕਾਰਵਾਈ ਕਰਨ ਤੋਂ ਪਹਿਲਾਂ ਸੰਬੰਧਿਤ ਬਰਤਾਨਵੀਂ ਅਧਿਕਾਰੀਆਂ ਨੂੰ ਦੋਸ਼ ਮੁਕਤ ਕੀਤਾ ਜਾਣਾ ਚਾਹੀਦਾ ਹੈ। ਇਹ ਵੀ ਸੁਝਾਅ ਦਿੱਤਾ ਗਿਆ ਕਿ ਬਿਆਨ ‘ਤੇ ਬਿਆਨ ਦਿੱਤੇ ਜਾਣ ਕਿ ਇਹ ਅਧਿਕਾਰੀ ਆਪਣੇ ਫ਼ਰਜ ਦੀ ਕੁਤਾਹੀ ਦੇ ਦੋਸ਼ੀ ਨਹੀਂ ਅਤੇ ਗੁਰਦੁਆਰਾ ਸੁਧਾਰ ਲਹਿਰ ਬਾਰੇ ਸਰਕਾਰ ਨੂੰ ਘਟਨਾਵਾਂ ਦੀ ਤਾਜ਼ਾ ਤੋਂ ਤਾਜ਼ਾ ਜਾਣਕਾਰੀ ਦਿੰਦੇ ਰਹੇ ਹਨ। ਇਸ ਨਸੀਅਤ ਉੱਤੇ ਅਮਲ ਕਰਦਿਆਂ, ਪੰਜਾਬ ਸਰਕਾਰ ਦੇ ਗ੍ਰਹਿ ਮੰਤਰੀ ਨੇ ਪੰਜਾਬ ਵਿਧਾਨ ਪ੍ਰੀਸ਼ਦ ਵਿਚ ਸਥਾਨਕ ਅਧਿਕਾਰੀਆਂ ਦੀ ਕਾਰਵਾਈ ਦੀ ਹਿਮਾਇਤ ਵਿਚ ਵਾਰ ਵਾਰ ਬਿਆਨ ਦਿੱਤੇ।

ਸਾਕਾ ਨਨਕਾਣਾ ਸਾਹਿਬ ਦੇ ਦੁਖਾਂਤ ਨੇ ਦਿੱਲੀ ਅਤੇ ਲੰਡਨ ਵਿਚ ਬੈਠੇ ਉੱਤਲੇ ਹਾਕਮਾਂ ਨੂੰ ਇਹ ਸੋਚਣ ਲਈ ਮਜ਼ਬੂਰ ਕਰ ਦਿੱਤਾ ਕਿ ਘੱਟ-ਗਿਣਤੀ ਭਾਈਚਾਰੇ ਦੇ ਧਾਰਮਿਕ ਮਾਮਲਿਆਂ ਵਿਚ ਦਖ਼ਲ ਨਾ ਦੇਣ ਦੀ ਪਹਿਲੀ ਨੀਤੀ ਨੂੰ ਬਦਲੇ ਜਾਣ ਦੀ ਫੌਰੀ ਲੋੜ ਹੈ।

ਨਨਕਾਣੇ ਸਾਹਿਬ ਦੀ ਅਦੁਤੀ ਸ਼ਹੀਦੀ ਨੇ ਸਿੱਖਾਂ ਨੂੰ ਇਕਮੁੱਠ ਕਰ ਦਿੱਤਾ। ਅਕਾਲੀ ਜਥੇਬੰਦੀ ਦਾ ਘੇਰਾ ਵਿਸ਼ਾਲ ਹੋ ਗਿਆ ਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਿਆਂ ਦੇ ਪ੍ਰਬੰਧ ਦੇ ਮਾਮਲੇ ਵਿਚ ਸਾਰੇ ਸਿੱਖਾਂ ਦੀ ਪ੍ਰਤੀਨਿਧ ਬਣ ਗਈ। ਨਨਕਾਣਾ ਸਾਹਿਬ ਦੇ ਸਾਰੇ ਗੁਰਦੁਆਰੇ ਅਕਾਲੀ ਜਥਿਆਂ ਦੇ ਪ੍ਰਬੰਧ ਵਿਚ ਆ ਗਏ ਤੇ ਅੰਗਰੇਜ਼, ਰਾਜ ਦੀ ਸਥਿਰਤਾ ਲਈ ਵੱਧ ਤੋਂ ਵੱਧ ਤਸ਼ੱਦਦੀ ਮਸ਼ੀਨਰੀ ਵਲ ਵੇਖਣ ਲੱਗ ਪਏ। ਸਰਕਾਰ ਨੇ ਗੁਰਦੁਆਰਾ ਲਹਿਰ ਨਾਲ ਨਿਬੜਨ ਲਈ ਦੋ ਨੁਕਾਤੀ ਨੀਤੀ ਬਣਾਈ।ਪਹਿਲਾ, ਗੁਰਦੁਆਰਾ ਤਹਿਰੀਕ ਦੇ ਨਜਿਠਣ ਲਈ ਕਾਨੂੰਨ ਬਣਾ ਦੇਣ ਦਾ ਚੋਗਾ ਪਾਉ-ਅਜਿਹਾ ਕਾਨੂੰਨ ਜਿਸ ਵਿਚ, ਜੇ ਸਿੱਧਾ ਨਹੀਂ ਤਾਂ ਪੁੱਠਾ, ਸਰਕਾਰੀ ਦਖ਼ਲ ਰਹੇ।ਦੂਜਾ, ਲਾ-ਕਾਨੂੰਨੀ ਦਾ ਹਊਆ ਖੜਾ ਕਰਕੇ ਅਕਾਲੀ ਜਥੇਬੰਦੀ ਨੂੰ ਭਰਪੂਰ ਤਸ਼ਦਦ ਨਾਲ ਖ਼ਤਮ ਕਰੋ।

13 ਮਾਰਚ 1921 ਨੂੰ ਦਿੱਲੀ ਤੇ ਭਾਰਤ ਸਰਕਾਰ ਨੇ ਗਵਰਨਰ ਮੈਕਲੈਗਨ ਨੂੰ ਲਿਿਖਆ ਕਿ ਪੰਜਾਬ ਵਿਚ ਸਿੱਖਾਂ ਦੀ ਲਾ-ਕਾਨੂੰਨੀ ਦੀਆਂ ਬੜੀਆਂ ਚਿੰਤਾਜਨਕ ਖ਼ਬਰਾਂ ਆ ਰਹੀਆਂ ਹਨ। ਜੇ ਇਸ ਨੂੰ ਰੋਕਿਆ ਨਾ ਗਿਆ ਤਾਂ ਸਾਰੇ ਸੂਬੇ ਦੇ ਅਮਨ ਚੈਨ ਲਈ ਗੰਭੀਰ ਖ਼ਤਰਾ ਬਣ ਸਕਦਾ ਹੈ। ਇਸ ਲਈ ਤਾਬੜ ਤੋੜ ਕਾਰਵਾਈ ਕੀਤੀ ਜਾਵੇ।  ਇਸ ਨਾਲ ਤਸ਼ਦਦ ਦਾ ਨਵਾਂ ਦੌਰ ਸ਼ੁਰੂ ਹੋ ਗਿਆ ਤੇ 15 ਮਾਰਚ 1921 ਤੋਂ ਅਕਾਲੀਆਂ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਕਰ ਦਿੱਤੀਆਂ। ਕਰਤਾਰ ਸਿੰਘ ਝੱਬਰ ਜਿਸ ਦੀ ਅਗਵਾਈ ਵਿਚ ਗੁਰਦੁਆਰਾ ਜਨਮ ਅਸਥਾਨ ਉੱਤੇ ਕਬਜ਼ਾ ਕੀਤਾ ਗਿਆ ਸੀ,ਉਹ ਸਰਕਾਰ ਨੂੰ  ਸਭ ਤੋਂ ਵੱਧ ਰੜਕਦਾ ਸੀ। ਪੁਲਿਸ ਪੂਰੀ ਤਿਆਰੀ ਨਾਲ ਹਥਿਆਰਾਂ ਨਾਲ ਲੈਸ ਹੋ ਕੇ ਗੁਰਦੁਆਰਾ ਕਿਆਰਾ ਸਾਹਿਬ ਵਿਚੋਂ ਝੱਬਰ ਤੇ ਹੋਰ ਅਕਾਲੀਆਂ ਨੂੰ ਫੜਨ ਲਈ ਗਈ। ਪਰ ਝੱਬਰ ਨੇ ਕੋਈ ਵਿਰੋਧਤਾ ਨਾ ਕੀਤੀ ਤੇ ਸ਼੍ਰੋਮਣੀ ਕਮੇਟੀ ਦੀ ਨੀਤੀ ਅਨੁਸਾਰ ਚੱੁਪ ਚੁਪੀਤੇ ਗ੍ਰਿਫ਼ਤਾਰੀ ਦੇ ਦਿੱਤੀ।

ਸਰਕਾਰੀ ਹਮਲਾ ਹੋਰ ਤਿੱਖਾ ਹੋ ਗਿਆ ਤੇ ਪੰਜਾਬ ਸਰਕਾਰ ਨੇ ਜਿਲ੍ਹਾ ਮੈਜਿਸਟਰੇਟਾਂ ਨੂੰ ਹਦਾਇਤਾਂ ਦਿੱਤੀਆਂ ਕਿ ਝਗੜੇ ਵਾਲੇ ਗੁਰਦੁਆਰਿਆਂ ਨੂੰ ਦਫ਼ਾ 145 ਅਧੀਨ ਸਰਕਾਰੀ ਕਬਜ਼ੇ ਵਿਚ ਕਰ ਲਉ। ਡਿਪਟੀ ਕਮਿਸ਼ਨਰਾਂ ਨੂੰ ਹੁਕਮ ਦਿੱਤਾ ਗਿਆ ਕਿ ਜਿਨ੍ਹਾਂ ਆਦਮੀਆਂ ਪਾਸ ਛੱਵ੍ਹੀਆਂ, ਟਕੂਏ ਜਾਂ ਅਜਿਹੇ ਹੋਰ ਹਥਿਆਰ ਹੋਣ ਉਨ੍ਹਾਂ ‘ਤੇ ਹਥਿਆਰਾਂ ਦੇ ਕਾਨੂੰਨ ਅਧੀਨ ਮੁੱਕਦਮੇ ਚਲਾਉ।

ਪੰਜਾਬ ਸਰਕਾਰ ਨੇ ਗੁਰਦੁਆਰਾ ਮਾਣਕ ਤੇ ਸ਼ਹਿਰ ਲਾਹੌਰ ਦੇ ਇਕ ਹੋਰ ਗੁਰਦੁਆਰੇ ਚੁਮਾਲ੍ਹਾ ਸਾਹਿਬ ‘ਤੇ ਕਬਜ਼ਾ ਕਰ ਲਿਆ ਤੇ ਪ੍ਰਬੰਧਕ ਅਕਾਲੀਆਂ ਨੂੰ ਜੇਲ੍ਹ ਵਿਚ ਸੁੱਟ ਦਿੱਤਾ। ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ 15 ਮਾਰਚ 1921 ਨੂੰ ਮੁਕਤਸਰ, 19 ਮਾਰਚ 1921 ਨੂੰ ਆਨੰਦਪੁਰ ਸਾਹਿਬ ਅਤੇ ਹੁਸ਼ਿਆਰਪੁਰ ਵਿਚ ਫੌਜੀ ਦਸਤੇ ਘਲੇ ਜਾਣ ਤਾਂ ਜੋ ਇਨ੍ਹਾਂ ਗੁਰਦੁਆਰਿਆਂ ਨੂੰ ਅਕਾਲੀਆਂ ਦੇ ਕਬਜ਼ੇ ਤੋਂ ਰੋਕਿਆ ਜਾ ਸਕੇ।

ਇਸ ਨੀਤੀ ਨੇ ਸਿੱਖਾਂ ਦਾ ਗੱੁਸਾ ਹੋਰ ਪ੍ਰਚੰਡ ਕਰ ਦਿੱਤਾ ਤੇ ਸ਼੍ਰੋਮਣੀ ਕਮੇਟੀ ਨੇ 20 ਮਾਰਚ 1921 ਨੂੰ ਮੀਟਿੰਗ ਬੁਲ੍ਹਾ ਕੇ ਮੰਗ ਕੀਤੀ ਕਿ (1)ਗੱਦੀਦਾਰਾਂ ਦੀ ਗੱਦੀ ਜਾਂ ਨਸ਼ੀਨੀ ਦਾ ਸਿਲਸਲਾ ਖ਼ਤਮ ਕੀਤਾ ਜਾਵੇ(2) ਸਾਰੀ ਵਕਫ਼ ਜਾਇਦਾਦ ਜਿਹੜੀ ਗੁਰਦੁਆਰਿਆਂ ਦੀ ਹੈ ਦੀ ਮਾਲਕੀ ਗੁਰਦੁਆਰਿਆਂ ਦੀ ਕਰਾਰ ਦਿੱਤੀ ਜਾਵੇ (3)ੇ ਉਨ੍ਹਾਂ ਸਾਰੇ ਗੁਰਦੁਆਰਿਆਂ ਨੂੰ ਮਾਨਤਾ ਦਿੱਤੀ ਜਾਵੇ, ਜਿੰਨਾਂ ਨੂੰ ਸਿੱਖ ਗੁਰਦੁਆਰਾ ਹੋਣ ਦਾ ਦਾਅਵਾ ਕਰਨ।

ਵੇਖਣ ਵਾਲੀ ਗੱਲ ਹੈ ਕਿ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਉੱਤੇ ਛਾਪੇ ਮਾਰਕੇ ਅਤੇ ਅਕਾਲੀ ਪ੍ਰਬੰਧਕਾਂ ਨੂੰ ਬੇ-ਇਜ਼ਤ ਕਰਨ ਲਈ ਹੱਥ ਕੜ੍ਹੀਆਂ ਲਾ ਕੇ ਫੜਿਆ ਗਿਆ ਤਾਂ ਜੋ ਮਹੰਤ ਦੇ ਮੁੱਕਦਮੇ ਵਿਚ ਇਕਬਾਲੀ ਗੁਆਹਾਂ ਉੱਤੇ ਮਰਜ਼ੀ ਦੇ ਬਿਆਨ ਲੈਣ ਲਈ ਦਬਾਅ ਪਾਇਆ ਜਾ ਸਕੇ ਪਰ ਜਨਮ ਅਸਥਾਨ ਦੇ ਗੁਰਦੁਆਰੇ ਨੂੰ ਨਾ ਛੇੜਿਆ ਗਿਆ। ਸ਼ਾਇਦ ਇਹ ਇਸ ਲਈ ਸੀ ਕਿ ਇਸ ਦਾ ਪ੍ਰਬੰਧਕ ਹਰਬੰਸ ਸਿੰਘ ਅਟਾਰੀ ਆਨਰੇਰੀ ਸਕੱਤਰ ਚੀਫ਼ ਖਾਲਸਾ ਦੀਵਾਨ ਸੀ, ਜਿਸ ਨੂੰ ਕਿੰਗ ਨੇ ਆਪਣਾ ਆਦਮੀ ਸਮਝ ਕੇ ਚਾਬੀਆਂ ਦਿੱਤੀਆਂ ਸਨ।ਇਸ ਸਾਰੇ ਮਾਮਲੇ ਵਿਚ ਚੀਫ਼ ਖਾਲਸਾ ਦੀਵਾਨ ਦੀ ਭੂਮਿਕਾ  ਸਰਕਾਰ ਪੱਖੀ ਸੀ,ਜਿਸ ‘ਤੇ ਸੋਹਨ ਸਿੰਘ ਜੋਸ਼ ਨੇ ਆਪਣੀ ਪੁਸਤਕ ਅਕਾਲੀ ਮੋਰਚਿਆਂ ਦਾ ਇਤਿਹਾਸ ਵਿਚ ਬੜੇ ਵਿਸਥਾਰ ਨਾਲ ਚਰਚਾ ਕੀਤੀ ਹੈ।

ਗੁਰਦੁਆਰਿਆਂ ਵਿਚੋਂ ਫੜੇ ਅਕਾਲੀਆਂ ਨੂੰ ਸਖ਼ਤ ਸਜਾਵਾਂ ਦਿੱਤੀਆਂ ਗਈਆਂ। ਤੇਜਾ ਸਿੰਘ ਭੁਚਰ ਨੂੰ 9 ਸਾਲ, ਲਾਹੌਰਾ ਸਿੰਘ ਨੂੰ 11 ਸਾਲ, ਕਰਤਾਰ ਸਿੰਘ ਝੱਬਰ ਨੂੰ 18 ਸਾਲ ਦੀ ਸਖ਼ਤ ਸਜ਼ਾ ਹੋਈ। ਬਾਕੀ ਅਕਾਲੀਆਂ ਨੂੰ ਵੀ ਸਖ਼ਤ ਸਜਾਵਾਂ ਦਿੱਤੀਆਂ ਗਈਆਂ। ਜੱਜ ਨੇ ਇਨ੍ਹਾਂ ਸਜਾਵਾਂ ਦੇ ਨਾਲ ਬੜੇ ਅਨੋਖੇ ਫੈਸਲੇ ਦਿੱਤੇ ਜਿਵੇਂ ਕਿ ਉਦਾਸੀ ਸਿੱਖ ਨਹੀਂ ਹਨ ਤੇ ਕਬਜ਼ੇ ਹੇਠ ਲਿਆਂਦੇ ਗੁਰਦੁਆਰੇ, ਗੁਰਦੁਆਰੇ ਨਹੀਂ ਹਨ, ਉਦਾਸੀਆਂ ਦੇ ਡੇਰੇ ਹਨ ਭਾਵੇਂ ਕਿ ਮਾਲ ਕਾਗਜ਼ਾਂ ਵਿਚ ਇਨ੍ਹਾਂ ਬਾਰੇ ‘ਗੁਰਦੁਆਰਾ’ ਸ਼ਬਦ ਦਰਜ਼ ਸੀ, ਪਰ ਉਸ ਨੇ ਕਿਹਾ ਕਿ ਮੈਂ ਇਸ ਨੂੰ ਕੋਈ ਮਹੱਤਤਾ ਨਹੀਂ ਦਿੰਦਾ। ਮਾਣਕ ਦਾ ਮਹੰਤ ਪਹਿਲਾਂ ਪਹਿਲ ਆਪਣੇ ਆਪ ਨੂੰ ਸਿੱਖ ਕਹਿੰਦਾ ਰਿਹਾ ਪਰ ਹੁਣ ਉਹ ਆਪਣੇ ਆਪ ਨੂੰ ਹਿੰਦੂ ਕਹਿਣ ਲੱਗਾ। ਉਸ ਨੇ ਕਿਹਾ ਕਿ ਸਿੱਖੀ ਨਾਲ ਉਸਦਾ ਕੋਈ ਵਾਸਤਾ ਨਹੀਂ।

ਜਿਥੋਂ ਤੀਕ ਮਹੰਤ ਦੇ ਮੁਕੱਦਮੇ ਦਾ ਸੰਬੰਧ ਹੈ,ਸਰਕਾਰ ਉਸ ਦੀ ਪਿੱਠ ‘ਤੇ ਖੜ੍ਹੀ ਸੀ। ਹਾਈਕੋਰਟ ਵਿਚ ਮਹੰਤ ਨੇ ਆਪਣੇ ਮੁਕੱਦਮੇ ਦੀ ਪੈਰਵੀ ਕਰਨ ਲਈ ਪਟਨੇ ਦੇ ਹਸਨ ਇਮਾਮ ਨੂੰ ਲਿਆਂਦਾ। ਉਸ ਨੇ ਬੜੀਆਂ ਬੇ-ਤੁਕੀਆਂ ਦਲੀਲਾਂ ਦਿੱਤੀਆਂ ਜੋ ਸਿੱਖਾਂ ਨੂੰ ਹਮੇਸ਼ਾ ਸ਼ਰਮਸਾਰ ਕਰਨਗੀਆਂ। ਉਸ ਨੇ ਮਹੰਤ ਵਲੋਂ ਸਾਰੇ ਸਿੱਖਾਂ ਨੂੰ ਮਾਰ ਮੁਕਾਣ ਦਾ ਹੁਕਮ ਦੇਣ ਬਾਰੇ ਆਖਿਆ ਕਿ 130 ਨਹੀਂ, ਜੇ ਮੌਤਾਂ ਦੀ ਗਿਣਤੀ 130 ਹਜ਼ਾਰ ਹੁੰਦੀ ਤਾਂ ਵੀ ਮਹੰਤ ਇਹ ਹੁਕਮ ਦੇਣ ਲਈ ਹੱਕੀ ਤੇ ਠੀਕ ਹੁੰਦਾ। ਹਾਈਕੋਰਟ ਦੇ ਜੱਜਾਂ ਨੇ 3 ਮਾਰਚ 1922 ਨੂੰ ਆਪਣੇ ਫੈਸਲੇ ਵਿਚ ਲਿਿਖਆ ਕਿ ਸਰਕਾਰ ਵਲੋਂ ਸਰੱਖਿਆ ਨਾ ਮਿਲਣ ਕਰਕੇ ਮਹੰਤ ਨੂੰ ਹੱਕ ਪਹੁੰਚਦਾ ਸੀ ਕਿ ਉਹ ਆਪਣੀ ਰੱਖਿਆ ਲਈ ਖ਼ੁਦ ਪ੍ਰਬੰਧ ਕਰੇ ।ਉਨ੍ਹਾਂ ਨੇ ਮਹੰਤ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਦਿੱਤਾ।ਉਨ੍ਹਾਂ ਹਰੀ ਨਾਥ (ਜਿਸ ਨੇ ਜੁਰਮ ਦਾ ਪੂਰਾ ਇਕਬਾਲ ਕਰ ਲਿਆ ਸੀ), ਰਾਂਝਾ ਅਤੇ ਰਿਹਾਨਾ ਦੀ ਫਾਂਸੀ ਦੀ ਸਜ਼ਾ ਬਹਾਲ ਰੱਖੀ ਅਤੇ ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਸੀ, ਉਨ੍ਹਾਂ ਵਿਚੋਂ ਸਿਰਫ਼ 2 ਦੀ ਸਜ਼ਾ ਬਹਾਲ ਰੱਖੀ ਤੇ ਬਾਕੀ ਸਭ ਪਠਾਣਾਂ ਨੂੰ ਰਿਹਾਅ ਕਰ ਦਿੱਤਾ ਗਿਆ। ਇਸ ਨਾਲ ਅੰਗਰੇਜ਼ੀ ਰਾਜ ਦਾ ਪਾਜ਼ ਖੁੱਲ ਗਿਆ ਤੇ ਸਿੱਖਾਂ ਨੇ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣ ਲਈ ਇਕ ਸਾਰਥਕ ਬਿਲ ਪਾਸ ਕਰਾਉਣ ਲਈ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ ਤੇ ਇਸ ਸਾਕੇ ਨਾਲ ਗੁਰਦੁਆਰਿਆਂ ਦੀ ਆਜ਼ਾਦੀ ਦੀ ਤਰੀਕ ਨੂੰ ਹੋਰ ਪ੍ਰਚੰਡ ਕਰਨ ਦਾ ਸਿੱਖਾਂ ਨੂੰ ਮੌਕਾ ਮਿਲ ਗਿਆ।

ਹਵਾਲਾ ਪੁਸਤਕਾਂ

1.ਸੋਹਨ ਸਿੰਘ ਜੋਸ਼,ਅਕਾਲੀ ਮੋਰਚਿਆਂ ਦਾ ਇਤਿਹਾਸ, ਆਰਸੀ ਪਬਲਿਸ਼ਰਜ਼, ਚਾਂਦਨੀ ਚੌਂਕ, ਨਵੀਂ ਦਿੱਲੀ,2000

ਗੁਰਬਖ਼ਸ਼ ਸਿੰਘ ‘ਸ਼ਮਸ਼ੇਰ’ ਝਬਾਲੀਆ, ਸ਼ਹੀਦੀ ਜੀਵਨ, ਧਰਮ ਪ੍ਰਚਾਰ ਕਮੇਟੀ ( ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ),ਸ੍ਰੀ ਅੰਮ੍ਰਿਤਸਰ,2006

ਭਾਈ ਕਾਨ ਸਿੰਘ ਨਾਭਾ, ਗੁਰਸ਼ਬਦ ਰਤਨਾਕਰ ਮਹਾਨ ਕੋਸ਼, ਭਾਸ਼ਾ ਵਿਭਾਗ, ਪਟਿਆਲਾ,1960

4 ਡਾ. ਮਹਿੰਦਰ ਸਿੰਘ, ਅਕਾਲੀ ਲਹਿਰ, ਸਿੰਘ ਬਰਦਰਜ਼, ਅੰਮ੍ਰਿਤਸਰ,2005

ਡਾ. ਚਰਨਜੀਤ ਸਿੰਘ ਗੁਮਟਾਲਾ ,

919417533060,

[email protected]

ਸਾਂਝਾ ਕਰੋ

ਪੜ੍ਹੋ

ਪਹਿਲੀ ਵਾਰ ਹੀ ਪਾਈ ਲਾਟਰੀ, ਇੱਕ ਲਾਟਰੀ

ਮੰਡੀ, 23 ਫਰਵਰੀ – ਮੰਡੀ ਡੱਬਵਾਲੀ ਤੋਂ ਜਲਾਲਾਬਾਦ ਅਪਣੀ ਭੈਣ...