ਜੇ ਅਸੀਂ ਬੇਰੁਜ਼ਗਾਰੀ ਖਤਮ ਨਹੀਂ ਕਰ ਸਕੇ ਤਾਂ ਮੋਦੀ ਵੀ ਨਹੀਂ ਕਰ ਸਕਿਆ : ਰਾਹੁਲ

ਨਵੀਂ ਦਿੱਲੀ, 4 ਫਰਵਰੀ – ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਸੋਮਵਾਰ ਬਜਟ ਅਜਲਾਸ ਵਿਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਪੇਸ਼ ਧੰਨਵਾਦ ਮਤੇ ’ਤੇ ਜਾਰੀ ਬਹਿਸ ਵਿਚ ਸ਼ਾਮਲ ਹੁੰਦਿਆਂ ਕਿਹਾ ਕਿ ਯੂ ਪੀ ਏ ਤੇ ਐੱਨ ਡੀ ਏ ਦੋਵੇਂ ਬੇਰੁਜ਼ਗਾਰੀ ਨਾਲ ਸਿੱਝਣ ਵਿਚ ਨਾਕਾਮ ਰਹੇ ਹਨ। ਉਨ੍ਹਾ ਕਿਹਾ ਕਿ ਰਾਸ਼ਟਰਪਤੀ ਦੇ ਭਾਸ਼ਣ ਵਿਚ ਕੁਝ ਵੀ ਨਵਾਂ ਨਹੀਂ, ਪਿਛਲੇ ਭਾਸ਼ਣ ਵਾਲੀਆਂ ਉਹੀ ਪੁਰਾਣੀਆਂ ਗੱਲਾਂ ਸਨ। ਉਨ੍ਹਾ ਕਿਹਾਅਸੀਂ ਬੇਰੁਜ਼ਗਾਰੀ ਨਾਲ ਸਿੱਝਣ ਵਿਚ ਨਾਕਾਮ ਰਹੇ ਹਾਂ; ਨਾ ਯੂ ਪੀ ਏ ਤੇ ਨਾ ਹੀ ਐੱਨ ਡੀ ਏ ਨੇ ਦੇਸ਼ ਦੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਬਾਰੇ ਕੋਈ ਸਪੱਸ਼ਟ ਜਵਾਬ ਦਿੱਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਸ਼ਿਸ਼ ਕੀਤੀ ਅਤੇ ਸੰਕਲਪ ਵਜੋਂ ‘ਮੇਕ ਇਨ ਇੰਡੀਆ’ ਇੱਕ ਚੰਗਾ ਵਿਚਾਰ ਸੀ, ਪਰ ਇਹ ਸਪੱਸ਼ਟ ਹੈ ਕਿ ਉਹ ਅਸਫਲ ਰਹੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਮੇਕ ਇਨ ਇੰਡੀਆ’ ਪਹਿਲਕਦਮੀ ਦੇ ਹਵਾਲਾ ਦਿੰਦਿਆਂ ਰਾਹੁਲ ਨੇ ਕਿਹਾ2014 ਵਿੱਚ ਮੈਨੂੰਫੈਕਚਰਿੰਗ ਸੈਕਟਰ ਦਾ ਜੀ ਡੀ ਪੀ ਵਿੱਚ ਹਿੱਸਾ 15.3 ਫੀਸਦੀ ਹੁੰਦਾ ਸੀ। ਇਹ ਅੱਜ 12.6 ਤੱਕ ਡਿੱਗ ਗਿਆ ਹੈ। ਇਹ 60 ਸਾਲਾਂ ਵਿੱਚ ਸਭ ਤੋਂ ਘੱਟ ਹਿੱਸਾ ਹੈ। ਮੈਂ ਇਸ ਲਈ ਪ੍ਰਧਾਨ ਮੰਤਰੀ ’ਤੇ ਦੋਸ਼ ਨਹੀਂ ਲਾ ਰਿਹਾ। ਇਹ ਕਹਿਣਾ ਵਾਜਬ ਨਹੀਂ ਹੋਵੇਗਾ ਕਿ ਉਨ੍ਹਾ ਕੀਤਾ ਕੁਝ ਨਹੀਂ। ਉਨ੍ਹਾ ਕੋਸ਼ਿਸ਼ ਕੀਤੀ, ਪਰ ਨਾਕਾਮ ਰਹੇ।

ਰਾਹੁਲ ਨੇ ਕਿਹਾਭਾਰਤ ਵਿੱਚ ਨਾ ਉਤਪਾਦਨ ਡਾਟਾ ਹੈ ਤੇ ਨਾ ਖਪਤ ਡਾਟਾ, ਜਦਕਿ ਦੋਨੋਂ ਦੇਸ਼ ਦੇ ਆਰਥਕ ਵਿਕਾਸ ਲਈ ਇੱਕ-ਦੂਜੇ ਨਾਲ ਜੁੜੇ ਹੋਏ ਹਨ। ਅਸੀਂ ਆਪਣਾ ਖਪਤ ਡਾਟਾ ਗੂਗਲ, ਫੇਸਬੁਕ, ਐੱਕਸ ਵਰਗੀਆਂ ਅਮਰੀਕੀਆਂ ਕੰਪਨੀਆਂ ਨੂੰ ਸੌਂਪ ਦਿੱਤਾ ਹੈ। ਉਨ੍ਹਾ ਆਪਣਾ ਮੋਬਾਇਲ ਫੋਨ ਦਿਖਾਉਦਿਆਂ ਕਿਹਾ ਕਿ ਇਹ ਆਉਦਾ ਚੀਨ ਤੋਂ ਹੈ ਤੇ ਅਸੰਬਲ ਭਾਰਤ ਵਿੱਚ ਕੀਤਾ ਜਾਂਦਾ ਹੈ। ਭਾਰਤ ਨੇ ਉਤਪਾਦਨ ਨੈੱਟਵਰਕ ਬਣਾਉਣਾ ਹੈ, ਜਦਕਿ ਚੀਨ ਬੈਟਰੀਆਂ, ਮੋਟਰ, ਆਪਟਿਕਸ ਬਣਾਉਣ ਵਿੱਚ ਦਸ ਸਾਲ ਅੱਗੇ ਹੈ। ਉਨ੍ਹਾ ਕਿਹਾ ਕਿ ਸਿਰਫ ਖਪਤ ਵਧਾਉਣ ’ਤੇ ਜ਼ੋਰ ਦੇਣ ਨਾਲ ਭਾਰਤ ਭਾਰੀ ਮਾਲੀ ਘਾਟੇ ਤੇ ਨਾਬਰਾਬਰੀ ਵਿੱਚ ਫਸ ਜਾਵੇਗਾ। ਉਨ੍ਹਾ ਇਹ ਵੀ ਕਿਹਾ ਕਿ ਯੂਕਰੇਨ ਦੀ ਜੰਗ ਆਈ ਸੀ ਈ ਤੇ ਇਲੈਕਟਿ੍ਰਕ ਮੋਟਰ ਵਿਚਾਲੇ, ਟੈਂਕ ਤੇ ਡਰੋਨ ਵਿਚਾਲੇ ਹੈ ਅਤੇ ਟੈਂਕ ਦਾ ਬੁਰਾ ਹਾਲ ਹੈ, ਕਿਉਂਕਿ ਡਰੋਨ ਉਨ੍ਹਾਂ ਨੂੰ ਬਰਬਾਦ ਕਰ ਰਹੇ ਹਨ।

ਉਨ੍ਹਾ ਇਹ ਵੱਡੀ ਗੱਲ ਕਹੀ ਕਿ ਜੇ ਭਾਰਤ ਨੇ ਉਤਪਾਦਨ ਤੇ ਖਪਤ ਦੀ ਸਪੇਸ ਚੀਨ ਤੇ ਅਮਰੀਕੀ ਕੰਪਨੀਆਂ ਨੂੰ ਗੁਆਈ ਨਾ ਹੁੰਦੀ ਤਾਂ ਇਸ ਦੀ ਪੁਜ਼ੀਸ਼ਨ ਕਮਜ਼ੋਰ ਨਹੀਂ ਹੋਣੀ ਸੀ। ਭਾਰਤ ਨੂੰ ਵਿਦੇਸ਼ ਮੰਤਰੀ ਨੂੰ ਇਸ ਲਈ ਅਮਰੀਕਾ ਨਾ ਭੇਜਣਾ ਪੈਂਦਾ ਕਿ ਅਮਰੀਕੀ ਰਾਸ਼ਟਰਪਤੀ ਦੀ ਤਾਜਪੋਸ਼ੀ ਸਮਾਰੋਹ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਵੀ ਸੱਦਿਆ ਜਾਵੇ। ਜੇ ਭਾਰਤ ਉਤਪਾਦਨ ਸ਼ਕਤੀ ਹੁੰਦਾ ਤਾਂ ਅਮਰੀਕੀ ਰਾਸ਼ਟਰਪਤੀ ਨੇ ਖੁਦ ਚੱਲ ਕੇ ਭਾਰਤ ਆਉਣਾ ਸੀ। ਰਾਹੁਲ ਨੇ ਇਹ ਵੀ ਕਿ ਪ੍ਰਧਾਨ ਮੰਤਰੀ ਖੰਡਨ ਕਰਦੇ ਹਨ, ਪਰ ਫੌਜ ਕਹਿੰਦੀ ਹੈ ਕਿ ਲਗਭਗ ਚਾਰ ਹਜ਼ਾਰ ਵਰਗ ਕਿੱਲੋਮੀਟਰ ਇਲਾਕਾ ਚੀਨੀ ਕਬਜ਼ੇ ਵਿਚ ਹੈ।

ਸਾਂਝਾ ਕਰੋ

ਪੜ੍ਹੋ