ਵਾਸ਼ਿੰਗਟਨ, 1 ਫਰਵਰੀ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਨਿਚਰਵਾਰ (1 ਫ਼ਰਵਰੀ) ਨੂੰ ਕੈਨੇਡਾ ਤੇ ਮੈਕਸੀਕੋ ’ਤੇ 25 ਫ਼ੀ ਸਦੀ ਅਤੇ ਚੀਨ ’ਤੇ 10 ਫ਼ੀ ਸਦੀ ਵਾਧੂ ਟੈਰਿਫ਼ ਲਾਗੂ ਕਰ ਦਿਤੇ ਹਨ। ਇਸ ਨੂੰ ਲੈ ਕੇ ਉਨ੍ਹਾਂ ਨੇ ਐਗਜ਼ੀਕਿਉਟੀਵ ਆਰਡਰ ’ਤੇ ਦਸਤਖ਼ਤ ਕਰ ਦਿਤੇ ਹਨ। ਇਸ ਦੌਰਾਨ ਜਦੋਂ ਟਰੰਪ ਤੋਂ ਪੁਛਿਆ ਗਿਆ ਕਿ ਕੀ ਇਹ ਦੇਸ਼ ਟੈਰਿਫ਼ ’ਚ ਦੇਰੀ ਲਈ ਕੁੱਝ ਕਰ ਸਕਦੇ ਹਨ। ਉਨ੍ਹਾਂ ਜਵਾਬ ਦਿਤਾ ਕਿ ਨਹੀਂ, ਉਹ ਹੁਣ ਕੁੱਝ ਨਹੀਂ ਕਰ ਸਕਦੇ।
ਟਰੰਪ ਨੇ ਕਿਹਾ ਸਾਡੀਆਂ ਧਮਕੀਆਂ ਸਿਰਫ਼ ਸੌਦੇਬਾਜ਼ੀ ਲਈ ਨਹੀਂ ਹੈ। ਇਨ੍ਹਾਂ ਤਿੰਨ ਦੇਸ਼ਾਂ ਨਾਲ ਸਾਡਾ ਵੱਡਾ ਵਪਾਰਕ ਘਾਟਾ ਹੈ। ਅਸੀਂ ਅੱਗੇ ਇਹ ਵੀ ਦੇਖਾਂਗੇ ਕਿ ਇਸ ਵਿਚ ਵਾਧਾ ਕਰਨਾ ਹੈ ਜਾਂ ਨਹੀਂ, ਪਰ ਅਮਰੀਕਾ ’ਚ ਬਹੁਤ ਸਾਰਾ ਪੈਸਾ ਆਵੇਗਾ।
ਇਸ ਤੋਂ ਪਹਿਲਾਂ ਸ਼ੁਕਰਵਾਰ ਨੂੰ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲਿਨ ਲੇਵਿਟ ਨੇ ਕਿਹਾ ਕਿ ਡੋਨਾਲਡ ਟਰੰਪ ਸਨਿਚਰਵਾਰ 1 ਫ਼ਰਵਰੀ ਤੋਂ ਕੈਨੇਡਾ ਅਤੇ ਮੈਕਸੀਕੋ ’ਤੇ 25 ਫ਼ੀ ਸਦੀ ਟੈਰਿਫ਼ ਲਾਗੂ ਕਰਨਗੇ। ਇਸ ਤੋਂ ਇਲਾਵਾ ਚੀਨ ’ਤੇ 10 ਫ਼ੀ ਸਦੀ ਟੈਰਿਫ਼ ਲਾਗੂ ਹੋਵੇਗਾ। ਕਿਉਂਕਿ ਇਨ੍ਹਾਂ ਦੇਸ਼ਾਂ ਤੋਂ ਸਾਡੇ ਦੇਸ਼ ’ਚ ਗ਼ੈਰ ਕਾਨੂੰਨੀ ਫੈਂਟਾਨਿਲ (ਡਰੱਗ) ਪਹੁੰਚ ਰਿਹਾ ਹੈ, ਜਿਸ ਨਾਲ ਲੱਖਾਂ ਅਮਰੀਕੀ ਮਾਰੇ ਗਏ ਹਨ। ਇਹ ਨੀਤੀ ਅਮਰੀਕਾ ਦੇ ਘਰੇਲੂ ਨਿਰਮਾਣ ਨੂੰ ਉਤਸ਼ਾਹਿਤ ਕਰਨ ਅਤੇ ਗ਼ੈਰ-ਕਾਨੂੰਨੀ ਆਵਾਸ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਕੰਟਰੋਲ ਕਰਨ ਲਈ ਲਾਗੂ ਕੀਤੀ ਗਈ ਹੈ। ਹਾਲਾਂਕਿ, ਇਸ ਦਾ ਅਸਰ ਅਮਰੀਕੀ ਖਪਤਕਾਰਾਂ ’ਤੇ ਪੈ ਸਕਦਾ ਹੈ ਕਿਉਂਕਿ ਮਹਿੰਗੇ ਆਯਾਤ ਨਾਲ ਵਸਤੂਆਂ ਦੀਆਂ ਕੀਮਤਾਂ ਵਧ ਸਕਦੀਆਂ ਹਨ।
ਅਮਰੀਕੀ ਖਪਤਕਾਰਾਂ ’ਤੇ ਪ੍ਰਭਾਵ
ਅਮਰੀਕਾ ਵਿਚ ਮਹਿੰਗਾਈ ਪਹਿਲਾਂ ਹੀ ਵੱਧ ਰਹੀ ਹੈ ਅਤੇ ਇਹ ਨਵੇਂ ਟੈਰਿਫ਼ ਖਪਤਕਾਰਾਂ ’ਤੇ ਹੋਰ ਬੋਝ ਪਾ ਸਕਦੇ ਹਨ। ਦਸ ਦੇਈਏ ਕਿ ਅਮਰੀਕਾ ਕੈਨੇਡਾ ਤੋਂ ਹਰ ਰੋਜ਼ 4.6 ਮਿਲੀਅਨ ਬੈਰਲ ਤੇਲ ਅਤੇ ਮੈਕਸੀਕੋ ਤੋਂ 563,000 ਬੈਰਲ ਤੇਲ ਦੀ ਦਰਾਮਦ ਕਰਦਾ ਹੈ। ਹਾਲਾਂਕਿ ਟੈਰਿਫ ਲਾਗੂ ਹੋਣ ਨਾਲ ਪਟਰੋਲ ਅਤੇ ਡੀਜ਼ਲ ਮਹਿੰਗਾ ਹੋ ਸਕਦਾ ਹੈ।
ਉਤਪਾਦਾਂ ਦੀਆਂ ਕੀਮਤਾਂ ਵਿਚ ਵਾਧਾ
ਚੀਨ ਤੋਂ ਆਯਾਤ ਕੀਤੇ ਜਾਣ ਵਾਲੇ ਇਲੈਕਟਰਾਨਿਕਸ, ਕਪੜੇ ਅਤੇ ਹੋਰ ਖਪਤਕਾਰ ਵਸਤੂਆਂ ਮਹਿੰਗੀਆਂ ਹੋ ਜਾਣਗੀਆਂ, ਅਮਰੀਕੀ ਕੰਪਨੀਆਂ ਨੂੰ ਉਤਪਾਦਨ ਲਾਗਤ ਵਧਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।