ਕੁਝ ਦਿਨ ਪਹਿਲਾਂ ਡੋਨਲਡ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਵਜੋਂ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕਰਦਿਆਂ ਆਪਣੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਲਾਗੂ ਕਰਨ ਲਈ ਬਹੁਤ ਸਾਰੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ’ਚੋਂ ਇੱਕ ਹੁਕਮ ਇਹ ਸੀ ਕਿ ਅਮਰੀਕਾ ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਲਈ ਫੰਡਾਂ ਦੀ ਅਦਾਇਗੀ ਬੰਦ ਕਰ ਕੇ ਇਸ ਸੰਸਥਾ ’ਚੋਂ ਬਾਹਰ ਆ ਜਾਵੇਗਾ। ਇਸ ਖ਼ਬਰ ਨੇ ਕਰੀਬ ਚਾਰ ਦਹਾਕੇ ਪਹਿਲਾਂ ਵਾਪਰੀ ਘਟਨਾ ਦਾ ਚੇਤਾ ਕਰਵਾ ਦਿੱਤਾ ਜਦੋਂ ਸਿਹਤ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਵਜੋਂ ਸੇਵਾ ਨਿਭਾਉਂਦਿਆਂ ਮੈਂ ਮਈ 1982 ਵਿਚ ਜਨੇਵਾ (ਸਵਿਟਜ਼ਰਲੈਂਡ) ਵਿੱਚ ਵਿਸ਼ਵ ਸਿਹਤ ਸੰਸਥਾ ਦੀ ਸਾਲਾਨਾ ਮੀਟਿੰਗ ਵਿੱਚ ਭਾਰਤ ਦੀ ਤਰਜਮਾਨੀ ਕਰ ਰਿਹਾ ਸੀ। ਇਸ ਦੇ ਲੰਮੇ ਚੌੜੇ ਏਜੰਡੇ ਨੂੰ ਇਸ ਦੇ ‘ਏ’ ਅਤੇ ‘ਬੀ’, ਦੋ ਕਮਿਸ਼ਨਾਂ ਵਿੱਚ ਵੰਡ ਕੇ ਵਿਚਾਰਿਆ ਗਿਆ।
1982 ਵਿੱਚ 163 ਦੇਸ਼ ਵਿਸ਼ਵ ਸਿਹਤ ਸੰਸਥਾ ਦੇ ਮੈਂਬਰ ਸਨ ਜਿਨ੍ਹਾਂ ਸਰਬਸੰਮਤੀ ਨਾਲ ਮੈਨੂੰ ਕਮਿਸ਼ਨ ‘ਬੀ’ ਦੀ ਕਾਰਵਾਈ ਦੀ ਪ੍ਰਧਾਨਗੀ ਕਰਨ ਲਈ ਚੁਣਿਆ ਸੀ। ਜਨੇਵਾ ਵਿੱਚ ਸਾਡੇ ਰਾਜਦੂਤ ਏਪੀ ਵੈਂਕਟੇਸ਼ਵਰਨ ਨੇ ਨਵੀਂ ਦਿੱਲੀ ਨੂੰ ਭੇਜੀ ਆਪਣੀ ਰਿਪੋਰਟ ਵਿੱਚ ਜ਼ਿਕਰ ਕੀਤਾ ਸੀ ਕਿ ਇਹ ‘ਭਾਰਤ ਦੀ ਅਹਿਮ ਕੂਟਨੀਤਕ ਜਿੱਤ’ ਹੈ। ਤੀਜੇ ਦਿਨ ਮੇਰੀ ਚੇਅਰਮੈਨੀ ਹੇਠ ਐਫਰੋ-ਏਸ਼ੀਅਨ ਦੇਸ਼ਾਂ ਦੇ ਸਮੂਹ ਵੱਲੋਂ ਇੱਕ ਮੁੱਦਾ ਏਜੰਡੇ ’ਤੇ ਪੇਸ਼ ਕੀਤਾ ਗਿਆ ਜਿਸ ਵਿੱਚ ਇਜ਼ਰਾਈਲ ਦੇ ਕਬਜ਼ੇ ਹੇਠਲੇ ਇਲਾਕਿਆਂ ਵਿੱਚ ਰਹਿੰਦੇ ਫ਼ਲਸਤੀਨੀਆਂ ਦੀਆਂ ਮਾੜੀ ਸਿਹਤ ਹਾਲਤਾਂ ਵੱਲ ਧਿਆਨ ਲਿਆਉਂਦੇ ਹੋਏ ਮਤੇ ਦਾ ਖਰੜਾ ਰੱਖਿਆ ਗਿਆ ਸੀ।
ਵਿਸ਼ਵ ਸਿਹਤ ਸੰਸਥਾ ਦੇ ਮਹਾਂ ਪ੍ਰਬੰਧਕ (ਡੀਜੀ) ਡਾ. ਹਲਫ਼ਦਾਨ ਮਹਿਲਰ ਮੇਰੇ ਕੋਲ ਆ ਕੇ ਬੈਠੇ ਹੀ ਸਨ ਕਿ ਮੈਂ ਫ਼ਲਸਤੀਨੀ ਵਫ਼ਦ ਦੇ ਆਗੂ ਨੂੰ ਏਜੰਡਾ ਆਈਟਮ ਅਤੇ ਇਸ ਪ੍ਰਸੰਗ ਵਿੱਚ ਵਿਸ਼ੇ ਦੀ ਮਾਹਿਰਾਨਾ ਕਮੇਟੀ ਦੀ ਰਿਪੋਰਟ ਅਤੇ ਇਜ਼ਰਾਇਲੀ ਸਿਹਤ ਮੰਤਰਾਲੇ, ਫ਼ਲਸਤੀਨੀ ਮੁਕਤੀ ਸੰਗਠਨ ਤੇ ਫ਼ਲਸਤੀਨੀ ਸ਼ਰਨਾਰਥੀਆਂ ਨੂੰ ਰਾਹਤ ਪਹੁੰਚਾਉਣ ਵਾਲੀ ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਏਜੰਸੀ ਵੱਲੋਂ ਪੇਸ਼ ਕੀਤੀਆਂ ਗਈਆਂ ਰਿਪੋਰਟਾਂ ਅਤੇ ਇਸ ਨਾਲ ਸਬੰਧਿਤ ਸੰਯੁਕਤ ਰਾਸ਼ਟਰ ਮਹਾਸਭਾ ਦੇ ਮਤੇ ਉੱਪਰ ਬੋਲਣ ਲਈ ਕਿਹਾ। ਇਸ ਤੋਂ ਪਹਿਲਾਂ ਕਿ ਮੈਂ ਅਗਲੇ ਡੈਲੀਗੇਟ ਨੂੰ ਇਸ ਮੁੱਦੇ ’ਤੇ ਬੋਲਣ ਲਈ ਆਖਦਾ, ਡਾ. ਜੌਨ੍ਹ ਬ੍ਰਾਇੰਟ ਜੋ ਅਮਰੀਕੀ ਵਫ਼ਦ ਦੇ ਸਨਮਾਨਤ ਮੈਂਬਰ ਸਨ, ਨੇ ਖੜ੍ਹੇ ਹੋ ਕੇ ਆਪਣੇ ਨਾਂ ਦਾ ਕਾਰਡ ਲਹਿਰਾਉਂਦੇ ਹੋਏ ਫ਼ੌਰੀ ਦਖ਼ਲ ਦੀ ਮੰਗ ਕੀਤੀ।
ਡਾ. ਬ੍ਰਾਇੰਟ ਨੇ ਤੈਸ਼ ਵਿੱਚ ਆ ਕੇ ਸ਼ਿਕਾਇਤ ਕੀਤੀ ਕਿ ਜੇ ਮਤੇ ਦੇ ਖਰੜੇ ਵਿੱਚ ਤੁਰੰਤ ਕੁਝ ਸੋਧਾਂ ਨਾ ਕੀਤੀਆਂ ਗਈਆਂ ਤਾਂ ਇਸ ਦਾ ਇਜ਼ਰਾਈਲ ਦੇ ਮੈਂਬਰਸ਼ਿਪ ਹੱਕਾਂ ਅਤੇ ਸੇਵਾਵਾਂ ਖ਼ਤਮ ਹੋਣ ਦੇ ਰੂਪ ਵਿੱਚ ਬਹੁਤ ਹੀ ਘਾਤਕ ਸਿੱਟਾ ਨਿਕਲ ਸਕਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਇਸ ਆਈਟਮ ਉੱਪਰ ਹੋਰ ਬਹਿਸ ਕੀਤੀ ਗਈ ਤਾਂ ਉਨ੍ਹਾਂ ਨੂੰ ਇਹ ਸੂਚਨਾ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ ਕਿ “ਅਮਰੀਕਾ ਵਿਸ਼ਵ ਸਿਹਤ ਸੰਸਥਾ ਨੂੰ ਆਪਣੀ ਬਜਟ ਇਮਦਾਦ ਮੁਲਤਵੀ ਕਰ ਕੇ ਇਸ ਤੋਂ ਵੱਖ ਹੋ ਜਾਵੇਗਾ” (ਉਸ ਵੇਲੇ ਸ਼ਾਇਦ ਵਿਸ਼ਵ ਸਿਹਤ ਸੰਸਥਾ ਦੇ ਕੁੱਲ ਬਜਟ ਦਾ ਇੱਕ ਚੌਥਾਈ ਹਿੱਸਾ ਅਮਰੀਕਾ ਤੋਂ ਆਉਂਦਾ ਸੀ!)। ਡਾ. ਬ੍ਰਾਇੰਟ ਦੇ ਬਿਆਨ ਤੋਂ ਬਾਅਦ ਅਸੈਂਬਲੀ ਹਾਲ ਵਿੱਚ ਤਰਥੱਲੀ ਮੱਚ ਗਈ ਤੇ ਡੈਲੀਗੇਟ ਇਸ ਦੇ ਵਿਰੋਧ ਅਤੇ ਹੱਕ ਵਿੱਚ ਖੜ੍ਹੇ ਹੋ ਕੇ ਨਾਅਰੇ ਲਾ ਰਹੇ ਸਨ। ਮੀਟਿੰਗ ਵਿੱਚ ਵਿਵਸਥਾ ਬਣਾਈ ਰੱਖਣ ਲਈ ਮੇਰੇ ਵੱਲੋਂ ਕੀਤੀ ਜਾ ਰਹੀ ਤਾਕੀਦ ਰੌਲੇ ਰੱਪੇ ਵਿੱਚ ਗੁਆਚ ਗਈ। ਇਸੇ ਦੌਰਾਨ ਮੈਂ ਕਾਰਵਾਈ ਇੱਕ ਘੰਟੇ ਲਈ ਮੁਲਤਵੀ ਕਰਨ ਦਾ ਐਲਾਨ ਕਰਨ ਵਿੱਚ ਕਾਮਯਾਬ ਹੋ ਗਿਆ। ਇਸ ਘਟਨਾ ਤੋਂ ਬੇਹੱਦ ਦੁਖੀ ਨਜ਼ਰ ਆ ਰਹੇ ਡਾ. ਮਹਿਲਰ ਨਾਲ ਸੰਖੇਪ ਜਿਹੀ ਮਿਲਣੀ ਤੋਂ ਬਾਅਦ ਹਾਲ ਵਿੱਚ ਪਰਤਿਆ ਅਤੇ ਅਗਲੇ ਦੋ ਘੰਟੇ ਇਸ ਅਫ਼ਸੋਸਨਾਕ ਰੇੜਕੇ ਦੀਆਂ ਪ੍ਰਮੁੱਖ ਧਿਰਾਂ ਨਾਲ ਗੱਲਬਾਤ ਵਿੱਚ ਰੁੱਝਿਆ ਰਿਹਾ। ਜਦੋਂ ਮੈਂ ਮਹਿਸੂਸ ਕੀਤਾ ਕਿ ਵਿਵਾਦ ਨੂੰ ਸੌਖਿਆਂ ਨਹੀਂ ਸੁਲਝਾਇਆ ਜਾ ਸਕਦਾ ਤਾਂ ਮੈਂ ਕਮਿਸ਼ਨ ਦੀ ਬੈਠਕ ਅਗਲੇ ਦਿਨ ਹੋਣ ਦਾ ਐਲਾਨ ਕਰ ਦਿੱਤਾ।
ਮੈਂ ਕਮਿਸ਼ਨ ‘ਬੀ’ ਦੇ ਸਕੱਤਰ ਤੋਂ ਉਨ੍ਹਾਂ ਸਾਰੀਆਂ ਰਿਪੋਰਟਾਂ ਅਤੇ ਮਤਿਆਂ ਦੀਆਂ ਨਕਲਾਂ ਲੈ ਲਈਆਂ ਜਿਨ੍ਹਾਂ ਦਾ ਹਵਾਲਾ ਖਰੜੇ ਦੇ ਮਤੇ ਵਿੱਚ ਦਿੱਤਾ ਗਿਆ ਸੀ। ਨਾਲ ਹੀ ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਅਮਰੀਕਾ, ਇਜ਼ਰਾਈਲ, ਫ਼ਲਸਤੀਨ ਤੇ ਅਫਰੀਕੀ-ਏਸ਼ਿਆਈ ਗਰੁੱਪ ਦੇ ਵਫ਼ਦਾਂ ਨਾਲ ਸੰਪਰਕ ਕਰ ਕੇ ਮੇਰੇ ਲਈ ਉਨ੍ਹਾਂ ਨਾਲ ਉਸੇ ਸ਼ਾਮ ਛੇ ਵਜੇ ਤੋਂ ਬਾਅਦ ਮੁਲਾਕਾਤਾਂ ਦਾ ਸਮਾਂ ਲੈ ਕੇ ਦੇਣ, ਬੈਠਕਾਂ ਵਿਚਾਲੇ ਇੱਕ ਘੰਟੇ ਦਾ ਅੰਤਰ ਵੀ ਰੱਖਣ। ਛੇਤੀ ਹੋਟਲ ਦੇ ਕਮਰੇ ’ਚ ਜਾ ਕੇ ਮੈਂ ਅਗਲੇ ਛੇ ਘੰਟੇ ਸਾਰੇ ਸਬੰਧਿਤ ਦਸਤਾਵੇਜ਼ ਪੜ੍ਹਦਿਆਂ ਬਿਤਾਏ, ਨੋਟ ਲਏ ਅਤੇ ਤੰਗੀ ਦਾ ਕਾਰਨ ਬਣ ਰਹੇ ਸਾਰੇ ਸੰਭਾਵੀ ਨੁਕਤਿਆਂ ਨੂੰ ਖ਼ਤਮ ਕਰ ਕੇ ਖਰੜੇ ਦੇ ਮਤੇ ਨੂੰ ਸੋਧਿਆ, ਖ਼ਾਸ ਤੌਰ ’ਤੇ ਉਹ ਸ਼ਬਦ ਦੁਬਾਰਾ ਲਿਖੇ ਜੋ ਡਾ. ਬ੍ਰਾਇੰਟ ਮੁਤਾਬਿਕ, ਇਜ਼ਰਾਈਲ ਦੇ ਕੌਮੀ ਹਿੱਤਾਂ ’ਤੇ ਨਕਾਰਾਤਮਕ ਪ੍ਰਭਾਵ ਛੱਡਦੇ ਸਨ।
ਸ਼ਾਮ ਛੇ ਵਜੇ ਤੋਂ ਬਾਅਦ ਮੈਂ ਸਬੰਧਿਤ ਵਫ਼ਦਾਂ ਦੇ ਆਗੂਆਂ ਨਾਲ ਲਗਾਤਾਰ ਚਰਚਾਵਾਂ ਕੀਤੀਆਂ। ਹਰ ਮੀਟਿੰਗ ’ਚ ਮੈਂ ਵਿਸ਼ੇਸ਼ ਤੌਰ ’ਤੇ ਸੋਧੇ ਹੋਏ ਮਤੇ ਦਾ ਉਹ ਹਿੱਸਾ ਪਡਿ਼੍ਹਆ ਜੋ ਮੈਂ ਲਿਖਿਆ ਸੀ ਤੇ ਫ਼ਲਸਤੀਨੀ ਅਤੇ ਅਫਰੀਕੀ-ਏਸ਼ਿਆਈ ਵਫ਼ਦਾਂ ਦਾ ਪੂਰਾ ਸਮਰਥਨ ਲੈਣ ਵਿੱਚ ਸਫਲ ਹੋ ਗਿਆ ਜਿਨ੍ਹਾਂ ਦੋਵਾਂ ਨੂੰ ਮੈਂ ਇਕੱਠਿਆਂ ਮਿਲਿਆ ਸੀ। ਜਦੋਂ ਮੈਂ ਇਜ਼ਰਾਇਲੀ ਵਫ਼ਦ ਨੂੰ ਮਿਲਿਆ, ਸਮਾਂ ਪਹਿਲਾਂ ਹੀ ਨੌਂ ਤੋਂ ਉੱਪਰ ਹੋ ਚੁੱਕਾ ਸੀ, ਤੇ ਨਿਸਬਤਨ ਥੋੜ੍ਹੀ ਲੰਮੀ ਚਰਚਾ ਤੋਂ ਬਾਅਦ ਉਨ੍ਹਾਂ ਨੂੰ ਸਹਿਮਤ ਕਰਨ ’ਚ ਸਫਲ ਰਿਹਾ।
ਜਦੋਂ ਮੈਂ ਅਮਰੀਕੀ ਵਫ਼ਦ ਦੇ ਹੋਟਲ ਵਿੱਚ ਪਹੁੰਚਿਆ, ਰਾਤ ਦੇ 11 ਵੱਜ ਚੁੱਕੇ ਸਨ। ਬਾਕੀ ਸਾਰੇ ਸਹਿਮਤ ਸਨ, ਇਸ ਲਈ ਮੈਨੂੰ ਆਸ ਸੀ ਕਿ ਇਹ ਆਖ਼ਿਰੀ ਬੈਠਕ ਜਲਦੀ ਮੁੱਕ ਜਾਵੇਗੀ। ਇਸ ਦੀ ਥਾਂ ਮੈਨੂੰ ਇਜ਼ਰਾਈਲ ਨਾਲ ਸਬੰਧਿਤ ਯੂਐੱਨਜੀਏ ਦੇ ਦਰਜਨਾਂ ਮਤਿਆਂ ਦੇ ਰੂ-ਬ-ਰੂ ਕੀਤਾ ਗਿਆ। ਮੈਂ ਧੀਰਜ ਰੱਖਿਆ ਤੇ ਅਖ਼ੀਰ, ਨਵੇਂ ਖਰੜੇ ਲਈ ਡਾ. ਬ੍ਰਾਇੰਟ ਦਾ ਸਾਥ ਲੈਣ ਵਿਚ ਸਫਲ ਰਿਹਾ। ਨਵੇਂ ਖਰੜੇ ਦੀ ਹੱਥ ਨਾਲ ਲਿਖੀ ਸਾਫ-ਸੁਥਰੀ ਕਾਪੀ ਵਿਸ਼ਵ ਸਿਹਤ ਸੰਸਥਾ ਦੀ ਜ਼ਿੰਮੇਵਾਰ ਅਧਿਕਾਰੀ ਸਿਮੋਨ ਨੂੰ ਸੌਂਪਣ ਤੋਂ ਬਾਅਦ ਰਾਤ ਕਰੀਬ ਇੱਕ ਵਜੇ ਮੈਂ ਹੋਟਲ ਪਰਤਿਆ। ਉਸ ਵੇਲੇ ਅਧਿਕਾਰੀ ਨੇ ਲੋੜੀਂਦੀ ਗਿਣਤੀ ’ਚ ਇਸ ਦੀਆਂ ਨਕਲਾਂ ਬਣਵਾਉਣ ਤੇ ਸਵੇਰੇ ਕੰਮਕਾਜ ਸ਼ੁਰੂ ਹੋਣ ਤੋਂ ਪਹਿਲਾਂ ਇਨ੍ਹਾਂ ਨੂੰ ਅਸੈਂਬਲੀ ’ਚ ਵੰਡਣ ਦੀ ਸਹਿਮਤੀ ਦਿੱਤੀ (ਅਗਲਾ ਦਿਨ ਹਾਲਾਂਕਿ ਪਹਿਲਾਂ ਹੀ ਹੋ ਚੁੱਕਾ ਸੀ!)।
ਜਦੋਂ ਡਾ. ਮਹਿਲਰ ਅਤੇ ਮੈਂ ਮੰਚ ’ਤੇ ਆਏ ਤਾਂ ਅਸੈਂਬਲੀ ਹਾਲ ’ਚ ਅਸਹਿਜ ਜਿਹੀ ਚੁੱਪ ਸੀ। ਰਸਮੀ ਤੌਰ ’ਤੇ ਮੀਟਿੰਗ ਸ਼ੁਰੂ ਕਰਦਿਆਂ ਮੈਂ ਲੰਘੇ ਦਿਨ ਦੀ ਦੁਪਹਿਰ ਤੋਂ ਬਾਅਦ ਹੋਈਆਂ ਗਤੀਵਿਧੀਆਂ ਨੂੰ ਸੰਖੇਪ ’ਚ ਬਿਆਨ ਕੀਤਾ ਤੇ ਦੱਸਿਆ ਕਿ ਕਿਵੇਂ ਮੈਂ ਸਾਰੇ ਸਬੰਧਿਤ ਮੈਂਬਰ ਮੁਲਕਾਂ ਦੇ ਆਗੂਆਂ ਦਾ ਸਮਰਥਨ ਹਾਸਿਲ ਕਰਨ ’ਚ ਸਫਲ ਰਿਹਾ ਹਾਂ ਤੇ ਨਾਲ ਹੀ ਆਪਣੇ ਵੱਲੋਂ ਸੋਧ ਕੇ ਤਿਆਰ ਕੀਤੇ ਮਤੇ ਦੇ ਖਰੜੇ ਬਾਰੇ ਵੀ ਦੱਸਿਆ। ਮੈਂ ਪੁੱਛਿਆ ਕਿ ਕੀ ਅਪਣਾਏ ਜਾ ਰਹੇ ਮਤੇ ’ਤੇ ਕਿਸੇ ਨੂੰ ਇਤਰਾਜ਼ ਹੈ? ਕੋਈ ਟਿੱਪਣੀ ਨਹੀਂ ਹੋਈ ਤੇ ਮੈਂ ਡੈਸਕ ’ਤੇ ਹਥੌੜੇ ਨਾਲ ਸੱਟ ਮਾਰ ਮਤੇ ਦੇ ਸਰਬਸੰਮਤੀ ਨਾਲ ਪਾਸ ਹੋਣ ਦਾ ਐਲਾਨ ਕਰ ਦਿੱਤਾ। ਜੁੜੀ ਸਭਾ ਨੇ ਜ਼ਾਹਿਰਾ ਤੌਰ ’ਤੇ ਸੁੱਖ ਦਾ ਸਾਹ ਲਿਆ।